ਮੋਦੇਨਾ ਯੂਨੀਵਰਸਿਟੀ ਵਿਚ ਕੀਤੀ ਵਿਸ਼ੇਸ਼ ਬੈਠਕ
ਮਿਲਾਨ, 3 ਨਵੰਬਰ (ਦਲਜੀਤ ਮੱਕੜ): ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰ ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਵਲੋਂ ਇਟਲੀ ਵਿਚ ਧਰਮ ਨੂੰ ਮਾਨਤਾ ਦਿਵਾਉਣ ਲਈ ਵੱਡਾ ਉਪਰਾਲਾ ਕਰਦਿਆਂ ਮੋਦੇਨਾ ਯੂਨੀਵਰਸਿਟੀ ਵਿਚ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਵਿਚ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਅਤੇ ਲੀਗਲ ਟੀਮ ਤੋਂ ਇਲਾਵਾ ਇਟਲੀ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਵੱਖ ਵੱਖ ਜਥੇਬੰਦੀਆਂ ਦੇ ਮੈਂਬਰਾਂ, ਇਟਲੀ ਦੇ ਵੱਖ ਵੱਖ ਸ਼ਹਿਰਾਂ ਦੇ ਮੇਅਰ ਅਤੇ ਇਮੀਲੀਆ ਰੋਮਾਨਾ ਸੂਬੇ ਤੋਂ ਸਟੇਟ ਅਸੈਂਬਲੀ ਮੈਂਬਰ ਏਲੇਨਾ ਕਰਲੇਤੀ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿਤਾ।
ਇਸ ਬੈਠਕ ਵਿਚ ਜਿਥੇ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸਿੱਖ ਆਗੂਆਂ ਨੇ ਭਾਗ ਲਿਆ, ਉਥੇ ਹੀ ਵੱਡੀ ਗਿਣਤੀ ਵਿਚ ਇਟਲੀ ਵਿਚ ਜਨਮੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੇ ਹਿੱਸਾ ਲਿਆ। ਮੀਟਿੰਗ ਦੇ ਦੂਸਰੇ ਪੜਾਅ ਵਿਚ ਲੀਗਲ ਟੀਮ ਵਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸਿੱਖ ਧਰਮ ਦੀ ਮਾਨਤਾ ਲਈ ਚਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਇਸ ਮੌਕੇ ਪ੍ਰਬੰਧਕਾਂ ਦੁਆਰਾ ਸਿੱਖ ਧਰਮ ਦੀ ਫ਼ਾਈਲ ਨੂੰ ਲੈ ਕੇ ਕੀਤੇ ਸਵਾਲਾਂ ਦੇ ਜਵਾਬ ਦਿਤੇ। ਉਨ੍ਹਾਂ ਨੌਜਵਾਨ ਬੱਚਿਆਂ ਦੇ ਹੁਣ ਤਕ ਸਕੂਲਾਂ ਵਿਚ ਸਿੱਖ ਸਰੂਪ ਵਿਚ ਚਲਦਿਆਂ ਅਪਣੇ ਅਨੁਭਵਾਂ ਬਾਰੇ ਜਾਣਕਾਰੀ ਲਈ ਜਿਸ ਵਿਚ ਨੌਜਵਨਾਂ ਨੇ ਬੜੀ ਦ੍ਰਿੜਤਾ ਨਾਲ ਆਪੋ ਅਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿਚ ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਇਟਾਲੀਅਨ ਭਾਸ਼ਾ ਵਿਚ ਭਾਸ਼ਣ ਦਿਤਾ ਅਤੇ ਮੀਟਿੰਗ ਵਿਚ ਸ਼ਾਮਲ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।
                    
                