
ਜਿਸ ਵੋਟ ਦਾ ਹੱਕ ਲੈਣ ਵਾਸਤੇ ਖ਼ੂਨ ਦੇ ਦਰਿਆ ਵੱਗ ਚੁੱਕੇ ਹੋਣ, ਉਸ ਦੀ ਅਹਿਮੀਅਤ ਨੂੰ ਲੈ ਕੇ ਮਾਣ ਕਰਨ ਦਾ ਹੱਕ ਅੱਜ ਹਰ ਨਾਗਰਿਕ ਨੂੰ ਪ੍ਰਾਪਤ ਹੈ।
Editorial: ਕਲ ਦੇ ਦਿਨ ਪੰਜਾਬ ਵਿਚ ਵੀ ਵੋਟਾਂ ਪੈਣ ਜਾ ਰਹੀਆਂ ਹਨ। ਹੁਣ ਤਕ ਅਸੀ ਦੇਸ਼ ਦੀਆਂ ਚੋਣਾਂ ਵਿਚ ਜਿਹੜੀਆਂ ਵੋਟਾਂ ਪੈਂਦੇ ਵੇਖਦੇ ਆ ਰਹੇ ਹਾਂ, ਉਨ੍ਹਾਂ ਵਿਚ ਵੋਟ ਪਾਉਣ ਲਈ ਉਤਸ਼ਾਹ ਦੀ ਕਮੀ ਦੇਖੀ ਗਈ ਹੈ। ਇਕ ਤਾਂ ਮੌਸਮ ਦੀ ਗਰਮੀ ਤੇ ਦੂਜੇ ਪਾਸੇ ਹਰ ਮੰਚ ਤੋਂ ਜੋ ਜੋ ਕੁੱਝ ਆਖਿਆ ਗਿਆ, ਉਸ ’ਚੋਂ ਕੋਈ ਵੀ ਗੱਲ ਵੋਟਰ ਦੇ ਦਿਲ ਨੂੰ ਨਹੀਂ ਟੁੰਬਦੀ।
ਕਈ ਲੋਕਾਂ ਨਾਲ ਗੱਲਬਾਤ ਕਰ ਕੇ ਇਹੀ ਗੱਲ ਸਮਝ ਵਿਚ ਆਈ ਕਿ ਮੱਧ ਵਰਗ ਦਾ ਵੋਟਰ ਸਿਆਸਤਦਾਨ ਦੇ ਕਥਨਾਂ ਤੇ ਵਿਸ਼ਵਾਸ ਕਰਨਾ ਛੱਡ ਚੁੱਕਾ ਹੈ। ਸੱਭ ਨੂੰ ਜਾਪਦਾ ਹੈ ਕਿ ਅਪਣਾ ਕੰਮ ਕਰੋ, ਅਪਣੀ ਕਮਾਈ ਕਰੋ ਤੇ ਸਿਆਸਤ ਤੋਂ ਦੂਰ ਰਹੋ। ਪਰ ਜੇ ਇਹੀ ਸੋਚ ਅੱਜ ਤੋਂ 100 ਸਾਲ ਪਹਿਲਾਂ ਸਾਡੇ ਵੱਡੇ ਅਪਣਾਉਂਦੇ ਤਾਂ ਫਿਰ ਅੱਜ ਦੀ ਹਕੀਕਤ ਕੁੱਝ ਹੋਰ ਹੁੰਦੀ। ਉਨ੍ਹਾਂ ਦਾ ਆਜ਼ਾਦ ਹੋਣ ਦਾ ਸੁਪਨਾ ਸੀ ਜਿਸ ਵਾਸਤੇ ਲੱਖਾਂ ਦੇਸ਼-ਭਗਤਾਂ ਨੇ ਗ਼ੁਲਾਮੀ ਦੇ ਸੰਗਲ ਤੋੜਨ ਲਈ ਕਈ ਤਰ੍ਹਾਂ ਦਾ ਤਸ਼ੱਦਦ ਸਹਾਰਿਆ।
ਅੱਜ ਦੀ ਚੋਣ ਵਿਚ ਗ਼ੁਲਾਮੀ ਜਾਂ ਆਜ਼ਾਦੀ ਦਾ ਸਵਾਲ ਤਾਂ ਨਹੀਂ ਸੀ ਪਰ ਫਿਰ ਵੀ ਸਾਡੇ ਇਸ ਅਧਿਕਾਰ ਨੂੰ ਪ੍ਰਾਪਤ ਕਰਨ ਦੀ ਕੀਮਤ ਬੜੀ ਮਹਿੰਗੀ ਤਾਰਨੀ ਪਈ ਸੀ। ਜਿਸ ਤਰ੍ਹਾਂ ਇਕ ਨਵੀਂ ਨਵੇਲੀ ਵਿਆਹੁਤਾ ਅਪਣੀਆਂ ਬਾਹਾਂ ’ਚ ਚੂੜੇ ਪਾ ਕੇ ਅਪਣੀ ਸ਼ਾਨ ਮਹਿਸੂਸ ਕਰਦੀ ਹੈ, ਉਸੇ ਤਰ੍ਹਾਂ ਤੁਹਾਡੀ ਉਂਗਲ ’ਤੇ ਲੱਗੇ ਵੋਟ ਦੇ ਕਾਲੇ ਟਿੱਕੇ ’ਤੇ ਵੀ ਤੁਹਾਨੂੰ ਫ਼ਖ਼ਰ ਮਹਿਸੂਸ ਹੋਣਾ ਚਾਹੀਦਾ ਹੈ। ਭਾਵੇਂ ਤੁਹਾਡੀ ਵੋਟ ਦਾ ਤੁਹਾਨੂੰ ਅੱਜ ਸਿੱਧਾ ਅਸਰ ਨਾ ਦਿਸਦਾ ਹੋਵੇ, ਤੁਸੀ ਇਸ ਨੂੰ ਅਪਣੇ ਬਜ਼ੁਰਗਾਂ ਦੀ ਕੁਰਬਾਨੀ ਪ੍ਰਤੀ ਸ਼ਰਧਾਂਜਲੀ ਮੰਨ ਕੇ ਅਪਣਾ ਸ਼ੁਕਰਾਨਾ ਸਮਝ ਲਵੋ।
ਪੰਜਾਬ ਵਿਚ ਇਸ ਵਾਰ ਕਿਸ ਨੂੰ ਵੋਟ ਪਾਉਣੀ ਹੈ, ਇਸ ਦਾ ਫ਼ੈਸਲਾ ਕਰਨਾ ਬੜਾ ਔਖਾ ਹੈ। ਚਾਰ ਪਾਰਟੀਆਂ ਤੇ ਹਰ ਸੀਟ ’ਤੇ ਇਕ ਆਜ਼ਾਦ ਜਾਂ ਪੰਥਕ/ਪੰਜਾਬੀਅਤ ਦਾ ਪ੍ਰਤੀਕ ਮੁਕਾਬਲੇ ਤੇ ਖੜਾ ਹੈ। ਤੇ ਜਿਸ ਤਰ੍ਹਾਂ ਸਿਆਸਤਦਾਨਾਂ ਨੇ ਇਸ ਵਾਰ ਰਿਸ਼ਤੇ ਤੋੜੇ ਤੇ ਜੋੜੇ ਹਨ, ਕਈ ਪ੍ਰਵਾਰਾਂ ਵਿਚ ਉਲਝਣ ਪੈ ਚੁੱਕੀ ਹੈ। ਜਦ ਪ੍ਰਵਾਰ ਹੀ ਵੰਡੇ ਹੋਏ ਹਨ ਤਾਂ ਉਨ੍ਹਾਂ ਦੀ ਸਰਕਾਰ ਕੀ ਕਰ ਵਿਖਾਏਗੀ? ਜੋ ਲੋਕ ਪਾਰਟੀ ਨਾਲ ਜੁੜੇ ਹੋਏ ਹਨ, ਉਹ ਹੁਣ ਉਮੀਦਵਾਰ ਨਾਲ ਚਲਣਗੇ ਜਾਂ ਵਿਚਾਰਧਾਰਾਵਾਂ ਨਾਲ?
ਸਿਆਸਤਦਾਨ ਨੇ ਵੋਟਰ ਦੇ ਦਿਮਾਗ਼ ਵਿਚ ਡਰ ਅਤੇ ਨਫ਼ਰਤ ਨੂੰ ਉਭਾਰਨ ਦਾ ਐਸਾ ਯਤਨ ਕੀਤਾ ਹੈ ਕਿ ਉਹ ਅਪਣੇ ਵਾਸਤੇ ਸੋਚ ਹੀ ਨਾ ਸਕੇ। ਜਦ ਤੁਸੀ ਕਿਸੇ ਵੀ ਨੈਗੇਟਿਵ ਅਹਿਸਾਸ ਨੂੰ ਅੱਗੇ ਰੱਖ ਕੇ ਕੋਈ ਫ਼ੈਸਲਾ ਕਰੋਗੇ ਤਾਂ ਫਿਰ ਤੁਹਾਡਾ ਫ਼ੈਸਲਾ ਗ਼ਲਤ ਹੀ ਸਾਬਤ ਹੋਵੇਗਾ।
ਜਿਸ ਵੋਟ ਦਾ ਹੱਕ ਲੈਣ ਵਾਸਤੇ ਖ਼ੂਨ ਦੇ ਦਰਿਆ ਵੱਗ ਚੁੱਕੇ ਹੋਣ, ਉਸ ਦੀ ਅਹਿਮੀਅਤ ਨੂੰ ਲੈ ਕੇ ਮਾਣ ਕਰਨ ਦਾ ਹੱਕ ਅੱਜ ਹਰ ਨਾਗਰਿਕ ਨੂੰ ਪ੍ਰਾਪਤ ਹੈ। ਸਾਰੇ ਨਕਾਰਾਤਮਕ ਪੱਖਾਂ ਨੂੰ ਪਾਸੇ ਰੱਖ ਕੇ ਅੱਜ ਸਿਰਫ਼ ਤੇ ਸਿਰਫ਼ ਪੰਜਾਬ ਅਤੇ ਦੇਸ਼ ਪ੍ਰਤੀ ਪਿਆਰ, ਸਤਿਕਾਰ ਨੂੰ ਸਾਹਮਣੇ ਰੱਖ ਕੇ ਫ਼ੈਸਲਾ ਕਰੋ। ਤੱਥਾਂ ਨੂੰ ਸ਼ਾਂਤੀ ਨਾਲ ਟਟੋਲੋ, ਉਮੀਦਵਾਰਾਂ ਦੇ ਚਰਿੱਤਰ ਨੂੰ ਪਰਖੋ, ਚੰਗੇ ਕਿਰਦਾਰ ਨੂੰ ਅਹਿਮੀਅਤ ਦੇਵੋ। ਪਹਿਲਾਂ ਸਮਝੋ ਕੌਣ ਨੌਟੰਕੀ ਕਰ ਰਿਹੈ, ਤੁਹਾਨੂੰ ਮਿੱਠੀਆਂ ਗੱਲਾਂ ਵਿਚ ਕੌਣ ਉਲਝਾ ਰਿਹਾ ਹੈ ਤੇ ਕੌਣ ਸੱਚਾ ਹੈ, ਭਾਵੇਂ ਕੌੜਾ ਵੀ ਕਿਉਂ ਨਾ ਹੋਵੇ। ਸਾਡੇ ਸੂਬੇ ਕੋਲ ਸਿਰਫ਼ 13 ਸੀਟਾਂ ਹਨ ਸੋ ਹਰ ਇਕ ਦੀ ਆਵਾਜ਼ ਸਿਆਣੀ ਤੇ ਅਸਰਦਾਰ ਹੋਣੀ ਚਾਹੀਦੀ ਹੈ, ਐਸੀਆਂ ਆਵਾਜ਼ਾਂ ਜਿਨ੍ਹਾਂ ਨੂੰ ਸੁਣਨ ਵਾਸਤੇ ਪਾਰਲੀਮੈਂਟ ਮਜਬੂਰ ਹੋ ਜਾਵੇ। ਉਹ ਜੋ ਅਪਣੇ ਨਿਜੀ ਤਾਕਤ ਵਾਸਤੇ ਨਹੀਂ ਬਲਕਿ ਸਿਰਫ਼ ਤੇ ਸਿਰਫ਼ ਪੰਜਾਬ ਦੇ ਹੱਕਾਂ ਵਾਸਤੇ ਤੁਹਾਡੀ ਆਵਾਜ਼ ਬਣਨ ਦੇ ਕਾਬਲ ਹੋਣ। ਅੱਜ ਦੀ ਵੋਟ ਸਿਰਫ਼ ਤੇ ਸਿਰਫ਼ ਪੰਜਾਬ ਦੇ ਭਲੇ ਵਾਸਤੇ।
- ਨਿਮਰਤ ਕੌਰ