
ਇਹ ਤਲਵਾਰਾਂ ਵਾਲੇ ਨੌਜਵਾਨ ਕੀ ਅਸਲ 'ਚ ਗੁਰਪਤਵੰਤ ਪੰਨੂ ਦੀ ਰਾਖੀ ਕਰਨ ਵਾਸਤੇ ਸੜਕਾਂ ਤੇ ਆਏ ਸਨ ਜਾਂ ਫਿਰ ਤੋਂ ਦੂਰੋਂ ਸ਼ਿਸ਼ਕਾਰ ਰਹੀਆਂ ਏਜੰਸੀਆਂ ਦੇ ਵਿਛਾਏ ਜਾਲ 'ਚ..
ਇਹ ਤਲਵਾਰਾਂ ਵਾਲੇ ਨੌਜਵਾਨ ਕੀ ਅਸਲ ਵਿਚ ਗੁਰਪਤਵੰਤ ਪੰਨੂ ਦੀ ਰਾਖੀ ਕਰਨ ਵਾਸਤੇ ਸੜਕਾਂ ਤੇ ਆਏ ਸਨ ਜਾਂ ਫਿਰ ਤੋਂ ਦੂਰੋਂ ਸ਼ਿਸ਼ਕਾਰ ਰਹੀਆਂ ਏਜੰਸੀਆਂ ਦੇ ਵਿਛਾਏ ਜਾਲ ਵਿਚ ਫਸਣ ਲਈ? ਕੀ ਇਹ ਬਦਲਾਅ ਦਾ ਜਵਾਬ ਹੈ? ਕੀ ਅਰਵਿੰਦ ਕੇਜਰੀਵਾਲ ਨੂੰ ਨੀਵਾਂ ਵਿਖਾਉਣ ਵਾਸਤੇ ਮੁੜ ਤੋਂ ਪੰਜਾਬ ਵਿਚ ਅਸ਼ਾਂਤੀ ਦਾ ਮਾਹੌਲ ਬਣਾਇਆ ਜਾਵੇਗਾ?
ਕੀ ਮੀਡੀਆ ਜਾਣਬੁੱਝ ਕੇ ਅਜਿਹੀਆਂ ਤਸਵੀਰਾਂ ਦਿਖਾ ਰਿਹਾ ਸੀ ਜਿਨ੍ਹਾਂ ਨਾਲ ਸਮਾਜ ਵਿਚ ਦਰਾੜ ਪੈ ਜਾਏ? ਕੀ ਪੰਜਾਬ ਦੇ ਵਿਕਾਸ ਦਾ ਰਾਹ ਜੋ ਮਾਫ਼ੀਆ ਦੇ ਖ਼ਾਤਮੇ 'ਚੋਂ ਲੰਘਦਾ ਹੈ, ਉਹੀ ਮਾਫ਼ੀਆ ਸੂਬੇ ਵਿਚ ਘਬਰਾਹਟ ਦਾ ਮਾਹੌਲ ਬਣਾਉਣ ਦਾ ਯਤਨ ਕਰ ਰਿਹਾ ਹੈੈ? ਜਿਹੜੇ ਸੂਬੇ ਨੇ ਹੁਣੇ ਹੁਣੇ ਹੀ ਲੋਕਤੰਤਰ ਦੀ ਅਹਿਮ ਪ੍ਰਕਿਰਿਆ ਵਿਚ ਪੂਰੇ ਜੋਸ਼ ਨਾਲ ਹਿੱਸਾ ਲਿਆ ਹੋਵੇ, ਉਹ ਕੀ ਸਚਮੁਚ ਹੀ ਜਨਮਤ ਚਾਹੁੰਦਾ ਹੈ?
Patiala Incident
ਗਰਮੀ ਦੀ ਮਾਰ ਨਾਲ ਸਾਰਾ ਦੇਸ਼ ਤਪਿਆ ਹੋਇਆ ਹੈ ਪਰ ਜਿੰਨਾ ਲਾਵਾ ਅੱਜ ਪਟਿਆਲੇ ਵਿਚ ਫੁਟਿਆ ਹੈ, ਉਸ ਨੇ ਮੌਸਮ ਦੀ ਤਪਸ਼ ਨੂੰ ਕੋਸੀ ਧੁਪ ਵਰਗਾ ਬਣਾ ਦਿਤਾ ਹੈ | ਸ਼ਿਵ ਸੈਨਾ ਵਲੋਂ ਗੁਰਪਤਵੰਤ ਪੰਨੂ ਵਿਰੁਧ ਪਟਿਆਲਾ ਵਿਚ ਇਕ ਵਿਰੋਧ ਮਾਰਚ ਰਖਿਆ ਗਿਆ ਜਿਸ ਦੇ ਵਿਰੋਧ ਵਿਚ ਕੁੱਝ ਨਿਹੰਗ ਤੇ ਕੁੱਝ ਸਿੱਖ ਨੌਜਵਾਨ ਤਣ ਕੇ ਖੜੇ ਹੋ ਗਏ | ਉਹ ਨਹੀਂ ਸਨ ਚਾਹੁੰਦੇ ਕਿ ਸਿੱਖਾਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਬਾਵਜੂਦ, ਹਿੰਦੂਆਂ-ਸਿੱਖਾਂ ਨੂੰ ਲੜਾਉਣ ਲਈ ਇਹ ਰਾਹ ਅਪਣਾਇਆ ਜਾਏ ਤੇ ਚਾਹੁੰਦੇ ਸਨ ਕਿ ਇਸ ਨੂੰ ਰੋਕ ਦਿਤਾ ਜਾਏ |
ਵੇਖਦੇ ਹੀ ਵੇਖਦੇ ਮਾਮਲਾ ਬੰਦੂਕਾਂ, ਨੰਗੀਆਂ ਕਿਰਪਾਨਾਂ ਤੇ ਹਿੰਦੂ-ਸਿੱਖ ਤਣਾਤਣੀ ਵਿਚ ਤਬਦੀਲ ਹੋ ਗਿਆ | ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦੇ ਸਾਹਮਣੇ ਸ਼ਿਵ ਸੈਨਾ ਕਾਰਕੁਨਾਂ ਵਲੋਂ ਹਵਾਈ ਫ਼ਾਇਰ ਕੀਤੇ ਗਏ ਤੇ ਪੁਲਿਸ ਚੁਪ ਖੜੀ ਰਹੀ | ਪਹਿਲੀ ਗੋਲੀ 'ਤੇ ਵੀ ਜੇ ਸੱਭ ਨੂੰ ਬਸਾਂ ਵਿਚ ਭਰ ਕੇ ਘਰਾਂ ਨੂੰ ਤੋਰ ਦਿਤਾ ਜਾਂਦਾ ਤਾਂ ਤਸਵੀਰ ਇਸ ਕਦਰ ਨਾ ਵਿਗੜਦੀ | ਪਰ ਹਾਲਾਤ ਪਟਿਆਲੇ ਦੇ ਕਾਲੀ ਮਾਤਾ ਮੰਦਰ ਤੇ ਬਾਹਰ, ਦੋਹਾਂ ਧਿਰਾਂ ਵਿਚ ਪਥਰਾਅ ਤੇ ਲੜਾਈ ਵਿਚ ਬਦਲ ਗਏ |
Patiala Incident
ਜਾਨੀ ਨੁਕਸਾਨ ਤੋਂ ਤਾਂ ਬਚਾਅ ਹੀ ਰਿਹਾ ਭਾਵੇਂ ਕੁੱਝ ਲੋਕਾਂ ਨੂੰ ਸੱਟਾਂ ਜ਼ਰੂਰ ਲਗੀਆਂ ਪਰ ਡੂੰਘੀ ਸੱਟ ਹਿੰਦੂ-ਸਿੱਖ ਭਾਈਚਾਰੇ ਦੀ ਏਕਤਾ ਨੂੰ ਲੱਗੀ |
ਸਾਡੀ ਪੰਜਾਬ ਦੀ ਪੱਤਰਕਾਰੀ, ਖ਼ਾਸ ਕਰ ਕੇ ਸੋਸ਼ਲ ਮੀਡੀਆ ਨੇ ਇਕ ਕੁਹਾੜੀ ਦਾ ਕਿਰਦਾਰ ਨਿਭਾਇਆ | ਇਕ ਚੈਨਲ ਵਲੋਂ ਇਸ ਝੜਪ ਨੂੰ ਹਿੰਦੂ-ਸਿੱਖ ਨੌਜਵਾਨਾਂ ਨੂੰ ਕਦੇ ਪੁਲਿਸ ਵਲੋਂ ਧਰੂਹੇ ਜਾਂਦੇ ਜਾਂ ਤਲਵਾਰਾਂ ਮਾਰਦੇ ਵਿਖਾਇਆ ਗਿਆ | ਕਿਸੇ ਚੈਨਲ ਨੇ ਸ਼ਿਵ ਸੈਨਾ ਤੇ ਖ਼ਾਲਿਸਤਾਨੀਆਂ ਵਿਚਕਾਰ ਝੜਪਾਂ ਨੂੰ ਯੁੱਧ ਦਾ ਨਾਮ ਦੇ ਦਿਤਾ ਤੇ ਵਿਚੇ ਹੀ ਥੋੜ੍ਹਾ ਤੜਕਾ ਲਾਉਣ ਵਾਸਤੇ, ਸਿਆਸਤਦਾਨਾਂ ਨੇ ਰਾਜੋਆਣਾ ਦੇ ਮਾਮਲੇ ਨੂੰ ਵੀ ਘਸੀਟ ਲਿਆ |
ਪਹਿਲੀ ਗੱਲ ਤਾਂ ਪਟਿਆਲਾ ਵਿਚ ਇਹ ਵਿਰੋਧ ਕੀਤਾ ਹੀ ਕਿਉਂ ਗਿਆ? ਗੁਰਪਤਵੰਤ ਪੰਨੂ ਅਮਰੀਕਾ ਨਿਵਾਸੀ ਹਨ ਤੇ ਉਨ੍ਹਾਂ ਨੂੰ ਜੇ ਕੋਈ ਨੱਥ ਪਾ ਸਕਦਾ ਹੈ ਤਾਂ ਉਹ ਕੇਂਦਰ ਸਰਕਾਰ ਹੀ ਪਾ ਸਕਦੀ ਹੈ | ਜੇ ਪੰਜਾਬ ਵਿਚ ਐਸਪੀਜੇ ਵਲੋਂ ਅਸ਼ਾਂਤੀ ਪੈਦਾ ਕੀਤੀ ਜਾ ਰਹੀ ਹੈ ਤਾਂ ਇਸ ਵਿਚ ਕੇਂਦਰ ਦੀ ਹਾਰ ਪ੍ਰਤੱਖ ਹੈ ਕਿ ਉਹ ਅਮਰੀਕਾ ਨਾਲ ਨੇੜਤਾ ਦੇ ਬਾਵਜੂਦ ਇਕ ਭਾਰਤ ਵਿਰੋਧੀ ਅਤਿਵਾਦੀ ਯੋਜਨਾ ਬਣਾਉਣ ਵਾਲੇ ਨੂੰ ਪਿਛਲੇ 8 ਸਾਲਾਂ ਵਿਚ ਫੜਵਾ ਨਹੀਂ ਸਕੀ | ਸ਼ਿਵ ਸੈਨਾ ਲਈ ਬਣਦਾ ਤਾਂ ਇਹ ਸੀ ਕਿ ਉਹ ਦਿੱਲੀ ਜਾ ਕੇ ਅਪਣੀ ਚਿੰਤਾ ਕੇਂਦਰ ਸਰਕਾਰ ਸਾਹਮਣੇ ਪੇਸ਼ ਕਰਦੀ |
Indian Army
ਅੱਜ ਜੇ ਪੰਜਾਬ ਵਿਚ ਸਰਹੱਦ ਤੋਂ ਅਸਲਾ ਆ ਰਿਹਾ ਹੈ ਤਾਂ ਫਿਰ ਨਾਕਾਮੀ ਬੀ.ਐਸ.ਐਫ਼ ਦੀ ਹੈ ਕਿਉਂਕਿ 50 ਕਿਲੋਮੀਟਰ ਯਾਨੀ ਅੱਧਾ ਪੰਜਾਬ ਸਰਹੱਦੀ ਬਲਾਂ ਦੀ ਸੁਰੱਖਿਆ ਹੇਠ ਹੈ | ਤੇ ਜੇ ਬੀ.ਐਸ.ਐਫ਼. ਕਮਜ਼ੋਰ ਹੈ ਤਾਂ ਫਿਰ ਕੇਂਦਰ ਕੋਲ ਕਿਉਂ ਨਹੀਂ ਜਾਇਆ ਗਿਆ? ਪੁਲਿਸ ਨੇ ਵੀ ਇਸ ਪ੍ਰਦਰਸ਼ਨ ਦੀ ਇਜਾਜ਼ਤ ਕਿਉਂ ਦਿਤੀ? ਖ਼ਾਲਿਸਤਾਨ ਦੇ ਹੱਕ ਵਿਚ ਕਿਸੇ ਨੇ ਜਲੂਸ ਕਢਿਆ ਹੁੰਦਾ ਤਾਂ ਗੱਲ ਹੋਰ ਹੁੰਦੀ ਪਰ ਹੁਣ ਤਾਂ ਸ਼ਿਵ ਸੈਨਾ ਦੇ ਜਲੂਸ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ |
Patiala Incident
ਬੜੀ ਡੂੰਘੀ ਖੋਜ ਮੰਗਦੀ ਹੈ ਅੱਜ ਦੀ ਸਥਿਤੀ | ਪੰਜਾਬ 'ਚ ਅਸਲ ਵਿਚ ਖ਼ਾਲਿਸਤਾਨ ਜਾਂ ਰਿਫਰੈਂਡਮ ਦੀ ਮੰਗ ਕੋਈ ਹੈ ਵੀ ਸਹੀ? ਇਹ ਤਲਵਾਰਾਂ ਵਾਲੇ ਨੌਜਵਾਨ ਕੀ ਅਸਲ ਵਿਚ ਗੁਰਪਤਵੰਤ ਪੰਨੂ ਦੀ ਰਾਖੀ ਕਰਨ ਵਾਸਤੇ ਸੜਕਾਂ ਤੇ ਆਏ ਸਨ ਜਾਂ ਫਿਰ ਤੋਂ ਦੂਰੋਂ ਸ਼ਿਸ਼ਕਾਰ ਰਹੀਆਂ ਏਜੰਸੀਆਂ ਦੇ ਵਿਛਾਏ ਜਾਲ ਵਿਚ ਫਸਣ ਲਈ? ਕੀ ਇਹ ਬਦਲਾਅ ਦਾ ਜਵਾਬ ਹੈ? ਕੀ ਅਰਵਿੰਦ ਕੇਜਰੀਵਾਲ ਨੂੰ ਨੀਵਾਂ ਵਿਖਾਉਣ ਵਾਸਤੇ ਮੁੜ ਤੋਂ ਪੰਜਾਬ ਵਿਚ ਅਸ਼ਾਂਤੀ ਦਾ ਮਾਹੌਲ ਬਣਾਇਆ ਜਾਵੇਗਾ?
ਕੀ ਮੀਡੀਆ ਜਾਣਬੁੱਝ ਕੇ ਅਜਿਹੀਆਂ ਤਸਵੀਰਾਂ ਦਿਖਾ ਰਿਹਾ ਸੀ ਜਿਨ੍ਹਾਂ ਨਾਲ ਸਮਾਜ ਵਿਚ ਦਰਾੜ ਪੈ ਜਾਏ? ਕੀ ਪੰਜਾਬ ਦੇ ਵਿਕਾਸ ਦਾ ਰਾਹ ਜੋ ਮਾਫ਼ੀਆ ਦੇ ਖ਼ਾਤਮੇ 'ਚੋਂ ਲੰਘਦਾ ਹੈ ਉਹੀ ਮਾਫ਼ੀਆ ਸੂਬੇ ਵਿਚ ਘਬਰਾਹਟ ਦਾ ਮਾਹੌਲ ਬਣਾਉਣ ਦਾ ਯਤਨ ਕਰ ਰਿਹਾ ਹੈ? ਜਿਹੜੇ ਸੂਬੇ ਨੇ ਹੁਣੇ ਹੁਣੇ ਹੀ ਲੋਕਤੰਤਰ ਦੀ ਅਹਿਮ ਪ੍ਰਕਿਰਿਆ ਵਿਚ ਪੂਰੇ ਜੋਸ਼ ਨਾਲ ਹਿੱਸਾ ਲਿਆ ਹੋਵੇ, ਉਹ ਕੀ ਸਚਮੁਚ ਹੀ ਜਨਮਤ ਚਾਹੁੰਦਾ ਹੈ?
- ਨਿਮਰਤ ਕੌਰ