Editorial: ਜਿੱਤ ਕੇ ਵੀ ਹਾਰ ਜਾਣ ਵਾਲੀ ਹਿਮਾਚਲ ਕਾਂਗਰਸ ਕੀ ਅਪਣੀ ਸਰਕਾਰ ਬਚਾ ਸਕੇਗੀ?

By : NIMRAT

Published : Feb 29, 2024, 7:08 am IST
Updated : Feb 29, 2024, 7:34 am IST
SHARE ARTICLE
 Sukhvinder Singh Sukhu
Sukhvinder Singh Sukhu

ਅੱਜ ਸਾਡੇ ਦੇਸ਼ ਦਾ ਲੋਕਤੰਤਰ ਕਮਜ਼ੋਰ ਹੈ ਪਰ ਕਸੂਰਵਾਰ ਸਿਰਫ਼ ਭਾਜਪਾ ਨਹੀਂ, ਨਾ ਵਿਕਾਉ ਆਗੂ ਹੀ ਹਨ ਬਲਕਿ ਪਿਆਰ ਦੀ ਆੜ ਵਿਚ ਕਾਂਗਰਸ ਹਾਈ ਕਮਾਨ ਦਾ ਛੁਪਿਆ ਹੰਕਾਰ ਹੈ।

Editorial: ਰਾਜ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥੋਂ ਹਿਮਾਚਲ ਪ੍ਰਦੇਸ਼ ਦੀ ਸੀਟ ਖੁਸ  ਜਾਣ ਬਾਰੇ ਕਿਸੇ ਹੋਰ ਨੇ ਤਾਂ ਕੀ, ਕਾਂਗਰਸ ਹਾਈਕਮਾਨ ਨੇ ਵੀ ਕਦੇ ਨਹੀਂ ਸੀ ਸੋਚਿਆ। ਪਰ ਜਿਹੜੀ ਗੱਲ ਹੋਰ ਕੋਈ ਨਹੀਂ ਸੋਚ ਸਕਦਾ, ਉਹ ਭਾਜਪਾ ਕਰ ਵਿਖਾਉਂਦੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਵੀ ਸਮਾਜਵਾਦੀ ਪਾਰਟੀ ਦੇ 8 ਵਿਧਾਇਕਾਂ ਦਾ ਸਾਥ ਪ੍ਰਾਪਤ ਕਰ ਲਿਆ ਪਰ ਹਿਮਾਚਲ ਵਿਚ ਤਾਂ ਭੂਚਾਲ ਹੀ ਲਿਆ ਦਿਤਾ। ਇਸ ਨੂੰ ਲੈ ਕੇ ਬੜੀਆਂ ਜ਼ੋਰਦਾਰ ਚਰਚਾਵਾਂ ਹੋ ਰਹੀਆਂ ਹਨ ਤੇ ਭਾਜਪਾ ਉਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਪਰ ਜੋ ਕਮਜ਼ੋਰੀਆਂ ਸਿਸਟਮ ਵਿਚ ਹਨ, ਉਨ੍ਹਾਂ ਦਾ ਫ਼ਾਇਦਾ ਨਾ ਉਠਾਉਣਾ ਵੀ ਕਮਜ਼ੋਰੀ ਮੰਨੀ ਜਾ ਸਕਦੀ ਹੈ।

ਭਾਜਪਾ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੱਤਾ ਵਿਚ ਨਹੀਂ ਆਈ ਬਲਕਿ ਉਹ ਅਪਣੀ ਸੋਚ ਮੁਤਾਬਕ ਦੇਸ਼ ਵਿਚ ਇਕ ਨਵੀਂ ਜਾਂ ਆਖ ਲਉ ਕਿ ਪੁਰਾਤਨ ਸੋਚ ਨੂੰ ਭਾਵ ਆਜ਼ਾਦੀ ਵਕਤ ਤੋਂ ਚਲਦੀ ਆ ਰਹੀ ‘ਕਾਂਗਰਸ’ ਸੋਚ ਨੂੰ ਬਦਲਣ ਵਾਸਤੇ ਆਈ ਹੈ। ਇਸ ਵਾਸਤੇ ਉਨ੍ਹਾਂ ਲਈ ਹਰ ਚੋਣ ਮਹੱਤਵ ਰਖਦੀ ਹੈ ਭਾਵੇਂ ਉਹ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੈ ਤੇ ਭਾਵੇਂ ਰਾਜ ਸਭਾ ਦੀ ਸੀਟ ਵਾਸਤੇ ਜਾਂ ਫਿਰ ਇਕ ਸੂਬੇ ਦੀ ਸਰਕਾਰ ਡੇਗਣ ਨਾਲ ਸਬੰਧਤ ਚੋਣ ਹੋਵੇ। ਇਹ ਉਨ੍ਹਾਂ ਦੀ 2024 ਤੋਂ ਬਾਅਦ ਦੀ ਤਿਆਰੀ ਵੀ ਹੈ ਕਿਉਂਕਿ ਜੇ ਉਹ 400 ਪਾਰ ਕਰ ਗਏ ਤਾਂ ਫਿਰ ਉਨ੍ਹਾਂ ਕੋਲ ਰਾਜ ਸਭਾ ਵਿਚ ਹਰ ਸਰਕਾਰੀ ਕਾਨੂੰਨ ਨੂੰ ਪਾਸ ਕਰਵਾਉਣ ਵਾਸਤੇ ਜ਼ਰੂਰੀ ਬਹੁਮਤ ਅਪਣੇ ਕੋਲ ਹੋਵੇਗਾ।

ਫਿਰ ਉਹ ਚਾਹੁਣਗੇ ਤਾਂ ਸੁਪ੍ਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿਚ ਬਦਲਾਅ ਦੀ ਗੱਲ ਹੋਵੇ ਜਾਂ ਇਕ ਦੇਸ਼ ਇਕ ਚੋਣ, ਹਰ ਫ਼ੈਸਲਾ, ਹਰ ਸੰਵਿਧਾਨਕ ਬਦਲਾਅ ਲਿਆਉਣਾ ਬੜਾ ਆਸਾਨ ਹੋ ਜਾਏਗਾ। ਇਸ ਕਾਰਵਾਈ ਨੂੰ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲਾ ਕਦਮ ਕਹਿਣਾ ਵੀ ਸਹੀ ਹੈ ਪਰ ਸਾਰਾ ਕੁੱਝ ਭਾਜਪਾ ਦੇ ਸਿਰ ਨਹੀਂ ਮੜ੍ਹਿਆ ਜਾ ਸਕਦਾ। ਇਸ ਵਿਚ ਕਾਂਗਰਸ ਵੀ ਘੱਟ ਕਸੂਰਵਾਰ ਨਹੀਂ।

ਉਨ੍ਹਾਂ ਨੇ ਅਪਣੇ ਆਪ ਨੂੰ ਅਸਲ ਵਿਚ ਗਾਂਧੀ ਪ੍ਰਵਾਰ ਦੇ ਪੂਰੀ ਤਰ੍ਹਾਂ ਅਧੀਨ ਕਰ ਲਿਆ ਹੈ ਤੇ ਉਨ੍ਹਾਂ ਦਾ ਹਰ ਗ਼ਲਤ-ਸਹੀ ਫ਼ੈਸਲਾ ਇਸ ਤਰ੍ਹਾਂ ਪ੍ਰਵਾਨ ਕਰਦੇ ਹਨ ਜਿਵੇਂ ਕਿਸੇ ਰਾਜੇ ਦਾ ਫ਼ੁਰਮਾਨ ਹੋਵੇ। ਉਹ ਰਾਜਾ ਵੀ ਐਸਾ ਹੈ ਕਿ ਉਹ ਜਨਤਾ ਲਈ ਤਾਂ ਮੁਹੱਬਤ ਦੀ ਦੁਕਾਨ ਲਗਾਈ ਬੈਠਾ ਹੈ ਪਰ ਅਪਣੇ ਕਾਂਗਰਸੀ ਵਰਕਰਾਂ ਵਾਸਤੇ ਉਸ ਕੋਲ ਸਮਾਂ ਹੀ ਕੋਈ ਨਹੀਂ ਹੁੰਦਾ। ਰਾਹੁਲ ਗਾਂਧੀ ਦਿਲ ਦਾ ਚੰਗਾ ਹੈ ਪਰ ਉਹ ਕਾਂਗਰਸ ਨੂੰ ਅਗਵਾਈ ਅਪਣੇ ਦਿਲੋਂ ਨਹੀਂ ਦੇਂਦਾ। ਉਹ ਜਿਸ ਸ਼ਿੱਦਤ ਨਾਲ ਭਾਰਤ ਜੋੜੋ ਯਾਤਰਾ ਵਿਚ ਜੁਟਿਆ ਹੋਇਆ ਹੈ, ਜੇ ਉਸੇ ਸ਼ਿੱਦਤ ਨਾਲ ਕਾਂਗਰਸ ਨੂੰ ਅਗਵਾਈ ਦੇਂਦਾ ਤਾਂ ਕਾਂਗਰਸੀ ਦਲ ਬਦਲੂ ਨਾ ਬਣਦੇ। ਰਾਹੁਲ ਗਾਂਧੀ ਨੇ ਹਾਲ ਹੀ ਵਿਚ ਸੜਕ ’ਤੇ ਚਲਦੇ ਚਲਦੇ ਕਿਸੇ ਚੈਨਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਹੜੇ ਕਾਂਗਰਸੀ 10-20 ਕਰੋੜ ਵਿਚ ਵਿਕ ਸਕਦੇ ਹਨ, ਉਹ ਕਾਂਗਰਸ ਛੱਡ ਦੇਣ। ਇਕ ਸਿਆਣਾ ਆਗੂ ਇਸ ਤਰ੍ਹਾਂ ਨਹੀਂ ਬੋਲਦਾ ਕਿਉਂਕਿ ਉਹ ਜਾਣਦਾ ਹੈ ਕਿ ਕਾਂਗਰਸੀ ਵੀ ਆਖ਼ਰ ਮਨੁੱਖ ਹੀ ਤਾਂ ਹਨ ਤੇ ਉਨ੍ਹਾਂ ਨੂੰ ਨਾਲ ਜੋੜਨ ਵਾਸਤੇ ਪਿਆਰ ਤੇ ਇੱਜ਼ਤ, ਪੈਸੇ ਨਾਲੋਂ ਜ਼ਿਆਦਾ ਕੀਮਤੀ ਹੁੰਦੇ ਹਨ। ਰਾਹੁਲ ਨੇ ਨਾ ਅਪਣੇ ਕਾਂਗਰਸੀਆਂ ਨੂੰ ਸਮਾਂ ਦਿਤਾ, ਨਾ ਇਕ ਸਿਆਣੇ ਆਗੂ ਵਾਂਗ ਉਨ੍ਹਾਂ ਉਤੇ ਨਜ਼ਰ ਰੱਖੀ, ਨਾ ਦਿਸ਼ਾ ਹੀ ਦਿਤੀ ਤੇ ਨਾ ਹੀ ਇੱਜ਼ਤ ਦਿਤੀ। ਜਦ ਉਹ ਅਪਣੇ ਕਾਂਗਰਸੀ ਵਰਕਰਾਂ ਨਾਲ ਇਸ ਤਰ੍ਹਾਂ ਕਰਦੇ ਹਨ ਤਾਂ ਉਹ ਕਾਂਗਰਸ ਦੇ ਵੋਟਰਾਂ ਨੂੰ ਵੀ ਨਿਰਾਸ਼ ਕਰ ਰਹੇ ਹੁੰਦੇ ਹਨ।

ਅੱਜ ਸਾਡੇ ਦੇਸ਼ ਦਾ ਲੋਕਤੰਤਰ ਕਮਜ਼ੋਰ ਹੈ ਪਰ ਕਸੂਰਵਾਰ ਸਿਰਫ਼ ਭਾਜਪਾ ਨਹੀਂ, ਨਾ ਵਿਕਾਉ ਆਗੂ ਹੀ ਹਨ ਬਲਕਿ ਪਿਆਰ ਦੀ ਆੜ ਵਿਚ ਕਾਂਗਰਸ ਹਾਈ ਕਮਾਨ ਦਾ ਛੁਪਿਆ ਹੰਕਾਰ ਹੈ। ਇਨ੍ਹਾਂ ਕੋਲ ਲੋਕਾਂ ਦੀ ਤਾਕਤ ਹੈ ਪਰ ਇਨ੍ਹਾਂ ਦੀ ਅਪਣੇ ਵੋਟਰ ਪ੍ਰਤੀ ਗ਼ੈਰ-ਜ਼ਿੰਮੇਵਾਰੀ ਵੀ ਭਾਜਪਾ ਨੂੰ ਗ਼ਲਤ ਰਾਹ ’ਤੇ ਚਲਣ ਨੂੰ ਆਸਾਨ ਕਰਦੀ ਹੈ। ਪਰ ਭੁਗਤਣਾ ਆਮ ਜਨਤਾ ਨੂੰ ਪੈਂਦਾ ਹੈ ਕਿਉਂਕਿ ਜਦ ਆਗੂ ਵਿਕ ਗਏ ਤਾਂ ਆਮ ਇਨਸਾਨ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਰਹਿ ਜਾਂਦਾ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement