
Editorial: ਕਿਸੇ ਹੋਰ ਖੇਤਰ ਵਿਚ ਮਿਲੀ ਪ੍ਰਸਿੱਧੀ ਕਾਰਨ ਲੋਕ ਉਨ੍ਹਾਂ ਦੀ ਸ਼ਕਲ ਸੂਰਤ ਵੇਖ ਕੇ ਹੀ ਵੋਟ ਦੇ ਦਿੰਦੇ ਹਨ
Actors' beauty will not attract voters Editorial in punjabi : ਸਿਆਸਤ ’ਚ ਪੈਰ ਰੱਖਣ ਤੋਂ ਪਹਿਲਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਤਿਆਰੀ ਨਹੀਂ ਕਰਨੀ ਪੈਂਦੀ। ਤਿਆਰੀ ਇਸ ਗੱਲ ਦੀ ਕਰਨੀ ਹੁੰਦੀ ਹੈ ਕਿ ਤੁਸੀਂ ਕਿਸ ਨੂੰ ਵੋਟ ਦੇਣੀ ਹੈ। ਅਕਸਰ ਅਸੀਂ ਵੇਖਿਆ ਹੈ ਕਿ ਕ੍ਰਿਕਟਰ ਜਾਂ ਅਦਾਕਾਰ ਸਿਆਸਤ ’ਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਖੇਤਰ ਵਿਚ ਮਿਲੀ ਪ੍ਰਸਿੱਧੀ ਕਾਰਨ ਲੋਕ ਉਨ੍ਹਾਂ ਦੀ ਸ਼ਕਲ ਸੂਰਤ ਵੇਖ ਕੇ ਹੀ ਵੋਟ ਦੇ ਦਿੰਦੇ ਹਨ। ਇਸੇ ਤਰ੍ਹਾਂ ਹੁਣ ਕੰਗਨਾ ਰਨੌਤ ਨੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ’ਚ ਪੈਰ ਰੱਖ ਲਿਆ ਹੈ। ਸਿਆਸਤ ’ਚ ਪੈਰ ਰਖਦਿਆਂ ਉਹ ਇਕ ਵਿਵਾਦ ਵਿਚ ਘਿਰ ਗਈ ਜਦੋਂ ਕਾਂਗਰਸ ਦੀ ਪ੍ਰਮੁੱਖ ਬੁਲਾਰਾ ਸੁਪ੍ਰੀਆ ਸ੍ਰੀਨੇਤ ਦੇ ਇਕ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਅਦਾਕਾਰਾ ਦੇ ਕਿਰਦਾਰ ’ਤੇ ਸਵਾਲ ਚੁਕ ਦਿਤੇ।
ਭਾਵੇਂ ਸੁਪ੍ਰੀਆ ਸ੍ਰੀਨੇਤ ਨੇ ਮਗਰੋਂ ਕਿਹਾ ਕਿ ਇਹ ਪੋਸਟ ਉਨ੍ਹਾਂ ਨੇ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਨੇ ਉਨ੍ਹਾਂ ਦਾ ਅਕਾਊਂਟ ਹੈਕ ਕਰ ਕੇ ਪਾਈ ਹੈ। ਪਰ ਕਿਸੇ ਨੇ ਤਾਂ ਪਾਇਆ ਹੀ ਸੀ ਅਤੇ ਇਹ ਆਮ ਗੱਲ ਹੈ ਕਿ ਇਕ ਔਰਤ ਦੇ ਕਪੜੇ ਉਸ ਦੇ ਕਿਰਦਾਰ ਨੂੰ ਤੈਅ ਕਰਦੇ ਹਨ। ਸੁਪ੍ਰੀਆ ਸ੍ਰੀਨੇਤ ਜਾਂ ਕੋਈ ਹੋਰ ਇਸ ਲਈ ਜ਼ਿੰਮੇਵਾਰ ਨਹੀਂ ਸੀ ਤੇ ਕੰਗਨਾ ਰਨੌਤ ਖ਼ੁਦ ਹੀ ਇਸ ਲਈ ਜ਼ਿੰਮੇਵਾਰ ਹਨ ਕਿਉਂਕਿ ਜਦੋਂ ਇਕ ਹੋਰ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸਿਆਸਤ ’ਚ ਕਦਮ ਰਖਿਆ ਸੀ ਤਾਂ ਖ਼ੁਦ ਕੰਗਨਾ ਨੇ ਉਸ ਨੂੰ ‘ਸਾਫ਼ਟ ਪੌਰਨ ਅਦਾਕਾਰਾ’ ਆਖਿਆ ਸੀ। ਅਜੀਬ ਗੱਲ ਹੈ ਕਿ ਜਦੋਂ ਕੋਈ ਮਰਦ ਅਦਾਕਾਰ ਸਿਆਸਤ ’ਚ ਆਉਂਦਾ ਹੈ ਤਾਂ ਭਾਵੇਂ ਉਸ ਨੇ ਫ਼ਿਲਮਾਂ ’ਚ ਬਲਾਤਕਾਰੀ ਦਾ ਕਿਰਦਾਰ ਨਿਭਾਇਆ ਹੋਵੇ, ਉਸ ਦੇ ਕਿਰਦਾਰ ’ਤੇ ਕੋਈ ਉਂਗਲ ਨਹੀਂ ਚੁੱਕੀ ਜਾਂਦੀ, ਪਰ ਜਦੋਂ ਕਿਸੇ ਔਰਤ ਅਦਾਕਾਰਾ ਦੇ ਕਪੜੇ ਛੋਟੇ ਹੋਣ ਤਾਂ ਉਸ ਉਤੇ ਉਂਗਲਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਪਰ ਇਥੇ ਜੋ ਅਸਲ ਸਵਾਲ ਉਠਣਾ ਚਾਹੀਦਾ ਹੈ, ਉਹ ਇਹ ਹੈ ਕਿ ਕੰਗਨਾ ਰਨੌਤ ਦੀ ਸਿਆਸਤ ’ਚ ਤਿਆਰੀ ਕਿਸ ਤਰ੍ਹਾਂ ਦੀ ਹੈ। ਉੱਥੇ ਉਨ੍ਹਾਂ ਦੇ ਕਪੜੇ ਨਹੀਂ ਬਲਕਿ ਉਨ੍ਹਾਂ ਦੇ ਵਿਚਾਰ ਜ਼ਰੂਰ ਅਹਿਮੀਅਤ ਰਖਦੇ ਹਨ ਅਤੇ ਅਸੀਂ ਉਨ੍ਹਾਂ ਦੇ ਵਿਚਾਰ ਵੇਖੇ ਹਨ ਕਿ ਇਨ੍ਹਾਂ ’ਚ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਹੈ, ਭਾਵੇਂ ਉਹ ਬਾਲੀਵੁੱਡ ਦੇ ਸਥਾਪਤ ਅਦਾਕਾਰਾਂ ਦੇ ਬੱਚਿਆਂ ਵਿਰੁਧ ਟਿਪਣੀਆਂ ਹੋਣ ਤੇ ਭਾਵੇਂ ਸੜਕਾਂ ’ਤੇ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਹੋਣ, ਭਾਵੇਂ ਪੰਜਾਬੀ ਗਾਇਕਾਂ ਨੂੰ ਲੈ ਕੇ ਨਫ਼ਰਤ ਭਰੀਆਂ ਟਿਪਣੀਆਂ ਹੋਣ, ਭਾਵੇਂ ਸਾਰੇ ਸਿੱਖਾਂ ਨੂੰ ਖ਼ਾਲਿਸਤਾਨੀ ਗਰਦਾਨਣ ਦੀ ਕੋਸ਼ਿਸ਼ ਹੋਵੇ। ਕੰਗਨਾ ਰਨੌਤ ਨੇ ਕਈ ਵਾਰੀ ਅਪਣੀ ਸੋਚ ਸਮਾਜ ਸਾਹਮਣੇ ਰੱਖੀ ਹੈ ਜੋ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਜਦੋਂ ਉਹ ਸਿਆਸਤ ’ਚ ਆਏਗੀ ਤਾਂ ਉਹ ਦੋਹਾਂ ਧਿਰਾਂ ਦੀ ਗੱਲ ਸੁਣਨ ਅਤੇ ਸਮਝਣ ਲਈ ਨਹੀਂ ਆਏਗੀ।
ਉਸ ਦੀ ਸੋਚ ਇਕ ਕੱਟੜ ਬੰਦੇ ਵਾਲੀ ਸੋਚ ਹੈ ਜੋ ਅਪਣੇ ਵਿਚਾਰਾਂ ਦੇ ਸਾਹਮਣੇ, ਬਾਕੀ ਸੱਭ ਦੇ ਵਿਚਾਰਾਂ ਨੂੰ ਹੇਚ ਸਮਝਦਾ ਹੈ। ਜੇਕਰ ਅਸੀਂ ਇਹੋ ਜਿਹੇ ਸਿਆਸਤਦਾਨ ਨੂੰ ਉਸ ਦੀ ਖ਼ੂਬਸੂਰਤੀ ਜਾਂ ਉਸ ਦੇ ਅਦਾਕਾਰ ਹੋਣ ਕਾਰਨ ਵੋਟ ਪਾਉਂਦੇ ਹਾਂ ਤਾਂ ਫਿਰ ਇਹ ਗ਼ਲਤੀ ਕੰਗਨਾ ਰਨੌਤ ਦੀ ਨਹੀਂ, ਗ਼ਲਤੀ ਵੋਟਰ ਦੀ ਹੋਵੇਗੀ। ਪੰਜਾਬ ’ਚ ਸੰਨੀ ਦਿਉਲ ਆਏ ਸਨ। ਉਨ੍ਹਾਂ ਨੂੰ ਕੁਝ ਲੋਕ ਪੰਜਾਬੀ ਮੰਨਦੇ ਹਨ ਅਤੇ ਉਨ੍ਹਾਂ ਦੇ ਡਾਇਲਾਗ ‘ਢਾਈ ਕਿੱਲੋ ਦਾ ਹੱਥ’ ’ਤੇ ਉਨ੍ਹਾਂ ਨੂੰ ਖ਼ੂਬ ਵੋਟਾਂ ਪਈਆਂ। ਇਸ ਦਾ ਨਤੀਜਾ ਅੱਜ ਇਹ ਹੈ ਕਿ ਗੁਰਦਾਸਪੁਰ ਦੇ ਵੋਟਰਾਂ ਨੇ ਸੰਨੀ ਨੂੰ ਵੋਟਾਂ ਤੋਂ ਬਾਅਦ ਕਦੇ ਨਹੀਂ ਵੇਖਿਆ।
ਭਾਵੇਂ ਕੋਵਿਡ ਆ ਜਾਵੇ, ਭਾਵੇਂ ਕਿਸਾਨੀ ਸੰਘਰਸ਼ ਆ ਜਾਵੇ, ਭਾਵੇਂ ਕੋਈ ਹੋਰ ਮਸਲਾ ਆ ਜਾਵੇ, ਸੰਨੀ ਦਿਉਲ ਕਦੇ ਗੁਰਦਾਸਪੁਰ ’ਚ ਨਜ਼ਰ ਨਹੀਂ ਆਏ। ਉਨ੍ਹਾਂ ਦੇ ਨਾਮ ’ਤੇ ਜੋ ਕੰਮ ਲੋਕ ਕਰਨ ਆਏ ਸੀ, ਉਹ ਵੀ ਗ਼ਾਇਬ ਹੋ ਗਏ ਅਤੇ ਜਦੋਂ ਕੰਗਨਾ ਵਰਗੀ ਸਿਆਸੀ ਨੌਸਿਖੀਆ ਨੂੰ ਉਸ ਦੀ ਖ਼ੂਬਸੂਰਤੀ ਵੇਖ ਕੇ ਵੋਟ ਪਾਵਾਂਗੇ ਤਾਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਖ਼ੁਦ ਹੀ ਸ਼ਾਇਦ ਸਮਝਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੇ ਸਿਆਸਤਦਾਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ।
-ਨਿਮਰਤ ਕੌਰ