ਮੋਰਿੰਡੇ ਦਾ ਇਹ ਸਿੱਖ ਨੌਜਵਾਨ, ਹਰ ਰੋਜ਼ ਗੁਰੂ ਘਰ ਜਾਣ ਵਾਲਿਆਂ ਚੋਂ ਸੀ
ਹੁਣੇ ਹੁਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ ਕੇਸ ਸਾਹਮਣੇ ਆਏ ਹਨ। ਇਕ ਕੇਸ ਵਿਚ ਇਕ ਪਾਸਟਰ (ਈਸਾਈ ਪਾਦਰੀ) ਦੀ ਸ਼ਮੂਲੀਅਤ ਸਾਹਮਣੇ ਆਈ ਹੈ ਤੇ ਦੂਜੇ ਕੇਸ ਵਿਚ ਇਕ ਸਿੱਖ ਨੌਜਵਾਨ ਬੇਅਬਦੀ ਦਾ ਭਾਗੀ ਬਣਿਆ ਦਸਿਆ ਜਾਂਦਾ ਹੈ। ਮੋਰਿੰਡੇ ਦਾ ਇਹ ਸਿੱਖ ਨੌਜਵਾਨ, ਹਰ ਰੋਜ਼ ਗੁਰੂ ਘਰ ਜਾਣ ਵਾਲਿਆਂ ਚੋਂ ਸੀ ਤੇ ਅਜੇ ਇਹ ਸੱਚ ਸਾਹਮਣੇ ਨਹੀਂ ਆਇਆ ਕਿ ਆਖ਼ਰਕਾਰ ਉਸ ਨੇ ਇਸ ਤਰ੍ਹਾਂ ਦੀ ਹਰਕਤ ਨੂੰ ਅੰਜਾਮ ਕਿਉਂ ਦਿਤਾ? ਇਹ ਬੜੀ ਪੀੜਾ ਦੇਣ ਵਾਲੀ ਗੱਲ ਹੈ ਕਿ ਇਹੋ ਜਹੀਆਂ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ। ਰਾਸ਼ਟਰੀ ਘੱਟ ਗਿਣਤੀਆਂ ਮੰਚ ਵਲੋਂ ਪੰਜਾਬ ਵਿਚ ਪਿਛਲੇ 45 ਸਾਲ ’ਚ ਹੋਈਆਂ ਬੇਅਦਬੀਆਂ ਦੀ ਜਾਣਕਾਰੀ ਮੰਗੀ ਗਈ ਹੈ ਪਰ ਜਿਥੇ ਤਕ ਯਾਦਾਸ਼ਤ ਸਾਥ ਦੇ ਰਹੀ ਹੈ, ਇਸ ਤਰ੍ਹਾਂ ਦੀ ਘਿਨੌਣੀ ਹਰਕਤ ਬਾਰੇ ਪੰਜਾਬ ਵਿਚ ਘੱਟ ਹੀ ਕਦੇ ਸੋਚਿਆ ਗਿਆ ਸੀ। ਇਥੋਂ ਤਕ ਕਿ ਜਦ ਪੰਜਾਬ ਵਿਚ ਆਤੰਕ ਦਾ ਕਾਲਾ ਦੌਰ ਚਲ ਰਿਹਾ ਸੀ ਤੇ ਹਿੰਦੂਆਂ ਸਿੱਖਾਂ ਦੇ ਰਿਸ਼ਤੇ ਵਿਚ ਤਣਾਅ ਸੀ, ਉਸ ਵੇਲੇ ਵੀ ਇਸ ਤਰ੍ਹਾਂ ਦੀ ਵਾਰਦਾਤ ਸ਼ਾਇਦ ਹੀ ਹੋਈ ਹੋਵੇਗੀ।
ਪਰ ਜਦ ਤੋਂ ਡੇਰਾ ਸਿਰਸਾ ਦੇ ਪ੍ਰੇਮੀਆਂ ਵਲੋਂ ਬੇਅਦਬੀ ਦੀ ਹਮਾਕਤ ਕੀਤੀ ਗਈ ਹੈ, ਇਹ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਭਾਵੇਂ 2016 ਵਿਚ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਾ ਕਾਨੂੰਨ ਵਿਧਾਨ ਸਭਾ ਵਿਚ ਸਰਬ ਸੰਮਤੀ ਨਾਲ ਪਾਸ ਹੋਇਆ ਸੀ, ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਤੇ ਫਿਰ ਨਿਆਂ ਦੀ ਮੰਸ਼ਾ ਨੂੰ ਸਿਆਸੀ ਦਾਅ ਪੇਚਾਂ ਨਾਲ ਅਜਿਹਾ ਉਲਝਾਇਆ ਗਿਆ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਰਖਣ ਵਾਲਿਆਂ ਦਾ ਸਾਹਸ ਵਧਦਾ ਹੀ ਜਾ ਰਿਹਾ ਹੈ। ਫ਼ਰੀਦਕੋਟ ਵਿਚ ਬੇਅਦਬੀ ਕਰਨ ਵਾਲੇ ਦੋ ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਸਿੱਖ ਸਨ ਜੋ ਕਿ ਹੁਣ ਈਸਾਈ ਪਾਸਟਰ (ਪਾਦਰੀ) ਬਣ ਕੇ ਪ੍ਰਚਾਰ ਦਾ ਕੰਮ ਕਰਦੇ ਹਨ। ਪਰ ਈਸਾਈ ਧਰਮ ਦੇ ਪ੍ਰਚਾਰਕਾਂ ਵਲੋਂ ਸਿੱਖਾਂ ਦੇ ਧਾਰਮਕ ਵਿਸ਼ਵਾਸਾਂ ਨੂੰ ਸੱਟ ਮਾਰਨ ਦੀ ਗੱਲ ਤਾਂ ਨਹੀਂ ਸਿਖਾਈ ਜਾਂਦੀ। ਫਿਰ ਇਨ੍ਹਾਂ ਮੁੰਡਿਆਂ ਅੰਦਰ ਬੇਅਦਬੀ ਕਰਨ ਦਾ ਸਾਹਸ ਕਿਵੇਂ ਪੈਦਾ ਹੋਇਆ?
ਅਜ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਵੇਖਿਆ ਜਾਵੇ ਤਾਂ ਇਨ੍ਹਾਂ ਵਿਚ ਕਈ ਸਿੱਖ ਵੀ ਸ਼ਾਮਲ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਕੀ ਇਹ ਅਸਲ ਵਿਚ ਸਿੱਖ ਹਨ ਜਾਂ ਇਹ ਸਿੱਖੀ ਸਰੂਪ ਵਿਚ ਬਹਿਰੂਪੀਏ ਹਨ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਵਿਗਾੜਨ ਦਾ ਯਤਨ ਕਰ ਰਹੇ ਹਨ ਤੇ ਭਾਵੇਂ ਇਹ ਇਕ ਵੱਡੀ ਸਾਜ਼ਿਸ਼ ਵੀ ਹੋਵੇ ਤਾਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਰਹਿੰਦੇ ਨੌਜਵਾਨ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜੇ ਕੋਈ ਅਜਿਹੀ ਵਾਰਦਾਤ ਨਹੀਂ ਹੋਈ ਜਿਥੇ ਇਹ ਇਲਜ਼ਾਮ ਲਗਾਉਣ ਦੀ ਗੁੰਜਾਇਸ਼ ਵੀ ਹੋਵੇ ਕਿ ਸਰਹਦ ਪਾਰ ਤੋਂ ਕੋਈ ਇਨ੍ਹਾਂ ਵਾਰਦਾਤਾਂ ਨੂੰ ਕਰਵਾ ਰਿਹਾ ਹੈ।
ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਅਹਿਮ ਕਿਰਦਾਰ ਨਿਭਾ ਸਕਦੀ ਸੀ ਤੇ ਅਜੇ ਵੀ ਨਿਭਾਅ ਸਕਦੀ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਹੋਣ ਦਾ ਮਤਲਬ ਸਮਝਾਏ। ਇਕ ਸਮਾਂ ਸੀ ਜਦ ਕੋਈ ਵੀ ਸਿੱਖ ਸਿਗਰਟ ਨੂੰ ਹੱਥ ਨਹੀਂ ਸੀ ਲਾਉਂਦਾ ਕਿਉਂਕਿ ਪਤਾ ਸੀ ਕਿ ਸਿੱਖ ਲਈ ਇਹ ਗੁਨਾਹ ਹੈ ਤੇ ਹਿੰਦੂ ਵੀ ਸਿੱਖਾਂ ਸਾਹਮਣੇ ਸਿਗਰਟ ਨਹੀਂ ਸਨ ਪੀਂਦੇ ਕਿਉਂਕਿ ਉਹ ਸਿੱਖੀ ਜਜ਼ਬਾਤ ਦਾ ਸਤਿਕਾਰ ਕਰਦੇ ਸਨ। ਸਗੋਂ ਸ਼ਰਾਬ ਵੀ ਸੋਚ ਵਿਚਾਰ ਕੇ ਤੇ ਡਰ ਨਾਲ ਪੀਂਦੇ ਸਨ। ਪਰ ਅੱਜ ਸਿੱਖ ਵੀ ਆਮ ਹੀ ਸਿਗਰਟ, ਹੁੱਕੇ ਆਦਿ ਪੀਂਦੇ ਨਜ਼ਰ ਆਉਂਦੇ ਹਨ। ਅਦਾਲਤਾਂ ਵਿਚ ਕੇਸ ਵਖਰੇ ਹਨ, ਅਦਾਲਤਾਂ ਕੋਲੋਂ ਸਜ਼ਾ ਮਿਲੇਗੀ ਪਰ ਇਨ੍ਹਾਂ ਨੂੰ ਰੋਕਣ ਬਾਰੇ ਕਦਮ ਚੁਕਣੇ ਬਹੁਤ ਜ਼ਰੂਰੀ ਹਨ। ਹਰ ਸਿੱਖ ਗੁਰਬਾਣੀ ਦੇ ਸੱਚ ਦਾ ਪ੍ਰਤੀਬਿੰਬ ਹੋਣਾ ਚਾਹੀਦਾ ਹੈ ਤੇ ਅੱਜ ਲੋੜ ਹੈ ਕਿ ਸਿੱਖਾਂ ਨੂੰ ਵੀ ਸ਼ੁਧ ਸਿੱਖੀ ਸਿਧਾਂਤਾਂ ਨਾਲ ਮੁੜ ਤੋਂ ਜੋੜਿਆ ਜਾਵੇ।
ਅੱਜ ਦਾ ਨੌਜਵਾਨ ਕਿਉਂ ਅਪਣੇ ਹੀ ਗੁਰੂ ਤੇ ਵਾਰ ਕਰਨ ਬਾਰੇ ਸੋਚ ਰਿਹਾ ਹੈ? ਉਹ ਕਿਉਂ ਕਿਸੇ ਦੀ ਸਾਜ਼ਿਸ਼ ਵਿਚ ਇਕ ਮੋਹਰਾ ਬਣ ਰਿਹਾ ਹੈ? ਇਨ੍ਹਾਂ ਵਾਰਦਾਤਾਂ ’ਤੇ ਗੁੱਸਾ ਆੳਣਾ ਤਾਂ ਜਾਇਜ਼ ਹੈ ਪਰ ਚਿੰਤਾ ਤੇ ਆਤਮ ਨਿਰੀਖਣ ਕਰਨਾ ਵੀ ਜ਼ਰੂਰੀ ਹੈ ਤਾਕਿ ਇਨ੍ਹਾਂ ਵਾਰਦਾਤਾਂ ਨੂੰ ਠਲ੍ਹ ਪਾਈ ਜਾ ਸਕੇ।
- ਨਿਮਰਤ ਕੌਰ