ਸਿਆਸਤਦਾਨਾਂ ਲਈ ਭਗਤ ਸਿੰਘ ਦਾ ਨਾਂ ਸੱਤਾ ਦੀ ਪੌੜੀ ਦਾ ਮਹਿਜ਼ ਇਕ ਡੰਡਾ ਹੈ!
Published : Sep 29, 2022, 7:15 am IST
Updated : Sep 29, 2022, 11:35 am IST
SHARE ARTICLE
shaheed bhagat singh
shaheed bhagat singh

ਨੌਜੁਆਨ ਜਦੋਂ ਲਾਲਚ ਰਹਿਤ ਹੋ ਕੇ ਅਸਲ ਭਗਤ ਸਿੰਘ ਨੂੰ ਅਪਨਾਉਣਗੇ ਤਾਂ ਆਪ ਵੀ ਭਗਤ ਸਿੰਘ (ਅਸਲ) ਬਣ ਕੇ ਨਿਕਲਣਗੇ

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹਰ ਥਾਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਕ ਪਾਸੇ ਧਮਾਕੇਦਾਰ ਭਾਸ਼ਨ ਤੇ ਦੂਜੇ ਪਾਸੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਦੇ ਨਾਮ ’ਤੇ ਰਖਿਆ ਜਾ ਰਿਹਾ ਸੀ। ਪਰ ਕਿਤੇ ਵੀ ਉਸ ਭਗਤ ਸਿੰਘ ਦੀ ਝਲਕ ਨਜ਼ਰ ਨਹੀਂ ਸੀ ਆ ਰਹੀ, ਉਸ ਭਗਤ ਸਿੰਘ ਦੀ ਜਿਸ ਨੂੰ ਅਸੀ ਜਾਣਿਆ ਹੈ। ਅਸਲ ਭਗਤ ਸਿੰਘ ਸਿਆਸੀ ਸੋਚ ਵਿਚੋਂ ਨਹੀਂ ਸੀ ਨਿਕਲਿਆ, ਸੀਸ ਤਲੀ ’ਤੇ ਰੱਖ ਕੇ ਬਾਬੇ ਨਾਨਕ ਦੀ ਗਲੀ ਵਿਚ ਆਉਣ ਵਾਲੀ ਸੋਚ ’ਚੋਂ ਨਿਕਲਿਆ ਸੀ। ਉਹ ਤਾਂ ਅਜੇ ਅਪਣੀ ਅੱਲੜ੍ਹ ਜਵਾਨੀ ਵਿਚ ਸੀ। ਉਸ ਉਮਰ ਵਿਚ ਜੋ ਸੋਚ ਹੁੰਦੀ ਹੈ, ਉਹ ਅਸਲੀਅਤ ਤੋਂ ਬਹੁਤ ਪਰ੍ਹਾਂ ਵਾਲੀ ਹੁੰਦੀ ਹੈ। ਜਵਾਨੀ ਇਹੀ ਸਮਝਦੀ ਹੈ ਕਿ ਉਹ ਏਨੀ ਤਾਕਤਵਰ ਹੈ ਕਿ ਉਹ ਸਾਰੀ ਦੁਨੀਆਂ ਨੂੰ ਝੁਕਾਅ ਸਕਦੀ ਹੈ।

ਪਰ ਸਿਆਸੀ ਸੋਚ ਤਾਂ ਸ਼ਾਤਰ ਹੁੰਦੀ ਹੈ ਤੇ ਅਪਣੇ ਫ਼ਾਇਦੇ ਵਾਸਤੇ ਹੀ ਹਰ ਕਦਮ ਚੁਕਦੀ ਹੈ। ਸਿਆਸੀ ਜਸ਼ਨਾਂ ਵਿਚੋਂ ਸ਼ਹੀਦ ਭਗਤ ਸਿੰਘ ਦੀ ਝਲਕ ਲਭਣਾ ਵੀ ਸ਼ਾਇਦ ਬੇਵਕੂਫ਼ੀ ਹੀ ਹੈ। ਫਿਰ ਸ਼ਹੀਦ ਭਗਤ ਸਿੰਘ ਦੀ ਝਲਕ ਕਿਥੇ ਮਿਲੇਗੀ? ਕੀ ਅੱਜ ਦੇ ਨੌਜੁਆਨ ਕਲਾਕਾਰਾਂ ਵਿਚੋਂ ਜੋ ਸ਼ਹੀਦ ਦੇ ਨਾਮ ਤੇ ਗਾਣੇ ਲਿਖਦੇ ਹਨ? ਪਰ ਉਹ ਵੀ ਅਪਣੇ ਫ਼ਾਇਦੇ ਜਾਂ ਕਮਾਈ ਬਾਰੇ ਹੀ ਸੋਚ ਰਹੇੇੇ ਹੁੰਦੇ ਹਨ। ਗਾਣੇ ਵੇਚਣ ਲਈ ਉਹ ਕਿਸੇ ਦੇ ਵੀ ਦੀਵਾਨੇ ਬਣ ਜਾਂਦੇ ਹਨ। ਅਸਲ ਵਿਚ ਅਸੀ ਇਨ੍ਹਾਂ ਵਿਚ ਸ਼ਿਵ ਬਟਾਲਵੀ ਵਰਗੇ ਕਲਾਕਾਰ ਲਭਦੇ ਹਾਂ। ਪਰ ਇਹ ਵੀ ਪੈਸੇ ਦੇ ਪ੍ਰੇਮੀ ਹਨ।

ਇਨ੍ਹਾਂ ਵਿਚੋਂ ਕਿੰਨੇ ਹੀ ਹਨ ਜੋ ਜਿਊਂਦੇ ਜਾਗਦੇ ਸਿੱਧੂ ਮੂਸੇਵਾਲੇ ਨਾਲ, ਈਰਖਾ ਕਰਦੇ ਸਨ। ਅਪਣੇ ਸੰਗੀਤ ਮਾਫ਼ੀਆ ਨੂੰ ਬਚਾਉਣ ਵਾਸਤੇ ਉਸ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੇ ਰਹਿੰਦੇ ਸਨ ਪਰ ਜਦ ਉਹ ਮਰਨ ਤੋਂ ਬਾਅਦ ਅਮਰ ਹੋ ਗਿਆ, ਉਸ ਦੇ ਸਿਵਿਆਂ ਦੇ ਸੇਕ ਤੋਂ ਪੈਸੇ ਬਣਾਉਣ ਦਾ ਯਤਨ ਕਰ ਰਹੇ ਹਨ। ਸਿੱਧੂ ਨੇ ਅਪਣੀ ਮਾਂ ਵਾਸਤੇ ਜਵਾਨੀ ਵਿਚ ਜੋ ਸ਼ਰਧਾਂਜਲੀ ਲਿਖੀ ਸੀ, ਉਸ ਦਾ ਵੀ ਲਾਹਾ ਲੈਣ ਦਾ ਯਤਨ ਕਰ ਰਹੇ ਹਨ। ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੀ ਇਕ ਛੋਟੀ ਜਹੀ ਗੱਲ ਪਿੱਛੇ ਸੋਸ਼ਲ ਮੀਡੀਆ ਤੇ ਲੜਾਈ ਦੇ ਤੌਰ ਤਰੀਕੇ ਵੇਖ ਕੇ ਸਾਫ਼ ਹੈ ਕਿ ਅੱਜ ਕੋਈ ਕਲਾਕਾਰ ਨਹੀਂ ਮਿਲ ਸਕਦਾ ਜੋ ਸ਼ਹੀਦ ਭਗਤ ਸਿੰਘ ਨੂੰ ਸਹੀ ਢੰਗ ਨਾਲ ਸਮਝਦਾ ਹੋਵੇ। 

ਸਿੱਧੂ ਮੂਸੇਵਾਲਾ ਵਿਚ ਉਹੀ ਸੋਚ ਝਲਕਦੀ ਸੀ। ਉਹ ਵੀ ਅਜੇ ਅੱਲੜ੍ਹ ਜਵਾਨੀ ਵਿਚ ਸੀ ਤੇ ਦੁਸ਼ਮਣਾਂ ਨੂੰ ਲਲਕਾਰਦਾ ਸੀ। ਪਰ ਉਹ ਅਪਣੇ ਪੰਜਾਬ, ਅਪਣੀ ਮਾਂ ਧਰਤੀ ਬਾਰੇ ਸੋਚਦਾ ਸੀ। ਸਾਰੇ ਕਲਾਕਾਰਾਂ ਵਾਂਗ ਦੇਸ਼ ਛੱਡ ਕੇ ਕੈਨੇਡਾ ਵਿਚ ਰਹਿਣ ਬਾਰੇ ਨਹੀਂ ਸੀ ਸੋਚਦਾ। ਨੌਜੁਆਨਾਂ ਨੂੰ ਸਿੱਖੀ ਤੇ ਸਿਖਿਆ ਨਾਲ ਜੋੜਦਾ ਸੀ। ਉਸ ਨੌਜੁਆਨ ਨੂੰ ਮਿਲ ਕੇ ਲਗਦਾ ਸੀ ਕਿ ਹਾਂ, ਇਹ ਭਗਤ ਸਿੰਘ ਦੀ ਸੋਚ ਦਾ ਵਾਰਸ ਹੋਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ।

ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਨਾਲ ਵਿਆਹ ਕਰ ਕੇ ਸਾਰੇ ਦੇਸ਼ ਨੂੰ ਅਪਣਾ ਪ੍ਰਵਾਰ ਬਣਾਇਆ। ਉਸ ਨੇ ਮੌਤ ਨੂੰ ਹਸਦੇ ਹਸਦੇ ਗਲੇ ਲਗਾਉਣ ਦਾ ਸਾਹਸ ਇਸ ਕਰ ਕੇ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੀ ਮੌਤ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਜ਼ਾਦੀ ਦਿਵਾਏਗੀ। ਅੱਜ ਦੇ ਹਰ ਭਾਰਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਨੂੰ ਅਪਣੇ ਪਿਛੋਕੜ ਦਾ ਹਿੱਸਾ ਮੰਨ ਕੇ ਅਪਣੇ ਘਰ ਦੇ ਬਜ਼ੁਰਗਾਂ ਦਾ ਦਰਜਾ ਦੇਣ ਤੇ ਖ਼ਾਸ ਕਰ ਕੇ ਪੰਜਾਬ ਦੇ ਹਰ ਘਰ ਵਿਚ ਅਸਲੀ ਭਗਤ ਸਿੰਘ (ਸਿਆਸੀ ਲੋਕਾਂ ਵਲੋਂ ਪੇਸ਼ ਕੀਤਾ ਭਗਤ ਸਿੰਘ ਨਹੀਂ) ਨੂੰ ਸਮਝਣ ਦੀ ਲੋੜ ਹੈ।

ਪਰ ਭਗਤ ਸਿੰਘ ਜਾਂ ਉਨ੍ਹਾਂ ਦੇ ਸਾਥੀ ਸ਼ਹੀਦਾਂ ਦੀ ਸੋਚ ਦੇ ਉਲਟ ਵਾਲੀ ਸੋਚ ਸੱਭ ਤੋਂ ਵੱਧ ਪੰਜਾਬ ਵਿਚ ਹੀ ਦਿਸਦੀ ਹੈ। ਭਗਤ ਸਿੰਘ ਵਿਚ ਇਕ ਜਨੂੰਨ ਸੀ। ਸਾਡੇ ਨੌਜੁਆਨਾਂ ਵਿਚ ਆਲਸ ਹੈ। ਅੱਜ ਦੇ ਨੌਜੁਆਨ ਆਖਦੇ ਹਨ ਕਿ ਸਾਡੇ ਅੱਗੇ  ਸੱਭ ਕੁੱਝ ਪਰੋਸ ਦਿਤਾ ਜਾਵੇ ਤੇ ਸਾਨੂੰ ਕੁੱਝ ਵੀ ਨਾ ਕਰਨਾ ਪਵੇ। ਭਗਤ ਸਿੰਘ ਨੇ ਬੰਦੂਕ ਚੁੱਕੀ, ਇਕ ਮਕਸਦ ਵਾਸਤੇ ਪਰ ਸਾਡੇ ਨੌਜੁਆਨ ਬੰਦੂਕਾਂ ਅਪਣੀ ਨਕਲੀ ਸ਼ਾਨ ਵਾਸਤੇ ਜਾਂ ਚਿੱਟਾ ਵੇਚਣ ਵਾਸਤੇ ਚੁਕਦੇ ਹਨ। ਜਿਥੇ ਭਗਤ ਸਿੰਘ ਦਾ ਮਕਸਦ ਆਜ਼ਾਦੀ ਸੀ, ਉਥੇ ਅੱਜ ਦੇ ਨੌਜੁਆਨਾਂ ਦਾ ਮਕਸਦ ਆਈਲੈਟਸ ਜਾਂ ਕੈਨੇਡਾ ਹੈ। ਉਸ ਦਾ ਚੋਲਾ ਬਸੰਤੀ ਭਾਰਤ ਵਾਸਤੇ ਸੀ ਪਰ ਅੱਜ ਕੁਰਸੀ ਵਾਸਤੇ ਕਦੇ ਖ਼ਾਲਸਾਈ ਤੇ ਕਦੇ ਭਗਵਾਂ ਹੋ ਜਾਂਦਾ ਹੈ।

ਅੱਜ ਜਿਹੜਾ ਕੋਈ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ, ਉਹ ਉਸ ਦੀ ਜੀਵਨ ਜਾਚ ਬਾਰੇ ਸੋਚੇ ਤੇ ਫਿਰ ਵੇਖੇ ਕਿ ਕਿਥੇ ਹੈ ਭਗਤ ਸਿੰਘ ਦੀ ਸੋਚ? ਸਿੱਖ ਆਗੂ ਹੁਣ ਟੋਪੀਆਂ ਪਾ ਕੇ ਘੁੰਮਦੇ ਹਨ ਪਰ ਯਾਦ ਰੱਖੋ ਭਗਤ ਸਿੰਘ ਨੇ ਸਿਰਫ਼ ਸਾਂਡਰਸ ਨੂੰ ਕਤਲ ਕਰਨ ਲਈ ਕੇਸ ਕਟਵਾਏ ਸਨ ਅਰਥਾਤ ਭੇਖ ਵਟਾਇਆ ਸੀ। ਫਾਂਸੀ ਚੜ੍ਹਨ ਵਕਤ ਤੇ ਜੇਲ ਵਿਚ, ਜੇਲ ਜਾਣ ਸਮੇਂ ਵਾਂਗ ਸਾਬਤ ਸੂਰਤ ਹੋ ਚੁੱਕਾ ਸੀ ਕਿਉਂਕਿ ਉਹ ਦਿਲੋਂ, ਰੂਹ ਤੋਂ ਸਿੱਖ ਸੀ ਤੇ ਅੱਜ ਵੀ ਹੈ।

ਅੱਜ ਜੇ ਭਗਤ ਸਿੰਘ ਹੁੰਦਾ ਤਾਂ ਉਹ ਕੀ ਕਰਦਾ ਅਪਣੇ ਵਤਨ ਵਾਸਤੇ? ਉਸ ਦਾ ਰਹਿਣ-ਸਹਿਣ, ਬਾਣਾ ਕੀ ਹੁੰਦਾ ਤੇ ਉਸ ਦਾ ਜਨੂੰਨ ਕੀ ਹੁੰਦਾ? ਇਨ੍ਹਾਂ ਸਵਾਲਾਂ ਨੂੰ ਸਮਝਣਾ ਸਹੀ ਸ਼ਰਧਾਂਜਲੀ ਹੋਵੇਗੀ। ਭਗਤ ਸਿੰਘ ਆਮ ਨੌਜੁਆਨਾਂ ਵਿਚ ਜਦ ਝਲਕੇਗਾ, ਉਸ ਵਕਤ ਉਸ ਦੀ ਸ਼ਹਾਦਤ ਦੀ ਅਸਲ ਕਦਰ ਪਵੇਗੀ ਤੇ ਨੌਜੁਆਨਾਂ ਦੇ ਅਮਲਾਂ ’ਚੋਂ ਭਗਤ ਸਿੰਘ ਨਜ਼ਰ ਆਵੇਗਾ, ਅੱਜ ਦੇ ਸਿਆਸੀ ਮੁਨਾਫ਼ਾਖ਼ੋਰ ਤਾਂ ਕੇਵਲ ਉਸ ਦਾ ਨਾਂ ਵਰਤ ਸਕਦੇ ਹਨ, ਅਸਲ ਭਗਤ ਸਿੰਘ ਨੂੰ ਖ਼ਤਮ ਕਰਨ ਲਈ ਹੀ। 
- ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement