
ਇਥੇ ਸਰਕਾਰਾਂ ਨੂੰ ਬੇਨਤੀ ਹੈ ਕਿ ਹੋਰ ਡੂੰਘਿਆਈ ਵਿਚ ਜਾ ਕੇ ਇਹਨਾਂ ਪੀੜਤਾਂ ਤੇ ਇਨ੍ਹਾਂ ਦੇ ਮਾਸਟਰ ਮਾਈਂਡ ਵਿਚ ਅੰਤਰ ਕੀਤਾ ਜਾਵੇ।
ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਪਿਛਲੇ ਦਸ ਦਿਨਾਂ ਤੋਂ ਦੌੜ ਰਹੇ ਹਨ। ਕੇਂਦਰ ਅਤੇ ਪੰਜਾਬ ਪੁਲਿਸ ਹਰ ਵਕਤ ਉਨ੍ਹਾਂ ਤੋਂ ਦੋ ਕਦਮ ਪਿੱਛੇ ਰਹਿ ਗਏ ਦਿਸਦੇੇ ਹਨ। ਜਿਥੇ ਜਿਥੇ ਇਹ ਦੋਵੇਂ ਜਾ ਰਹੇ ਹਨ, ਅਪਣੇ ਪਿੱਛੇ ਇਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਵਾਸਤੇ ਮੁਸੀਬਤਾਂ ਛੱਡ ਕੇ ਜਾ ਰਹੇ ਹਨ। ਅੰਮ੍ਰਿਤਪਾਲ ਦੇ ਪਿਤਾ ਵਾਰ ਵਾਰ ਉਸ ਨੂੰ ਆਤਮ ਸਮਰਪਣ ਕਰਨ ਲਈ ਆਖ ਰਹੇ ਹਨ ਪਰ ਇਸ ਜੋੜੀ ’ਤੇ ਕੋਈ ਅਸਰ ਨਹੀਂ ਹੋ ਰਿਹਾ। ਇਹ ਦੋਵੇਂ ਜੇ ਰੁਕ ਕੇ ਗ੍ਰਿਫ਼ਤਾਰੀ ਦੇ ਦਿੰਦੇ ਤਾਂ ਇਨ੍ਹਾਂ ਦਾ ਰੁਤਬਾ ਕੁੱਝ ਹੋਰ ਹੀ ਹੋਣਾ ਸੀ ਪਰ ਇਹਨਾਂ ਦਾ ਇਸ ਤਰ੍ਹਾਂ ਭੇਸ ਬਦਲ ਬਦਲ ਕੇ ਦੌੜਨਾ ਕੁੱਝ ਹੋਰ ਹੀ ਸੰਕੇਤ ਦੇ ਰਿਹਾ ਹੈ।
ਇਨ੍ਹਾਂ ਦੇ ਪ੍ਰਵਾਰ ਦੀਆਂ ਗੱਲਾਂ ਤੋਂ ਜਾਪਦਾ ਹੈ ਕਿ ਉਹ ਲੋਕ ਸ਼ਾਇਦ ਪ੍ਰਵਾਰ ਤੋਂ ਵੀ ਛੁਪਾ ਕੇ ਰੱਖ ਰਹੇ ਸਨ ਕਿ ਆਖ਼ਰਕਾਰ ਇਹ ਕਰ ਕੀ ਰਹੇ ਸਨ ਜਿਸ ਕਾਰਨ ਇਹ ਗਿੱਦੜਾਂ ਵਾਂਗ ਛੁਪਦੇ ਫਿਰ ਰਹੇ ਹਨ। ਇਨ੍ਹਾਂ ਦੇ ਦੌੜਨ ਨਾਲ ਸੱਭ ਤੋਂ ਵੱਡਾ ਨੁਕਸਾਨ ਇਨ੍ਹਾਂ ਦੇ ਸਮਰਥਕਾਂ ਦਾ ਹੀ ਹੋ ਰਿਹਾ ਹੈ ਕਿਉਂਕਿ ਉਹ ਤਾਂ ਪੁਲਿਸ ਦੇ ਹੱਥ ਵਿਚ ਆਰਾਮ ਨਾਲ ਆ ਰਹੇ ਹਨ। ਪੰਜਾਬ ਸਰਕਾਰ ਨੇ ਭਾਵੇਂ 460 ਫੜੇ ਗਏ ਨੌਜੁਆਨਾਂ ’ਚੋਂ 197 ਛੱਡ ਵੀ ਦਿਤੇ ਹਨ, ਆਮ ਲੋਕਾਂ ਵਿਚ ਬਾਕੀ ਨੌਜੁਆਨਾਂ ਵਾਸਤੇ ਚਿੰਤਾਵਾਂ ਵੱਧ ਰਹੀਆਂ ਹਨ।
ਵਿਦੇਸ਼ਾਂ ਵਿਚ ਬੈਠੇ ਸਿੱਖ ਵੀ ਕ੍ਰੋਧ ਵਿਚ ਭਾਰਤ ਸਰਕਾਰ ਦੀਆਂ ਐਂਬੈਸੀਆਂ ’ਤੇ ਹਮਲੇ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਲਗਦਾ ਹੈ ਕਿ ਇਹ ਕੇ.ਪੀ.ਐਸ. ਗਿੱਲ ਦਾ ਆਪ੍ਰੇਸ਼ਨ ਬਲੈਕ ਥੰਡਰ ਦੁਬਾਰਾ ਤੋਂ ਰਚਾਇਆ ਜਾ ਰਿਹਾ ਹੈ। ਅਫ਼ਸੋਸ ਕਿ ਸੋਸ਼ਲ ਤੇ ਰਾਸ਼ਟਰੀ ਮੀਡੀਆ ਦੀਆਂ ਖ਼ਬਰਾਂ ਲੋਕਾਂ ਦੇ ਡਰ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ ਹੁੰਦੀਆਂ। ਕਿਤੇ ਪੰਜਾਬ ਵਿਚ ਸਥਿਤੀ ਨੂੰ ਖ਼ਤਰਨਾਕ ਵਿਖਾਇਆ ਜਾਂਦਾ ਹੈ ਤੇ ਕਿਤੇ ਸਰਕਾਰ ਦੇ ਮਨਸੂਬਿਆਂ ਨੂੰ ਗਹਿਰੀਆਂ ਚਾਲਾਂ ਦਸਿਆ ਜਾ ਰਿਹਾ ਹੈ। ਇਸ ਸਥਿਤੀ ਵਿਚ ਭਾਵੇਂ ਸਰਕਾਰ ਵਾਰ ਵਾਰ ਆਖ ਰਹੀ ਹੈ ਕਿ ਕਿਸੇ ਨੌਜੁਆਨ ਨਾਲ ਗ਼ਲਤ ਨਹੀਂ ਹੋਵੇਗਾ, ਸਰਕਾਰ ਨੂੰ ਦੋ ਕਦਮ ਅੱਗੇ ਹੋ ਕੇ ਚੱਲਣ ਦੀ ਜ਼ਰੂਰਤ ਹੈ।
ਜਿਵੇਂ ਅਮਨਦੀਪ ਸਿੰਘ, ਜਿਸ ਨੂੰ ਪਹਿਲੇ ਦਿਨ ਹਿਰਾਸਤ ਵਿਚ ਲਿਆ ਗਿਆ ਸੀ ਤੇ ਜਿਸ ਦਾ ਬਿਆਨ ਪੁਲਿਸ ਵਲੋਂ ਜਾਰੀ ਕੀਤਾ ਗਿਆ ਸੀ, ਨੇ ਕਿਹਾ ਹੈ ਕਿ ਉਹ ਦੋ ਮਹੀਨੇ ਪਹਿਲਾਂ ਹੀ ਇਸ ਜਥੇਬੰਦੀ ਵਿਚ ਆਇਆ ਕਿਉਂਕਿ ਉਹ ਨਸ਼ੇ ਕਰਦਾ ਸੀ ਤੇ ਨਸ਼ਾ ਛਡਣਾ ਚਾਹੁੰਦਾ ਸੀ। ਪਰ ਜਦ ਫੜਿਆ ਗਿਆ ਤਾਂ ਉਸ ਦੇ ਹੱਥ ਵਿਚ ਬੰਦੂਕ, ਗਲੇ ਵਿਚ ਗੋਲੀਆਂ ਦਾ ਪਟਾ ਸੀ ਤੇ ਤਕਰੀਬਨ ਸਾਰੇ ਮੁੰਡੇ ਜੋ ਇਸ ਜਥੇਬੰਦੀ ਦੀ ‘ਫ਼ੌਜ’ ਸਨ, ਉਹ ਨਸ਼ੇ ਦੀ ਆਦਤ ਛੱਡਣ ਵਾਸਤੇ ਇਸ ਵਿਚ ਸ਼ਾਮਲ ਹੋਏ ਸਨ।
ਜਦ ਇਕ ਇਨਸਾਨ ਨਸ਼ੇ ਕਰਦਾ ਹੈ, ਉਸ ਦਾ ਮਾਨਸਿਕ ਸੰਤੁਲਨ ਇਕ ਆਮ ਇਨਸਾਨ ਵਾਂਗ ਨਹੀਂ ਹੁੰਦਾ ਤੇ ਉਹ ਨਸ਼ੇ ਦੀ ਤਲਬ ਪੂਰੀ ਕਰਨ ਲਈ ਐਸੇ ਕੰਮ ਕਰਦਾ ਹੈ ਜੋ ਆਮ ਇਨਸਾਨ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ। ਅਸੀ ਵੇਖਿਆ ਹੈ ਕਿ ਕਈ ਨੌਜੁਆਨ ਕੁੜੀਆਂ ਅਪਣਾ ਜਿਸਮ ਵੇਚ ਕੇ ਇਹ ਕੰਮ ਕਰਦੀਆਂ ਹਨ ਤੇ ਕਈ ਨੌਜੁਆਨ ਅਪਣੇ ਮਾਂ-ਬਾਪ ਨੂੰ ਮਾਰ ਕੇ ਨਸ਼ੇ ਵਾਸਤੇ ਪੈਸੇ ਇਕੱਠੇ ਕਰਦੇ ਹਨ। ਨਸ਼ੇ ਦੇ ਆਦੀ ਲੋਕ ਬਹੁਤ ਕਮਜ਼ੋਰ ਹੁੰਦੇ ਹਨ ਤੇ ਇਸੇ ਕਾਰਨ ਵਾਰਿਸ ਪੰਜਾਬ ਨੇ ਨਸ਼ੇ ਕਰਨ ਵਾਲਿਆਂ ਨੂੰ ਅਪਣੇ ਨਾਲ ਜੋੜਿਆ। ਇਹ ਲੋਕ ਨਸ਼ੇ ਦੀ ਆਦਤ ਕਾਰਨ ਅਜੇ ਦਿਮਾਗ਼ੀ ਤੌਰ ’ਤੇ ਸਮਰੱਥ ਨਹੀਂ ਸਨ ਕਿ ਸਹੀ ਤੇ ਗ਼ਲਤ ਦੀ ਪਛਾਣ ਕਰ ਸਕਣ। ਇਹ ਅਪਣੇ ਆਪ ਤੋਂ ਦੁਖੀ ਸਨ ਤੇ ਇਨ੍ਹਾਂ ਦੀ ਕਮਜ਼ੋਰੀ ਦਾ ਫ਼ਾਇਦਾ ਚੁਕ ਕੇ ਇਹਨਾਂ ਨੂੰ ਗ਼ਲਤ ਰਾਹ ਪਾਇਆ ਗਿਆ।
ਇਥੇ ਸਰਕਾਰਾਂ ਨੂੰ ਬੇਨਤੀ ਹੈ ਕਿ ਹੋਰ ਡੂੰਘਿਆਈ ਵਿਚ ਜਾ ਕੇ ਇਹਨਾਂ ਪੀੜਤਾਂ ਤੇ ਇਨ੍ਹਾਂ ਦੇ ਮਾਸਟਰ ਮਾਈਂਡ ਵਿਚ ਅੰਤਰ ਕੀਤਾ ਜਾਵੇ। ਜਿਨ੍ਹਾਂ ਲੋਕਾਂ ਨੂੰ ਇਲਾਜ ਚਾਹੀਦਾ ਹੈ, ਉਹਨਾਂ ਦੀ ਮਦਦ ਕੀਤੀ ਜਾਵੇ। ਸਰਕਾਰਾਂ ਨੂੰ ਤਾਕਤ ਵਿਖਾਉਣ ਦੀ ਲੋੜ ਹੁੰਦੀ ਹੈ ਪਰ ਪੰਜਾਬ ਦਾ ਇਤਿਹਾਸ ਤੇ ਜ਼ਖ਼ਮ ਅਤੇ ਡਰ ਸਮਝਦੇੇ ਹੋਏ ਅੱਜ ਦੀ ਹਕੂਮਤ ਨੂੰ ਹਮਦਰਦੀ ਦਾ ਵਿਖਾਵਾ ਦਿਲ ਖੋਲ੍ਹ ਕੇ ਕਰਨ ਨਾਲ ਨੁਕਸਾਨ ਨਹੀਂ ਸਗੋਂ ਫ਼ਾਇਦਾ ਹੀ ਹੋਵੇਗਾ। - ਨਿਮਰਤ ਕੌਰ