
ਜੇ ਸਾਡੀ ਪੱਤਰਕਾਰੀ ਵੀ ਆਜ਼ਾਦ ਹੁੰਦੀ ਤਾਂ ਕੀ ਉਹ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਵਜਾਉਣ ਵਾਲਿਆਂ ਨੂੰ ਨਾ ਟੋਕਦੀ?
ਇਕ ਨਾਮੀ ਟੀ.ਵੀ. ਚੈਨਲ ਦੇ ਕਰਮਚਾਰੀਆਂ ਵਲੋਂ ਅਪਣੇ ਸੰਪਾਦਕ ਨੂੰ ਇਕ ਚਿੱਠੀ ਲਿਖੀ ਗਈ ਹੈ, ਜੋ ਕਈ ਥਾਵਾਂ ਤੇ ਹੁਣ ਹੱਥੋ ਹੱਥ ਵਟਾਈ ਵੀ ਜਾ ਰਹੀ ਹੈ। ਇਸ ਚੈਨਲ ਦੇ ਪੱਤਰਕਾਰਾਂ ਨੇ ਅਪਣੇ ਚੈਨਲ ’ਤੇ, ਭਾਜਪਾ ਸਰਕਾਰ ਦੀਆਂ ਬੇਲੋੜੀਆਂ ਸਿਫ਼ਤਾਂ ਕਰਨ ’ਤੇ ਇਤਰਾਜ਼ ਜਤਾਇਆ ਹੈ ਜਦਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਨਾਲ, ਦੇਸ਼ ਬਰਬਾਦੀ ਦੇ ਕੰਢੇ ਪਹੁੰਚ ਗਿਆ ਹੈ। ਚੈਨਲ ਦੇ ਕਰਮਚਾਰੀਆਂ ਵਲੋਂ ਉਹ ਸਮਾਂ ਯਾਦ ਕਰਵਾਇਆ ਗਿਆ ਜਦੋਂ ਇਹ ਚੈਨਲ ਯੂ.ਪੀ.ਏ. ਦੀਆਂ ਗ਼ਲਤ ਨੀਤੀਆਂ ਬਾਰੇ ਆਵਾਜ਼ ਚੁਕਣ ਦਾ ਹੌਸਲਾ ਰਖਦਾ ਸੀ।
TV channel
ਪਰ ਪਿਛਲੇ 7 ਸਾਲਾਂ ਵਿਚ ਉਹ ਸਿਰਫ਼ ਹਿੰਦੂ-ਮੁਸਲਮਾਨ ਸਵਾਲ ਖੜਾ ਕਰਨ, ਕੇਂਦਰ ਸਰਕਾਰ ਦੇ ਸੋਹਿਲੇ ਗਾਉਣ ਅਤੇ ਵਿਰੋਧੀ ਧਿਰ ਨੂੰ ਨੀਵਾਂ ਵਿਖਾਉਣ ਲਈ ਹੀ ਕੰਮ ਕਰਦਾ ਆ ਰਿਹਾ ਹੈ। ਕਰਮਚਾਰੀਆਂ ਦੀ ਜ਼ਮੀਰ ਜਾਗਣ ਦਾ ਕਾਰਨ ਇਹ ਸੀ ਕਿ ਉਹ ਅਤੇ ਉਨ੍ਹਾਂ ਦੇ ਪ੍ਰਵਾਰ ਵੀ ਹੁਣ ਹਸਪਤਾਲਾਂ ਵਿਚ ਆਕਸੀਜਨ ਅਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਹਨ। ਇਹ ਜੋ ਪੱਤਰਕਾਰੀ ਵਿਚ ਅੱਜ ਸੱਚ ਦੀ ਮੰਗ ਕਰ ਰਹੇ ਹਨ, ਉਹ ਅੱਜ ਇਸ ਕਰ ਕੇ ਜਾਗੇ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਆਪ ਵੀ ਨਿਜੀ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਤਕ ਦੇਸ਼ ਵਿਚ ਕਦੇ ਗ਼ਰੀਬ, ਕਦੇ ਮਜ਼ਦੂਰ, ਕਦੇ ਸੀ.ਏ.ਏ. ਵਿਚ ਮੁਸਲਮਾਨ, ਕਦੇ ਤਬਲੀਗ਼ੀ ਜਮਾਤ, ਕਦੇ ਕਿਸਾਨ, ਕਦੇ ਆੜ੍ਹਤੀ, ਕਦੇ ਸਿੱਖ, ਕਦੇ ਆਮ ਇਨਸਾਨ ਵਿਰੁਧ, ਇਹੀ ਪੱਤਰਕਾਰ ਅਪਣੇ ਸੰਪਾਦਕਾਂ ਦੇ ਕਹਿਣ ’ਤੇ ਦੇਸ਼ ਵਿਚ ਗ਼ਲਤ ਜਾਣਕਾਰੀ ਦਿੰਦੇ ਰਹੇ ਸਨ। ਇਹੀ ਪੱਤਰਕਾਰ ਸਨ ਜੋ ਜ਼ਮੀਨੀ ਹਕੀਕਤ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਰਹੇ ਸਨ।
joe biden
ਪਰ ਜੋ ਦੀਮਕ ਇਨ੍ਹਾਂ ਨੇ ਪੱਤਰਕਾਰੀ ਦੇ ਮਹਿਲ ਵਿਚ ਆਪ ਲਗਾਈ ਸੀ, ਅੱਜ ਜਦੋਂ ਉਹੀ ਦੀਮਕ ਉਨ੍ਹਾਂ ਦੇ ਅਪਣੇ ਘਰਾਂ ਨੂੰ ਚੱਟਣ ਲੱਗ ਪਈ ਹੈ ਤਾਂ ਉਨ੍ਹਾਂ ਨੂੰ ਸੱਚ ਦੀ ਯਾਦ ਆ ਗਈ। ਇਨ੍ਹਾਂ ਨੂੰ ਇਹ ਕੌੜੀ ਹਕੀਕਤ ਯਾਦ ਕਰਵਾਉਣ ਵਿਚ ਵੀ ਅੱਜ ਅੰਤਰਾਸ਼ਟਰੀ ਪੱਤਰਕਾਰਾਂ ਦਾ ਯੋਗਦਾਨ ਹੈ, ਜਿਨ੍ਹਾਂ ਨੇ ਅਪਣੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅੱਜ ਦੇ ਹਾਲਾਤ ਲਈ ਭਾਰਤ ਸਰਕਾਰ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਨਿਰਪੱਖ ਪੱਤਰਕਾਰੀ ਦਾ ਅਸਰ ਅਮਰੀਕਾ ਵਿਚ ਨਜ਼ਰ ਆਇਆ ਜਦੋਂ ਸਨਿਚਰਵਾਰ ਨੂੰ ਭਾਰਤ ਦੀਆਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਕੋਰੋਨਾ ਦਵਾਈ ਬਣਾਉਣ ਲਈ ਕੱਚੇ ਮਾਲ ਦੀ ਮੰਗ ਕੀਤੀ ਤਾਂ ਪ੍ਰਧਾਨ ਮੰਤਰੀ ਬਾਈਡੇਨ ਨੇ ਸਾਫ਼ ਇਨਕਾਰ ਕਰ ਦਿਤਾ ਤੇ ਆਖਿਆ ਕਿ ਇਹ ਮਾਲ ਕੇਵਲ ਅਮਰੀਕੀ ਨਾਗਿਰਕਾਂ ਲਈ ਹੀ ਹੈ।
Pm Modi
ਪਰ ਇਸ ਗੱਲ ਨੂੰ ਲੈ ਕੇ ‘ਨਿਊਯਾਰਕ ਟਾਈਮਜ਼’ ਤੋਂ ਲੈ ਕੇ ਹਰ ਅਮਰੀਕੀ ਅਖ਼ਬਾਰ ਅਤੇ ਚੈਨਲ ਨੇ ਅਪਣੇ ਦੇਸ਼ ਦੇ ਰਾਸ਼ਟਰਪਤੀ ਦੀ ਅਜਿਹੀ ਭੁਗਤ ਸਵਾਰੀ ਕਿ ਅਮਰੀਕੀ ਰਾਸ਼ਟਰਪਤੀ ਨੇ 12 ਘੰਟਿਆਂ ਵਿਚ ਹੀ ਭਾਰਤ ਦੀ ਮਦਦ ਕਰਨ ਦਾ ਐਲਾਨ ਵੀ ਕਰ ਦਿਤਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕਰ ਕੇ ਸਾਰੀ ਮਦਦ ਦੇਣ ਦਾ ਵਿਸ਼ਵਾਸ ਵੀ ਦਿਤਾ। ਉਨ੍ਹਾਂ ਦੀ ਵੇਖਾ-ਵੇਖੀ ਯੂ.ਕੇ. ਵਲੋਂ ਵੀ ਭਾਰਤ ਲਈ ਆਕਸੀਜਨ ਤਿਆਰ ਕਰਨ ਵਾਲੀਆਂ ਮਸ਼ੀਨਾਂ ਦੇਣ ਦਾ ਐਲਾਨ ਕਰ ਦਿਤਾ ਗਿਆ। ਹੁਣ ਅੰਨ੍ਹੇ ਮੋਦੀ ਭਗਤ ਆਖਣਗੇ ਕਿ ‘ਵਾਹ ਮੋਦੀ ਜੀ ਵਾਹ! ਟਰੰਪ ਤੋਂ ਬਾਅਦ ਹੁਣ ਜੋਅ ਬਾਈਡੇਨ ਬਣੇ ਪ੍ਰਧਾਨ ਮੰਤਰੀ ਮੋਦੀ ਦੇ ਮਿੱਤਰ।’ ਪਰ ਅਸਲੀਅਤ ਇਹ ਹੈ ਕਿ ਅਮਰੀਕਾ ਦੀ ਆਜ਼ਾਦ ਪ੍ਰੈਸ ਨੇ ਉਨ੍ਹਾਂ ਨੂੰ ਭਾਰਤ ਦੀ ਮਦਦ ਕਰਨ ਲਈ ਮਜਬੂਰ ਕੀਤਾ।
Media
ਜੇ ਸਾਡੀ ਪੱਤਰਕਾਰੀ ਵੀ ਆਜ਼ਾਦ ਹੁੰਦੀ ਤਾਂ ਕੀ ਉਹ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਵਜਾਉਣ ਵਾਲਿਆਂ ਨੂੰ ਨਾ ਟੋਕਦੀ? ਅੱਜ ਮਦਰਾਸ ਹਾਈ ਕੋਰਟ ਵਲੋਂ ਚੋਣ ਕਮਿਸ਼ਨ ਨੂੰ ਕਾਤਲ ਵਜੋਂ ਕਟਹਿਰੇ ਵਿਚ ਖੜਾ ਕਰਨ ਦੀ ਸਖ਼ਤ ਸ਼ਬਦਾਵਲੀ ਵਰਤੀ ਗਈ ਹੈ। ਪਰ ਸਾਡੇ ਪੱਤਰਕਾਰਾਂ ਦੀ ਜ਼ਮੀਰ ਤਾਂ ਸਰਕਾਰੀ ਸਰਪ੍ਰਸਤੀ ਤੇ ਹਲੂਫ਼ਿਆਂ ਖ਼ਾਤਰ ਇੰਜ ਮਰ ਗਈ ਹੋਈ ਹੈ ਕਿ ਉਨ੍ਹਾਂ ਨੇ ਅਜੇ ਵੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਦਸਿਆ। ਭਾਰਤ ਦੇ ਮੀਡੀਆ ਨੂੰ ਗੋਦੀ ਮੀਡੀਆ ਆਖਿਆ ਜਾਂਦਾ ਹੈ ਤੇ ਸ਼ਾਇਦ ਇਹ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ। ਇਸ ਦਾ ਦਰਦ ਅੱਜ ਜਿਹੜੇ ਪੱਤਰਕਾਰ ਆਕਸੀਜਨ ਦੀ ਕਮੀ ਕਾਰਨ ਮਹਿਸੂਸ ਕਰ ਰਹੇ ਹਨ, ਕੀ ਇਹ ਬਾਅਦ ਵਿਚ ਵੀ ਬੇਰੁਜ਼ਗਾਰ ਨੌਜਵਾਨਾਂ ਦਾ ਦਰਦ ਮਹਿਸੂਸ ਕਰਨਗੇ?
Media
ਸਾਡੇ ਭਾਰਤੀ ਸਮਾਜ ਦੀ ਇਕ ਫ਼ਿਤਰਤ ਇਹ ਵੀ ਰਹੀ ਹੈ ਕਿ ਜਦੋਂ ਤਕ ਸਾਡੇ ਅਪਣੇ ਸਿਰ ’ਤੇ ਮੁੁਸੀਬਤ ਨਹੀਂ ਪੈਂਦੀ ਤਦ ਤਕ ਸਾਨੂੰ ਉਸ ਦਾ ਦਰਦ ਮਹਿਸੂਸ ਨਹੀਂ ਹੁੰਦਾ। ਜੇ ਦੇਸ਼ ਨੇ ਅਸਲ ਵਿਚ ਤਰੱਕੀ ਕਰਨੀ ਹੈ ਤਾਂ ਸਾਨੂੰ ਅਪਣੀ ਸਮਾਜਕ ਜ਼ਿੰਮੇਵਾਰੀ ਸਮਝਦਿਆਂ ਇਕ ਦੂਜੇ ਦੇ ਦਰਦ ਦੀ ਪੀੜ ਮਹਿਸੂਸ ਕਰਨ ਦੀ ਸਮਰੱਥਾ ਪੈਦਾ ਕਰਨੀ ਪਵੇਗੀ। ਭੁੱਖ ਨੂੰ ਅਸੀ ਸਮਝਦੇ ਹਾਂ, ਤਾਂ ਹੀ ਲੰਗਰ ਲਾਉਣ ਲਈ ਹਰ ਕੋਈ ਤਿਆਰ ਮਿਲਦਾ ਹੈ ਪਰ ਸੱਚ ਦੀ ਭੁੱਖ ਸਾਡੇ ਅੰਦਰ ਨਹੀਂ ਉਪਜ ਸਕੀ। ‘ਪਰਦੇ ਮੇਂ ਰਹਿਨੇ ਦੋ, ਪਰਦਾ ਨਾ ਉਠਾਉ, ਪਰਦਾ ਜੋ ਉਠ ਗਿਆ ਤੋ ਭੇਦ ਖੁਲ੍ਹ ਜਾਏਗਾ’ ਗਾਣੇ ਦਾ ਸੰਦੇਸ਼ ਅਸੀ ਅਪਣਾ ਲਿਆ ਲਗਦਾ ਹੈ। ਇਸ ਨੂੰ ਜ਼ਿਹਨ ਵਿਚੋਂ ਕੱਢ ਕੇ ਸੱਚ ਨੂੰ ਖੱਲ੍ਹੀ ਹਵਾ ਵਿਚ ਆਉਣ ਦਿਉ। ਇਸ ਤਰ੍ਹਾਂ ਪੱਤਰਕਾਰੀ ਵਾਂਗ ਸਾਡੇ ਸਮਾਜਕ ਢਾਂਚੇ ਵਿਚ ਭਾਰਤ ਦੀ ਤਰੱਕੀ ਦੀ ਪੁਕਾਰ ਸਰਕਾਰਾਂ ਨੂੰ ਕੰਮ ਕਰਨ ਲਈ ਮਜ਼ਬੂਰ ਕਰ ਦੇਵੇਗੀ। - ਨਿਮਰਤ ਕੌਰ