
ਪਿਛਲੇ ਹਫ਼ਤੇ ਜਦ ਰੂਸ ਵਲੋਂ ਯੂਕਰੇਨ ਨਾਲ ਛੇੜੀ ਜੰਗ ਨੂੰ ਛੇ ਮਹੀਨੇ ਪੂਰੇ ਹੋਏ ਤਾਂ ਉਸੇ ਸਮੇਂ ਯੂਕਰੇਨ ਨੂੰ ਰੂਸ ਤੋਂ ਵੱਖ ਹੋਏ ਨੂੰ ਵੀ 31 ਸਾਲ ਪੂਰੇ ਹੋ ਗਏ ਸਨ।
ਯੂਕਰੇਨ ਦਾ ਸਬਕ
ਸਾਡੀ ਲੜਾਈ ਅਪਣੇ ਦੇਸ਼ ਵਿਚ ਲੜਦੇ ਰਹੋ, ਅਸੀ ਹਥਿਆਰਾਂ ਦੀ ਕਮੀ ਨਹੀਂ ਆਉਣ ਦਿਆਂਗੇ
ਤੁਹਾਡੀ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੇ, ਵੱਖ ਵੱਖ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਤੁਹਾਡੇ ਦੋਸਤ ਹੋਣਗੇ ਪਰ ਅਸਲ ਵਿਚ ਤੁਹਾਡੀ ਬੀਮਾਰੀ ਵੇਲੇ, ਕਿੰਨੇ ਲੋਕ, ਅੱਧੀ ਰਾਤ ਨੂੰ ਤੁਹਾਨੂੰ ਹਸਪਤਾਲ ਵਿਚ ਲਿਜਾਣ ਲਈ ਬਿਸਤਰੇ ’ਚੋਂ ਨਿਕਲਣ ਲਈ ਤਿਆਰ ਹੋਣਗੇ? ਅੱਜ ਅਸੀ ਇਸ ਸੋਸ਼ਲ ਮੀਡੀਆ ਦੇ ਗ਼ੁਲਾਮ ਬਣ ਚੁਕੇ ਹਾਂ ਜਿਥੇ ਅਸੀ ਮਰਦੇ ਹੋਏ ਲੋਕਾਂ ਦੀਆਂ ਤਸਵੀਰਾਂ ਵਿਖਾ ਕੇ ਅਪਣਾ ਦੁੱਖ ਪ੍ਰਗਟਾਉਣ ਜਾਂ ਤਸਵੀਰ ਸਾਂਝੀ ਕਰਨ ਨੂੰ ਹੀ ਅਪਣਾ ਯੋਗਦਾਨ ਮੰਨ ਲੈਂਦੇ ਹਾਂ ਪਰ ਅਸਲ ਵਿਚ ਕਿਸੇ ਦੀ ਕੋਈ ਮਦਦ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਵਿਖਾਈ ਦੇਂਦੇ। ਸ਼ਾਇਦ ਇਹ ਹੀ ਦੁਨੀਆਂ ਦੇ ਅੰਤ ਦੀ ਸ਼ੁਰੂਆਤ ਹੈ ਕਿਉਂਕਿ ਜਦ ਇਨਸਾਨ ਵਿਚ ਹਮਦਰਦੀ ਇਸ ਦੁਨਿਆਵੀ ਪੱਧਰ ਤੇ ਮਰਦੀ ਨਜ਼ਰ ਆ ਰਹੀ ਹੋਵੇ ਤਾਂ ਅਫ਼ਗ਼ਾਨਿਸਤਾਨ/ਯੂਕਰੇਨ ਤੋਂ ਚਲੀਆਂ ਅੱਗਾਂ ਦੁਨੀਆਂ ਨੂੰ ਕਦੇ ਨਾ ਕਦੇ ਅਪਣੀ ਲਪੇਟ ਵਿਚ ਲੈ ਹੀ ਲੈਣਗੀਆਂ।
ਪਿਛਲੇ ਹਫ਼ਤੇ ਜਦ ਰੂਸ ਵਲੋਂ ਯੂਕਰੇਨ ਨਾਲ ਛੇੜੀ ਜੰਗ ਨੂੰ ਛੇ ਮਹੀਨੇ ਪੂਰੇ ਹੋਏ ਤਾਂ ਉਸੇ ਸਮੇਂ ਯੂਕਰੇਨ ਨੂੰ ਰੂਸ ਤੋਂ ਵੱਖ ਹੋਏ ਨੂੰ ਵੀ 31 ਸਾਲ ਪੂਰੇ ਹੋ ਗਏ ਸਨ। ਬਹੁਤ ਸੋਹਣੇ ਸ਼ਬਦ ਨਾ ਸਿਰਫ਼ ਯੂਕਰੇਨ ਦੇ ਰਾਸ਼ਟਰਪਤੀ ਦੇ ਮੂੰਹੋਂ ਨਿਕਲੇ ਬਲਕਿ ਦੁਨੀਆਂ ਦੇ ਦੂਜੇ ਵੱਡੇ ਆਗੂਆਂ ਨੇ ਵੀ ਯੂਕਰੇਨ ਦੇ ਦਰਦ ਦੀ ਘੜੀ ਵਿਚ ਅਪਣਾ ਸਮਰਥਨ ਦਿਤਾ। ਅਮਰੀਕਨ ਰਾਸ਼ਟਰਪਤੀ ਨੇ ਆਖਿਆ ਕਿ ਇਸ ਆਜ਼ਾਦੀ ਦਿਵਸ ਤੇ ਯੂਕਰੇਨ ਦਾ ਦੁਬਾਰਾ ਜਨਮ ਹੋਇਆ ਹੈ ਜਿਸ ਵਿਚ ਉਹ ਹੋਰ ਤਾਕਤਵਰ ਬਣ ਕੇ ਨਿਕਲਿਆ ਹੈ। ਔਖੀ ਘੜੀ ਦੇ ਇਮਤਿਹਾਨ ਨੂੰ ਛੋਟਾ ਜਿਹਾ ਦੇਸ਼ ਬੜੀ ਸਿਆਣਪ ਨਾਲ ਪਾਸ ਕਰ ਕੇ ਵਿਖਾ ਰਿਹਾ ਹੈ।
ਪਰ ਇਸ ਜੰਗ ਨੇ ਸਾਨੂੰ ਕੀ ਸਿਖਾਇਆ ਹੈ? ਤੁਸੀਂ ਵਿਸ਼ਵ ਜੰਗ ਯਾਦ ਕਰੋ ਜਾਂ ਜਰਮਨੀ ਦਾ ਘੱਲੂਘਾਰਾ, ਉਹ ਤਾਂ ਯਹੂਦੀਆਂ ਦਾ ਬੀਜ ਨਾਸ ਕਰਨ ਲਈ ਕੀਤਾ ਗਿਆ ਵਾਰ ਸੀ। ਜਰਮਨੀ ਅਪਣੇ ਆਸ ਪਾਸ ਦੇ ਦੇਸ਼ਾਂ ਨੂੰ ਹੀ ਕਾਬੂ ਕਰਨਾ ਚਾਹੁੰਦਾ ਸੀ। ਪਰ ਉਸ ਸਮੇਂ ਬਾਕੀ ਦੁਨੀਆਂ ਦੇ ਦੇਸ਼ਾਂ ਵਿਚ ਇਕ ਦੂਜੇ ਪ੍ਰਤੀ ਸੱਚੀ ਵੀ ਹਮਦਰਦੀ ਸੀ ਅਤੇ ਦੂਜਿਆਂ ਦੀ ਤਕਲੀਫ਼ ਪ੍ਰਤੀ ਚਿੰਤਾ ਵੀ ਸੀ। ਵਿਸ਼ਵ ਜੰਗ ਵਿਚ ਭਾਵੇਂ ਇੰਗਲੈਂਡ ਦੇ ਝੰਡੇ ਹੇਠ ਹੀ ਸਿੱਖ ਫ਼ੌਜੀ ਅਪਣਾ ਯੋਗਦਾਨ ਪਾਉਣ ਗਏ ਸਨ ਪਰ ਉਨ੍ਹਾਂ ਨੇ ਅਪਣੀ ਪੂਰੀ ਤਾਕਤ ਨਾਲ ਲੜਾਈ ਲੜੀ ਸੀ ਜਿਸ ਕਾਰਨ ਅੱਜ ਵੀ ਉਨ੍ਹਾਂ ਦੀ ਯਾਦਗਾਰ ਇੰਗਲੈਂਡ ਸਮੇਤ ਕਈ ਦੇਸ਼ਾਂ ਵਿਚ ਮੌਜੂਦ ਹੈ।
ਉਸ ਸਮੇਂ ਇੰਟਰਨੈੱਟ ਨਹੀਂ ਸੀ ਹੁੰਦਾ।
ਜਾਣਕਾਰੀ ਆਰਾਮ ਨਾਲ ਨਹੀਂ ਸੀ ਪਹੁੰਚਦੀ ਪਰ ਫਿਰ ਵੀ ਲੋਕਾਂ ਨੂੰ ਇਕ ਦੂਜੇ ਦਾ ਦਰਦ ਮਹਿਸੂਸ ਹੁੰਦਾ ਸੀ। ਜੰਗ ਵਿਚ ਫ਼ੌਜੀਆਂ ਵਾਸਤੇ ਔਰਤਾਂ ਅਪਣੇ ਗਹਿਣੇ ਤਕ ਉਤਾਰ ਭੇਜਦੀਆਂ ਸਨ ਭਾਵੇਂ ਉਨ੍ਹਾਂ ਦੀ ਤਸਵੀਰ ਕਿਸੇ ਨੇ ਫ਼ੇਸਬੁਕ ਜਾਂ ਇੰਸਟਾਗ੍ਰਾਮ ਤੇ ਨਹੀਂ ਸੀ ਪਾਉਣੀ ਹੁੰਦੀ ਕਿਉਂਕਿ ਕਿਸੇ ਨੂੰ ਉਹ ਜਾਣਦੇ ਵੀ ਨਹੀਂ ਸਨ ਹੁੰਦੇ। ਉਹ ਉਸ ਵੇਲੇ ਕੇਵਲ ਇਨਸਾਨੀਅਤ ਦੇ ਨਾਤੇ ਹੀ ਕੁੱਝ ਕਰਨਾ ਲੋਚਦੇ ਸਨ। ਪਰ ਅੱਜ ਤਗੜੀ ਤੇ ਭਾਰੀ ਭਰਕਮ ਸੰਯੁਕਤ ਰਾਸ਼ਟਰ ਦੇ ਹੋਣ ਦੇ ਬਾਵਜੂਦ ਸਾਨੂੰ ਇਨਸਾਨੀਅਤ ਘੱਟ ਹੀ ਵੇਖਣ ਨੂੰ ਮਿਲ ਰਹੀ ਹੈ।
ਅਮਰੀਕਾ ਐਨਾ ਜ਼ਿਆਦਾ ਅਸਲਾ ਭੇਜ ਰਿਹਾ ਹੈ ਕਿ ਯੂਕਰੇਨ ਸਦਾ ਲੜਦਾ ਹੀ ਰਹੇ। ਹਰ ਦੇਸ਼ ਅਪਣੀ ਸਮਰੱਥਾ ਮੁਤਾਬਕ ਯੂਕਰੇਨ ਨੂੰ ਅਸਲਾ ਭੇਜ ਅਪਣਾ ਪੱਲਾ ਝਾੜ ਰਿਹਾ ਹੈ ਤੇ ਦੂਜੇ ਪਾਸੇ ਸਾਰੇ ਅਪਣੀ ਆਰਥਕਤਾ ਨੂੰ ਮਜ਼ਬੂਤ ਕਰਨ ਲਈ ਰੂਸ ਤੋਂ ਸਸਤਾ ਤੇਲ ਖ਼ਰੀਦ ਰਹੇ ਹਨ। ਕੁਲ 15 ਕਰੋੜ ਲੋਕ ਬੇਘਰ ਹੋ ਚੁੱਕੇ ਹਨ। ਲੱਖਾਂ ਦੀ ਤਾਦਾਦ ਵਿਚ ਦੋਹਾਂ ਦੇਸ਼ਾਂ ਵਿਚ ਮੌਤਾਂ ਹੋ ਚੁਕੀਆਂ ਹਨ। ਪਰ ਇਸ ਜੰਗ ਦੇ ਖ਼ਾਤਮੇ ਦੀ ਕੋਈ ਗੱਲ ਹੀ ਸੁਣਾਈ ਨਹੀਂ ਦੇ ਰਹੀ ਕਿਉਂਕਿ ਅੱਜ ਦੇ ਸੋਸ਼ਲ ਮੀਡੀਆ ਵਾਂਗ ਦੁਨੀਆਂ ਇਕ ਵਿਖਾਵੇ ਵਾਲੀ ਬੇਢੰਗੀ ਚਾਲ ਹੀ ਚਲ ਰਹੀ ਹੈ।
ਤੁਹਾਡੀ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੇ, ਵੱਖ ਵੱਖ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਤੁਹਾਡੇ ਦੋਸਤ ਹੋਣਗੇ ਪਰ ਅਸਲ ਵਿਚ ਤੁਹਾਡੀ ਬੀਮਾਰੀ ਵੇਲੇ, ਕਿੰਨੇ ਲੋਕ, ਅੱਧੀ ਰਾਤ ਨੂੰ ਤੁਹਾਨੂੰ ਹਸਪਤਾਲ ਵਿਚ ਲਿਜਾਣ ਲਈ ਬਿਸਤਰੇ ’ਚੋਂ ਨਿਕਲਣਗੇ? ਅੱਜ ਅਸੀ ਇਸ ਸੋਸ਼ਲ ਮੀਡੀਆ ਦੇ ਗ਼ੁਲਾਮ ਬਣ ਚੁਕੇ ਹਾਂ ਜਿਥੇ ਅਸੀ ਮਰਦੇ ਹੋਏ ਲੋਕਾਂ ਦੀਆਂ ਤਸਵੀਰਾਂ ਵਿਖਾ ਕੇ ਅਪਣਾ ਦੁੱਖ ਪ੍ਰਗਟਾਉਣ ਜਾਂ ਤਸਵੀਰ ਸਾਂਝੀ ਕਰਨ ਨੂੰ ਹੀ ਅਪਣਾ ਯੋਗਦਾਨ ਮੰਨਦੇ ਹਾਂ ਪਰ ਅਸਲ ਵਿਚ ਕਿਸੇ ਦੀ ਕੋਈ ਮਦਦ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਵਿਖਾਈ ਦੇਂਦੇ। ਸ਼ਾਇਦ ਇਹ ਹੀ ਦੁਨੀਆਂ ਦੇ ਅੰਤ ਦੀ ਸ਼ੁਰੂਆਤ ਹੈ ਕਿਉਂਕਿ ਜਦ ਇਨਸਾਨ ਵਿਚ ਹਮਦਰਦੀ ਇਸ ਦੁਨਿਆਵੀ ਪੱਧਰ ਤੇ ਮਰਦੀ ਨਜ਼ਰ ਆ ਰਹੀ ਹੋਵੇ ਤਾਂ ਅਫ਼ਗ਼ਾਨਿਸਤਾਨ/ਯੂਕਰੇਨ ਤੋਂ ਚਲੀਆਂ ਅੱਗਾਂ ਦੁਨੀਆਂ ਨੂੰ ਕਦੇ ਨਾ ਕਦੇ ਅਪਣੀ ਲਪੇਟ ਵਿਚ ਲੈ ਹੀ ਲੈਣਗੀਆਂ।
-ਨਿਮਰਤ ਕੌਰ