Editorial: ਪੱਛਮੀ ਏਸ਼ੀਆ- ਜੰਗਬੰਦੀ ’ਚ ਹੀ ਇਨਸਾਨੀਅਤ ਦਾ ਭਲਾ 
Published : Jun 26, 2025, 3:28 pm IST
Updated : Jun 26, 2025, 3:28 pm IST
SHARE ARTICLE
Editorial
Editorial

ਕਤਰ, ਪੱਛਮੀ ਏਸ਼ੀਆ ਵਿਚ ਪਿਛਲੇ ਤਿੰਨ ਵਰਿ੍ਹਆਂ ਤੋਂ ਪ੍ਰਮੁਖ ਸਾਲਸੀ ਦੇ ਰੂਪ ਵਿਚ ਅਪਣਾ ਮੁਕਾਮ ਬਣਾ ਚੁੱਕਾ ਹੈ।

Editorial: ਪੱਛਮੀ ਏਸ਼ੀਆ ਵਿਚ ਜੰਗਬੰਦੀ, ਬੁੱਧਵਾਰ ਨੂੰ ਵੀ ਜਾਰੀ ਰਹਿਣਾ ਚੰਗਾ ਸ਼ਗਨ ਹੈ। ਜੰਗਬੰਦੀ ਦਾ ਐਲਾਨ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤਾ ਸੀ ਜਿਸ ਮਗਰੋਂ ਪਹਿਲਾਂ ਇਰਾਨ ਅਤੇ ਫਿਰ ਇਜ਼ਰਾਈਲ ਨੇ ਇਸ ਪ੍ਰਤੀ ਸਹਿਮਤੀ ਪ੍ਰਗਟਾਈ।

ਬੁੱਧਵਾਰ ਨੂੰ ਟਰੰਪ ਦੇ ਪੱਛਮੀ ਏਸ਼ੀਆ ਬਾਰੇ ਸਫ਼ੀਰ ਸਟੀਵ ਵਿਟਕੌਫ ਨੇ ਅਮਰੀਕੀ ਟੈਲੀਵਿਜ਼ਨ ਚੈਨਲਾਂ ’ਤੇ ਇੰਕਸ਼ਾਫ ਕੀਤਾ ਕਿ ਅਮਰੀਕਾ ਤੇ ਇਰਾਨ ਦਰਮਿਆਨ ਸਿੱਧੀ-ਅਸਿੱਧੀ ਵਾਰਤਾ ਸੁਖਾਵੀਂ ਲੀਹ ’ਤੇ ਚੱਲ ਰਹੀ ਹੈ। ਇਹ ਗੱਲਬਾਤ ਪੱਛਮੀ ਏਸ਼ਿਆਈ ਮੁਲਕ-ਕਤਰ ਦੀ ਵਿਚੋਲਗਿਰੀ ਰਾਹੀਂ ਸੰਭਵ ਹੋਈ ਹੈ। ਇਸ ਇੰਕਸ਼ਾਫ ਦੀ ਪੁਸ਼ਟੀ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਨੇ ਵੀ ਇਕ ਕੌਮਾਂਤਰੀ ਖ਼ਬਰ ਏਜੰਸੀ ਕੋਲ ਕੀਤੀ।

ਕਤਰ, ਪੱਛਮੀ ਏਸ਼ੀਆ ਵਿਚ ਪਿਛਲੇ ਤਿੰਨ ਵਰਿ੍ਹਆਂ ਤੋਂ ਪ੍ਰਮੁਖ ਸਾਲਸੀ ਦੇ ਰੂਪ ਵਿਚ ਅਪਣਾ ਮੁਕਾਮ ਬਣਾ ਚੁੱਕਾ ਹੈ। ਭੂਗੋਲਿਕ ਤੌਰ ’ਤੇ ਬਹੁਤ ਨਿੱਕਾ ਜਿਹਾ ਮੁਲਕ ਹੋਣ ਦੇ ਬਾਵਜੂਦ ਪ੍ਰਤੀ ਵਿਅਕਤੀ ਆਮਦਨ ਪੱਖੋਂ ਇਹ ਦੁਨੀਆਂ ਦਾ ਸਭ ਤੋਂ ਅਮੀਰ ਦੇਸ਼ ਹੈ। ਇਸੇ ਲਈ ਇਸ ਨੂੰ ਇਜ਼ਰਾਈਲ ਤੋਂ ਵੀ ਵੁੱਕਤ ਮਿਲਦੀ ਆ ਰਹੀ ਹੈ ਅਤੇ ਸਾਊਦੀ ਅਰਬ ਤੇ ਯੂ.ਏ.ਈ. ਵਰਗੇ ਹੋਰਨਾਂ ਧਨਾਢ ਅਰਬ ਦੇਸ਼ਾਂ ਤੋਂ ਵੀ।

ਕਤਰੀ ਲੀਡਰਸ਼ਿਪ ਨੇ ਭਰੋਸਾ ਪ੍ਰਗਟਾਇਆ ਹੈ ਕਿ ਪੱਛਮੀ ਏਸ਼ੀਆ ਵਿਚ 13 ਦਿਨਾਂ ਤਕ ਚੱਲੀ ਜੰਗ ਹੋਰ ਭਿਆਨਕ ਹੋਣ ਦੀ ਬਜਾਇ ਮੌਜੂਦਾ ਗੱਲਬਾਤ ਤਿੰਨਾਂ ਧਿਰਾਂ - ਇਜ਼ਰਾਈਲ, ਅਮਰੀਕਾ ਤੇ ਇਰਾਨ ਦਰਮਿਆਨ ਮੱਤਭੇਦ ਘਟਾਉਣ ਦਾ ਵਸੀਲਾ ਸਾਬਤ ਹੋਵੇਗੀ। ਇਹ ਭਰੋਸਾ ਅਪਣੀ ਥਾਂ ਵਾਜਬ ਵੀ ਜਾਪਦਾ ਹੈ ਕਿਉਂਕਿ ਤਿੰਨੋਂ ਮੁਲਕ ਆਪੋ ਅਪਣੀ ਜਿੱਤ ਦੇ ਦਾਅਵੇ ਕਰਨ ਦੇ ਬਾਵਜੂਦ ਤਲਖ਼ੀ ਦਾ ਤਾਪਮਾਨ ਘਟਾਉਣ ਦੇ ਸੰਕੇਤ ਦੇਣ ਲੱਗੇ ਹਨ।

ਤਿੰਨਾਂ ਮੁਲਕਾਂ ਦੇ ਜਿੱਤ ਦੇ ਦਾਅਵੇ ਭਾਵੇਂ ਜ਼ਾਹਰਾ ਤੌਰ ’ਤੇ ਨਾਵਾਜਬ ਜਾਪਦੇ ਹਨ, ਪਰ ਅਸਲੀਅਤ ਪੱਖੋਂ ਗ਼ਲਤ ਵੀ ਨਹੀਂ। ਇਜ਼ਰਾਈਲ ਨੇ ਅਮਰੀਕਾ ਦੀ ਸ਼ਹਿ ਨਾਲ ਇਰਾਨੀ ਪਰਮਾਣੂ ਠਿਕਾਣਿਆਂ ਤੇ ਹੋਰ ਫ਼ੌਜੀ ਅੱਡਿਆਂ ਉੱਤੇ 13 ਜੂਨ ਨੂੰ ਬੜੇ ਘਾਤਕ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨੇ ਇਰਾਨ ਦਾ ਭਰਵਾਂ ਫ਼ੌਜੀ ਤੇ ਗ਼ੈਰ-ਫ਼ੌਜੀ ਨੁਕਸਾਨ ਕੀਤਾ। ਪਹਿਲੇ ਦੋ ਦਿਨਾਂ ਦੇ ਅੰਦਰ ਉਸ ਨੇ ਇਰਾਨੀ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਮੁਕੰਮਲ ਤੌਰ ’ਤੇ ਬੇਅਸਰ ਬਣਾ ਦਿਤਾ, ਇਰਾਨੀ ਫ਼ੌਜ ਦੇ ਮੁਖੀ ਹੁਸੈਨ ਸਾਲਾਮੀ ਸਮੇਤ ਪੰਜ ਤੋਂ ਵੱਧ ਜਰਨੈਲਾਂ ਨੂੰ ਮਾਰ ਦਿਤਾ ਅਤੇ ਨਾਮਵਰ ਪਰਮਾਣੂ ਵਿਗਿਆਨੀ ਫ਼ਰਦੂਨ ਅੱਬਾਸੀ ਦਾਵਾਨੀ ਸਮੇਤ ਇਕ ਦਰਜਨ ਸਾਇੰਸਦਾਨ ਵੀ ਮੌਤ ਦੇ ਘਾਟ ਉਤਾਰ ਦਿਤੇ।

ਉਸ ਦਾ ਦਾਅਵਾ ਹੈ ਕਿ ਉਸ ਨੇ ਅਪਣੀਆਂ ਹਮਲਾਵਾਰਾਨਾ ਸਰਗਰਮੀਆਂ ਦੀ ਬਦੌਲਤ ਇਰਾਨ ਦੇ ਪਰਮਾਣੂ ਬੰਬ ਬਣਾਉਣ ਦੇ ਮਨਸੂਬੇ ਨੇਸਤੋ-ਨਾਬੂਦ ਕਰ ਦਿਤੇ। ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਰਹੀ ਕਿ ਉਹ ਇਸ ਜੰਗ ਵਿਚ ਅਮਰੀਕੀ ਸ਼ਮੂਲੀਅਤ ਤੇ ਭਾਈਵਾਲੀ ਯਕੀਨੀ ਬਣਾਉਣ ਵਿਚ ਕਾਮਯਾਬ ਰਿਹਾ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੋ ਕੰਮ ਇਜ਼ਰਾਈਲ 10 ਦਿਨਾਂ ਦੀ ਬੰਬਾਰੀ ਰਾਹੀਂ ਨਹੀਂ ਕਰ ਸਕਿਆ, ਉਹ ਅਮਰੀਕਾ ਨੇ 11ਵੇਂ ਦਿਨ ਇਰਾਨ ਦੇ ਤਿੰਨ ਮੁੱਖ ਪਰਮਾਣੂ ਕੇਂਦਰਾਂ ਉੱਪਰ ਬੰਬਾਰੀ ਰਾਹੀਂ ਸੰਭਵ ਕਰ ਦਿਖਾਇਆ। ਇਸ ਬੰਬਾਰੀ ਨੇ ਇਰਾਨੀ ਪਰਮਾਣੂ ਪ੍ਰੋਗਰਾਮ ਨੂੰ ਕਈ ਵਰਿ੍ਹਆਂ ਲਈ ਨਾਕਾਰਾ ਬਣਾ ਦਿਤਾ ਹੈ।

ਅਜਿਹੇ ਦਾਅਵਿਆਂ ਤੋਂ ਉਲਟ ਇਰਾਨੀ ਲੀਡਰਸ਼ਿਪ ਦਾ ਪੱਖ ਹੈ ਕਿ ਉਹ ਅਮਰੀਕੀ ਤੇ ਇਜ਼ਰਾਇਲੀ ਸੀਨਾਜ਼ੋਰੀ ਨੂੰ ਝੱਲਣ ਅਤੇ ਮੋੜਵਾਂ ਜਵਾਬ ਦੇਣ ਵਿਚ ਕਾਮਯਾਬ ਰਹੀ। ਨਾ ਤਾਂ ਇਜ਼ਰਾਈਲ ਤੇ ਅਮਰੀਕਾ, ਇਰਾਨੀ ਪਰਮਾਣੂ ਪ੍ਰੋਗਰਾਮ ਨੂੰ ਫਨਾਹ ਕਰ ਸਕੇ ਅਤੇ ਨਾ ਹੀ ਇਰਾਨੀ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਮੇਨੇਈ ਦੀ ਜਾਨ ਲੈਣ ਦਾ ਟੀਚਾ ਪੂਰਾ ਕਰ ਸਕੇ। ਅਜਿਹੇ ਹਾਲਾਤ ਵਿਚ ਜਿੱਤ ਕਿਸ ਦੀ ਹੋਈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਕੌਮਾਂਤਰੀ ਮਾਹਿਰਾਂ ਤੋਂ ਇਲਾਵਾ ਅਮਰੀਕੀ ਖ਼ੁਫ਼ੀਆ ਏਜੰਸੀਆਂ ਵੀ ਦਬਵੀਂ ਸੁਰ ਵਿਚ ਕਬੂਲਦੀਆਂ ਆ ਰਹੀਆਂ ਹਨ ਕਿ ਰਾਸ਼ਟਰਪਤੀ ਟਰੰਪ ਜੋ ਚਾਹੁੰਦੇ ਸਨ, ਉਹ ਸੰਭਵ ਨਹੀਂ ਹੋਇਆ। 30 ਹਜ਼ਾਰ ਪਾਊਂਡ ਭਾਰੇ ਅਮਰੀਕੀ ਬੰਕਰਬਸਟਰ ਬੰਬ ਵੀ ਇਰਾਨੀ ਪਰਮਾਣੂ ਕੇਂਦਰਾਂ ਦੇ ਬੰਕਰਾਂ ਦਾ ਸਤਹੀ ਕਿਸਮ ਦਾ ਨੁਕਸਾਨ ਹੀ ਕਰ ਸਕੇ। ਉਂਜ ਵੀ, ਇਰਾਨ ਮੁੱਢਲੇ ਇਜ਼ਰਾਇਲੀ ਹਮਲੇ ਤੋਂ ਬਾਅਦ ਪਰਮਾਣੂ ਕੇਂਦਰਾਂ ਤੋਂ ਪਰਮਾਣੂ ਸਮੱਗਰੀ ਹੋਰਨਾਂ ਸੁਰੱਖਿਅਤ ਥਾਵਾਂ ’ਤੇ ਲੈ ਗਿਆ।

ਦੂਜੇ ਪਾਸੇ, ਅਮਰੀਕੀ ਤੇ ਇਜ਼ਰਾਈਲੀ ਹਵਾਈ ਸੁਰੱਖਿਆ ਪ੍ਰਣਾਲੀਆਂ ਸਾਰੇ ਇਰਾਨੀ ਮਿਜ਼ਾਈਲਾਂ ਨੂੰ ਨਸ਼ਟ ਨਾ ਕਰ ਸਕੀਆਂ। ਜਿਹੜੇ ਮਿਜ਼ਾਈਲ ਜਾਂ ਡਰੋਨ ਅਪਣੇ ਨਿਸ਼ਾਨਿਆਂ ਤਕ ਪੁੱਜ ਸਕੇ, ਉਨ੍ਹਾਂ ਨੇ ਇਜ਼ਰਾਇਲੀ ਅਨੁਮਾਨਾਂ ਨਾਲੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਕੀਤਾ।

ਲਿਹਾਜ਼ਾ, ਗ਼ਾਜ਼ਾ ਤੇ ਲੈਬਨਾਨ ਖ਼ਿਲਾਫ਼ ਤਬਾਹਕੁਨ ਜੰਗੀ ਮੰਜ਼ਰ ਰਚਣ ਵਾਲੇ ਇਜ਼ਰਾਈਲ ਨੂੰ ਪਹਿਲੀ ਵਾਰ ਤਕੜਾ ਜਵਾਬ ਦੇਣ ਵਾਲਾ ਵਿਰੋਧੀ ਟਕਰਿਆ। ਇਸ ਨੇ ਇਜ਼ਰਾਇਲੀ ਲੀਡਰਸ਼ਿਪ ਨੂੰ ਜੰਗ ਜਾਰੀ ਰੱਖਣ ਦੀ ਥਾਂ ਜੰਗ ਬੰਦ ਕਰਨ ਦੇ ਰਾਹ ਪਾਇਆ।

ਬਹਰਹਾਲ, ਜੋ ਕੁੱਝ ਵੀ ਵਾਪਰਿਆ, ਉਸ ਨੇ ਪੱਛਮੀ ਏਸ਼ੀਆ ਵਿਚ ਧਾਕੜਪੁਣਾ ਘਟਣ ਅਤੇ ਅਕਲਮੰਦੀ ਪਰਤਣ ਦੀ ਉਮੀਦ ਉਭਾਰੀ ਹੈ। ਇਸੇ ਉਮੀਦ ਨਾਲ ਸਿਰਫ਼ ਉਸ ਖ਼ਿੱਤੇ ਦੀ ਲੋਕਾਈ ਹੀ ਨਹੀਂ, ਬਲਕਿ ਸਮੁੱਚੀ ਇਨਸਾਨੀਅਤ ਦਾ ਭਲਾ ਜੁੜਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement