
'ਠੋਕ ਦੋ ਸਾਲੇ ਕੋ' ਇਹ ਸ਼ਬਦ ਕਿਸੇ ਫ਼ਿਲਮ ਵਿਚ ਕਿਸੇ ਬਦਮਾਸ਼ ਨੇ ਨਹੀਂ, ਭਾਰਤ ਦੇ ਸੱਭ ਤੋਂ ਚਹੇਤੇ ਫ਼ਿਲਮੀ ਸਿਤਾਰੇ ਅਮਿਤਾਭ ਬੱਚਨ ਨੇ
'ਠੋਕ ਦੋ ਸਾਲੇ ਕੋ' ਇਹ ਸ਼ਬਦ ਕਿਸੇ ਫ਼ਿਲਮ ਵਿਚ ਕਿਸੇ ਬਦਮਾਸ਼ ਨੇ ਨਹੀਂ, ਭਾਰਤ ਦੇ ਸੱਭ ਤੋਂ ਚਹੇਤੇ ਫ਼ਿਲਮੀ ਸਿਤਾਰੇ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਆਖੇ ਹਨ। ਕਿਸੇ ਨੇ ਅਮਿਤਾਭ ਨੂੰ ਬਦ-ਦੁਆ ਦਿਤੀ ਅਤੇ ਬਦਲੇ ਵਿਚ ਅਮਿਤਾਭ ਨੇ ਆਖਿਆ,''ਜੇ ਮੈਂ ਬਚ ਕੇ ਠੀਕ ਹੋ ਗਿਆ ਤਾਂ ਮੈਂ ਅਪਣੇ 90 ਮਿਲੀਅਨ (9 ਕਰੋੜ) ਸਮਰਥਕਾਂ ਨੂੰ ਆਖਾਂਗਾ 'ਠੋਕ ਦੋ ਸਾਲੇ ਕੋ।'' ਤੇ ਅਮਿਤਾਭ ਦਾ ਸੋਸ਼ਲ ਮੀਡੀਆ 'ਤੇ ਬਣਿਆ 'ਪ੍ਰਵਾਰ' ਪਲਕ ਝਪਕਦੇ ਤਬਾਹੀ ਮਚਾਉਣ ਵਾਲਾ ਪ੍ਰਵਾਰ ਬਣ ਜਾਵੇਗਾ।
ਬਦ-ਦੁਆ ਦੇਣ ਵਾਲੇ ਦੇ ਕੁਬੋਲਾਂ ਮਗਰੋਂ ਫ਼ਿਲਮੀ ਹੀਰੋ ਦੇ ਇਹ ਸ਼ਬਦ ਸੁਣ ਕੇ ਵੀ ਕਈ ਲੋਕ ਹੈਰਾਨ ਹੋਣਗੇ ਪਰ ਕਈ ਸਿੱਖ ਇਹ ਸੁਣ ਕੇ ਇਹੀ ਸੋਚ ਰਹੇ ਹੋਣਗੇ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਅਮਿਤਾਭ ਦੀ ਅਸਲੀਅਤ ਕੀ ਹੈ। ਅੱਜ ਵੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਥੱਲੇ ਰੋਂਦਣ ਬਦਲੇ, ਸਿੱਖ ਸੰਸਥਾਵਾਂ ਅਮਰੀਕਾ ਵਿਚ ਅਮਿਤਾਭ ਬੱਚਨ ਵਿਰੁਧ ਕੇਸ ਲੜ ਰਹੀਆਂ ਹਨ।
jagdeesh Kaur
ਜਗਦੀਸ਼ ਕੌਰ, ਜੋ ਸਿੱਖ ਨਸਲਕੁਸ਼ੀ ਦੀ ਪੀੜਤ ਤੇ ਗਵਾਹ ਹਨ, ਨੇ ਵਾਰ-ਵਾਰ ਆਖਿਆ ਹੈ ਕਿ ਉਨ੍ਹਾਂ ਨੇ ਅਮਿਤਾਭ ਨੂੰ ਦੂਰਦਰਸ਼ਨ ਤੇ ਭੀੜਾਂ ਨੂੰ ਭੜਕਾਉਂਦੇ ਹੋਏ ਸੁਣਿਆ ਸੀ। ਅਮਿਤਾਭ ਬੱਚਨ ਦੇ ਰਾਜੀਵ ਗਾਂਧੀ ਨਾਲ ਬਹੁਤ ਕਰੀਬੀ ਸਬੰਧ ਸਨ। ਜਗਦੀਸ਼ ਕੌਰ ਨੇ ਉਨ੍ਹਾਂ ਨੂੰ 'ਖ਼ੂਨ ਦਾ ਬਦਲਾ ਖ਼ੂਨ' ਦੇ ਨਾਹਰੇ ਲਗਾਉਂਦੇ ਸੁਣਿਆ ਸੀ ਤੇ ਉਹ ਗਵਾਹੀ ਦੇਣ ਨੂੰ ਵੀ ਤਿਆਰ ਹਨ। ਜਗਦੀਸ਼ ਕੌਰ ਉਹ ਹਨ ਜਿਨ੍ਹਾਂ ਦੀ ਗਵਾਹੀ ਨੇ ਸੱਜਣ ਕੁਮਾਰ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦਿਵਾਈ ਹੈ। ਉਨ੍ਹਾਂ ਦੀ ਗਵਾਹੀ ਨੂੰ 34 ਸਾਲਾਂ ਵਿਚ ਦਬਾਉਣ ਦਾ ਯਤਨ ਹੀ ਕੀਤਾ ਗਿਆ।
Rajiv Gandhi ,Amitabh Bachchan
ਜਗਦੀਸ਼ ਕੌਰ ਨੂੰ ਡਰਾਉਣ-ਧਮਕਾਉਣ ਦਾ ਅਤੇ ਖ਼ਰੀਦਣ ਦਾ ਯਤਨ ਵੀ ਕੀਤਾ ਗਿਆ। ਪਰ ਉਨ੍ਹਾਂ ਨੇ ਇਕ ਵਾਰ ਵੀ ਹਿੰਮਤ ਨਾ ਹਾਰੀ। ਸਿਆਸਤਦਾਨਾਂ ਨੇ ਉਨ੍ਹਾਂ ਦਾ ਕਦੇ ਸਾਥ ਨਹੀਂ ਦਿਤਾ। ਸ਼੍ਰੋਮਣੀ ਕਮੇਟੀ ਵਲੋਂ ਵੀ ਕੋਈ ਸਮਰਥਨ ਨਹੀਂ ਮਿਲਿਆ। ਉਨ੍ਹਾਂ ਨਾਲ ਉਹੀ ਆਇਆ ਜਿਸ ਨੇ ਉਨ੍ਹਾਂ ਦਾ ਨਾਂ ਵਰਤ ਕੇ ਆਪ ਅਪਣੇ ਨਿਜ ਲਈ ਕੋਈ ਖੱਟੀ ਕਰਨੀ ਸੀ, ਪਰ ਉਸ ਨਿਡਰ ਔਰਤ ਨੇ ਅਪਣੇ ਕਦਮਾਂ ਨੂੰ ਪਿਛੇ ਨਾ ਹਟਾਇਆ।
File Photo
ਇਕ ਪਾਸੇ ਅਮਿਤਾਭ ਬੱਚਨ ਹੈ ਜੋ ਆਖਦਾ ਹੈ ਕਿ ਉਸ ਨੇ ਇਹ ਸ਼ਬਦ ਨਹੀਂ ਸਨ ਆਖੇ ਤੇ ਇਕ ਪਾਸੇ ਜਗਦੀਸ਼ ਕੌਰ ਹੈ ਜੋ ਗਵਾਹੀ ਦੇਣ ਨੂੰ ਤਿਆਰ ਹਨ ਕਿ ਇਸੇ ਬਾਲੀਵੁਡ ਅਦਾਕਾਰ ਨੇ ਇੰਦਰਾ ਗਾਂਧੀ ਦੇ ਖ਼ੂਨ ਦੇ ਬਦਲੇ ਸਿੱਖਾਂ ਦਾ ਖ਼ੂਨ ਮੰਗਿਆ ਸੀ ਭਾਵੇਂ ਅਪਣਿਆਂ ਨੂੰ ਜ਼ਿੰਦਾ ਸੜਦੇ, ਉਚੀਆਂ-ਉਚੀਆਂ ਇਮਾਰਤਾਂ ਨੂੰ ਵਾਰ-ਵਾਰ ਸੜਦੇ ਵੇਖਣ ਤੋਂ ਬਾਅਦ ਵੀ ਜਗਦੀਸ਼ ਕੌਰ ਨੇ ਕਦੇ ਕਿਸੇ ਦਾ ਖ਼ੂਨ ਨਹੀਂ ਮੰਗਿਆ।
jagdeesh Kaur
ਕਦੇ ਨਿਆਂ ਅਪਣੇ ਹੱਥਾਂ ਵਿਚ ਨਹੀਂ ਲਿਆ। ਅਪਣਿਆਂ ਦੇ ਮਾਰੇ ਜਾਣ ਦਾ ਦਰਦ ਉਹ 34 ਸਾਲ ਅਪਣੇ ਹਿਰਦੇ ਵਿਚ ਰੱਖ ਕੇ ਅਦਾਲਤਾਂ ਦੇ ਦਰਵਾਜ਼ੇ ਖਟਖਟਾਉਂਦੀ ਰਹੀ। ਅਮਿਤਾਭ ਬੱਚਨ 34 ਸਾਲ ਪਹਿਲਾਂ ਵੀ ਖ਼ੂਨ ਦਾ ਪਿਆਸਾ ਸੀ ਤੇ ਅੱਜ ਵੀ ਕਿਸੇ ਨੂੰ ਡਰਾਉਣ ਖ਼ਾਤਰ ਅਪਣੇ ਸਮਰਥਕਾਂ ਨੂੰ ਇਕ ਖ਼ੂਨੀ ਭੀੜ ਵਿਚ ਤਬਦੀਲ ਕਰਨਾ ਚਾਹੁੰਦਾ ਹੈ।
Amitabh Bachchan
ਸੋਸ਼ਲ ਮੀਡੀਆ ਦੀ ਬੜੀ ਨਿੰਦਾ ਹੁੰਦੀ ਹੈ। ਆਖਿਆ ਜਾਂਦਾ ਹੈ ਕਿ ਇਥੇ ਲੋਕ ਨਫ਼ਰਤ ਉਗਲਦੇ ਹਨ। ਅਮਿਤਾਭ ਬੱਚਨ ਨੂੰ ਮਰ ਜਾਣ ਦੀ ਬਦ-ਦੁਆ ਦੇਣ ਵਾਲਾ ਇਸੇ ਸੋਚ ਦਾ ਮਾਲਕ ਹੈ ਪਰ ਇਸ ਨਫ਼ਰਤ ਦੇ ਸਾਹਮਣੇ ਅਮਿਤਾਭ ਬੱਚਨ ਦਾ ਅਸਲੀ ਚਿਹਰਾ ਵੀ ਸਾਹਮਣੇ ਆ ਗਿਆ ਹੈ। ਐਕਟਰ ਅਮਿਤਾਭ ਬੱਚਨ ਦੇ ਅੰਦਰ ਦਾ ਹੈਵਾਨ 34 ਸਾਲ ਪਹਿਲਾਂ ਵੀ ਚੁੱਪ ਨਹੀਂ ਸੀ ਰਹਿ ਸਕਿਆ।
Amitabh Bachchan
ਨਕਲੀ ਨਾਇਕਾਂ ਨੂੰ ਅਰਥਾਤ ਅਸਲੀ ਨਾਇਕਾਂ ਦੀ ਨਕਲ ਉਤਾਰ ਸਕਣ ਵਾਲਿਆਂ ਨੂੰ ਲੋਕਾਂ ਨੇ ਸਚਮੁਚ ਦਾ ਹੀਰੋ ਹੀ ਮੰਨ ਲਿਆ। ਪਰ ਹੁਣ ਤਾਂ ਉਸ ਦਾ ਸੱਚ ਛੁਪਿਆ ਨਹੀਂ ਰਹਿ ਸਕਿਆ। ਇਕ ਇਕੱਲੇ ਵਿਰੋਧੀ ਵਿਰੁਧ ਵੀ 9 ਕਰੋੜ ਲੋਕਾਂ ਨੂੰ ਉਕਸਾ ਕੇ 'ਠੋਕ ਦੋ ਸਾਲੇ ਕੇ' ਕਹਿਣ ਵਾਲਾ, ਬੇਬਹਾ ਦੌਲਤ, ਰਸੂਖ਼ ਅਤੇ ਪ੍ਰਸਿੱਧੀ ਦੇ ਬਾਵਜੂਦ ਇਨਸਾਨੀਅਤ ਦਾ ਪੱਲੂ ਵੀ ਨਹੀਂ ਛੂਹ ਸਕਿਆ। ਰਾਵਣ ਵਰਗੇ ਕਈ ਹੋਏ ਹਨ ਜੋ ਅਪਣਾ ਅਸਲ ਰੂਪ ਛੁਪਾ ਕੇ 'ਹੀਰੋ' ਬਣੇ ਰਹਿੰਦੇ ਹਨ ਪਰ ਇਤਿਹਾਸ ਦੀ ਕੋਈ ਇਕ ਘਟਨਾ ਹੀ ਉਨ੍ਹਾਂ ਦੇ 'ਲਫ਼ਾਫ਼ੇ' ਦਾ ਪਟਾਕਾ ਵਜਾ ਦੇਂਦੀ ਹੈ। - ਨਿਮਰਤ ਕੌਰ