
ਇਸਰੋ ਨੇ ਜਿਸ ਲਗਨ ਤੇ ਜਿਸ ਪੇਸ਼ੇਵਾਰਾਨਾਂ ਢੰਗ ਨਾਲ ਚੰਦਰਯਾਨ-3 ਨੂੰ ਚੰਨ ’ਤੇ ਉਤਾਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਉਸ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ
‘ਇਸਰੋ’ ਦੀ ਟੀਮ ਵਜੋਂ, ਉੱਚਾ ਨਿਸ਼ਾਨਾ ਮਿਥ ਕੇ ਕੰਮ ਕਰਨ ਦੀ ਸਿਫ਼ਤ ਤੇ ਵਚਨਬੱਧਤਾ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਿਸ ਨੇ ਪਹਿਲੀ ਵਾਰ ਨਹੀਂ ਬਲਕਿ ਵਾਰ-ਵਾਰ ਇਸਰੋ ਨੂੰ ਅਮਰੀਕਾ-ਰੂਸ ਦੇ ਸਪੇਸ ਪ੍ਰੋਗਰਾਮਾਂ ਦੇ ਮੁਕਾਬਲੇ ਦਾ ਬਣਾ ਵਿਖਾਇਆ ਹੈ। ‘ਇਸਰੋ’ ਦੀ ਗਿਣਤੀ ਹੁਣ ਸੰਸਾਰ ਦੇ ਮਹਾਨਤਮ ਵਿਗਿਆਨੀਆਂ ਦੀਆਂ ਉਚਤਮ ਸੰਸਥਾਵਾਂ ਵਿਚ ਹੁੰਦੀ ਹੈ ਜਿਸ ਬਾਰੇ ਇਕ ਮਜ਼ਾਕੀਆ ਕਾਰਟੂਨ ਅਮਰੀਕਾ ਦੇ ‘ਨਿਊ ਯਾਰਕ ਟਾਈਮਜ਼’ ਨੂੰ ਵਾਪਸ ਲੈਣਾ ਪਿਆ ਤੇ ਉਨ੍ਹਾਂ ਨੇ ਮਾਫ਼ੀ ਵੀ ਮੰਗ ਲਈ ਹੈ।
ਇਸਰੋ ਨੇ ਜਿਸ ਲਗਨ ਤੇ ਜਿਸ ਪੇਸ਼ੇਵਾਰਾਨਾਂ ਢੰਗ ਨਾਲ ਚੰਦਰਯਾਨ-3 ਨੂੰ ਚੰਨ ’ਤੇ ਉਤਾਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਉਸ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ। ਇਸ ਵਿਚ ਸਿਆਸੀ ਆਗੂਆਂ ਦਾ ਜ਼ਿਕਰ ਵੀ ਸ਼ੁਰੂ ਹੋ ਜਾਂਦਾ ਹੈ। ਨਹਿਰੂ ਦਾ ਨਾਂ ਵਿਚ ਆ ਹੀ ਜਾਂਦਾ ਹੈ। ਜਿੰਨੀ ਚਾਹੋ ਨਿੰਦਾ ਕਰ ਲਉ, ਨਹਿਰੂ ਭਾਵੇਂ ਸੱਭ ਤੋਂ ਵਧੀਆ ਇਨਸਾਨ ਨਾ ਹੋਵੇ, ਉਹ ਇਕ ਦੂਰ-ਅੰਦੇਸ਼ ਨੇਤਾ ਜ਼ਰੂਰ ਸੀ ਤੇ ਉਸ ਦੀ ਦੂਰ-ਅੰਦੇਸ਼ੀ ਸਦਕਾ ਹੀ ਉਸ ਵਕਤ ਦੇ ਨਵੇਂ ਬਣ ਰਹੇ ਭਾਰਤ ਵਿਚ ਇਸਰੋ ਦੀ ਬੁਨਿਆਦ ਰੱਖੀ ਗਈ ਸੀ ਤੇ ਫਿਰ ਮਗਰੋਂ ਬਣਨ ਵਾਲੀਆਂ ਸਾਰੀਆਂ ਸਰਕਾਰਾਂ ਤੇ ਸਿਆਸਤਦਾਨਾਂ ਨੇ ਇਸਰੋ ਨੂੰ ਹੱਲਾਸ਼ੇਰੀ ਦੇ ਰੱਖੀ ਤੇ ਅੱਜ ਵੀ ਦੇ ਰਹੇ ਹਨ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਸਫ਼ਲਤਾ ਦਾ ਸਿਹਰਾ ਨਹਿਰੂ ਜਾਂ ਕਿਸੇ ਹੋਰ ਨੂੰ ਮਿਲੇਗਾ। ਗਾਂਧੀ ਨੇ ਪੰਚਾਇਤੀ ਰਾਜ ਦੀ ਸੋਚ ਦਿਤੀ ਤੇ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਦੀ ਤਿਆਰੀ ਵਿਚ ਯੋਗਦਾਨ ਦਿਤਾ। ਪਰ ਫ਼ਰਕ ਸਿਰਫ਼ ਇਹ ਹੈ ਕਿ ਜਿਥੇ ਇਸਰੋ ਦੇ ਵਿਗਿਆਨਕਾਂ ਨੇ ਭਾਰਤ ਨੂੰ ਉਨ੍ਹਾਂ ਚਾਰ ਦੇਸ਼ਾਂ ਵਿਚ ਲਿਆ ਖੜਾ ਕੀਤਾ ਹੈ ਜੋ ਚੰਨ ’ਤੇ ਜਾ ਚੁੱਕੇ ਹਨ ਤੇ ਪਹਿਲਾ ਦੇਸ਼ ਬਣਾ ਦਿਤਾ ਜਿਸ ਨੇ ਚੰਨ ਦੇ ‘ਦਖਣੀ ਧਰੁਵ’ (south pole) ’ਤੇ ਚੰਦਰਯਾਨ ਨੂੰ ਜਾ ਉਤਾਰਿਆ ਹੈ (ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਨੂੰ ਅਰਬਾਂ ਦੀ ਆਮਦਨ ਹੋ ਸਕਦੀ ਹੈ) ਪਰ ਬਾਕੀ ਨੇਤਾਵਾਂ ਦੇ ਦੂਰਅੰਦੇਸ਼ੀ ਵਾਲੇ ਕਦਮ ਏਨੇ ਸਫ਼ਲ ਨਹੀਂ ਹੋ ਸਕੇ।
ਇਸਰੋ ਦੇ ਵਿਗਿਆਨੀਆਂ ਨੂੰ ਵੀ ਇਕ ਦਿਸ਼ਾ ਦਿਤੀ ਗਈ ਸੀ ਜਿਵੇਂ ਪੰਚਾਇਤੀ ਰਾਜ ਤੇ ਸੰਵਿਧਾਨਕ ਸਮਾਨਤਾ ਦੀ ਇਕ ਦਿਸ਼ਾ ਵੀ ਵਿਖਾਈ ਗਈ ਸੀ ਪਰ ਗੱਲ ਸ਼ੁਰੂ ਹੋ ਕੇ ਵੀ ਰੁਕ ਗਈ ਜਦਕਿ ‘ਇਸਰੋ’ ਦੇ ਮਾਮਲੇ ਵਿਚ ਰੁਕੀ ਨਾ ਬਲਕਿ ਅੱਗੇ ਤੋਂ ਅੱਗੇ ਵਧਦੀ ਗਈ। ਜੇ ਇਸਰੋ ਦੇ ਵਿਗਿਆਨਕਾਂ ਵਲੋਂ ਸਰਫ਼ੇ ਨਾਲ ਕੌਮੀ ਧਨ ਦੀ ਵਰਤੋਂ ਵਲ ਵੇਖੀਏ ਤਾਂ ਜਿਸ ਕੀਮਤ ਵਿਚ ਉਨ੍ਹਾਂ ‘ਮੰਗਲ’ (Mars) ਦੇ ਆਰਬਿਟ (Orbit) ਵਿਚ ਮੰਗਲਯਾਨ ਨੂੰ ਭੇਜਿਆ ਸੀ, ਅਮਰੀਕਾ ਦੀ ‘ਸਪੇਸ’ ਨਾਂ ਦੀ ਫਿਲਮ ਵੀ ਉਸ ਤੋਂ ਜ਼ਿਆਦਾ ਰਕਮ ਵਿਚ ਬਣੀ ਸੀ।
ਮੰਗਲਯਾਨ ਬਣਾਉਣ ਅਤੇ ਉਪਰ ਭੇਜਣ ਦਾ ਖ਼ਰਚਾ 74 ਮਿਲੀਅਨ ਡਾਲਰ ਸੀ ਜਦਕਿ ‘ਗ੍ਰੇਵਿਟੀ’ ਨਾਂ ਦੀ ਫ਼ਿਲਮ 100 ਮਿਲੀਅਨ ਡਾਲਰ ਵਿਚ ਬਣੀ ਸੀ। ਪਰ ਉਹ ਅਮਰੀਕਾ ਹੈ ਜਿਥੇ ਮਨੁੱਖਾਂ ਦੀ ਆਬਾਦੀ ਸਾਡੇ ਭਾਰਤ ਦੇ ਮੁਕਾਬਲੇ ਬਹੁਤ ਘੱਟ ਹੈ ਜਿਸ ਕਾਰਨ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਬਹੁਤ ਵਖਰੀਆਂ ਹੁੰਦੀਆਂ ਹਨ। ਪਰ ਸਵਾਲ ਪੈਸੇ ਜਾਂ ਵਿਗਿਆਨੀਆਂ ਦੀਆਂ ਤਨਖ਼ਾਹਾਂ ਦਾ ਨਹੀਂ ਬਲਕਿ ਮਿਹਨਤ ਦਾ ਹੈ।
ਸਾਡੀ ਅਫ਼ਸਰਸ਼ਾਹੀ, ਨਿਆਂਪਾਲਿਕਾ ਤੇ ਹਾਕਮਾਂ, ਸਿਆਸਤਦਾਨਾਂ ਦੀਆਂ ਤਨਖ਼ਾਹਾਂ, ਟੈਕਸ ਤੇ ਉਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਦਾ ਖ਼ਰਚਾ ਦੇਸ਼ ਦੇ ਆਮ ਗ਼ਰੀਬ ਦੇ ਮੁਕਾਬਲੇ ਬਹੁਤ ਵਧਿਆ ਹੈ ਤੇ ਕਈ ਤਾਂ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕਰ ਕੇ ਠਾਠ ਵਾਲੀ ਸ਼ਾਹੀ ਜ਼ਿੰਦਗੀ ਬਸਰ ਕਰ ਰਹੇ ਹਨ ਜਦਕਿ ਦੂਜੇ ਪਾਸੇ, ਸਾਡਾ ਪੰਚਾਇਤੀ ਰਾਜ, ਪਿੰਡਾਂ ਦੀਆਂ ਸੜਕਾਂ ਵੀ ਨਹੀਂ ਬਣਾ ਸਕਿਆ।
ਹਿਮਾਚਲ ਪ੍ਰਦੇਸ਼ ਤੁਹਾਡੇ ਸਾਹਮਣੇ ਗੁੜ ਦੇ ਢੇਲੇ ਵਾਂਗ ਟੁਟਦਾ ਜਾਂਦਾ ਹੈ ਪਰ ਜੇ ਕਿਸੇ ਨੇ ਲਗਨ ਅਤੇ ਸਮਝਦਾਰੀ ਨਾਲ ਬਣਾਏ ਹੁੰਦੇ ਤਾਂ ਸ਼ਾਇਦ ਸਾਡੀਆਂ ਮੁਢਲੀਆਂ ਸਹੂਲਤਾਂ ਵੀ ਅੱਜ ਸਫ਼ਲਤਾ ਨਾਲ ਕੁਦਰਤ ਦੇ ਕਹਿਰ ਦਾ ਮੁਕਾਬਲਾ ਕਰ ਰਹੀਆਂ ਹੁੰਦੀਆਂ। ਅਸੀ ਚੰਨ ’ਤੇ ਤਾਂ ਝੰਡੇ ਗੱਡ ਆਏ ਹਾਂ ਪਰ ਅਪਣੇ ਦੇਸ਼ ਵਿਚ ਉਹ ਸੜਕਾਂ ਨਹੀਂ ਬਣਾ ਸਕੇ ਜੋ ਪਾਣੀ ਦੇ ਇਕ ਥਪੇੜੇ ਨਾਲ ਹੀ ਢਹਿ ਢੇਰੀ ਨਾ ਹੋ ਸਕਣ। -ਨਿਮਰਤ ਕੌਰ