
ਵੱਡੀ ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਅੱਜ ਕਾਰਪੋਰੇਟ, ਨੌਕਰੀਪੇਸ਼ਾ ਤੇ ਵੱਡੇ ਆਰਥਕ ਮਾਹਰ ਵੀ ਕਿਸਾਨ ਤੋਂ ਦੂਰ ਹੋ ਚੁੱਕੇ ਹਨ |
ਵੱਡੀ ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਅੱਜ ਕਾਰਪੋਰੇਟ, ਨੌਕਰੀਪੇਸ਼ਾ ਤੇ ਵੱਡੇ ਆਰਥਕ ਮਾਹਰ ਵੀ ਕਿਸਾਨ ਤੋਂ ਦੂਰ ਹੋ ਚੁੱਕੇ ਹਨ | ਕਿਸਾਨ ਨੂੰ ਸਮਾਜ ਉਤੇ ਬੋਝ, ਮੁਫ਼ਤਖ਼ੋਰ, ਕਾਰਪੋਰੇਟ ਦੇ ਦੁਸ਼ਮਣ ਯਾਨੀ ਵਿਕਾਸ ਦੇ ਦੁਸ਼ਮਣ ਵਜੋਂ ਪੇਸ਼ ਕਰਨ ਦੀ ਸੋਚ ਸਾਰੇ ਸਮਾਜ ਵਾਸਤੇ ਖ਼ਤਰਨਾਕ ਹੋ ਸਕਦੀ ਹੈ | ਜਿਵੇਂ ਅੱਜ ਕਿਸਾਨ ਅਪਣੀ ਕਣਕ ਕਾਰਪੋਰੇਟ ਨੂੰ ਵੇਚ ਕੇ ਅਪਣੀ ਫ਼ਸਲ ਵਿਦੇਸ਼ਾਂ ਵਿਚ ਭੇਜਣ ਤੇ ਮਜਬੂਰ ਹੋ ਗਿਆ ਹੈ, ਸਰਕਾਰ ਵਾਸਤੇ ਮੁਫ਼ਤ ਅਨਾਜ ਦੇ ਕੇ ਦੇਸ਼ ਨੂੰ ਭੁਖਮਰੀ ਤੋਂ ਬਚਾਉਣਾ ਵੀ ਮੁਸ਼ਕਲ ਹੋ ਜਾਵੇਗਾ |
Grain Market
ਗਰਮੀ ਛੇਤੀ ਪੈ ਜਾਣ ਕਾਰਨ, ਕਣਕ ਦੇ ਝਾੜ ਵਿਚ ਆਈ ਕਮੀ ਕਾਰਨ, ਅੱਜ 15ਵੇਂ ਕਿਸਾਨ ਨੇ ਅਪਣੀ ਜਾਨ ਦੇ ਦਿਤੀ ਹੈ ਤੇ ਪੰਜਾਬ ਦਾ ਕਿਸਾਨ ਫਿਰ ਤੋਂ ਨਿਰਾਸ਼ ਅਤੇ ਪ੍ਰੇਸ਼ਾਨ ਹੈ | ਦੇਸ਼ ਦੀ ਹਰੀ ਕ੍ਰਾਂਤੀ ਦੇ ਵਾਲੀ ਵਾਰਸ ਦਾ ਹਾਲ ਕਿਉਂ ਇਸ ਕਦਰ ਹੋ ਚੁੱਕਾ ਹੈ ਕਿ ਉਹ ਅਪਣੀ ਜ਼ਿੰਦਗੀ ਤਿਆਗ ਰਿਹਾ ਹੈ? ਪਿਛਲੇ ਸਾਲ ਕਿਸਾਨਾਂ ਨੇ ਭਾਰਤ ਸਰਕਾਰ ਨੂੰ ਝੁਕਾਅ ਕੇ ਅਪਣੀ ਗੱਲ ਸੁਣਨ ਲਈ ਮਜਬੂਰ ਕਰ ਦਿਤਾ ਸੀ ਪਰ ਅੱਜ ਉਸ ਵਿਸ਼ਾਲ ਸਮੂਹ ਅੰਦਰ ਜੋ ਨਿਰਾਸ਼ਾ ਪਨਪ ਰਹੀ ਹੈ, ਉਹ ਦਰਸਾ ਰਹੀ ਹੈ ਕਿ ਕਿਸਾਨ ਦੀ ਹਾਲਤ ਕਿੰਨੀ ਕਮਜ਼ੋਰ ਹੈ |
Farmers Suicide
ਖ਼ਾਸ ਕਰ ਕੇ ਜਦ ਪੰਜਾਬ ਵਿਚ ਇਸ ਤਰ੍ਹਾਂ ਖ਼ੁਦਕੁਸ਼ੀਆਂ ਹੁੰਦੀਆਂ ਹਨ ਤਾਂ ਚਿੰਤਾ ਦਾ ਵਾਧੂ ਕਾਰਨ ਖੜਾ ਹੋ ਜਾਂਦਾ ਹੈ ਕਿਉਂਕਿ ਕਿਸਾਨ ਨੂੰ ਪੰਜਾਬ ਤੇ ਹਰਿਆਣਾ ਨਾਲੋਂ ਵੱਧ ਸਹੂਲਤਾਂ ਤੇ ਹਮਾਇਤ ਦੇਣ ਵਾਲਾ ਹੋਰ ਕੋਈ ਸੂਬਾ ਨਹੀਂ ਹੈ, ਫਿਰ ਵੀ ਕਿਸਾਨਾਂ ਦੀ ਤਰਸਯੋਗ ਹਾਲਤ ਇਥੇ ਵੀ ਬਣੀ ਹੋਈ ਹੈ ਤੇ ਪੰਜਾਬੀ ਕਿਸਾਨ 'ਜਿੱਤ' ਮਨਾਉਣ ਤੋਂ ਬਾਅਦ ਵੀ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ |
Grain market
ਸਵਾਮੀਨਾਥਨ ਰੀਪੋਰਟ ਵੀ ਇਹੀ ਗੱਲ ਆਖਦੀ ਸੀ ਜਿਸ ਕਾਰਨ ਅੱਜ ਪੰਜਾਬ ਵਿਚ 15 ਦਿਨਾਂ ਵਿਚ 15 ਖ਼ੁਦਕੁਸ਼ੀਆਂ ਹੋ ਚੁਕੀਆਂ ਹਨ | ਹਰੀ ਕ੍ਰਾਂਤੀ ਦਾ ਸਰਤਾਜ ਵੀ ਅੱਜ ਮੌਸਮ ਦਾ ਮੋਹਤਾਜ ਹੈ | ਗਰਮੀ ਦੀ ਮਾਰ ਨਾਲ ਛੋਟੇ ਕਿਸਾਨਾਂ ਦੀ ਫ਼ਸਲ ਤੇ ਅਜਿਹਾ ਅਸਰ ਪਿਆ ਹੈ ਕਿ ਉਨ੍ਹਾਂ ਨੇ ਅਪਣੇ ਕਰਜ਼ੇ ਤੇ ਮਜਬੂਰੀਆਂ ਸਾਹਮਣੇ ਹਾਰ ਮਨ ਲਈ | ਇਹੀ ਜਵਾਬ ਹੈ ਉਨ੍ਹਾਂ ਸਾਰਿਆਂ ਨੂੰ ਜੋ ਆਖਦੇ ਹਨ ਕਿ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਬਸਿਡੀ ਦਿਤੀ ਗਈ ਹੋਈ ਹੈ ਜਿਸ ਦਾ ਬੋਝ ਆਮ ਇਨਸਾਨ ਨੂੰ ਟੈਕਸਾਂ ਦੇ ਰੂਪ ਵਿਚ ਚੁਕਣਾ ਪੈਂਦਾ ਹੈ |
ਆਰਥਕ ਮਾਹਰਾਂ ਦੀ ਇਕ ਰਾਏ ਇਹ ਵੀ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ 'ਗ਼ਲਤ' ਪ੍ਰਥਾ ਕਾਰਨ ਸਰਕਾਰਾਂ ਨੂੰ ਬਿਜਲੀ ਤੇ ਬੁਨਿਆਦੀ ਢਾਂਚੇ ਤੇ ਖ਼ਰਚਾ ਘੱਟ ਕਰਨਾ ਪੈ ਜਾਂਦਾ ਹੈ | ਪਰ ਇਸ ਗੱਲ ਦਾ ਕਦੇ ਜਵਾਬ ਨਹੀਂ ਦਿਤਾ ਗਿਆ ਕਿ ਜੇ ਸਰਕਾਰ ਅਪਣੀ 60 ਫ਼ੀ ਸਦੀ ਆਬਾਦੀ (ਜੋ ਕਿ ਖੇਤੀ ਨਾਲ ਜੁੜੀ ਹੋਈ ਹੈ) ਨੂੰ ਵੀ ਸੰਤੁਸ਼ਟ ਨਹੀਂ ਰੱਖ ਸਕਦੀ ਤਾਂ ਫਿਰ ਉਹ ਟੈਕਸ ਜਾ ਕਿਥੇ ਰਿਹਾ ਹੈ?
Farmers Suicide
ਜਿਸ ਤਰ੍ਹਾਂ ਭਾਰਤ ਦੀ 60 ਫ਼ੀ ਸਦੀ ਆਬਾਦੀ ਖੇਤੀ ਨਾਲ ਜੁੜੀ ਹੋਈ ਹੈ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਮਿਲ ਕੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦਾ ਰਾਹ ਲੱਭਣ ਦੀ ਲੋੜ ਹੈ | 2020 ਦੇ ਇਕ ਸਰਵੇਖਣ ਮੁਤਾਬਕ ਪੂਰੇ ਭਾਰਤ ਵਿਚ ਹਰ ਰੋਜ਼ 30 ਕਿਸਾਨ ਖ਼ੁਦਕੁਸ਼ੀ ਕਰ ਰਹੇ ਸਨ ਤੇ ਜਿਸ ਤਰ੍ਹਾਂ ਦੇ ਹਾਲਾਤ ਵਿਚੋਂ ਆਰਥਕਤਾ ਗੁਜ਼ਰ ਰਹੀ ਹੈ, ਕਿਸਾਨਾਂ ਦੀ ਹਾਲਤ ਵਿਗੜਦੀ ਹੀ ਜਾਵੇਗੀ |
ਕਿਸਾਨੀ ਸੰਘਰਸ਼ ਦਾ ਅੰਤ ਵੀ ਕਿਸਾਨਾਂ ਉਤੇ ਹੋਰ ਜ਼ਿਆਦਾ ਕਰਜ਼ਾ ਚੜ੍ਹਨ ਦੇ ਰੂਪ ਵਿਚ ਹੀ ਨਿਕਲਿਆ ਹੋਵੇਗਾ | ਪਿੱਛੇ ਜਹੇ ਜਦ ਪੰਜਾਬ ਸਰਕਾਰ ਨੇ ਕਿਸਾਨਾਂ ਕੋਲੋਂ ਕੋਆਪ੍ਰੇਟਿਵ ਬੈਂਕਾਂ ਦਾ ਕਰਜ਼ਾ ਲੈਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਕਦਮ ਦਾ ਵੀ ਸ਼ਹਿਰੀ ਤੇ ਨੌਕਰੀਪੇਸ਼ਾ ਲੋਕਾਂ ਵਲੋਂ ਸਵਾਗਤ ਹੋਇਆ ਸੀ |
ਸੱਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅੱਜ ਕਾਰਪੋਰੇਟ, ਨੌਕਰੀਪੇਸ਼ਾ,ਵੱਡੇ ਆਰਥਕ ਮਾਹਰ ਵੀ ਕਿਸਾਨ ਤੋਂ ਦੂਰ ਹੋ ਚੁੱਕੇ ਹਨ | ਕਿਸਾਨ ਨੂੰ ਸਮਾਜ ਉਤੇ ਬੋਝ, ਮੁਫ਼ਤਖ਼ੋਰ, ਕਾਰਪੋਰੇਟ ਦੇ ਦੁਸ਼ਮਣ ਯਾਨੀ ਵਿਕਾਸ ਦੇ ਦੁਸ਼ਮਣ ਵਾਂਗ ਪੇਸ਼ ਕਰਨ ਦੀ ਸੋਚ ਸਾਰੇ ਸਮਾਜ ਵਾਸਤੇ ਖ਼ਤਰਨਾਕ ਹੋ ਸਕਦੀ ਹੈ |
Grain Market
ਜਿਵੇਂ ਅੱਜ ਕਿਸਾਨ ਅਪਣੀ ਕਣਕ ਕਾਰਪੋਰੇਟ ਨੂੰ ਵੇਚ ਕੇ ਅਪਣੀ ਫ਼ਸਲ ਵਿਦੇਸ਼ਾਂ ਵਿਚ ਭੇਜਣ ਤੇ ਮਜਬੂਰ ਹੋ ਗਿਆ ਹੈ, ਸਰਕਾਰ ਵਾਸਤੇ ਮੁਫ਼ਤ ਅਨਾਜ ਦੇ ਕੇ ਦੇਸ਼ ਨੂੰ ਭੁਖਮਰੀ ਤੋਂ ਬਚਾਉਣਾ ਮੁਸ਼ਕਲ ਹੋ ਜਾਵੇਗਾ | ਕਿਸਾਨ ਅਪਣੀ ਫ਼ਸਲ ਘੱਟ ਮੁਲ ਯਾਨੀ ਐਮ.ਐਸ.ਪੀ. ਤੇ ਵੇਚ ਕੇ ਅਪਣੇ ਦੇਸ਼ ਦੇ ਵਿਕਾਸ ਦਾ ਹਿੱਸਾ ਬਣਦਾ ਹੈ | ਇਹ ਮੁੱਦਾ ਇਕ ਸੰਪਰੂਨ ਖੋਜ ਮੰਗਦਾ ਹੈ ਜੋ ਦਸੇ ਕਿ ਆਖ਼ਰ ਕਿਸਾਨ ਕਰਜ਼ੇ ਵਿਚ ਕਿਉਂ ਹੈ ਤੇ ਆਪ ਖ਼ੁਦਕੁਸ਼ੀਆਂ ਕਰ ਰਿਹਾ ਕਿਸਾਨ ਦੇਸ਼ ਨੂੰ ਭੁਖਮਰੀ ਤੋਂ ਕਦ ਤਕ ਬਚਾ ਸਕੇਗਾ ਅਤੇ ਅਗਲਾ ਰਸਤਾ ਕੀ ਨਿਕਲ ਸਕਦਾ ਹੈ? ਕਾਰਪੋਰੇਟ ਹਾਊਸ ਜੋ ਜਵਾਬ ਦੇਂਦੇ ਹਨ,ਉਸ ਦਾ ਸੱਭ ਨੂੰ ਪਤਾ ਹੈ ਪਰ ਕਿਸਾਨ ਤੇ ਉਸ ਦੀ ਜ਼ਮੀਨ ਨੂੰ ਛੇੜੇ ਬਿਨਾਂ, ਕਿਸਾਨ ਨੂੰ ਬਚਾਉਣ ਦੀ ਗੱਲ ਕਰਨੀ ਚਾਹੀਦੀ ਹੈ |
-ਨਿਮਰਤ ਕੌਰ