
ਟਰੰਪ ਖ਼ੁਦ ਨੂੰ ਅਮਨ ਦਾ ਸਫ਼ੀਰ ਸਾਬਤ ਕਰਨ 'ਤੇ ਤੁਲੇ ਹੋਏ ਹਨ। ਉਹ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਉਹ ਨੋਬੇਲ ਅਮਨ ਪੁਰਸਕਾਰ ਦੇ ਦਾਅਵੇਦਾਰ ਹਨ
Trump's peace diplomacy likely to succeed Editorial: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਅਤੇ ਫਿਰ ‘ਨਾਟੋ’ ਸੰਧੀ ਦੇ ਮੈਂਬਰ ਦੇਸ਼ਾਂ ਦੇ ਉੱਚ-ਅਖਤਿਆਰੀ ਵਫ਼ਦ ਨਾਲ ਵਾਰਤਾਲਾਪ ਤੋਂ ਰੂਸ-ਯੂਕਰੇਨ ਜੰਗ ਰੁਕਣ ਦੀ ਉਮੀਦ ਪੈਦਾ ਹੋਈ ਹੈ ਜੋ ਕਿ ਅਪਣੇ ਆਪ ਵਿਚ ਇਕ ਚੰਗਾ ਸ਼ਗਨ ਹੈ। ਸੋਮਵਾਰ ਨੂੰ ਇਨ੍ਹਾਂ ਮੀਟਿੰਗਾਂ ਤੋਂ ਮਗਰੋਂ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਫ਼ੋਨ ’ਤੇ ਗੱਲਬਾਤ ਕੀਤੀ। ਦਿਨ ਭਰ ਦੀ ਅਜਿਹੀ ਸਰਗਰਮੀ ਤੋਂ ਬਾਅਦ ਵਾਈਟ ਹਾਊਸ ਦੇ ਤਰਜਮਾਨ ਨੇ ਸੰਕੇਤ ਦਿਤਾ ਕਿ ਅਮਰੀਕੀ ਰਾਸ਼ਟਰਪਤੀ ਦੇ ਦਖ਼ਲ ਨਾਲ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਦਰਮਿਆਨ ਪੂਤਿਨ ਤੇ ਜ਼ੇਲੈਂਸਕੀ ਦਰਮਿਆਨ ਸਿੱਧੀ ਜਾਂ ਟਰੰਪ ਦੀ ਹਾਜ਼ਰੀ ਵਾਲੀ ਤਿੰਨ-ਧਿਰੀ ਮੀਟਿੰਗ ਸੰਭਵ ਹੋ ਸਕਦੀ ਹੈ।
ਮਹਿਜ਼ ਇਕ ਦਿਨ ਦੇ ਅੰਦਰ ਇਸ ਕਿਸਮ ਦੀ ਪ੍ਰਗਤੀ, ਯੂਰੋਪ ਵਿਚ ਕਸ਼ੀਦਗੀ ਘਟਣ ਅਤੇ ਅਮਨ ਚੈਨ ਕਾਇਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਕਰਨ ਵਾਲੀ ਹੈ। ਟਰੰਪ ਤੇ ਪੂਤਿਨ ਦਰਮਿਆਨ ਸ਼ਨਿਚਰਵਾਰ ਨੂੰ ਅਲਾਸਕਾ ਵਿਚ ਹੋਈ ਸਿਖ਼ਰ ਵਾਰਤਾ ਨੂੰ ਭਾਵੇਂ ਬਹੁਤੇ ਕੌਮਾਂਤਰੀ ਮਾਹਿਰਾਂ ਨੇ ‘ਅਸਫ਼ਲ’ ਕਰਾਰ ਦਿਤਾ ਸੀ, ਫਿਰ ਵੀ ਉਸ ਮੀਟਿੰਗ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਰੂਸੀ ਰਾਸ਼ਟਰਪਤੀ, ਯੂਕਰੇਨ ਨਾਲ ਜੰਗ ਮੁਕਾਉਣ ਹਿੱਤ ਅਪਣੀਆਂ ਸ਼ਰਤਾਂ ਨੂੰ ਨਰਮ ਬਣਾਉਣ ਦੀ ਰੌਂਅ ਵਿਚ ਹਨ। ਦੂਜੇ ਪਾਸੇ, ਟਰੰਪ ਨੇ ਇਹ ਪ੍ਰਭਾਵ ਦਿਤਾ ਸੀ ਕਿ ਯੂਕਰੇਨ ਵਲੋਂ ਝੁਕਣ ਦੇ ਬਾਵਜੂਦ ਉਸ ਮੁਲਕ ਦੀ ਭਵਿੱਖਮੁਖੀ ਸੁਰੱਖਿਆ ਦੀ ਗਾਰੰਟੀ ਦੇਣ ਲਈ ਉਹ ਤਿਆਰ ਨਹੀਂ। ਪਰ ਜ਼ੇਲੈਂਸਕੀ ਨਾਲ ਸੋਮਵਾਰ ਵਾਲੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਅਪਣਾ ਰੁਖ਼ ਬਦਲ ਲਿਆ।
ਉਨ੍ਹਾਂ ਕਿਹਾ ਕਿ ਉਹ ਯੂਕਰੇਨ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗਾਰੰਟੀ ਦੇਣ ਵਾਸਤੇ ਤਿਆਰ ਹਨ ਭਾਵੇਂ ਕਿ ਅਮਰੀਕਾ ਸਿੱਧੇ ਤੌਰ ’ਤੇ ਇਸ ਅਮਲ ਵਿਚ ਸ਼ਰੀਕ ਨਹੀਂ ਹੋਵੇਗਾ; ਇਹ ਸੁਰੱਖਿਆ ਯੂਰੋਪੀਅਨ ਯੂਨੀਅਨ (ਈ.ਯੂ) ਜਾਂ ‘ਨਾਟੋ’ ਦੇਸ਼ਾਂ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਇਸ ਵਾਅਦੇ ਲਈ ਜ਼ੇਲੈਂਸਕੀ ਵਲੋਂ ਟਰੰਪ ਦਾ ਫ਼ੌਰੀ ਧਨਵਾਦ ਕਰਨਾ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਸਟੈਂਡ ਉੱਤੇ ਇਤਰਾਜ਼ ਨਹੀਂ। ਉਹ ਯੂਕਰੇਨ ਦੀ ਸਥਾਈ ਸੁਰੱਖਿਆ ਚਾਹੁੰਦੇ ਹਨ, ਇਹ ਅਮਰੀਕਾ ਚਾਹੇ ਸਿੱਧੇ ਢੰਗ ਨਾਲ ਮੁਹੱਈਆ ਕਰਵਾਏ ਜਾਂ ਅਸਿੱਧੇ ਢੰਗ ਨਾਲ।
ਟਰੰਪ ਖ਼ੁਦ ਨੂੰ ਅਮਨ ਦਾ ਸਫ਼ੀਰ ਸਾਬਤ ਕਰਨ ’ਤੇ ਤੁਲੇ ਹੋਏ ਹਨ। ਉਹ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਉਹ ਨੋਬੇਲ ਅਮਨ ਪੁਰਸਕਾਰ ਦੇ ਦਾਅਵੇਦਾਰ ਹਨ। ਜ਼ੇਲੈਂਸਕੀ ਨਾਲ ਸਾਂਝੀ ਮੀਡੀਆ ਕਾਨਫ਼ਰੰਸ ਦੌਰਾਨ ਵੀ ਉਨ੍ਹਾਂ ਨੇ ਇਹ ਦਾਅਵਾ ਦੁਹਰਾਇਆ ਕਿ ਉਹ ਛੇ ਮਹੀਨਿਆਂ ਦੇ ਅੰਦਰ ਛੇ ਜੰਗਾਂ ਖ਼ਤਮ ਕਰਵਾ ਚੁੱਕੇ ਹਨ, ਜਿਨ੍ਹਾਂ ਵਿਚ ‘ਅਪਰੇਸ਼ਨ ਸਿੰਧੂਰ’ ਤੋਂ ਉਪਜੀ ਹਿੰਦ-ਪਾਕਿ ਜੰਗ ਵੀ ਸ਼ਾਮਲ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਿੱਕੇ ਨਿੱਕੇ ਬੱਚਿਆਂ ਦਾ ਜੰਗਾਂ ਵਿਚ ਘਾਣ ਬਰਦਾਸ਼ਤ ਨਹੀਂ ਕਰ ਸਕਦੇ।
ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਅਜਿਹੀ ਕਿਸੇ ਸੰਵੇਦਨਾ ਦਾ ਪ੍ਰਗਟਾਵਾ ਗਾਜ਼ਾ ਪੱਟੀ ਦੇ ਪ੍ਰਸੰਗ ਵਿਚ ਨਹੀਂ ਕੀਤਾ ਅਤੇ ਨਾ ਹੀ ਉੱਥੇ ਬੱਚਿਆਂ ਤੇ ਔਰਤਾਂ ਦੇ ਰੋਜ਼ਾਨਾ ਹੋ ਰਹੇ ਕਤਲੇਆਮ ਬਾਰੇ ਦੋ-ਚਾਰ ਸ਼ਬਦ ਉਚਰਨੇ ਵਾਜਬ ਸਮਝੇ। ਉਂਜ, ਉਨ੍ਹਾਂ ਨੇ ਜ਼ੇਲੈਂਸਕੀ ਤੇ ਯੂਰੋਪੀਅਨ ਨੇਤਾਵਾਂ ਨੂੰ ਸਪਸ਼ਟ ਕਰ ਦਿਤਾ ਕਿ ਜਿੰਨੀ ਕੁ ਯੂਕਰੇਨੀ ਭੂਮੀ ਉੱਤੇ ਇਸ ਵੇਲੇ ਰੂਸੀ ਕਬਜ਼ਾ ਹੈ, ਉਹ ਯੂਕਰੇਨ ਨੂੰ ਵਾਪਸ ਮਿਲਣੀ ਨਾਮੁਮਕਿਨ ਹੈ। ਟਰੰਪ ਨਾਲ ਵਾਰਤਾਲਾਪ ਤੋਂ ਪਹਿਲਾਂ ਅਪਣੇ ਮੀਡੀਆਂ ਇੰਟਰਵਿਊਜ਼ ਵਿਚ ਜ਼ੇਲੈਂਸਕੀ ਇਹ ਦਾਅਵੇ ਕਰਦੇ ਆਏ ਸਨ ਕਿ ਉਹ ‘ਜੰਗਬਾਜ਼ ਪੂਤਿਨ’ ਦੀ ਤਸੱਲੀ ਲਈ ਯੂਕਰੇਨੀ ਭੂਮੀ ਦਾਅ ’ਤੇ ਨਹੀਂ ਲਾ ਸਕਦੇ। ਪਰ ਟਰੰਪ ਦੇ ਦਾਅਵੇ ਨੂੰ ਗ਼ਲਤ ਦੱਸਣ ਦੀ ਹਿਮਾਕਤ ਉਨ੍ਹਾਂ ਨੇ ਮੀਡੀਆ ਕਾਨਫ਼ਰੰਸ ਦੌਰਾਨ ਨਹੀਂ ਕੀਤੀ। ਜ਼ਾਹਿਰ ਹੈ ਕਿ ਮੌਜੂਦਾ ਸੰਕਟ ਮੁਕਾਉਣ ਹਿੱਤ ਉਹ ਅਪਣੇ ਅਸੂਲਾਂ ਦੀ ਬਲੀ ਦੇਣ ਵਾਸਤੇ ਤਿਆਰ ਹਨ।
ਰੂਸ-ਯੂਕਰੇਨ ਜੰਗ ਤਿੰਨ ਵਰਿ੍ਹਆਂ ਤੋਂ ਵੱਧ ਸਮੇਂ ਤੋਂ ਲਮਕਦੀ ਆ ਰਹੀ ਹੈ। ਯੂਕਰੇਨੀ ਤੇ ਯੂਰੋਪੀਅਨ ਲੋਕ ਵੀ ਇਸ ਤੋਂ ਥੱਕ ਚੁੱਕੇ ਹਨ ਅਤੇ ਰੂਸੀ ਲੋਕ ਵੀ। ਅਜਿਹੇ ਆਲਮ ਵਿਚ ਰੂਸੀ ਰਾਸ਼ਟਰਪਤੀ ਪੂਤਿਨ ਵੀ ਜੰਗ ਮੁਕਾਉਣਾ ਚਾਹੁੰਦੇ ਹਨ, ਪਰ ਸਿਰਫ਼ ਅਪਣੀਆਂ ਸ਼ਰਤਾਂ ’ਤੇ। ਕੁਲ ਯੂਕਰੇਨੀ ਭੂਮੀ ਦਾ ਪੰਜਵਾਂ ਹਿੱਸਾ ਇਸ ਵੇਲੇ ਰੂਸੀ ਕਬਜ਼ੇ ਹੇਠ ਹੈ। ਕਬਜ਼ੇ ਵਾਲੀ ਜ਼ਮੀਨ ਦੇ ਬਹੁਤੇ ਹਿੱਸੇ ਨੂੰ ਆਲਮੀ ਪੱਧਰ ’ਤੇ ਰੂਸੀ ਭੂਮੀ ਵਜੋਂ ਮਾਨਤਾ ਅਤੇ ਯੂਕਰੇਨ ਨੂੰ ‘ਨਾਟੋ’ ਸੰਧੀ ਦਾ ਮੈਂਬਰ ਨਾ ਬਣਾਏ ਜਾਣ ਵਰਗੀਆਂ ਸ਼ਰਤਾਂ ਦੀ ਪੂਰਤੀ ਹੁਣ ਉਨ੍ਹਾਂ ਦੀ ਪਹੁੰਚ ਤੋਂ ਬਹੁਤੀ ਦੂਰ ਨਹੀਂ। ਟਰੰਪ ਇਨ੍ਹਾਂ ਸ਼ਰਤਾਂ ਨੂੰ ਸਵੀਕਾਰੇ ਜਾਣ ਦੇ ਹੱਕ ਵਿਚ ਹਨ। ਉਨ੍ਹਾਂ ਨੇ ਜ਼ੇਲੈਂਸਕੀ ਨੂੰ ਜਤਾ ਦਿਤਾ ਹੈ ਕਿ ਯੂਕਰੇਨ ਨੂੰ ਹੁਣ ਕੌੜਾ ਘੁੱਟ ਭਰਨਾ ਹੀ ਪੈਣਾ ਹੈ।
ਜਿਥੋਂ ਤਕ ਭਾਰਤ ਦਾ ਸਵਾਲ ਹੈ, ਇਹ ਤਾਂ ਸਾਫ਼ ਹੀ ਹੈ ਕਿ ਕਿਸੇ ਵੀ ਰੂਪ ਵਿਚ ਹੋਇਆ ਜੰਗਬੰਦੀ ਸਮਝੌਤਾ ਭਾਰਤੀ ਹਿੱਤਾਂ ਨੂੰ ਰਾਸ ਆਏਗਾ। ਸਮਝੌਤੇ ਦੀ ਸੂਰਤ ਵਿਚ ਟਰੰਪ, ਭਾਰਤ ਉਪਰ 25 ਫ਼ੀ ਸਦੀ ਵੱਧ ਟੈਰਿਫ਼ ਲਾਉਣ ਦੀ ਸਥਿਤੀ ਵਿਚ ਨਹੀਂ ਰਹਿਣਗੇ। ਇਸੇ ਲਈ ਮੋਦੀ ਕਦੇ ਪੂਤਿਨ ਦਾ ਫ਼ੋਨ ਖੜਕਾ ਰਹੇ ਹਨ ਅਤੇ ਕਦੇ ਜ਼ੇਲੈਂਸਕੀ ਦਾ।