ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (19)
Published : Dec 26, 2021, 11:44 am IST
Updated : Dec 26, 2021, 11:44 am IST
SHARE ARTICLE
Sikh
Sikh

ਹਿੰਦੂਆਂ ਬਾਰੇ, ਸ. ਕਪੂਰ ਸਿੰਘ ਵਲੋਂ ਦਿਤੇ ਹਵਾਲਿਆਂ ਅਨੁਸਾਰ, ਇਸਲਾਮੀ ਫ਼ਤਵਾ ਏਨਾ ਹੀ ਸੀ...........

 

ਹਿੰਦੂਆਂ ਬਾਰੇ, ਸ. ਕਪੂਰ ਸਿੰਘ ਵਲੋਂ ਦਿਤੇ ਹਵਾਲਿਆਂ ਅਨੁਸਾਰ, ਇਸਲਾਮੀ ਫ਼ਤਵਾ ਏਨਾ ਹੀ ਸੀ ਕਿ ਉਨ੍ਹਾਂ ਨੂੰ ਗ਼ੁਲਾਮਾਂ ਵਾਂਗ ਰੱਖੋ, ਪੈਸੇ ਵਲੋਂ ਸਦਾ ਤੰਗ ਰੱਖੋ ਤੇ ਉਨ੍ਹਾਂ ਨੂੰ ਸਦਾ ਅਪਮਾਨਤ ਕਰਦੇ ਰਹੋ ਪਰ ਸਿੱਖਾਂ ਨੇ ਜਦ ਇਸ ਅਪਮਾਨ ਵਾਲੀ ਹਾਲਤ ’ਚੋਂ ਨਿਕਲਣ ਦੀ ਪ੍ਰੇਰਨਾ ਦੇਣੀ ਸ਼ੁਰੂ ਕੀਤੀ ਤੇ ਆਪ ਵੀ ਕ੍ਰਿਪਾਨ ਚੁਕ ਕੇ, ਹਾਕਮਾਂ ਦੇ ਟਾਕਰੇ ’ਤੇ ਆ ਗਏ ਤਾਂ ਸ. ਕਪੂਰ ਸਿੰਘ ਦੀ ਲਿਖਤ ਅਨੁਸਾਰ, ਗੁਰੂ ਅਰਜਨ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਸਾਰੇ ਗੁਰੂਆਂ ਨੂੰ ਜੋ ਦੁਖ ਸਹਿਣੇ ਪਏ, ਉਨ੍ਹਾਂ ਪਿਛੇ ਇਕ ਵਿਅਕਤੀ ਦੀ ਵਿਚਾਰਧਾਰਾ ਕੰਮ ਕਰਦੀ ਸੀ ਤੇ ਉਹ ਵਿਅਕਤੀ ਸੀ ਸ਼ੇਖ਼ ਅਹਿਮਦ ਸਰਹਿੰਦੀ, ਮੁਜੱਦਦ ਅਲਫ਼ ਥਾਨੀ ਅਰਥਾਤ ਇਸਲਾਮ ਦੀ ਦੂਜੀ ਚੜ੍ਹਤ ਦਾ ‘ਧਰਮ-ਰਖਿਅਕ’ (1561-1624)।

Kapoor SinghKapoor Singh

ਉਹ ਤਲਵਾਰ ਨਹੀਂ ਸੀ ਚਲਾਂਦਾ ਪਰ ਅਪਣੀ ਕਲਮ ਨਾਲ, ਤਲਵਾਰ ਚਲਾਉਣ ਵਾਲੇ ਮੁਸਲਮਾਨਾਂ ਨੂੰ ਅਗਵਾਈ ਹੀ ਦਿੰਦਾ ਸੀ ਤੇ ਉਸ ਦਾ ਹੁਕਮ ਮੰਨਣ ਵਾਲਿਆਂ ਵਿਚ, ਵਕਤ ਦੇ ਸਾਰੇ ਮੁਗ਼ਲ ਬਾਦਸ਼ਾਹ ਸ਼ਾਮਲ ਸਨ। ਅਕਬਰ ਨੇ ਅਪਣੀ ਨਰਮ-ਨੀਤੀ ਨਾਲ ਕੱਟੜ ਇਸਲਾਮ-ਪ੍ਰਸਤਾਂ ਨੂੰ ਕਾਫ਼ੀ ਨਿਰਾਸ਼ ਕੀਤਾ ਸੀ ਤੇ ਮੁਜੱਦਦ ਨੇ ਮੁਸਲਮਾਨਾਂ ਨੂੰ ਵਾਪਸ ਅਪਣੇ ਪਹਿਲੇ ਕੱਟੜ ਰੂਪ ਵਿਚ ਲਿਆਉਣ ਦਾ ਜ਼ਿੰਮਾ ਅਪਣੇ ਉਪਰ ਲੈ ਲਿਆ ਤੇ ਸ. ਕਪੂਰ ਸਿੰਘ ਦੀ ਲਿਖਤ ਅਨੁਸਾਰ,‘‘ਸ਼ੇਖ਼ ਸਰਹਿੰਦੀ ਦੀ ਰੂਹ (ਆਤਮਾ) ਨੂੰ ਦਿਵਯ (ਖ਼ੁਦਾਈ) ਗਿਆਨ ਹੋਇਆ ਕਿ ਇਸਲਾਮ ਦੀ ਦੂਜੀ ਸਹੱਸ੍ਰਬਦੀ (ਚੜ੍ਹਤ) ਦੇ ਆਰੰਭ ਵਿਚ ਦੀਨ (ਧਰਮ) ਦੀ ਦਸ਼ਾ ਗਿਲਾਨੀ-ਪੂਰਤ (ਅਫ਼ਸੋਸਨਾਕ) ਹੋ ਚੁਕੀ ਹੈ ਅਤੇ ਇਸ ਲਈ ਇਸਲਾਮੀ ਦੀਨ ਦੀ ਪੁਨਰ ਸਥਾਪਨਾ ਲਈ ‘ਮੁਜੱਦਦ’ ਅਥਵਾ ਧਰਮ-ਰਖਿਅਕ ਦੀ ਲੋੜ ਹੈ।

sikhssikhs

ਸ਼ੇਖ਼ ਸਰਹਿੰਦੀ ਨੂੰ ਵੀ ਤਦ ਆਕਾਸ਼ਬਾਣੀ ਹੋਈ ਕਿ ਇਸਲਾਮ ਦੀ ਦੂਜੀ ਚੜ੍ਹਤ ਦਾ ਧਰਮ-ਰਖਿਅਕ ਉਸ ਨੂੰ ਹੀ ਅੱਲਾ ਨੇ ਥਾਪਿਆ ਹੈ। ਅਕਬਰ ਦੇ ਅੰਤਲੇ ਦਿਨਾਂ ਵਿਚ ਮੁਜੱਦਦ ਨੇ ਦੀਨ ਦੀ ਤਜਦੀਦੀ ਅਥਵਾ ਪੁਨਰ ਸਥਾਪਨਾ ਦਾ ਪ੍ਰਚਾਰ, ਭਾਸ਼ਨਾਂ ਤੇ ਲਿਖਤੀ ਚਿੱਠੀਆਂ ਰਾਹੀਂ ਆਰੰਭਿਆ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਚਿੱਠੀਆਂ ਦੀਆਂ ਨਕਲਾਂ ਅਜੇ ਵੀ ਮਿਲਦੀਆਂ ਹਨ। ਸੱਭ ਨਾਲੋਂ ਵੱਧ ਚਿੱਠੀਆਂ ਸ਼ੇਖ਼ ਫ਼ਰੀਦ ਬੁਖ਼ਾਰੀ, ਜਿਸ ਨੂੰ ਜਹਾਂਗੀਰ ਨੇ ਪਾਤਸ਼ਾਹ ਬਣਦੇ ਸਾਰ ਹੀ ‘ਮੁਰਤਜ਼ਾ ਖ਼ਾਨ’ ਦੀ ਪਰਮ ਉਚ-ਉਪਾਧੀ ਅਤੇ ‘ਛੇ ਹਜ਼ਾਰੀ’ ਦਾ ਰੁਤਬਾ ਬਖ਼ਸ਼ਿਆ, ਦੇ ਨਾਮ ਹਨ। ਇਹ ਮੁਰਤਜ਼ਾ ਖ਼ਾਨ, ਮੁੱਜਦਦ ਦਾ ਬੜਾ ਸ਼ਰਧਾਵਾਨ ਤੇ ਕੱਟੜ  ਚੇਲਾ ਸੀ ਅਤੇ ਇਸ ਨੇ ਯੁਵਰਾਜ ਖ਼ੁਸਰੋ ਦੀ ਬਗ਼ਾਵਤ ਦਾ ਲੱਕ ਤੋੜਿਆ ਸੀ।

 Guru Arjan dev jiGuru Arjan dev ji

ਇਸੇ ਮੁਰਤਜ਼ਾ ਖ਼ਾਨ ਦੇ ਹਵਾਲੇ, ਜਹਾਂਗੀਰ ਨੇ ਗੁਰੂ ਅਰਜਨ ਦੇਵ ਨੂੰ ਕਰ ਦਿਤਾ ਸੀ ਕਿ ਉਹ ਗੁਰੂ ਨੂੰ ਅਤਿ ਦੇ ਤਸੀਹੇ (ਯਾਸਾ) ਦੇ ਕੇ ਮਾਰ ਦੇਵੇ। ਸ. ਕਪੂਰ ਸਿੰਘ ਹੋਰ ਲਿਖਦੇ ਹਨ, ‘‘ਜਹਾਂਗੀਰ ਵਲੋਂ ਰਾਜ-ਭਾਗ ਸੰਭਾਲਣ ਤੋਂ ਪਹਿਲਾਂ ਹੀ ਮੁੱਜਦਦ ਨੇ ਜਹਾਂਗੀਰ (ਸ਼ਹਿਜ਼ਾਦਾ ਸਲੀਮ) ਕੋਲੋਂ ਪ੍ਰਣ ਲੈ ਲਿਆ ਸੀ ਕਿ ਬਹੁ-ਕੇਂਦਰਿਤ ਸਮਾਜ ਦਾ ਪ੍ਰਚਾਰ ਕਰਨ ਵਾਲੇ ਸਿੱਖ ਮੱਤ ਦਾ ਖੁਰਾ ਖੋਜ ਮਿਟਾ ਦੇਵੇਗਾ ਤੇ ਇਸੇ ਪ੍ਰਣ ਦਾ ਜ਼ਿਕਰ ਕਰ ਕੇ ਜਹਾਂਗੀਰ ਨੇ ਤੋਜ਼ਕਿ-ਜਹਾਂਗੀਰੀ ਵਿਚ ਲਿਖਿਆ ਸੀ ਕਿ ਉਹ ਬੜੀ ਦੇਰ ਤੋਂ ਸੋਚ ਰਿਹਾ ਸੀ ਕਿ ਉਹ ਗੁਰੂ ਅਰਜਨ  ਦੀ ਦੁਕਾਨਿ-ਬਾਤਲ (ਝੂਠ ਦੀ ਦੁਕਾਨ) ਨੂੰ ਬੰਦ ਕਰ ਦੇਵੇ ਅਰਥਾਤ ਸਿੱਖੀ ਨੂੰ ਖ਼ਤਮ ਕਰ ਦੇਵੇ।

Kapoor Singh

Kapoor Singh

ਸ. ਕਪੂਰ ਸਿੰਘ ਅਨੁਸਾਰ, ‘‘ਜਿਤਨਾ ਚਿਰ ਜਹਾਂਗੀਰ ਨੇ ਗੁਰੂ ਅਰਜਨ ਨੂੰ ਸ਼ਹੀਦ ਕਰ ਕੇ, ਅਪਣਾ ਦਿਤਾ ਬਚਨ ਪੂਰਾ ਨਾ ਕਰ ਲਿਆ, ਮੁਜੱਦਦ ਨੂੰ ਤਰਲੋਮੱਛੀ ਲੱਗੀ ਰਹੀ ਕਿਉਂਕਿ ਬਿਨਾਂ ਸਿੱਖੀ ਨੂੰ ਖ਼ਤਮ ਕੀਤਿਆਂ, ਇਸਲਾਮ ਦੀ ਤਜਦੀਦ (ਪੁਨਰ-ਸਥਾਪਨਾ) ਅਤੇ ਏਕਾਕੇਂਦਰਿਤ ਸਮਾਜ (ਸਾਰੇ ਦੇਸ਼ ਵਿਚ ਇਕ ਧਰਮ ਇਸਲਾਮ) ਦੀ ਸਥਾਪਨਾ ਸੰਭਵ ਨਹੀਂ ਸੀ।’’ ਇਸ ਤੋਂ ਬਾਅਦ ਸ. ਕਪੂਰ ਸਿੰਘ ਲਿਖਦੇ ਹਨ ਕਿ ਪੰਜਵੇਂ ਤੋਂ ਦਸਵੇਂ ਗੁਰੂ ਤਕ ਤੇ ਉਨ੍ਹ੍ਹਾਂ ਮਗਰੋਂ ਸਾਹਿਬਜ਼ਾਦਿਆਂ ’ਤੇ ਜੋ ਜ਼ੁਲਮ ਕੀਤੇ ਗਏ, ਉਹ ਜ਼ੁਲਮ ਕਰਨ ਵਾਲੇ ਵੀ ਸਾਰੇ ਹੀ ਮੁੱਜਦਦ ਦੇ ਤੇ ਅੱਗੋਂ ਉਸ ਦੇ ਗੱਦੀਦਾਰਾਂ ਦੇ ਚੇਲੇ ਹੀ ਸਨ ਤੇ ਮੁੱਜਦਦ ਦੇ ਇਸ ਫ਼ੈਸਲੇ ਨੂੰ ਹੀ ਲਾਗੂ ਕਰ ਰਹੇ ਸਨ ਕਿ ਸਿੱਖੀ ਦੇ ਮੁਕੰਮਲ ਖ਼ਾਤਮੇ ਬਿਨਾਂ, ਭਾਰਤ ਇਕ ਇਸਲਾਮੀ ਦੇਸ਼ ਨਹੀਂ ਬਣ ਸਕਦਾ। 

 Ahmad Shah AbdaliAhmad Shah Abdali

ਗੁਰੂਆਂ ਤੋਂ ਬਾਅਦ ਵੀ ਸ. ਕਪੂਰ ਸਿੰਘ ਅਨੁਸਾਰ, ਜਿਨ੍ਹਾਂ ਨੇ ਸਿੱਖੀ ਦੇ ਖ਼ਾਤਮੇ ਦੀ ਸਹੁੰ ਚੁੱਕੀ ਰੱਖੀ, ਉਹ ਮੁੱਜਦਦ ਦੇ ਚੇਲੇ ਤੇ ਉਸ ਦੇ ਵਿਚਾਰਾਂ ਦੇ ਕੱਟੜ ਹਮਾਇਤੀ ਹੀ ਸਨ। ਸ. ਕਪੂਰ ਸਿੰਘ ਦੇ ਸ਼ਬਦਾਂ ਵਿਚ ਹੀ, ‘‘1762 ਵਿਚ, ਸਿੱਖਾਂ ਦਾ, ਵੱਡੇ ਘਲੂਘਾਰੇ ਵਿਚ ਬੀਜ ਨਾਸ ਕਰਵਾਉਣ ਲਈ, ਅਹਿਮਦ ਸ਼ਾਹ ਅਬਦਾਲੀ ਨੂੰ ਜਿਹੜਾ ਮੌਲਵੀ ਸ਼ਾਹ ਵਲੀਉੱਲਾ, ਇਸਲਾਮ ਦੀ ਵੰਗਾਰ ਪਾ ਕੇ, ਹਿੰਦੁਸਤਾਨ ’ਤੇ ਚੜ੍ਹਾ ਲਿਆਇਆ ਸੀ, ਉਹ ਮੁੱਜਦਦ ਦਾ ਅਸੀਮ ਸ਼ਰਧਾਲੂ ਅਤੇ ਚੇਲਾ ਸੀ ਅਤੇ ਉਸ ਦਾ ਪਿਉ ਸ਼ਾਹ ਅਬਦੁਲ ਰਹੀਮ, ਔਰਗਜ਼ੇਬ ਦੇ ਬਣਾਏ ਹੋਏ, ਹਿੰਦੁਸਤਾਨ ਵਿਚ ਇਸਲਾਮੀ ਵਿਧਾਨ, ‘ਫ਼ਤਵਾਇ-ਆਲਮਗਰੀ’ ਦਾ ਸੰਕਲਨ ਕਰਨ ਵਾਲਿਆਂ ’ਚੋਂ ਸੀ, ਜਿਸ ਵਿਧਾਨ ਦਾ ਨਿਸ਼ਾਨਾ, ਇਸਲਾਮੀ ਸਮਾਜ ਨੂੰ ਸ਼੍ਰੋਮਣੀ ਸ਼ਥਾਨ ਦੇ ਕੇ, ਗ਼ੈਰ-ਇਸਲਾਮੀਆਂ ਨੂੰ ਮੁਸਲਮਾਨਾਂ ਦੇ ਪ੍ਰਾਧੀਨ (ਗ਼ੁਲਾਮ) ਕਰਦਾ ਸੀ। ਇਹ ਸ਼ਾਹ ਵਲੀਉੱਲਾ ਹੀ ਹਿੰਦੀ ਇਸਲਾਮ ਦੇ ਨਵੀਨ ‘ਜੇਹਾਦ’ ਦੇ ਸਿਧਾਂਤ ਦਾ ਨਿਰਮਾਤਾ ਹੈ ਜਿਸ ਦਾ ਮੁੱਖ ਅੰਸ਼ ਇਹ ਹੈ ਕਿ ਹਿੰਦੁਸਤਾਨ ਵਿਚ ਰਾਜਸੀ ਪ੍ਰਭੁੱਤਾ ਤੇ ਸੱਤਾ ਗ਼ੈਰ ਇਸਲਾਮੀ ਕਾਫ਼ਰਾਂ ਦੇ ਹੱਥਾਂ ਵਿਚ ਕਦਾਚਿਤ ਤੇ ਤਿੰਨ ਕਾਲ ਨਹੀਂ ਦੇਣੀ, ਇਹੋ ਦੀਨ ਦਾ ਸਿਧਾਂਤ ਤੇ ਹੁਕਮ ਹੈ।’’

Syed Ahmed Barelvi

Syed Ahmed Barelvi

ਸ. ਕਪੂਰ ਸਿੰਘ ਫਿਰ ਸਈਅਦ ਅਹਿਮਦ ਬਰੇਲਵੀ ਦੀਆਂ ਚਿੱਠੀਆਂ ਦਾ ਤੇ ਅਜ਼ੀਜ਼ ਅਹਿਮਦ ਦੀ ਇਕ ਆਕਸਫ਼ੋਰਡ ਵਲੋਂ ਛਾਪੀ ਪੁਸਤਕ ਦਾ ਹਵਾਲਾ ਦੇ ਕੇ ਦਸਦੇ ਹਨ ਕਿ ਸਿੱਖ ਰਾਜ ਵਿਚ ਭੜਥੂ ਪਾਈ ਰੱਖਣ ਵਾਲਾ ਇਹ ਜਰਨੈਲ ਵੀ ਭਾਵੇਂ ਬੁਖ਼ਾਰਾ ਤੇ ਅਫ਼ਗ਼ਾਨਿਸਤਾਨ ਨੂੰ ਵੰਗਾਰਾਂ ਪਾਉਂਦਾ ਰਿਹਾ ਹੈ ਕਿ ਭਾਰਤ ਨੂੰ ਇਕ ਧਰਮ (ਇਸਲਾਮ) ਦਾ ਧਾਰਨੀ ਦੇਸ਼ ਬਣਾਉਣ ਵਿਚ ਮਦਦ ਦੇਣ ਪਰ ਮੁੱਖ ਨਿਸ਼ਾਨਾ ਉਸ ਦਾ ਇਹੋ ਸੀ ਕਿ ਸਿੱਖਾਂ ਦੀ ਤਾਕਤ ਨੂੰ ਨਸ਼ਟ ਕਿਵੇਂ ਕੀਤਾ ਜਾਵੇ ਜੋ ਭਾਰਤ ਨੂੰ ਇਸਲਾਮੀ ਦੇਸ਼ ਬਣਨ ਦੇ ਰਾਹ ਦੀ ਸੱਭ ਤੋਂ ਵੱਡੀ ਰੁਕਾਵਟ ਸਾਬਤ ਹੋ ਰਹੇ ਸਨ।

SIKH SIKH

ਇਹ ਇਤਿਹਾਸ ਜਿਸ ਨੇ ਅਪਣੀ ਕਲਮ ਨਾਲ ਲਿਖਿਆ ਹੋਵੇ ਤੇ ਅਪਣੇ ਸਾਹਮਣੇ ਮਾਰਚ ਦੇ ਮਹੀਨੇ (1947) ਰਾਵਲ ਪਿੰਡੀ ਇਲਾਕੇ ਵਿਚ, ਲੀਗੀਆਂ ਹੱਥੋਂ ਸਿੱਖਾਂ ਦਾ ਕਤਲੇਆਮ ਵੇਖਿਆ ਹੋਵੇ, ਉਹ ਇਸ ਸੱਭ ਕੁੱਝ ਨੂੰ ਅਣਡਿੱਠ ਕਰ ਕੇ ਫਿਰ ਮੁਸਲਿਮ ਲੀਗ ਦੇ ਅਧੀਨ ਇਕ ਪ੍ਰਾਧੀਨ ਨਕਲੀ ਸਿੱਖ ਸਟੇਟ ਦੀ ਵਕਾਲਤ ਕਰਦਾ ਹੋਇਆ, ਸਾਰੇ ਸਿੱਖ ਪੰਥ ਦੇ ਸਾਂਝੇ ਫ਼ੈਸਲੇ ਨੂੰ ‘ਮੂਰਖਾਂ ਵਾਲਾ’ ਕਹਿੰਦਾ ਹੋਵੇ ਅਤੇ ਸਿੱਖ ਪੰਥ ਨੂੰ ਗ਼ਲਤ ਜਾਣਕਾਰੀ ਦੇਣ ਲਈ ਬਜ਼ਿੱਦ ਹੋਵੇ ਤਾਂ ਉਸ ਪਿੱਛੇ ਦੇ ਕਾਰਨਾਂ ਵਿਚ ਜਾਣਾ ਜ਼ਰੂਰੀ ਬਣ ਜਾਂਦਾ ਹੈ। ਬਾਕੀ ਅਗਲੇ ਐਤਵਾਰ। (ਚਲਦਾ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM
Advertisement