Editorial: ‘ਬੰਦੀ ਛੋੜ’ ਦਿਵਸ ਤੇ ਦੀਵਾਲੀ ਮੌਕੇ ਮਨਾਂ ’ਚ ਸਮਾਜਕ ਤੇ ਵਿਗਿਆਨਕ ਜਾਗਰੂਕਤਾ ਦੇ ਦੀਵੇ ਬਾਲਣ ਦੀ ਲੋੜ
Published : Oct 31, 2024, 8:02 am IST
Updated : Oct 31, 2024, 8:02 am IST
SHARE ARTICLE
The need to light the lamps of social and scientific awareness in the minds on the occasion of 'Bandi Chhod' day and Diwali
The need to light the lamps of social and scientific awareness in the minds on the occasion of 'Bandi Chhod' day and Diwali

Editorial: ਬੰਦੀਛੋੜ ਦਿਵਸ ਸਾਨੂੰ ਦੁਨੀਆ ਦੇ ਹਰ ਕਿਸਮ ਦੇ ਬੰਧਨਾਂ ਤੋਂ ਮੁਕਤੀ ਦਾ ਸੁਨੇਹਾ ਵੀ ਦਿੰਦਾ ਹੈ

 

Editorial:  ‘ਰੋਜ਼ਾਨਾ ਸਪੋਕਸਮੈਨ’ ਦੇ ਪਾਠਕਾਂ ਤੇ ਸਮੁੱਚੀ ਸਾਧ-ਸੰਗਤ ਨੂੰ ਅੱਜ ‘ਬੰਦੀ ਛੋੜ’ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ। ਅੱਜ ਦੇ ਹੀ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁਜੇ ਸਨ ਤੇ ਗੁਰੂ ਕੀ ਨਗਰੀ ਦੇ ਵਾਸੀਆਂ ਨੇ ਘਿਉ ਦੇ ਦੀਵੇ ਬਾਲ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ। ਦਰਅਸਲ, ਉਸ ਵੇਲੇ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਦੀ ਨਿੱਤ ਵਧਦੀ ਜਾ ਰਹੀ ਫ਼ੌਜੀ ਤਾਕਤ ਤੋਂ ਘਬਰਾ ਗਿਆ ਸੀ।
ਇਸੇ ਲਈ ਉਸ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਨਜ਼ਰਬੰਦ ਕਰਵਾ ਦਿਤਾ ਸੀ। ਬਾਅਦ ’ਚ ਜਦੋਂ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਤਾਂ ਗੁਰੂ ਜੀ ਨੇ ਸ਼ਰਤ ਰੱਖ ਦਿਤੀ ਕਿ ਉਨ੍ਹਾਂ ਨਾਲ ਕੈਦੀ ਬਣਾ ਕੇ ਰੱਖੇ 52 ਰਾਜਿਆਂ ਨੂੰ ਵੀ ਰਿਹਾਅ ਕਰਨਾ ਹੋਵੇਗਾ। ਆਖ਼ਰ ਜਹਾਂਗੀਰ ਨੂੰ ਗੁਰੂ ਜੀ ਦੀ ਇਹ ਸ਼ਰਤ ਪ੍ਰਵਾਨ ਕਰਨੀ ਪਈ ਤੇ ਇੰਝ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ‘ਬੰਦੀਛੋੜ ਦਾਤਾ’ ਅਖਵਾਏ। ਇਸੇ ਲਈ ਗਵਾਲੀਅਰ ਸਥਿਤ ਗੁਰਦਵਾਰਾ ਸਾਹਿਬ ਦਾ ਨਾਂਅ ਵੀ ‘ਬੰਦੀਛੋੜ ਦਾਤਾ’ ਹੀ ਹੈ।
ਬੰਦੀਛੋੜ ਦਿਵਸ ਸਾਨੂੰ ਦੁਨੀਆ ਦੇ ਹਰ ਕਿਸਮ ਦੇ ਬੰਧਨਾਂ ਤੋਂ ਮੁਕਤੀ ਦਾ ਸੁਨੇਹਾ ਵੀ ਦਿੰਦਾ ਹੈ। ਤਦ ਤੋਂ ਹੀ ਕਹਾਵਤ ‘ਦਾਲ-ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ’ ਵੀ ਪ੍ਰਸਿੱਧ ਹੋਈ। ਰਿਹਾਈ ਤੋਂ ਬਾਅਦ ਜਿਸ ਦਿਨ ਗੁਰੂ ਸਾਹਿਬ ਰਿਹਾਅ ਹੋ ਕੇ ਪਰਤੇ ਸਨ, ਉਸ ਦਿਨ ਦੀਵਾਲੀ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਸੀ। ਹਿੰਦੂ ਧਰਮ-ਗ੍ਰੰਥਾਂ ਅਨੁਸਾਰ ਇਸੇ ਦਿਨ ਸ੍ਰੀਰਾਮ, ਸੀਤਾ ਜੀ ਤੇ ਲਕਸ਼ਮਣ ਜੀ 14 ਸਾਲਾਂ ਦਾ ਵਣਵਾਸ ਕੱਟ ਕੇ ਅਯੁਧਿਆ ਪਰਤੇ ਸਨ। ਇੰਜ ਅੱਜ ਦੇ ਦਿਹਾੜੇ ਦੀ ਸਮਾਜਕ ਖ਼ੁਸ਼ੀ ਸੁਭਾਵਕ ਤੌਰ ’ਤੇ ਦੂਣ-ਸਵਾਈ ਹੋ ਜਾਂਦੀ ਹੈ। 
ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਜਿਥੇ ਹਨੇਰੇ ਨੂੰ ਚਾਨਣ ਰੂਪ ਬਖ਼ਸ਼ ਦਿੰਦਾ ਹੈ ਤਿਵੇਂ ਹੀ ਸਾਨੂੰ ਅਪਣੇ ਮਨਾਂ ’ਚ ਜਾਗਰੂਕਤਾ ਦੇ ਦੀਪ ਬਾਲਣ ਦੀ ਪ੍ਰੇਰਨਾ ਵੀ ਦਿੰਦਾ ਹੈ। ਅੱਜ ਦੇ ਦਿਨ ਮਨਾਂ ਦੀ ਮੈਲ, ਈਰਖਾ ਦਾ ਖ਼ਾਤਮਾ ਕਰ ਕੇ ਆਪਸੀ ਪਿਆਰ, ਭਾਈਚਾਰੇ, ਸਮਾਜਕ ਏਕਤਾ ਤੇ ਅਖੰਡਤਾ ਨੂੰ ਵਧਾਉਣ ਦਾ ਸੰਕਲਪ ਲੈਣ ਦੀ ਲੋੜ ਹੈ। ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ.. ਗੁਰਮੁਖ ਸੁਖਫਲ ਦਾਤ ਸਬਦ ਸਮਾਲੀਅਨਿ’। ਦੀਵਾਲੀ ਦੇ ਸਿਰਫ਼ ਕੁੱਝ ਚਿਰ ਲਈ ਬਲਦੇ ਦੀਵਿਆਂ ਤੇ ਕਰਮ-ਕਿਰਿਆਵਾਂ ਨਾਲੋਂ ਗੁਰਮੁਖ ਦਾ ਚਿਰੰਜੀਵੀ ਹਿਰਦੇ ਦਾ ਸੁਖਮਈ ਪ੍ਰਕਾਸ਼ ਅਕਹਿ ਤੇ ਅਸੀਮ ਹੈ।
ਸਾਰੇ ਗੁਰੂ ਸਾਹਿਬਾਨ ਨੇ ਸਦਾ ਸੱਭ ਨੂੰ ਅਪਣੇ ਮੱਥੇ ਦੇ ਦੀਵੇ ਬਾਲਣ ਭਾਵ ਸਦਾ ਜਾਗਰੂਕ ਹੋਣ ਤੇ ਰਹਿਣ ਦੀ ਹੀ ਜਾਚ ਸਿਖਾਈ ਹੈ। ਹੋਰਨਾਂ ਸਾਰੇ ਧਰਮਾਂ ਤੇ ਧਾਰਮਕ ਵਿਸ਼ਵਾਸਾਂ ਦੇ ਮੁਕਾਬਲੇ ਸਿੱਖ ਧਰਮ ਨਵਾਂ-ਨਕੋਰ ਹੈ, ਇਸੇ ਲਈ ਪੂਰੀ ਤਰ੍ਹਾਂ ਵਿਵਹਾਰਕ ਤੇ ਵਿਗਿਆਨਕ ਲੀਹਾਂ ’ਤੇ ਆਧਾਰਤ ਹੈ। ਇਸੇ ਲਈ ਅੱਜ ਦੇ ਦਿਹਾੜੇ ਦੀ ਸਾਰਥਕਤਾ ਅਪਣੇ ਹਿਰਦੇ ਰੂਪੀ ਦੀਪਕ ਨੂੰ ਗੁਰੂ-ਗਿਆਨ ਨਾਲ ਰੁਸ਼ਨਾਉਣ, ਪਰਉਪਕਾਰ ਦਾ ਸਦਗੁਣ ਧਾਰਨ ਕਰਨ ਤੇ ਅਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦੇ ਉਦਮਾਂ ਵਿਚ ਹੀ ਨਿਹਿਤ ਹੈ।
ਜੇ ਭਾਈ ਗੁਰਦਾਸ ਜੀ ਨੇ ਦੀਵਾਲੀ ਦੇ ਕਰਮ-ਕਾਂਡੀ ਰੂਪ ਦੀ ਨਿਰਾਰਥਕਤਾ ਉਘਾੜੀ ਹੈ, ਤਾਂ ਲਾਸਾਨੀ ਮਹਾਨਤਾ ਤੇ ਵਿਲੱਖਣਤਾ ਕਾਰਣ ‘ਬੰਦੀ ਛੋੜ ਦਿਵਸ’ ਸਿੱਖ ਸਭਿਆਚਾਰ ਦੇ ਅਟੁੱਟ ਅੰਗ ਵਜੋਂ ਪ੍ਰਵਾਨ ਚੜਿ੍ਹਆ ਹੈ। ਸਚਮੁਚ ਇਹ ਦਿਹਾੜਾ ਸਿੱਖਾਂ ਲਈ ਪ੍ਰੇਰਨਾਦਾਇਕ ਹੈ ਤੇ ਦੀਵਾਲੀ ਦੇ ਰਵਾਇਤੀ ਤਿਉਹਾਰ ਨੂੰ ਨਿਵੇਕਲੀ ਸਿਧਾਂਤਕ ਤੇ ਇਤਿਹਾਸਕ ਦਿੱਖ ਪ੍ਰਦਾਨ ਕਰਦਾ ਹੈ। ਇਸ ਦਿਨ ਸੂਰਬੀਰ ਸਿੰਘਾਂ ਤੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਭਾਈ ਮਨੀ ਸਿੰਘ ਜੀ ਨੇ 1733 ਈਸਵੀ ਦੇ ਬੰਦੀਛੋੜ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਸਿੱਖ ਸੰਗਤ ਦਾ ਵੱਡਾ ਇਕੱਠ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਇਸ ਲਈ ਉਨ੍ਹਾਂ ਉਦੋਂ ਦੇ ਨਵਾਬ ਜ਼ਕਰੀਆ ਖ਼ਾਨ ਨੂੰ 5,000 ਰੁਪਏ ਦਾ ਵਿਸ਼ੇਸ਼ ਟੈਕਸ ਅਦਾ ਕਰ ਕੇ ਉਸ ਇਕੱਠ ਲਈ ਖ਼ਾਸ ਇਜਾਜ਼ਤ ਲਈ ਸੀ।
ਪਰ ਸ਼ਾਤਿਰ ਕਿਸਮ ਦੇ ਉਸ ਨਵਾਬ ਨੇ ਉਸ ਇਕੱਠ ’ਤੇ ਹਮਲਾ ਕਰ ਕੇ ਸਿੰਘਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜ ਲਈ ਸੀ। ਭਾਈ ਸਾਹਿਬ ਨੂੰ ਇਸ ਦੀ ਸੂਹ ਮਿਲ ਗਈ ਤੇ ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਤੋਂ ਪਹਿਲਾਂ ਹੀ ਵਰਜ ਦਿਤਾ। ਪਰ ਕਾਜ਼ੀ ਦੇ ਫ਼ਤਵੇ ਦੇ ਆਧਾਰ ’ਤੇ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿਤਾ ਗਿਆ। ਇੰਜ ਇਸ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਜੁੜ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement