ਹਵਾ ਗੁਣਵੱਤਾ ਕਮਿਸ਼ਨ ਨੇ ਵੀ ਸਥਿਤੀ ਦਾ ਲਿਆ ਸਖ਼ਤ ਨੋਟਿਸ
ਪੰਜਾਬ ਭਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦੀ ਥਾਂ ਹੋਰ ਰਫ਼ਤਾਰ ਫੜਦਾ ਜਾ ਰਿਹਾ ਹੈ। ਬੀਤੇ 48 ਘੰਟਿਆਂ ਅੰਦਰ ਪਰਾਲੀ ਸਾੜਨਾ ਦੇ 500 ਤੋ ਵਧ ਮਾਮਲੇ ਦਰਜ ਹੋਏ ਹਨ। ਕੁਲ ਅੰਕੜਾ 1500 ਤਕ ਪਹੁੰਚ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦੀਵਾਲੀ ਤੋਂ ਬਾਅਦ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਪਿਛਲੇ 12 ਦਿਨਾਂ ਵਿਚ (18 ਤੋਂ 30 ਅਕਤੂਬਰ ਦਰਮਿਆਨ) 1,210 ਮਾਮਲੇ (85 ਫ਼ੀ ਸਦੀ) ਰਿਪੋਰਟ ਕੀਤੇ ਗਏ ਹਨ। ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ 48 ਨਵੇਂ ਮਾਮਲਿਆਂ ਨਾਲ ਸੂਚੀ ਵਿਚ ਸਿਖਰ ’ਤੇ ਹੈ। ਇਸ ਤੋਂ ਬਾਅਦ ਜ਼ਿਮਨੀ ਚੋਣਾਂ ਵਾਲੇ ਤਰਨ ਤਾਰਨ (34), ਫ਼ਿਰੋਜ਼ਪੁਰ (32), ਬਠਿੰਡਾ (16), ਅਤੇ ਅੰਮ੍ਰਿਤਸਰ ਅਤੇ ਮੁਕਤਸਰ (13-13) ਹਨ। ਹੁਣ ਤਕ ਸੂਬੇ ਵਿਚ ਖੇਤਾਂ ’ਚ ਪਰਾਲੀ ਸਾੜਨ ਦੇ ਬਹੁਤੇ ਮਾਮਲੇ ਤਰਨ ਤਾਰਨ (330), ਸੰਗਰੂਰ (218), ਅੰਮ੍ਰਿਤਸਰ (186), ਅਤੇ ਫ਼ਿਰੋਜ਼ਪੁਰ (155) ਵਿਚ ਸਾਹਮਣੇ ਆਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਦੇ ਹੋਏ 25 ਅਕਤੂਬਰ ਤੋਂ ਹੁਣ ਤਕ 135 ਐਫ਼ਆਈਆਰ ਦਰਜ ਕੀਤੀਆਂ ਹਨ ਅਤੇ 156 ਰੈੱਡ ਐਂਟਰੀਆਂ ਕੀਤੀਆਂ ਹਨ। ਇਸ ਸੀਜ਼ਨ ਵਿਚ ਕੁੱਲ 376 ਐਫ਼ਆਈਆਰ ਅਤੇ 432 ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਨੇ 24 ਲੱਖ ਰੁਪਏ ਤੋਂ ਵੱਧ ਦਾ ਵਾਤਾਵਰਣ ਮੁਆਵਜ਼ਾ ਵੀ ਲਗਾਇਆ ਹੈ, ਜਿਸ ਵਿਚੋਂ ਹੁਣ ਤਕ 15 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁਕੀ ਹੈ। ਪੰਜਾਬ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ ਦਾ ਹਵਾ ਗੁਣਵਤਾ ਕਮਿਸ਼ਨ ਨੇ ਵੀ ਸਖ਼ਤ ਨੋਟਿਸ ਲਿਆ ਹੈ ਅਤੇ ਚੰਡੀਗੜ੍ਹ ਵਿਚ ਇਕ ਮੀਟਿੰਗ ਕਰ ਕੇ ਸਥਿਤੀ ’ਤੇ ਵਿਚਾਰ ਚਰਚਾ ਬਾਅਦ ਸਰਕਾਰ ਨੂੰ ਕੁੱਝ ਨਿਰਦੇਸ਼ ਦਿਤੇ ਹਨ ਅਤੇ ਕਿਸਾਨ ਨੂੰ ਵੀ ਪਰਾਲੀ ਨਾ ਸਾੜਨ ਲਈ ਅਪੀਲ ਕੀਤੀ ਹੈ।
