ਅਹਿਮਦ ਪਟੇਲ ਦੀ ਜਿੱਤ ਨਾਲ ਹਿੰਦੁਸਤਾਨ ਨਹੀਂ ਜਿਤਿਆ ਗਿਆ!
Published : Aug 9, 2017, 5:22 pm IST
Updated : Mar 27, 2018, 5:18 pm IST
SHARE ARTICLE
Amit Shah
Amit Shah

'ਸਤਯਮੇਵ ਜਯਤੇ'। ਇਹ ਸ਼ਬਦ ਕਾਂਗਰਸ ਨੇ ਅਪਣੀ ਜਿੱਤ ਨੂੰ ਬਿਆਨ ਕਰਨ ਲਈ ਵਰਤੇ ਕਿਉਂਕਿ ਰਾਜ ਸਭਾ ਦੀ ਉਸ ਕੁਰਸੀ ਦੀ ਅਸਲ ਹੱਕਦਾਰ ਤਾਂ ਕਾਂਗਰਸ ਹੀ ਸੀ ਜਿਸ ਕੋਲ ਅਪਣੀਆਂ...

'ਸਤਯਮੇਵ ਜਯਤੇ'। ਇਹ ਸ਼ਬਦ ਕਾਂਗਰਸ ਨੇ ਅਪਣੀ ਜਿੱਤ ਨੂੰ ਬਿਆਨ ਕਰਨ ਲਈ ਵਰਤੇ ਕਿਉਂਕਿ ਰਾਜ ਸਭਾ ਦੀ ਉਸ ਕੁਰਸੀ ਦੀ ਅਸਲ ਹੱਕਦਾਰ ਤਾਂ ਕਾਂਗਰਸ ਹੀ ਸੀ ਜਿਸ ਕੋਲ ਅਪਣੀਆਂ 56 ਵੋਟਾਂ ਸਨ ਭਾਵੇਂ ਕਿ ਆਖ਼ਰ ਵਿਚ ਉਸ ਨੂੰ 44 ਵੋਟਾਂ ਹੀ ਮਿਲੀਆਂ ਜਿਨ੍ਹਾਂ ਵਿਚੋਂ ਦੋ ਤਾਂ ਮਿੱਤਰ ਪਾਰਟੀਆਂ ਵਲੋਂ ਭੇਂਟ ਕੀਤੀਆਂ ਗਈਆਂ ਸਨ। ਭਾਜਪਾ ਅਪਣੇ ਕਾਂਗਰਸ ਮੁਕਤ ਭਾਰਤ ਦੇ ਮਨਸੂਬੇ ਵਿਚ ਇਸ ਹੱਦ ਤਕ ਲੱਗੀ ਹੋਈ ਹੈ ਕਿ ਹੁਣ ਉਨ੍ਹਾਂ ਨੂੰ ਕਿਸੇ ਵੀ ਹਥਿਆਰ ਦੀ ਵਰਤੋਂ ਕਰਨਾ ਗ਼ਲਤ ਨਹੀਂ ਲਗਦਾ। ਭਾਜਪਾ ਨੇ ਅਪਣੀ ਹਰ ਕੋਸ਼ਿਸ਼ ਨੂੰ ਜਨਤਾ ਦੀ ਨਜ਼ਰ ਵਿਚ ਸਹੀ ਸਾਬਤ ਕਰਨ ਲਈ ਕਾਂਗਰਸ ਨੂੰ ਦੇਸ਼ ਦੀ ਦੁਸ਼ਮਣ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਦੁਸ਼ਮਣ ਦੀ ਤਬਾਹੀ ਵਾਸਤੇ ਉਹ ਕਿਸੇ ਵੀ ਹੱਦ ਤਕ ਡਿੱਗਣ ਵਾਸਤੇ ਤਿਆਰ ਹੈ। ਗੁਜਰਾਤ ਦੀ ਰਾਜ ਸਭਾ ਚੋਣ ਨੇ ਸਾਬਤ ਕਰ ਦਿਤਾ ਹੈ ਕਿ ਭਾਜਪਾ ਡਰ, ਧਮਕੀ ਤੇ ਰਿਸ਼ਵਤ ਨੂੰ ਰਾਜਨੀਤੀ ਵਿਚ ਕਾਮਯਾਬ ਹੋਣ ਦੇ ਸਹੀ ਤਰੀਕੇ ਸਮਝਦੀ ਹੈ। 'ਜੰਗ ਵਿਚ ਹਰ ਚੀਜ਼ ਜਾਇਜ਼ ਹੈ' ਵਾਲੀ ਸੋਚ ਰੱਖਣ ਵਾਲੀ ਭਾਜਪਾ ਇਹ ਨਹੀਂ ਸਮਝ ਰਹੀ ਕਿ ਉਨ੍ਹਾਂ ਦੀ ਆਪਸੀ ਜੰਗ, ਦੇਸ਼ ਅਤੇ ਲੋਕਤੰਤਰ ਦੀਆਂ ਨੀਹਾਂ ਨੂੰ ਖੋਖਲੀਆਂ ਕਰ ਰਹੀ ਹੈ। ਪਰ ਦੇਸ਼ ਜੰਗ ਨਹੀਂ ਵਿਕਾਸ ਚਾਹੁੰਦਾ ਹੈ ਅਤੇ ਜੋ ਆਪ ਹੀ ਡਿੱਗ ਜਾਵੇ, ਉਹ ਦੂਜਿਆਂ ਨੂੰ ਕੀ ਚੁੱਕੇਗਾ?

ਰਹੀ ਗੱਲ ਕਾਂਗਰਸ ਦੀ ਤਾਂ ਇਹ ਜਿੱਤ ਉਸ ਨੂੰ ਬਹੁਤ ਔਕੜਾਂ ਝਾਗਣ ਮਗਰੋਂ ਮਿਲੀ ਹੈ, ਪਰ ਉਸ ਦਾ ਫ਼ਾਇਦਾ ਕਿਸ ਨੂੰ ਹੋਵੇਗਾ? ਸੋਨੀਆ ਗਾਂਧੀ ਦੇ ਭਰੋਸੇਯੋਗ ਅਹਿਮਦ ਪਟੇਲ ਦੀ ਕੁਰਸੀ ਬਚਾ ਕੇ ਕੀ ਕਾਂਗਰਸ ਪੂਰੇ ਦੇਸ਼ ਵਿਚ ਲੜਨ ਵਾਸਤੇ ਤਿਆਰ ਹੋ ਗਈ ਹੈ? ਜਿਸ ਤਰ੍ਹਾਂ ਦੇਰ ਰਾਤ ਤਕ ਕਾਂਗਰਸ ਦੇ ਸਾਰੇ ਵੱਡੇ ਆਗੂ ਰਾਜ ਸਭਾ ਦੀ ਇਸ ਇਕ ਸੀਟ ਵਾਸਤੇ ਲੜ ਰਹੇ ਸਨ, ਜੇ ਉਸੇ ਤਰ੍ਹਾਂ ਕਦੇ ਉਹ ਗੋਆ ਤੇ ਉੱਤਰਾਖੰਡ ਨੂੰ ਬਚਾਉਣ ਵਾਸਤੇ ਵੀ ਜਾਗੇ ਹੁੰਦੇ ਤਾਂ ਸ਼ਾਇਦ ਅੱਜ ਉਨ੍ਹਾਂ ਨੂੰ ਇਸ ਦੇਸ਼ ਦੀ ਸਿਆਸਤ ਵਿਚ ਅਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਨਾ ਲੜਨੀ ਪੈ ਰਹੀ ਹੁੰਦੀ।
ਭਾਜਪਾ ਵਲੋਂ ਛੇ ਕੇਂਦਰੀ ਮੰਤਰੀ, ਚੋਣ ਕਮਿਸ਼ਨ ਅੱਗੇ ਬੰਦ ਕਮਰਿਆਂ ਵਿਚ ਅਪਣੀ ਪਾਰਟੀ ਦਾ ਪੱਖ ਰੱਖਣ ਵਾਸਤੇ ਗਏ ਸਨ ਅਤੇ ਸ਼ਾਇਦ ਪਹਿਲੀ ਵਾਰ ਉਥੇ ਕਾਂਗਰਸ ਦੇ ਆਗੂ ਵੀ ਮੌਜੂਦ ਸਨ, ਸਿਵਾਏ ਰਾਹੁਲ ਗਾਂਧੀ ਦੇ, ਜੋ ਸ਼ਾਇਦ ਬਿਮਾਰ ਹੋ ਗਏ ਸਨ ਜਾਂ ਉਨ੍ਹਾਂ ਦਾ ਕੰਮ ਕਰਨ ਦਾ ਸਮਾਂ ਖ਼ਤਮ ਹੋ ਗਿਆ ਸੀ।
ਜੈਰਾਮ ਰਮੇਸ਼ ਵਲੋਂ ਅਪਣੀ ਪਾਰਟੀ ਦੀ ਹੋਂਦ ਨੂੰ ਪੈਦਾ ਹੋ ਚੁੱਕੇ ਸੰਕਟ ਬਾਰੇ ਗੱਲ ਕਰਨ ਨੂੰ ਸ਼ਾਇਦ ਬਗ਼ਾਵਤ ਵਾਂਗ ਲਿਆ ਜਾਵੇਗਾ ਜਦਕਿ ਇਸ ਨੂੰ ਉਸ ਸੱਚਾਈ ਵਾਂਗ ਲੈਣਾ ਚਾਹੀਦਾ ਹੈ ਜੋ ਕੋਈ ਅਪਣਾ ਹੀ ਬੋਲ ਸਕਦਾ ਹੈ। ਬੜੀ ਮਸ਼ਹੂਰ ਲੋਕ ਕਹਾਣੀ ਉਸ ਰਾਜਾ ਬਾਰੇ ਹੈ ਜੋ ਬਿਨਾਂ ਕਪੜਿਆਂ ਤੋਂ ਘੁੰਮਦਾ ਸੀ ਕਿਉਂਕਿ ਇਕ ਚਤੁਰ ਦਰਜ਼ੀ ਨੇ ਉਸ ਨੂੰ ਕਹਿ ਦਿਤਾ ਸੀ ਕਿ ਸਿਰਫ਼ ਸਿਆਣੇ ਹੀ ਉਸ ਦੇ ਬਣਾਏ ਖ਼ਾਸ ਕਪੜੇ ਵੇਖ ਸਕਦੇ ਹਨ। ਸਾਰੀ ਪ੍ਰਜਾ ਵਿਚੋਂ ਇਕ ਬੱਚਾ ਹੀ ਕਹਿ ਸਕਿਆ ਸੀ ਕਿ 'ਸਾਡਾ ਰਾਜਾ ਨੰਗਾ ਹੈ।'
ਜੈਰਾਮ ਰਮੇਸ਼ ਉਸ ਬੱਚੇ ਵਾਂਗ ਹੀ ਨਾਦਾਨੀ ਸਦਕਾ ਨਹੀਂ ਬਲਕਿ ਸੋਚ ਸਮਝ ਕੇ ਅਪਣੀ ਪਾਰਟੀ ਨੂੰ ਅਸਲੀਅਤ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਅਸਲ ਵਿਚ 'ਸੁਲਤਾਨਾਂ' ਵਾਂਗ ਆਜ਼ਾਦੀ ਦੀ ਲੜਾਈ ਵਿਚ ਕਾਂਗਰਸ ਦੇ ਰੋਲ ਦੀ ਦੁਹਾਈ ਦੇਂਦੇ ਸਮਝੀ ਬੈਠੇ ਹਨ ਕਿ ਜਨਤਾ ਆਪੇ ਸਮਝ ਜਾਵੇਗੀ ਕਿ ਉਹੀ ਦੇਸ਼ ਨੂੰ ਅਗਵਾਈ ਦੇਣ ਦੇ ਯੋਗ ਹੈ। ਕਈ ਆਖਦੇ ਹਨ, ਪਹਿਲਾਂ ਵੀ ਕਾਂਗਰਸ ਤਬਾਹੀ ਦੇ ਕੰਢੇ ਤੇ ਆ ਗਈ ਸੀ ਤੇ ਬਚ ਗਈ ਸੀ ਅਤੇ ਹੁਣ ਵੀ ਸਮਾਂ ਬਦਲ ਰਿਹਾ ਹੈ।
ਪਰ ਉਹ ਇਹ ਭੁਲ ਜਾਂਦੇ ਹਨ ਕਿ ਸਮਾਂ ਬਦਲਣ ਵਾਸਤੇ ਉਨ੍ਹਾਂ ਨੂੰ ਅਪਣੇ ਆਪ ਨੂੰ ਬਦਲਣਾ ਪਿਆ।  ਉਨ੍ਹਾਂ ਨੂੰ ਦਿਸ਼ਾ ਵਿਖਾਉਣ ਵਾਲੇ ਆਗੂ ਦੀ ਜ਼ਰੂਰਤ ਹੈ। ਪਰ ਇਹ ਪਾਰਟੀ ਤਕਰੀਬਨ ਸੁੱਤੀ ਪਈ ਹੈ ਤੇ ਇਸੇ ਤਾਕ ਵਿਚ ਬੈਠੀ ਹੈ ਕਿ ਭਾਰਤ ਭਾਜਪਾ ਦੀ ਨਫ਼ਰਤ ਭਰੀ ਸੋਚ ਤੋਂ ਦੁਖੀ ਹੋ ਕੇ ਫਿਰ ਉਨ੍ਹਾਂ ਕੋਲ ਵਾਪਸ ਆ ਜਾਵੇਗਾ। ਸੋ ਉਹ ਹੱਥ ਉਤੇ ਹੱਥ ਧਰ ਕੇ ਬੈਠੇ ਹਨ। ਜ਼ਰਾ ਜਾਗੇ ਵੀ ਤਾਂ ਅਪਣੇ 'ਸੁਲਤਾਨ' ਨੂੰ ਬਚਾਉਣ ਵਾਸਤੇ ਹੀ।
ਨਰਿੰਦਰ ਮੋਦੀ ਗੁਜਰਾਤ ਦੀ ਵਿਕਾਸ ਦੀ ਕਹਾਣੀ ਨੂੰ ਦੇਸ਼ ਅੱਗੇ ਵੇਚਣ ਵਿਚ ਸਫ਼ਲ ਰਹੇ। ਪਰ ਰਾਹੁਲ ਗਾਂਧੀ ਕੋਲ ਤਾਂ ਅਮੇਠੀ ਵਿਚ ਵਿਖਾਉਣ ਨੂੰ ਵਿਕਾਸ ਵੀ ਨਹੀਂ ਹੈ। ਕਾਂਗਰਸ ਨੂੰ ਪੰਜਾਬ ਵਿਚ ਵਿਕਾਸ ਕਰ ਕੇ ਦੇਸ਼ ਅੱਗੇ ਰੱਖਣ ਦਾ ਸੁਨਹਿਰੀ ਮੌਕਾ ਜਨਤਾ ਵਲੋਂ ਦਿਤਾ ਗਿਆ ਹੈ। ਪਰ ਕਾਂਗਰਸ ਹਾਈਕਮਾਨ ਅਪਣੀ ਇਸ ਇਤਿਹਾਸਕ ਜਿੱਤ ਨੂੰ ਮਜ਼ਬੂਤ ਬਣਾਉਣ ਦੀ ਥਾਂ ਪੰਜਾਬ ਕੈਬਨਿਟ ਵਿਚ ਅਪਣੇ ਧੜੇ ਦੇ ਲੋਕ ਪਾਉਣ ਵਾਸਤੇ ਮੁੱਖ ਮੰਤਰੀ ਉਤੇ ਦਬਾਅ ਪਾ ਰਿਹਾ ਹੈ। ਜਿਸ ਡਾ. ਮਨਮੋਹਨ ਸਿੰਘ ਦੀ ਦੇਖਰੇਖ ਹੇਠ ਕਾਂਗਰਸ ਨੇ ਅਪਣਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਸੀ, ਉਸ ਨੂੰ ਲਾਗੂ ਕਰਨ ਵਾਸਤੇ ਡਾ. ਮਨਮੋਹਨ ਸਿੰਘ ਖ਼ੁਦ ਪੰਜਾਬ ਵਿਚ ਆ ਕੇ ਬੈਠ ਜਾਂਦੇ ਤਾਂ ਲੋਕਾਂ ਦਾ ਹੀ ਨਹੀਂ ਉਦਯੋਗ ਦਾ ਵੀ ਪੰਜਾਬ ਵਿਚ ਵਿਸ਼ਵਾਸ ਵੱਧ ਜਾਂਦਾ। ਭਾਜਪਾ ਦੇ ਰਾਜਾਂ ਵਿਚ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਜਾਣ ਵਾਲੇ ਰਾਹੁਲ ਗਾਂਧੀ, ਪੰਜਾਬ ਦੇ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੀ ਸਮੱਸਿਆ ਕਿਉਂ ਨਹੀਂ ਸਮਝਦੇ?
ਕਾਂਗਰਸ, ਭਾਜਪਾ ਨੂੰ ਹਰਾਉਣ ਵਾਸਤੇ ਉਨ੍ਹਾਂ ਵਾਂਗ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਉਨ੍ਹਾਂ ਨੂੰ ਹੁਣ ਇਹ ਵਿਚਾਰਨ ਦੀ ਲੋੜ ਹੈ ਕਿ ਉਹ ਕੀ ਹਨ? ਉਨ੍ਹਾਂ ਵਾਸਤੇ ਧਰਮਨਿਰਪਖਤਾ, ਵਿਕਾਸ, ਗ਼ਰੀਬੀ ਦਾ ਕੀ ਅਰਥ ਹੈ? ਭਾਰਤ ਦੇ ਵਿਕਾਸ ਦਾ ਰਾਹ ਉਨ੍ਹਾਂ ਵਾਸਤੇ ਕਿਸ ਰਸਤੇ ਤੋਂ ਹੋ ਕੇ ਜਾਂਦਾ ਹੈ? ਸ਼ਾਇਦ ਉਹ ਜਿੱਤ ਨਾ ਸਕਣ ਪਰ ਇਸ ਤਰ੍ਹਾਂ ਤਾਂ ਹਸਤੀ ਹੀ ਮਿਟ ਜਾਵੇਗੀ।
ਰਾਜ ਸਭਾ ਦੀ ਇਸ ਚੋਣ ਵਿਚ ਅਸਲ ਜਿੱਤ ਤਾਂ ਲੋਕਤੰਤਰ ਦੇ ਢਾਂਚੇ ਦੀ ਹੋਈ ਹੈ ਜਿਸ ਦੀ ਰਾਖੀ ਚੋਣ ਕਮਿਸ਼ਨ ਨੇ ਸੰਵਿਧਾਨ ਦੇ ਮੁਤਾਬਕ ਕੀਤੀ। ਵਿੱਤ ਮੰਤਰੀ ਤੇ ਰਖਿਆ ਮੰਤਰੀ ਦੇ ਸਾਹਮਣੇ ਵੀ ਉਹ ਅਪਣੇ ਫ਼ਰਜ਼ਾਂ ਤੋਂ ਨਾ ਡਗਮਗਾਏ। ਇਸ ਦਾ ਸਿਹਰਾ ਵੀ ਟੀ.ਐਨ. ਸੇਸ਼ਨ ਦੀ ਮਿਹਨਤ ਦੇ ਸਿਰ ਬਝਣਾ ਚਾਹੀਦਾ ਹੈ ਜਿਨ੍ਹਾਂ ਵਲੋਂ ਰੱਖੀ ਮਜ਼ਬੂਤ ਨੀਂਹ ਕਾਰਨ, ਹਨੇਰੀ ਤੇ ਝੱਖੜ ਇਮਾਰਤ ਦਾ ਕੋਈ ਨੁਕਸਾਨ ਨਾ ਕਰ ਸਕੇ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement