
70 ਸਾਲਾਂ ਦੀ ਆਜ਼ਾਦੀ ਵਿਚੋਂ ਪੰਜਾਬ ਵਿਚ 23 ਸਾਲ 11 ਮਹੀਨੇ ਤਕ ਰਾਜਭਾਗ ਸੰਭਾਲਣ ਵਾਲੇ ਅਕਾਲੀ ਸਨ ਤੇ.......
70 ਸਾਲਾਂ ਦੀ ਆਜ਼ਾਦੀ ਵਿਚੋਂ ਪੰਜਾਬ ਵਿਚ 23 ਸਾਲ 11 ਮਹੀਨੇ ਤਕ ਰਾਜਭਾਗ ਸੰਭਾਲਣ ਵਾਲੇ ਅਕਾਲੀ ਸਨ ਤੇ ਇਸ ਵਿਚੋਂ 18 ਸਾਲ 3 ਮਹੀਨੇ ਰਾਜਭਾਗ ਬਤੌਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਭਾਲੀ ਰਖਿਆ। ਅੰਤ ਵਿਚ ਖੱਟਿਆ ਕੀ? ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦਾ ਕਲੰਕ। ਮੌਜੂਦਾ ਸਿਆਸੀ ਲੀਡਰੋ, ਲੱਖ ਸਿਆਸਤਾਂ ਕਰੋ, ਲੱਖ ਚਲਾਕੀਆਂ ਕਰੋ, ਪਰ ਸੰਗਤ ਨਾਲ ਕੀਤੇ ਧੋਖੇ, ਧਰਮ ਦੀ ਆੜ ਵਿਚ ਕੀਤੀ ਸਿਆਸਤ, ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਜੱਗ ਜ਼ਾਹਰ ਹੋ ਚੁਕੀ ਹੈ।
ਜਾਗਦੀ ਜ਼ਮੀਰ ਵਾਲਾ ਟਕਸਾਲੀ ਅਕਾਲੀ ਜਿਹੜਾ ਰਾਜਸੀ ਅਹੁਦਿਆਂ ਤੋਂ ਦੂਰ ਅਕਾਲੀਅਤ ਭਰਪੂਰ ਸੋਚ ਸਦਕਾ ਅਕਾਲੀ ਦਲ ਨੂੰ 'ਪੰਥ ਵਸੇ ਮੈਂ ਉਜੜਾਂ' ਦੀ ਸਿਧਾਂਤਕ ਸੋਚ ਨਾਲ ਵੋਟ ਪਾਉਂਦਾ ਰਿਹਾ, ਉਹ ਅੱਜ ਦਿਲ ਦੀਆਂ ਡੂੰਘਾਈਆਂ ਤੋਂ ਸ਼ਰਮਸਾਰ ਹੈ। ਉਹ ਪਿੰਡ ਦੀ ਸੱਥ ਵਿਚ ਬੈਠ ਕੇ ਹਿੱਕ ਤਾਣ ਕੇ ਦੂਜਿਆਂ ਮੁਹਰੇ ਗੱਲ ਕਰਨ ਜੋਗਾ ਨਹੀਂ ਰਹਿ ਗਿਆ, ਕੁੱਝ ਰਾਜਸੀ ਅਕਾਲੀ ਪ੍ਰਵਾਰਾਂ ਦੀਆਂ ਕੌਮ ਮਾਰੂ ਨੀਤੀਆਂ ਵੇਖ ਕੇ।
ਦਾਅਵੇ ਨਾਲ ਕਹਿ ਰਿਹਾ ਹਾਂ ਕਿ 1984 ਤੋਂ ਬਾਅਦ ਬਣੀਆਂ ਸੁਰਜੀਤ ਸਿੰਘ ਬਰਨਾਲਾ ਤੇ ਬਾਦਲ ਦੀਆਂ ਸਰਕਾਰਾਂ, ਜੇ ਪੰਥ ਵਸੇ ਮੈਂ ਉਜੜਾਂ ਦੀ ਸਿਧਾਂਤਕ ਸੋਚ ਨਾਲ ਜੇ ਪੰਜਾਬ ਵਿਚ ਹੀ ਕੰਮ ਕਰਦੀਆਂ, ਸ਼੍ਰੋਮਣੀ ਕਮੇਟੀ ਉਤੇ ਗੰਧਲੀ ਸਿਆਸਤ ਨੂੰ ਕਾਬਜ਼ ਨਾ ਹੋਣ ਦਿੰਦੀਆਂ ਤਾਂ ਕਾਂਗਰਸ ਦਾ ਪੰਜਾਬ ਵਿਚੋਂ ਨਾਮੋ ਨਿਸ਼ਾਨ ਖ਼ਤਮ ਹੋ ਜਾਣਾ ਸੀ। ਉੱਚ ਅਕਾਲੀ ਪ੍ਰਵਾਰਾਂ ਤੇ ਰਾਜਸੀ ਪ੍ਰਵਾਰਾਂ ਦੀ ਮਿਲੀਭੁਗਤ ਨੇ ਕੌਮ ਦਾ ਬੇਹੱਦ ਨੁਕਸਾਨ ਕਰਵਾਇਆ ਹੈ। ਰੇਤੇ ਦੀ ਬਲੈਕ, ਪਿੰਡ-ਪਿੰਡ ਸਮੈਕ, ਚਿੱਟਾ, ਇਨ੍ਹਾਂ ਦੀ ਪਹੁੰਚ ਬਣੀ ਹੋਈ ਹੈ।
ਸਰਕਾਰ ਕੀ ਨਹੀਂ ਕਰ ਸਕਦੀ? ਬਹੁਤ ਕੁੱਝ ਸਰਕਾਰਾਂ ਦੇ ਹੱਥ ਵਸ ਹੁੰਦਾ ਹੈ ਪਰ ਜਦ ਸਰਕਾਰਾਂ ਵਿਚ ਬੈਠੇ ਅਹੁਦੇਦਾਰਾਂ ਨੂੰ ਸਿਰਫ਼ ਅਪਣਾ ਢਿੱਡ, ਅਪਣਾ ਪ੍ਰਵਾਰ, ਨਿਜੀ ਕਾਰੋਬਾਰ ਚਾਪਲੂਸਾਂ ਤੇ ਰੇਤੇ ਤੇ ਨਸ਼ਿਆਂ ਦੇ ਸਮਗਲਰਾਂ ਤੋਂ ਆਏ ਧਨ ਦੌਲਤ ਦੇ ਢੇਰਾਂ ਦੀ ਤਾਂਘ ਹੋਵੇ, ਧਰਮ, ਕੌਮ ਤੇ ਜਨਤਾ ਦਾ ਫ਼ਿਕਰ ਤਕ ਨਾ ਹੋਵੇ ਤਾਂ ਇਕ ਨਸਲ ਕੀ, ਅਜਿਹੀ ਲੀਡਰਸ਼ਿਪ ਕਈ ਨਸਲਾਂ ਤਬਾਹ ਕਰ ਜਾਂਦੀ ਹੈ, ਜੋ ਅੱਜ ਸਿੱਖ ਕੌਮ ਨਾਲ ਪੰਜਾਬ ਵਿਚ ਵਾਪਰ ਰਿਹਾ ਹੈ। ਇਕ ਮਿਸਾਲ ਦੇ ਰਿਹਾ ਹਾਂ ਜਿਸ ਬਾਰੇ ਹਰ ਪੰਜਾਬੀ ਨੂੰ ਪਤਾ ਹੈ।
ਅੱਜ ਹਜ਼ਾਰਾਂ ਦੀ ਗਿਣਤੀ ਵਿਚ ਹਰ ਛੇ ਮਹੀਨੇ ਬਾਅਦ ਪੰਜਾਬੀ ਨੌਜੁਆਨ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਕੀ ਕਿਸੇ ਵੀ ਉੱਚ ਸਿਆਸੀ ਪ੍ਰਵਾਰ ਜਾਂ ਰਾਜ ਭਾਗ ਹੰਢਾਉਣ ਵਾਲੇ ਲੀਡਰ ਨੂੰ ਕੋਈ ਚਿੰਤਾ ਹੈ? ਗੱਲ ਉਥੇ ਹੀ ਆ ਮੁਕਦੀ ਹੈ ਕਿ ਜਦ ਰਾਜਭਾਗ ਵਿਚ ਆ ਕੇ ਅਪਣੀ ਕੌਮੀ ਜਵਾਨੀ ਬਾਰੇ ਦਿਲ ਦੀਆਂ ਗਹਿਰਾਈਆਂ ਤੋਂ ਫ਼ਿਕਰ ਚਿੰਤਾ ਹੀ ਨਹੀਂ ਕਰਨੀ ਤਾਂ ਅਜਿਹਾ ਹੋਣਾ ਸੰਭਵ ਹੀ ਹੈ,
ਜੋ ਅਪਣੀਆਂ ਅੱਖਾਂ ਸਾਹਮਣੇ ਵਾਪਰ ਵੀ ਰਿਹਾ ਹੈ। ਏਨੀ ਬਰਬਾਦੀ ਤੋਂ ਬਾਅਦ ਹੁਣ ਪੰਜਾਬੀਉ ਕਾਹਦੀ ਉਡੀਕ ਹੈ? ਤਿੰਨ ਪੀੜ੍ਹੀਆਂ 70 ਸਾਲਾਂ ਵਿਚ ਪੰਜਾਬ ਦੀਆਂ ਬਰਬਾਦ ਕਰਵਾਉਣ ਤੋਂ ਬਾਅਦ ਵੀ ਅਜੇ ਕੀ ਆਪਾਂ ਚੌਥੀ ਪੀੜ੍ਹੀ ਨੂੰ ਤਬਾਹੀ ਤੋਂ ਬਚਾਉਣ ਲਈ ਵੀ ਹਉਮੈ ਤੇ 'ਹਊ ਪਰੇ' ਵਾਲੀ ਨੀਤੀ ਦਾ ਤਿਆਗ ਕਰ ਕੇ, ਕੋਈ ਹੱਲ ਨਹੀਂ ਸੋਚ ਸਕਦੇ? ਹੱਲ ਤਾਂ ਹੈ ਪਰ ਸਾਡੀ ਸੋਚ ਵਿਚ ਹੱਲ ਤਲਾਸ਼ਣਾ ਸ਼ਾਮਲ ਤਾਂ ਹੋ ਲਵੇ....।
- ਤੇਜਵੰਤ ਸਿੰਘ ਭੰਡਾਲ ਦੋਰਾਹਾ (ਲੁਧਿਆਣਾ), ਸੰਪਰਕ : 98152-67963