
ਜਿਸ ਸਮੇਂ ਬੱਚੀਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ, ਉਸੇ ਸਮੇਂ ਸਰਕਾਰ ਦੇ ਅਪਣੇ ਹੀ ਇਕ ਅਹਿਮ ਆਗੂ ਯੋਗੀ ਆਦਿਤਿਆਨਾਥ ਦਾ...
ਜਿਸ ਸਮੇਂ ਬੱਚੀਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ, ਉਸੇ ਸਮੇਂ ਸਰਕਾਰ ਦੇ ਅਪਣੇ ਹੀ ਇਕ ਅਹਿਮ ਆਗੂ ਯੋਗੀ ਆਦਿਤਿਆਨਾਥ ਦਾ ਬੱਚੀਆਂ ਦੇ ਬਲਾਤਕਾਰੀਆਂ ਪ੍ਰਤੀ ਰਵਈਆ ਦੰਦ ਕਥਾ ਬਣਿਆ ਹੋਇਆ ਹੈ। ਪਿਛਲੇ ਸਾਲ ਇਕ ਨਾਬਾਲਗ਼ਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਅਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੁੱਖ ਮੰਤਰੀ ਦੇ ਇਕ ਵਿਧਾਇਕ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਦੇ ਪਿਤਾ ਨੂੰ ਮਾਰਿਆ ਕੁਟਿਆ। ਜਦੋਂ ਪਿਤਾ ਨੇ ਸ਼ਿਕਾਇਤ ਕੀਤੀ ਤਾਂ ਪਿਤਾ ਨੂੰ ਹੀ ਜੇਲ ਵਿਚ ਬੰਦ ਕਰਵਾ ਦਿਤਾ ਗਿਆ। ਪਿਤਾ ਨੂੰ ਹਿਰਾਸਤ ਵਿਚ ਫਿਰ ਮਾਰਿਆ ਗਿਆ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।
Unnao rape victim accident
ਜਦੋਂ ਮਾਂ-ਬੇਟੀ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਅਪਣੇ ਵਿਧਾਇਕ ਕੁਲਦੀਪ ਸੇਂਗਰ ਵਿਰੁਧ ਪਰਚਾ ਦਰਜ ਕਰਵਾ ਦਿਤਾ ਅਤੇ ਉਸ ਨੂੰ ਜੇਲ ਵਿਚ ਪਾ ਦਿਤਾ। ਵਿਧਾਇਕ ਦੀ ਸਰਕਾਰ ਤਕ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਾਕਸ਼ੀ ਮਹਾਰਾਜ ਸੰਸਦ ਮੈਂਬਰ ਬਣਨ ਤੋਂ ਬਾਅਦ ਉਨਾਉ ਦੇ ਵਿਧਾਇਕ ਨੂੰ ਜੇਲ ਵਿਚ ਮਦਦ ਅਤੇ ਸਾਥ ਦੇਣ ਬਦਲੇ ਸ਼ੁਕਰਾਨਾ ਅਦਾ ਕਰਨ ਗਏ ਸਨ। ਖ਼ੈਰ, ਇਸ ਵਿਧਾਇਕ ਨੂੰ ਜੇਲ ਵਿਚ ਗਏ ਨੂੰ ਤਕਰੀਬਨ ਇਕ ਸਾਲ ਹੋ ਗਿਆ ਹੈ ਅਤੇ ਪੀੜਤਾ ਮੁਤਾਬਕ ਵਿਧਾਇਕ ਸੇਂਗਰ ਉਸ ਉਤੇ ਦਬਾਅ ਪਾਉਂਦਾ ਰਿਹਾ।
Unnao rape victim accident
ਪਰ ਪਿਛਲੇ ਦਿਨੀਂ ਕੁੜੀ ਅਤੇ ਉਸ ਦੇ ਪ੍ਰਵਾਰ ਨੂੰ ਮਾਰਨ ਦੀ ਕੋਸ਼ਿਸ਼ ਵਿਚ ਇਕ ਹਾਦਸਾ ਰਚਾਇਆ ਗਿਆ ਜਿਸ ਵਿਚ ਕੁੜੀ ਦੀ ਚਾਚੀ ਅਤੇ ਮਾਸੀ ਮਾਰੀਆਂ ਗਈਆਂ ਅਤੇ ਕੁੜੀ ਗੰਭੀਰ ਹਾਲਤ ਵਿਚ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕੁੜੀ ਦੀ ਹਿਫ਼ਾਜ਼ਤ ਵਾਸਤੇ ਲਾਇਆ ਗਿਆ ਸੀ ਉਨ੍ਹਾਂ ਨੇ ਹੀ ਵਿਧਾਇਕ ਨੂੰ ਦਸਿਆ ਕਿ ਕੁੜੀ ਨੂੰ 'ਹਾਦਸੇ' ਵਿਚ ਕਿਥੇ ਮਰਵਾਇਆ ਜਾ ਸਕਦਾ ਹੈ। ਰੌਲਾ ਪੈਣ ਤੇ ਵਿਧਾਇਕ ਉਤੇ ਕਤਲ ਦਾ ਮਾਮਲਾ ਦਰਜ ਤਾਂ ਹੋ ਗਿਆ ਅਤੇ ਸੀ.ਬੀ.ਆਈ. ਕੋਲੋਂ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਜਿਸ ਵਿਧਾਇਕ ਦੀ ਮਦਦ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਜੁਟੀ ਹੋਈ ਹੋਵੇ 'ਪਾਲਤੂ ਤੋਤਾ' ਉਸ ਦਾ ਕੀ ਵਿਗਾੜ ਸਕਦਾ ਹੈ?
Kuldeep Singh Senga - Unnao rape victim
ਕੇਂਦਰ ਵਿਚ ਉੱਤਰ ਪ੍ਰਦੇਸ਼ ਦੀ ਹੀ ਸੱਭ ਤੋਂ ਤੇਜ਼ ਤਰਾਰ ਸੰਸਦ ਮੈਂਬਰ ਅਤੇ ਮਹਿਲਾ ਤੇ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਬੱਚੀਆਂ ਨੂੰ ਬਚਾਉਣ ਵਾਸਤੇ ਕਾਨੂੰਨ ਨੂੰ ਸੋਧ ਰਹੀ ਹੈ ਅਤੇ ਕਾਨੂੰਨ ਵਿਚ ਸੱਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਪੀੜਤਾ ਦਾ ਬਿਆਨ ਲੈਣ ਵਿਚ ਦੇਰੀ ਕੀਤੀ ਜਾਂਦੀ ਹੈ ਅਤੇ ਇਕ ਬਲਾਤਕਾਰੀ ਨੂੰ ਪੀੜਤਾ ਉਤੇ ਦਬਾਅ ਬਣਾਉਣ ਦਾ ਮੌਕਾ ਦਿਤਾ ਜਾਂਦਾ ਹੈ। ਇਸ ਪੀੜਤਾ ਦਾ ਵੀ ਪਿਛਲੇ ਇਕ ਸਾਲ ਵਿਚ ਬਿਆਨ ਨਹੀਂ ਲਿਆ ਗਿਆ। ਜੇ ਅੱਜ ਇਹ 17 ਸਾਲ ਦੀ ਬੱਚੀ ਮਰ ਜਾਂਦੀ ਹੈ ਤਾਂ ਉਹ ਵਿਧਾਇਕ ਬਰੀ ਹੋ ਜਾਵੇਗਾ ਕਿਉਂਕਿ ਉਸ ਵਿਰੁਧ ਪੀੜਤਾ ਦਾ ਬਿਆਨ ਹੀ ਫ਼ਾਈਲ ਵਿਚ ਨਹੀਂ ਹੋਵੇਗਾ।
Smriti Irani
ਕੀ ਸਮ੍ਰਿਤੀ ਇਰਾਨੀ ਅੱਜ ਅਪਣੀ ਪਾਰਟੀ ਦੇ ਇਕ ਬਲਾਤਕਾਰੀ ਵਿਧਾਇਕ ਬਾਰੇ ਕੁੱਝ ਕਰ ਸਕਦੇ ਹਨ? ਕੀ ਉਨ੍ਹਾਂ ਨੂੰ ਇਸ 'ਹਿੰਦੂ' ਬੱਚੀ ਉਤੇ ਤਰਸ ਆਵੇਗਾ ਅਤੇ ਕੀ ਉਸ ਵਾਸਤੇ ਅਪਣੀ ਆਵਾਜ਼ ਉੱਚੀ ਕਰਨਗੇ? ਇਹ ਮਾਮਲਾ ਦਿੱਲੀ ਦੀ ਨਿਰਭੈ ਤੋਂ ਵੀ ਬਦਤਰ ਹੈ। ਫ਼ਰਕ ਸਿਰਫ਼ ਇਹ ਹੈ ਕਿ ਪੀੜਤਾ ਬੱਚ ਗਈ ਹੈ। ਜੇ ਮਰ ਗਈ ਹੁੰਦੀ ਤਾਂ ਉਸ ਦੀ ਪੂਜਾ ਹੋ ਰਹੀ ਹੁੰਦੀ, ਪਰ ਜ਼ਿੰਦਾ ਪੀੜਤਾ ਨੂੰ ਸਰਕਾਰ ਆਪ ਮਾਰ ਦੇਣ 'ਚ ਮਦਦ ਕਰਦੀ ਹੈ।
Yogi Adityanath
ਯੋਗੀ ਆਦਿਤਿਆਨਾਥ ਦੇ ਸ਼ਾਸਨਕਾਲ ਵਿਚ ਉੱਤਰ ਪ੍ਰਦੇਸ਼ ਗੁੰਡਾਰਾਜ ਨਹੀਂ ਬਲਕਿ ਜੰਗਲ ਰਾਜ ਬਣ ਚੁੱਕਾ ਹੈ। ਉਹ 'ਠੋਕੋ ਨੀਤੀ' ਅਪਣਾ ਕੇ ਅਪਰਾਧ ਨੂੰ ਖ਼ਤਮ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਜਦ ਅਪਰਾਧ ਖ਼ਤਮ ਕਰਨ ਵਾਲੇ ਹੀ ਅਪਰਾਧੀ ਬਣ ਜਾਣ ਤਾਂ ਕੀ ਕੀਤਾ ਜਾਵੇਗਾ? ਜੇ ਕਿਸੇ ਘੱਟਗਿਣਤੀ ਜਾਂ ਦਲਿਤ ਨੂੰ ਇਹ ਫ਼ਿਰਕੂ ਸੈਨਾ ਮਾਰਦੀ ਹੈ ਤਾਂ ਚੁੱਪੀ ਧਾਰਨ ਕਰਨ ਵਾਲੇ ਦੱਸਣ ਕਿ ਅੱਜ ਤਾਂ ਇਕ ਹਿੰਦੂ ਬੇਟੀ ਨੂੰ ਇਕ ਹਿੰਦੂ ਵਿਧਾਇਕ ਨੇ ਬਰਬਾਦ ਕਰ ਕੇ ਰੱਖ ਦਿਤਾ ਹੈ। ਇਸ 17 ਸਾਲ ਦੀ ਬੱਚੀ ਦੇ ਅਪਰਾਧੀ ਨੂੰ ਮਾਫ਼ ਕਰਨਾ ਸਹੀ ਹੈ ਕਿਉਂਕਿ ਉਹ ਹਿੰਦੂ ਰਾਜ ਲਿਆਉਣ ਵਿਚ ਮਾਹਰ ਹੈ। ਕੀ ਹਿੰਦੂ ਰਾਜ ਵਾਸਤੇ ਬੱਚੀਆਂ ਦੀ ਕੁਰਬਾਨੀ ਦੇਣ ਦੀ ਨਵੀਂ ਰੀਤ ਹੈ? -ਨਿਮਰਤ ਕੌਰ