
ਦਰਜ਼ੀ ਦੀ ਬੇਟੀ ਪਾਰਲੀਮੈਂਟ ਮੈਂਬਰ ਚੁਣੀ ਜਾ ਸਕਦੀ ਹੈ ਪਰ ਪਾਇਲ ਟਾਂਡਵੀ ਨੂੰ ਡਾਕਟਰੀ ਪੜ੍ਹ ਕੇ ਵੀ ਖ਼ੁਦਕੁਸ਼ੀ ਕਰਨੀ ਪੈਂਦੀ ਹੈ
14ਵੀਂ ਲੋਕ ਸਭਾ 'ਚ ਕੁੱਝ ਅਜਿਹੇ ਦਲਿਤ ਚਿਹਰੇ ਵੀ ਆ ਪਹੁੰਚੇ ਹਨ ਜਿਨ੍ਹਾਂ ਦੀ ਜ਼ਿੰਦਗੀ ਅਪਣੇ ਆਪ ਵਿਚ ਇਕ ਮਿਸਾਲ ਹੈ। ਕੇਰਲ ਤੋਂ 48 ਸਾਲ ਬਾਅਦ ਇਕ ਦਲਿਤ ਮਹਿਲਾ ਸੰਸਦ ਵਿਚ ਜਾ ਰਹੀ ਹੈ। ਦਲਿਤ ਹੋਣ ਦੇ ਨਾਲ ਉਹ ਇਕ ਮਹਿਲਾ ਵੀ ਹੈ ਜਿਸ ਕਾਰਨ ਉਨ੍ਹਾਂ ਤੋਂ ਪ੍ਰੇਰਿਤ ਹੋਣ ਵਾਲੇ ਕਾਫ਼ੀ ਲੋਕ ਹਨ। ਇਕ ਦਿਹਾੜੀਦਾਰ ਅਤੇ ਦਰਜ਼ੀ ਦੀ ਬੇਟੀ, ਕਿਸੇ ਖ਼ਾਸਮ-ਖ਼ਾਸ ਪ੍ਰਵਾਰ ਤੋਂ ਨਹੀਂ ਆਈ। ਇਸੇ ਤਰ੍ਹਾਂ ਅੰਬਾਲਾ ਤੋਂ ਸੰਸਦ ਮੈਂਬਰ ਰਤਨ ਲਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐਸ.ਸੀ. ਮੋਰਚੇ 'ਚ ਕਈ ਵਰ੍ਹਿਆਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਕੇਂਦਰੀ ਮੰਤਰਾਲੇ ਦੇ ਅਹਿਮ ਮੰਤਰੀ ਬਣਨਗੇ।
Ramya Haridas - MP from Kerala
ਜਦੋਂ ਇਨ੍ਹਾਂ ਦਲਿਤ ਪ੍ਰਤੀਨਿਧਾਂ ਨੂੰ ਵੇਖੀਦਾ ਹੈ ਅਤੇ ਫਿਰ ਡਾ. ਪਾਇਲ ਟਾਂਡਵੀ ਬਾਰੇ ਸੋਚੀਦਾ ਹੈ ਤਾਂ ਲਗਦਾ ਹੈ ਕਿ ਕਿੰਨੀਆਂ ਖੋਖਲੀਆਂ ਹਨ ਇਹ ਜਿੱਤਾਂ ਜੋ ਅੱਜ ਵੀ ਦਲਿਤਾਂ ਦੇ ਨਾਂ ਤੇ ਮੜ੍ਹੀ ਗੰਦਗੀ ਨੂੰ ਨਹੀਂ ਮਿਟਾ ਸਕੀਆਂ। ਪਾਇਲ ਟਾਂਡਵੀ ਮੁੰਬਈ ਦੇ ਹਸਪਤਾਲ 'ਚ ਡਾਕਟਰੀ ਕਰ ਰਹੀ ਸੀ ਅਤੇ ਅਪਣੇ ਤੋਂ ਵੱਡੇ ਡਾਕਟਰਾਂ ਦੀ ਦਲਿਤ ਵਿਰੋਧੀ ਨਫ਼ਰਤ ਕਾਰਨ ਏਨੀ ਪ੍ਰੇਸ਼ਾਨ ਹੋ ਗਈ ਕਿ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ। ਟਾਂਡਵੀ ਵਰਗ ਇਕ ਵੰਜਾਰਨ ਵਰਗ ਸੀ ਜਿਸ ਨੂੰ ਕਾਨੂੰਨ ਬਦਲਣ ਤੋਂ ਬਾਅਦ ਵੀ ਬੜੀਆਂ ਮੁਸੀਬਤਾਂ ਝਲਣੀਆਂ ਪਈਆਂ।
Payal Tadvi
ਪਾਇਲ ਤਾਂਡਵੀ ਬੜੀਆਂ ਮੁਸ਼ਕਲਾਂ ਤੋਂ ਬਾਅਦ ਡਾਕਟਰੀ ਦੀ ਡਿਗਰੀ ਹਾਸਲ ਕਰ ਸਕੀ ਸੀ ਅਤੇ ਅਪਣੇ ਇਲਾਕੇ ਵਿਚ ਜਾ ਕੇ ਅਪਣੇ ਪਤੀ ਨਾਲ ਹਸਪਤਾਲ ਖੋਲ੍ਹਣਾ ਚਾਹੁੰਦੀ ਸੀ। ਜਿਹੜੀ ਕੁੜੀ ਗ਼ਰੀਬੀ ਨਾਲ ਜੂਝਦੀ, ਸ਼ਹਿਰੀ ਕਾਲਜਾਂ ਦੇ ਪੜ੍ਹੇ ਬੱਚਿਆਂ ਨਾਲ ਮੁਕਾਬਲੇ ਵਿਚ ਬੈਠ ਕੇ ਡਾਕਟਰ ਬਣ ਗਈ, ਅੰਤ 'ਚ ਜਾਤੀਵਾਦੀ ਗਾਲੀ-ਗਲੋਚ ਤੋਂ ਹਾਰ ਗਈ।
Ambedkar
ਅੱਜ ਦੇ ਅੱਗੇ ਵਧਦੇ ਸਾਡੇ ਦਲਿਤ ਭੈਣ-ਭਰਾ ਕੋਈ ਅਨੋਖੇ ਨਹੀਂ ਹਨ। ਆਖ਼ਰ ਡਾ. ਅੰਬੇਡਕਰ ਤੋਂ ਉੱਚਾ ਕੌਣ ਹੋ ਸਕਦਾ ਹੈ? ਪਰ ਫਿਰ ਵੀ ਭਾਰਤੀ ਸਮਾਜ ਵਿਚ ਜਾਤ-ਪਾਤ ਦੀਆਂ ਲਕੀਰਾਂ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿਵਾ ਸਕੀਆਂ। ਭਾਰਤ ਦੇ ਪ੍ਰਧਾਨ ਮੰਤਰੀ ਆਪ ਆਖਦੇ ਹਨ ਕਿ ਉਹ ਪਛੜੀ ਜਾਤੀ ਤੋਂ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਭਾਰਤ 'ਚ ਪਿਆਰ ਮਿਲਿਆ ਹੈ, ਉਹ ਤਾਂ ਭਾਰਤ ਦੇ ਹਰ ਪਿਛੜੇ ਵਰਗ ਦੇ ਨਾਗਰਿਕ ਨੂੰ ਮਿਲਣਾ ਚਾਹੀਦਾ ਹੈ।
Amnesty International
ਪਰ ਪਿਆਰ ਜੋ ਸਿਰਫ਼ ਤਾਕਤਵਰ ਨੂੰ ਮਿਲਦਾ ਹੈ, ਉਹ ਇਕ ਆਮ ਗ਼ਰੀਬ ਦਲਿਤ ਨੂੰ ਨਹੀਂ ਮਿਲਦਾ। ਐਮਨੈਸਟੀ ਇੰਟਰਨੈਸ਼ਨਲ ਵਲੋਂ 2018 ਦੇ ਨਫ਼ਰਤੀ ਅਪਰਾਧਾਂ ਦਾ ਵੇਰਵਾ ਕਢਿਆ ਗਿਆ ਹੈ ਜਿਸ 'ਚੋਂ 65% ਅਪਰਾਧ ਦਲਿਤਾਂ ਵਿਰੁਧ ਸਨ। 87 ਦਲਿਤਾਂ ਨੂੰ ਇਸ ਕਰ ਕੇ ਕਤਲ ਕਰ ਦਿਤਾ ਗਿਆ ਕਿਉਂਕਿ ਉਹ ਦਲਿਤ ਸਨ। 33 ਦਲਿਤ ਔਰਤਾਂ ਦਾ ਬਲਾਤਕਾਰ ਉਨ੍ਹਾਂ ਦੀ ਜਾਤ ਕਰ ਕੇ ਹੋਇਆ ਅਤੇ ਇਹ ਸਿਰਫ਼ ਉਹ ਮਾਮਲੇ ਹਨ ਜਿਨ੍ਹਾਂ ਦੀ ਰੀਪੋਰਟ ਦਰਜ ਹੋਈ। 2013 ਤੋਂ ਲੈ ਕੇ 2019 ਵਿਚਕਾਰ 721 ਇਸ ਤਰ੍ਹਾਂ ਦੀਆਂ ਨਫ਼ਰਤ ਭਰੀਆਂ ਵਾਰਦਾਤਾਂ ਹੋ ਚੁਕੀਆਂ ਹਨ।
Payal Tadvi
ਪਾਇਲ ਤਾਂਡਵੀ ਦੀ ਖ਼ੁਦਕੁਸ਼ੀ ਪਿੱਛੇ ਤਿੰਨ ਮਹਿਲਾ ਡਾਕਟਰਾਂ ਦੇ ਤਾਅਨੇ ਸਨ ਜੋ ਉਸ ਨੂੰ ਹਰ ਦਿਨ ਕੋਸਦੀਆਂ ਸਨ ਕਿ ਉਸ ਨੂੰ ਦਲਿਤ ਹੋਣ ਦੇ ਨਾਤੇ ਡਾਕਟਰ ਬਣਨ ਦਾ ਹੱਕ ਹੀ ਨਹੀਂ ਹੈ। ਉਹ ਉਸ ਦੇ ਰਾਖਵੇਂਕਰਨ ਦੇ ਹੱਕ ਨੂੰ ਕੋਸਦੀਆਂ ਸਨ। ਇਹ ਤਿੰਨ ਮਹਿਲਾ ਡਾਕਟਰਾਂ ਚਾਹੁੰਦੀਆਂ ਸਨ ਕਿ ਉਹ ਦਲਿਤ ਅਪਣੀ ਪੜ੍ਹਾਈ ਛੱਡ ਕੇ ਵਾਪਸ ਚਲੀ ਜਾਵੇ। ਹੁਣ ਇਹ ਕਤਲ ਸਾਬਤ ਹੋਵੇਗਾ ਜਾਂ ਖ਼ੁਦਕੁਸ਼ੀ, ਉਹ ਬਾਅਦ ਦੀ ਗੱਲ ਹੈ। ਅਸਲ ਮੁਸ਼ਕਲ ਅੱਜ ਇਹ ਆ ਰਹੀ ਹੈ ਕਿ ਜਿਹੜੇ ਭਾਰਤੀ ਅਪਣੇ-ਆਪ ਨੂੰ ਕੁਲੀਨ ਵਰਗ ਦੇ ਸਮਝਦੇ ਹਨ, ਉਹ ਕਿਸੇ ਵੀ ਪਛੜੇ ਨੂੰ ਅੱਗੇ ਵਧਦਾ ਵੇਖ ਕੇ ਘਬਰਾ ਜਾਂਦੇ ਹਨ।
Dalit groom
ਕਿਸੇ ਦਲਿਤ ਨੂੰ ਘੋੜੀ ਉਤੇ ਬੈਠਾ ਵੇਖ ਕੇ ਉੱਚ ਜਾਤੀਆਂ ਨੂੰ ਗੁੱਸਾ ਆ ਜਾਂਦਾ ਹੈ। ਪੁਲਿਸ ਨੂੰ ਦਲਿਤ ਲਾੜੇ ਦੀ ਸੁਰੱਖਿਆ ਲਈ ਜਾਣਾ ਪੈਂਦਾ ਹੈ ਤਾਕਿ ਉਹ ਘੋੜੀ ਉਤੇ ਬੈਠ ਕੇ ਅਪਣੀ ਬਰਾਤ ਨੂੰ ਸਹੀ ਸਲਾਮਤ ਲੈ ਜਾਵੇ। ਇਹ ਸੱਭ ਵੇਖ ਕੇ ਸਾਫ਼ ਹੈ ਕਿ ਸਾਡੀ ਸਿਖਿਆ ਇਨਸਾਨੀਅਤ ਤੋਂ ਕੋਹਾਂ ਦੂਰ ਹੈ। ਇਹ ਜੋ ਤਿੰਨਾਂ ਡਾਕਟਰਾਂ ਨੇ ਇਕ ਦਲਿਤ ਨੂੰ ਮੌਤ ਦੇ ਘਾਟ ਉਤਾਰਿਆ ਹੈ, ਉਹ ਤਾਂ 'ਰੱਬ ਦਾ ਰੂਪ' ਮੰਨੇ ਜਾਣ ਵਾਲੇ ਪੇਸ਼ੇ ਵਿਚ ਹਨ, ਜਿਸ ਤੋਂ ਉਚੇਰੀ ਸਿਖਿਆ ਸ਼ਾਇਦ ਹੀ ਹੋਵੇ। ਜੇ ਸਿਖਿਆ ਅੰਧਵਿਸ਼ਵਾਸੀ ਅਤੇ ਪੁਰਾਤਨ ਦਰਾੜਾਂ ਤੋੜ ਕੇ ਨਹੀਂ ਸੁਟ ਸਕਦੀ ਤਾਂ ਇਸ ਦਾ ਲਾਭ ਹੀ ਕੀ ਹੈ?
Pic-1
ਭਾਰਤ ਦੀ 'ਉੱਚ ਜਾਤੀ' ਦੀ ਘਬਰਾਹਟ ਨੇ ਸਮਾਜ ਵਿਚ ਇਨ੍ਹਾਂ ਦਰਾੜਾਂ ਨੂੰ ਮਿਟਣ ਨਹੀਂ ਦੇਣਾ ਸਗੋਂ ਇਹ ਦਰਾੜਾਂ ਫੈਲਦੀਆਂ ਜਾ ਰਹੀਆਂ ਹਨ। ਜਿਹੜਾ ਪੰਜਾਬ ਇਸ ਸਾਲ ਬਾਬੇ ਨਾਨਕ ਦਾ 550 ਸਾਲਾ ਜਨਮਦਿਨ ਮਨਾ ਰਿਹਾ ਹੈ, ਉਸ ਦੇ ਪਿੰਡ ਪਿੰਡ 'ਚ ਜਾਤ-ਪਾਤ ਦੇ ਨਾਂ ਤੇ ਸ਼ਮਸ਼ਾਨ ਘਾਟ ਤੇ ਵਖਰੀਆਂ ਧਰਮਸ਼ਾਲਾਵਾਂ ਬਣਵਾਉਣ ਵਾਲਾ 'ਪੰਥਕ' ਅਕਾਲੀ ਦਲ ਹੀ ਸੀ। ਅਸੀ ਅਪਣੇ ਆਪ ਨੂੰ ਇਕ ਆਧੁਨਿਕ ਦੇਸ਼ ਅਖਵਾਉਣਾ ਚਾਹੁੰਦੇ ਹਾਂ ਪਰ ਆਧੁਨਿਕ ਦੇਸ਼ ਦਾ ਮਤਲਬ ਸਿਰਫ਼ ਤਕਨੀਕੀ ਮੁਹਾਰਤ ਨਹੀਂ ਹੁੰਦਾ। ਉਸ ਦਾ ਮਤਲਬ ਹੁੰਦਾ ਹੈ ਸੋਚ ਵਿਚ ਆਈ ਤਬਦੀਲੀ। ਭਾਰਤੀ ਸੋਚ ਵਿਚ ਮੌਜੂਦ ਊਚ-ਨੀਚ ਤਾਂ ਕਦੇ ਵੀ ਸਹੀ ਅਰਥਾਂ ਵਿਚ ਭਾਰਤ ਨੂੰ ਇਕ ਆਧੁਨਿਕ ਦੇਸ਼ ਨਹੀਂ ਬਣਨ ਦੇਵੇਗੀ। - ਨਿਮਰਤ ਕੌਰ