ਅਪਣੇ 'ਮਨ ਕੀ ਬਾਤ' ਨਾ ਸੁਣਾਉ, ਲੋਕਾਂ ਦੇ ਦਿਲ ਦੀ ਗੱਲ ਸੁਣੋ
Published : Oct 10, 2017, 11:44 pm IST
Updated : Oct 10, 2017, 6:14 pm IST
SHARE ARTICLE

ਸਾ  ਡੇ ਪ੍ਰਧਾਨ ਮੰਤਰੀ ਜੀ ਵਲੋਂ ਹਰ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਅਪਣੇ 'ਮਨ ਕੀ ਬਾਤ' ਸੁਣਾਈ ਜਾ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਅਪਣੇ 'ਮਨ ਕੀ ਬਾਤ' ਸੁਣਾਉਣ ਦੀ ਥਾਂ ਲੋਕਾਂ ਦੀ ਗੱਲ ਸੁਣਦੇ ਅਤੇ ਉਨ੍ਹਾਂ ਮਸਲਿਆਂ ਨੂੰ ਹੱਲ ਕਰਦੇ। ਚੋਣਾਂ ਦੌਰਾਨ ਉਨ੍ਹਾਂ ਸਾਰੇ ਭਾਰਤ ਵਿਚ ਘੁੰਮ-ਘੁੰਮ ਕੇ ਅਪਣੇ 'ਮਨ ਕੀ ਬਾਤ' ਸੁਣਾਈ ਜਿਸ ਨੂੰ ਲੋਕਾਂ ਨੇ ਸੁਣਿਆ ਤੇ ਉਨ੍ਹਾਂ ਨੂੰ ਚੁਣਿਆ। ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਅਤੇ ਉਹ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਹੋਏ। ਉਨ੍ਹਾਂ ਵਲੋਂ ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਬਾਤਾਂ ਸੁਣਾਈਆਂ ਗਈਆਂ। ਜਦੋਂ ਉਹ ਪੰਜਾਬ ਵਿਚ ਆਏ ਤਾਂ ਉਸ ਵੇਲੇ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਕੁੱਝ ਨਹੀਂ ਦੇਂਦੀ ਜਿਸ ਕਾਰਨ ਪੰਜਾਬ ਵਿਕਾਸ ਵਿਚ ਪਛੜ ਰਿਹਾ ਹੈ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ, ''ਮੇਰੀ ਸਰਕਾਰ ਆ ਲੈਣ ਦਿਉ, ਵੇਖਿਉ ਮੈਂ ਕਿਵੇਂ ਪੰਜਾਬ ਨੂੰ ਫੰਡਾਂ ਦਾ ਮੀਂਹ ਵਰ੍ਹਾਉਂਦਾ ਹਾਂ।'' ਇਹ ਬਿਆਨ ਸੁਣਨ ਦੀ ਦੇਰੀ ਸੀ ਬਾਦਲ ਪ੍ਰਵਾਰ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿਤੇ। 2014 ਤੋਂ ਲੈ ਕੇ 2017 ਫਰਵਰੀ ਤਕ ਪੰਜਾਬ ਦੇ ਲੋਕ ਉਨ੍ਹਾਂ ਫ਼ੰਡਾਂ ਨੂੰ ਉਡੀਕਦੇ ਰਹੇ। ਕੇਂਦਰ ਸਰਕਾਰ ਨੇ ਨਵੇਂ ਫ਼ੰਡ ਤਾਂ ਕੀ ਦੇਣੇ ਸਨ, ਸਗੋਂ ਪੁਰਾਣੇ ਹੀ ਹਿਸਾਬ ਖੋਲ੍ਹ ਕੇ ਬੈਠ ਗਈ ਜਿਸ ਦਾ ਸਿੱਟਾ ਇਹ ਹੋਇਆ ਕਿ ਜਿਹੜੇ ਅਕਾਲੀ ਅਪਣੇ ਆਪ ਨੂੰ ਦੂਜੀ ਵੱਡੀ ਪਾਰਟੀ ਸਮਝਦੇ ਸੀ, ਉਹ ਵਿਧਾਨ ਸਭਾ ਚੋਣਾਂ ਵਿਚ ਤੀਜੇ ਸਥਾਨ ਉਤੇ ਚਲੇ ਗਏ ਤੇ ਅਪਣਾ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ ਵੀ ਗਵਾ ਬੈਠੇ। ਜਿਥੇ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਉਥੇ ਭਾਜਪਾ ਸਿਰਫ਼ 3 ਸੀਟਾਂ ਹੀ ਜਿੱਤ ਸਕੀ। ਪੰਜਾਬ ਨੂੰ ਫ਼ੰਡ ਤਾਂ ਕੀ ਮਿਲਣੇ ਸਨ, ਸਗੋਂ ਪੰਜਾਬ ਦਾ ਅਪਣਾ ਪਾਣੀ ਵੀ ਖੋਹ ਕੇ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੀ ਵਾਰ ਮੋਦੀ ਜੀ ਪੰਜਾਬ ਵਿਚ ਆਏ ਤਾਂ ਜਦੋਂ ਪ੍ਰੈੱਸ ਵਾਲਿਆਂ ਨੇ ਉਨ੍ਹਾਂ ਕੋਲੋਂ ਐੱਸ.ਵਾਈ.ਐੱਲ. ਦੇ ਹੱਲ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੰਧੂ ਨਦੀ ਦਾ ਪਾਣੀ ਦਿਤਾ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਬੜੀ ਆਸ ਸੀ ਕਿ ਪ੍ਰਧਾਨ ਮੰਤਰੀ ਲੋਕਾਂ ਦੇ ਦਿਲ ਦੀ ਆਵਾਜ਼ ਸੁਣ ਕੇ ਪੰਜਾਬ ਦੇ ਮਸਲੇ ਦਾ ਕੋਈ ਹੱਲ ਕਰਨਗੇ ਕਿਉਂਕਿ ਦੋਹਾਂ ਪਾਸੇ ਉਨ੍ਹਾਂ ਦੀ ਪਾਰਟੀ ਨਾਲ ਹੀ ਸਬੰਧਤ ਸਰਕਾਰਾਂ ਕੰਮ ਕਰ ਰਹੀਆਂ ਸਨ ਪਰ ਉਨ੍ਹਾਂ ਵੱਡੇ ਮਸਲੇ ਤਾਂ ਕੀ ਹੱਲ ਕਰਨੇ ਸਨ ਸਗੋਂ ਉਨ੍ਹਾਂ ਦੇ ਗ੍ਰਹਿ ਮੰਤਰੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦੇਣ ਦੀ ਲੋਕਾਂ ਦੀ ਮੰਗ ਨੂੰ ਇਹ ਕਹਿ ਕੇ ਠੁਕਰਾ ਰਹੇ ਹਨ ਕਿ ਇਥੇ ਜਿਹੜੇ ਅਫ਼ਸਰ ਆਉਂਦੇ ਹਨ ਉਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ। ਗ੍ਰਹਿ ਮੰਤਰੀ ਨੂੰ 10, 12 ਅਫ਼ਸਰਾਂ ਦਾ ਫ਼ਿਕਰ ਹੈ ਪਰ ਉਨ੍ਹਾਂ ਲੱਖਾਂ ਪੰਜਾਬੀਆਂ ਦਾ ਫ਼ਿਕਰ ਨਹੀਂ ਜਿਹੜੇ ਕਈ ਸਾਲਾਂ ਤੋਂ ਅਪਣੀ ਮਾਤਭਾਸ਼ਾ ਨੂੰ ਚੰਡੀਗੜ੍ਹ ਵਿਚ ਲਾਗੂ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਇਥੇ ਪੰਜਾਬੀਆਂ ਤੋਂ ਜ਼ਮੀਨਾਂ ਵੀ ਖੋਹ ਲਈਆਂ ਗਈਆਂ ਤੇ ਉਨ੍ਹਾਂ ਦੀ ਭਾਸ਼ਾ ਨੂੰ ਦੇਸ਼ਨਿਕਾਲਾ ਦੇ ਦਿਤਾ ਗਿਆ। ਪੰਜਾਬੀ 1966 ਤੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠ ਕੇ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਉਸ ਦਾ ਦੇਸ਼ਨਿਕਾਲਾ ਖ਼ਤਮ ਹੋਵੇ ਤੇ ਕਦੋਂ ਉਹ ਚੰਡੀਗੜ੍ਹ ਦੀ ਪਟਰਾਣੀ ਭਾਸ਼ਾ ਬਣੇ।


ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿਤੇ ਜਾਣਗੇ ਅਤੇ ਜਿਨਸਾਂ ਦੇ ਭਾਅ ਲਾਗਤ ਵਿਚ 50 ਫ਼ੀ ਸਦੀ ਮੁਨਾਫ਼ਾ ਜੋੜ ਕੇ ਦਿਤੇ ਜਾਣਗੇ। ਅੱਜ ਦੇਸ਼ ਦਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ ਪਰ ਸਰਕਾਰ ਦੇ ਕੰਨ ਉਤੇ ਜੂੰ ਨਹੀਂ ਸਰਕੀ ਸਗੋਂ ਦੇਸ਼ ਦਾ ਵਿੱਤ ਮੰਤਰੀ ਇਹ ਕਹਿ ਕੇ ਉਨ੍ਹਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕ ਰਿਹਾ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਕੇਂਦਰ ਸਰਕਾਰ ਦਾ ਕੰਮ ਨਹੀਂ। ਕੀ ਕਿਸਾਨ ਮਹਿੰਗੇ ਭਾਅ ਦੇ ਬੀਜ ਅਤੇ ਖਾਦਾਂ ਪਾ ਕੇ ਜਿਹੜੀ ਫ਼ਸਲ ਤਿਆਰ ਕਰਦਾ ਹੈ ਉਹ ਖ਼ੁਦ ਲਈ ਜਾਂ ਅਪਣੇ ਸੂਬੇ ਲਈ ਕਰਦਾ ਹੈ? ਫਿਰ ਕਿਉਂ ਉਸ ਫ਼ਸਲ ਦਾ ਮੁੱਲ ਕੇਂਦਰ ਤੈਅ ਕਰਦਾ ਹੈ? ਇਕ ਪਾਸੇ ਸਰਕਾਰ 2022 ਤਕ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦੀਆਂ ਗੱਲਾਂ ਕਰ ਰਹੀ ਹੈ, ਦੂਜੇ ਪਾਸੇ ਕਿਸਾਨਾਂ ਦੇ ਕੰਮ ਆਉਣ ਵਾਲੇ ਸੰਦਾਂ ਦੀ ਕੀਮਤ ਵਿਚ ਜੀ.ਐਸ.ਟੀ. ਲਗਾ ਕੇ ਉਨ੍ਹਾਂ ਨੂੰ ਹੋਰ ਮਹਿੰਗਾ ਕਰ ਦਿਤਾ ਗਿਆ। ਪਹਿਲਾਂ ਕਿਸਾਨਾਂ ਨੂੰ ਨੋਟਬੰਦੀ ਨੇ ਬਰਬਾਦ ਕੀਤਾ, ਹੁਣ ਜੀ.ਐਸ.ਟੀ ਕਰੇਗੀ। ਕਿਸਾਨਾਂ ਦੀ ਬਦਕਿਸਮਤੀ ਇਹ ਹੈ ਕਿ ਉਹ ਇਕੱਠੇ ਨਹੀਂ ਹੁੰਦੇ। ਜਿਸ ਦਿਨ ਦੇਸ਼ ਭਰ ਦੇ ਕਿਸਾਨ ਇਕਜੁਟ ਹੋ ਗਏ ਤਾਂ ਸਰਕਾਰ ਨੂੰ ਭੱਜਿਆਂ ਰਾਹ ਨਹੀਂ ਲਭਣਾ। ਹੱਦ ਹੋ ਗਈ, ਕੋਈ ਐਮ.ਐਲ.ਏ. ਜਾਂ ਐਮ.ਪੀ. ਇਕ ਦਿਨ ਵੀ ਰਹਿ ਜਾਂਦਾ ਹੈ ਤਾਂ ਉਹ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ ਪਰ ਕਿਸਾਨ ਸਾਰੀ ਉਮਰ ਮਿਹਨਤ ਕਰਦਾ ਹੈ ਤਾਂ ਵੀ ਭੁੱਖਾ ਮਰ ਰਿਹਾ ਹੈ। ਕਿਉਂ ਕਿਸਾਨ ਦੀ ਪੈਨਸ਼ਨ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਕਿ ਉਹ ਵੀ ਸੌਖੀ ਜ਼ਿੰਦਗੀ ਜੀਅ ਸਕੇ?ਕਾਰਖ਼ਾਨੇਦਾਰ ਨੂੰ ਕਾਰਖ਼ਾਨਾ ਲਾਉਣ ਲਈ ਮੁਫ਼ਤ ਥਾਂ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਟੈਕਸ ਵਿਚ ਛੋਟ ਵੀ ਦਿਤੀ ਜਾਂਦੀ ਹੈ। ਫਿਰ ਉਸ ਨੂੰ ਸਬਸਿਡੀ ਦਿਤੀ ਜਾਂਦੀ ਹੈ। ਉਹ ਜਿਹੜੀ ਵਸਤੂ ਤਿਆਰ ਕਰਦਾ ਹੈ ਉਸ ਦੀ ਕੀਮਤ ਵੀ ਉਹ ਖ਼ੁਦ ਤੈਅ ਕਰਦਾ ਹੈ। ਮਿਲੀਭੁਗਤ ਨਾਲ ਉਸ ਦਾ ਕਰਜ਼ਾ ਡੁਬਿਆ ਵਿਖਾ ਕੇ ਚੁਪਚਾਪ ਮਾਫ਼ ਕਰ ਦਿਤਾ ਜਾਂਦਾ ਹੈ। ਉਥੇ ਹੀ ਕਿਸਾਨ ਅਪਣੀ ਜ਼ਮੀਨ ਤੇ ਖ਼ਰਚ ਕਰ ਕੇ ਫ਼ਸਲ ਤਿਆਰ ਕਰਦਾ ਹੈ, ਉਸ ਦਾ ਵੀ ਉਸ ਨੂੰ ਪੂਰਾ ਮੁੱਲ ਨਹੀਂ ਮਿਲਦਾ।


ਇਸ ਤੋਂ ਇਲਾਵਾ ਕਸ਼ਮੀਰ ਦਾ ਮਸਲਾ ਸਾਡੇ ਸਾਹਮਣੇ ਖੜਾ ਹੈ ਜਿਥੇ ਰੋਜ਼ਾਨਾ ਕੀਮਤੀ ਜਾਨਾਂ ਜਾ ਰਹੀਆਂ ਹਨ। ਇਹ ਲੜਾਈ ਖ਼ਤਮ ਹੋਣ ਦੀ ਬਜਾਏ ਸਗੋਂ ਵਧਦੀ ਜਾ ਰਹੀ ਹੈ। ਜਿੰਨੇ ਹਾਲਾਤ ਇਸ ਵੇਲੇ ਮਾੜੇ ਹੋਏ, ਏਨੇ ਕਦੇ ਵੀ ਨਹੀਂ ਹੋਏ। ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਮਾੜੇ ਹੋਣ ਦਾ ਖ਼ਤਰਾ ਹੈ ਕਿਉਂਕਿ ਉੱਚ ਅਦਾਲਤ ਵਿਚੋਂ ਧਾਰਾ 35ਏ ਖ਼ਤਮ ਕਰਨ ਦਾ ਕੇਸ ਚਲ ਰਿਹਾ ਹੈ। ਜੇਕਰ ਧਾਰਾ 35ਏ ਖ਼ਤਮ ਹੁੰਦੀ ਹੈ ਤਾਂ 370 ਦਾ ਵੀ ਭੋਗ ਪਾ ਦਿਤਾ ਜਾਵੇਗਾ। ਇਸ ਧਾਰਾ ਅਧੀਨ ਹੀ ਕਸ਼ਮੀਰ ਦੇ ਲੋਕਾਂ ਨੂੰ ਸਹੂਲਤਾਂ ਦਿਤੀਆਂ ਗਈਆਂ। ਉਹ ਸਾਰੀਆਂ ਖ਼ਤਮ ਹੋ ਜਾਣਗੀਆਂ। ਜਦੋਂ ਕਿਸੇ ਨੂੰ ਮਿਲਦੀ ਸਹੂਲਤ ਖ਼ਤਮ ਕਰ ਦਿਤੀ ਜਾਂਦੀ ਹੈ ਤਾਂ ਉਹ ਮਰਨ ਮਾਰਨ ਤੇ ਉਤਾਰੂ ਹੋ ਜਾਂਦਾ ਹੈ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜੇਕਰ ਇਹ ਧਾਰਾ ਖ਼ਤਮ ਕੀਤੀ ਗਈ ਤਾਂ ਭਾਰਤ ਦਾ ਝੰਡਾ ਚੁਕਣ ਵਾਲਾ ਕੋਈ ਨਹੀਂ ਹੋਵੇਗਾ।
ਜਦੋਂ ਤੋਂ ਭਾਜਪਾ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਿੰਦੂ ਅਤਿਵਾਦ ਬਹੁਤ ਵੱਧ ਗਿਆ ਹੈ। ਅੱਜ ਗਊ ਰਖਿਆ ਦੇ ਨਾਂ ਤੇ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ। ਹੁਣ ਤਕ ਬਹੁਤ ਸਾਰੇ ਮੁਸਲਮਾਨ ਮਾਰੇ ਜਾ ਚੁੱਕੇ ਹਨ, ਜਿਸ ਦੀਆਂ ਤਸਵੀਰਾਂ ਸਿਰਫ਼ ਸਾਡੇ ਦੇਸ਼ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਮੀਡੀਆ ਵਿਚ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਅਤੇ ਖ਼ਬਰਾਂ ਨੂੰ ਪੜ੍ਹ ਕੇ ਹੀ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਕਹਿਣਾ ਪਿਆ ਸੀ ਕਿ ਦੇਸ਼ ਵਿਚ ਮੁਸਲਮਾਨ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਚਾਹੀਦਾ ਤਾਂ ਇਹ ਸੀ ਕਿ ਅੰਸਾਰੀ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਕੱਟੜਵਾਦੀਆਂ ਵਲੋਂ ਉਨ੍ਹਾਂ ਦੀ ਆਲੋਚਨਾ ਸ਼ੁਰੂ ਕਰ ਦਿਤੀ ਗਈ। ਅੱਜ ਇਕੱਲੇ ਮੁਸਲਮਾਨ ਹੀ ਨਹੀਂ ਸਗੋਂ ਸਾਰੀਆਂ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਇਥੋਂ ਤਕ ਕਿ ਅੱਜ ਦਲਿਤ ਵਰਗ ਵੀ ਡਾਹਢਾ ਦੁਖੀ ਹੈ ਕਿਉਂਕਿ ਜੋ ਕੁੱਝ ਸਹਾਰਨਪੁਰ ਵਿਚ ਦਲਿਤਾਂ ਨਾਲ ਹੋਇਆ ਉਹ ਉਨ੍ਹਾਂ ਨੂੰ ਭੁਲਿਆ ਨਹੀਂ। ਪਿਛਲੇ ਦਿਨਾਂ ਵਿਚ ਜੈਪੁਰ ਦੇ ਇਲਾਕੇ ਵਿਚ ਸਿੱਖ ਨੌਜਵਾਨਾਂ ਨੂੰ ਕੁਟਿਆ ਗਿਆ ਕਿ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਸਿਗਰਟ ਪੀਣ ਤੋਂ ਰੋਕਿਆ ਸੀ। ਉਨ੍ਹਾਂ ਨੂੰ ਕੁਟਦਿਆਂ ਦੀ ਫ਼ਿਲਮ ਬਣਾਈ ਗਈ, ਫਿਰ ਉਸ ਨੂੰ ਸ਼ੋਸਲ ਮੀਡੀਆ ਉਤੇ ਪਾ ਦਿਤਾ ਗਿਆ। ਇਸ ਤੋਂ ਇਲਾਵਾ ਬੰਗਲੌਰ ਵਿਚ ਇਕ ਸਿੱਖ ਫ਼ੌਜੀ ਅਫ਼ਸਰ ਦੀਆਂ ਦੋ ਲੜਕੀਆਂ ਨੂੰ ਕੁਟਿਆ ਗਿਆ। ਜਦੋਂ ਉਹ ਥਾਣੇ ਵਿਚ ਰੀਪੋਰਟ ਲਿਖਵਾਉਣ ਗਏ ਤਾਂ ਉਨ੍ਹਾਂ ਨੂੰ ਭਜਾ ਦਿਤਾ ਗਿਆ। ਉਨ੍ਹਾਂ ਨੂੰ ਅਪਣੀ ਰੀਪੋਰਟ ਲਿਖਵਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਨੀ ਪਈ। ਇਥੇ ਹੀ ਬੱਸ ਨਹੀਂ ਸਿੱਖਾਂ ਨੂੰ ਡਰਾਉਣ ਲਈ ਮੁਕਤਸਰ ਵਿਚ ਕੁੱਝ ਹਿੰਦੂ ਜਥੇਬੰਦੀਆਂ ਵਲੋਂ ਹਥਿਆਰਬੰਦ ਹੋ ਕੇ ਸ਼ਹਿਰ ਵਿਚ ਜਲੂਸ ਕਢਿਆ ਗਿਆ। ਹਾਲਤ ਇਹ ਹੈ ਕਿ ਅੱਜ ਇਕੱਲੀਆਂ ਘੱਟ ਗਿਣਤੀਆਂ ਹੀ ਦੁਖੀ ਨਹੀਂ ਸਗੋਂ ਛੋਟਾ ਦੁਕਾਨਦਾਰ, ਮਜ਼ਦੂਰ, ਮੁਲਾਜ਼ਮ ਸੱਭ ਦੁਖੀ ਹਨ। ਬਾਹਰਲੇ ਦੇਸ਼ਾਂ ਵਿਚ ਬਜ਼ੁਰਗਾਂ ਨੂੰ ਪੈਨਸ਼ਨ ਦਿਤੀ ਜਾਂਦੀ ਹੈ ਤਾਕਿ ਉਹ ਅਪਣਾ ਗੁਜ਼ਾਰਾ ਚਲਾ ਸਕਣ। ਸਾਡੇ ਦੇਸ਼ ਦਾ ਹਾਲ ਇਹ ਹੈ ਕਿ ਕਈ ਬਜ਼ੁਰਗਾਂ ਨੇ ਸੇਵਾਮੁਕਤ ਹੋਣ ਵੇਲੇ ਅਪਣੇ ਪੈਸੇ ਬੈਂਕਾਂ ਵਿਚ ਜਮ੍ਹਾਂ ਕਰਵਾ ਦਿਤੇ ਕਿ ਉਨ੍ਹਾਂ ਨੂੰ ਇਸ ਤੇ ਵਿਆਜ ਮਿਲੇਗਾ ਜਿਸ ਨਾਲ ਉਹ ਅਪਣੀ ਜ਼ਿੰਦਗੀ ਸੁਖੀ ਬਤੀਤ ਕਰ ਸਕਣਗੇ। ਪਰ ਹੋਇਆ ਇਹ ਕਿ ਜਦੋਂ ਉਨ੍ਹਾਂ ਨੇ ਪੈਸੇ ਜਮ੍ਹਾਂ ਕਰਵਾਏ ਸਨ ਉਦੋਂ ਵਿਆਜ 10 ਫ਼ੀ ਸਦੀ ਦੇ ਲਗਭਗ ਸੀ ਅੱਜ ਉਹ ਵਿਆਜ ਦੀ ਦਰ ਘਟ ਕੇ 7 ਫ਼ੀ ਸਦੀ ਤਕ ਆ ਗਈ ਹੈ ਜਿਸ ਕਰ ਕੇ ਬਜ਼ੁਰਗਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ।
ਚੋਣਾਂ ਵੇਲੇ ਨੌਜਵਾਨਾਂ ਨਾਲ ਬੜੇ ਵਾਅਦੇ ਕੀਤੇ ਗਏ ਕਿ ਅਸੀ ਕਰੋੜਾਂ ਨੌਕਰੀਆਂ ਪੈਦਾ ਕਰਾਂਗੇ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਲਈ ਬਾਹਰ ਨਹੀਂ ਜਾਣਾ ਪਵੇਗਾ। ਨਵੀਆਂ ਨੌਕਰੀਆਂ ਤਾਂ ਕੀ ਪੈਦਾ ਹੋਣੀਆਂ ਸਨ, ਨੋਟਬੰਦੀ ਨੇ ਬਹੁਤ ਸਾਰੀਆਂ ਫ਼ੈਕਟਰੀਆਂ ਨੂੰ ਤਾਲੇ ਲਗਵਾ ਦਿਤੇ, ਜਿਸ ਕਾਰਨ ਲੋਕਾਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣੇ ਪਏ। ਰਹਿੰਦੀ ਕਸਰ ਸਾਡੇ ਗਊ ਰਕਸ਼ਕ ਪੂਰੀ ਕਰ ਰਹੇ ਹਨ ਜਿਨ੍ਹਾਂ ਦੀ ਗੁੰਡਾਗਰਦੀ ਕਾਰਨ ਇਕੱਲੇ ਪੰਜਾਬ ਵਿਚ 300 ਤੋਂ ਵੱਧ ਚਮੜੇ ਨਾਲ ਸਬੰਧਤ ਕਾਰਖ਼ਾਨੇ ਬੰਦ ਹੋ ਗਏ ਹਨ। ਇਹ ਗੱਲ ਲੇਖਕ ਨਹੀਂ ਸਗੋਂ ਕਾਰਖ਼ਾਨਾ ਯੂਨੀਅਨ ਦਾ ਪ੍ਰਧਾਨ ਟੀ.ਵੀ. ਚੈਲਲ ਤੇ ਕਹਿ ਰਿਹਾ ਸੀ।


ਜਦੋਂ ਦੀ ਭਾਜਪਾ ਸਰਕਾਰ ਬਣੀ ਹੈ ਉਦੋਂ ਦਾ ਇਕ ਕੰਮ ਜ਼ਰੂਰ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਉਹ ਹੈ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ। ਪਿਛਲੇ ਦਿਨੀਂ ਹਿੰਦੂ ਵਿਸ਼ਵ ਪਰਿਸ਼ਦ ਦਾ ਨੇਤਾ ਤੋਗੜੀਆ ਟੀ.ਵੀ. ਚੈਨਲ ਤੇ ਕਹਿ ਰਿਹਾ ਸੀ ਕਿ ਸੰਵਿਧਾਨ ਵਿਚੋਂ ਧਰਮਨਿਰਪੇਖ ਦਾ ਸ਼ਬਦ ਕੱਢ ਕੇ ਹਿੰਦੂ ਰਾਸ਼ਟਰ ਬਣਾ ਦੇਣਾ ਚਾਹੀਦਾ ਹੈ ਤਾਕਿ ਸਰਕਾਰ ਦੇ  ਸਾਰੇ ਉੱਚ ਅਹੁਦੇ ਹਿੰਦੂਆਂ ਲਈ ਸੁਰੱਖਿਅਤ ਹੋ ਸਕਣ। ਇਥੇ ਹੀ ਬਸ ਨਹੀਂ ਆਰ.ਐਸ.ਐਸ ਦਾ ਸੰਚਾਲਕ ਰੋਜ਼ ਕਹਿੰਦਾ ਰਹਿੰਦਾ ਹੈ ਕਿ ਦੇਸ਼ ਵਿਚ ਰਹਿਣ ਵਾਲਾ ਹਰ ਨਾਗਰਿਕ ਹਿੰਦੂ ਹੈ। ਇਕ ਦਿਨ ਟੀ.ਵੀ. ਚੈਨਲ ਤੇ ਚਰਚਾ ਚਲ ਰਹੀ ਸੀ ਜਿਸ ਵਿਚ ਸੁਬਰਾਮਨੀਅਮ ਸਵਾਮੀ ਅਤੇ ਉਵੈਸੀ ਹਿੱਸਾ ਲੈ ਰਹੇ ਹਨ। ਇਸ ਵਿਚ ਉਵੈਸੀ ਨੇ ਸਵਾਮੀ ਨੂੰ ਪੁਛਿਆ ਕਿ 'ਮੈਂ ਦੇਸ਼ ਭਗਤ ਹਾਂ ਜਾਂ ਰਾਸ਼ਟਰ ਵਿਰੋਧੀ?' ਤਾਂ ਅੱਗੋਂ ਸਵਾਮੀ ਨੇ ਜਵਾਬ ਦਿਤਾ ਕਿ 'ਤੂੰ ਦੇਸ਼ ਭਗਤ ਤਾਂ ਹੈ ਪਰ ਤੂੰ ਰਾਸ਼ਟਰ ਵਿਰੋਧੀ ਹੈਂ। ਹਿੰਦੁਸਤਾਨ ਵਿਚ ਤੂੰ ਰਹਿੰਦਾ ਹੈਂ ਪਰ ਤੂੰ ਅਪਣੇ ਆਪ ਨੂੰ ਹਿੰਦੂ ਨਹੀਂ ਕਹਿੰਦਾ ਕਿਉਂਕਿ ਭਾਰਤ ਦਾ ਡੀ.ਐਨ.ਏ. ਹਿੰਦੂ ਹੈ।' ਆਦਮੀਆਂ ਦਾ ਡੀ.ਐਨ.ਏ. ਤਾਂ ਸੁਣਿਆ ਸੀ ਪਰ ਦੇਸ਼ ਦਾ ਵੀ ਡੀ.ਐਨ.ਏ. ਹੁੰਦਾ ਹੈ, ਇਹ ਪਹਿਲੀ ਵਾਰ ਸੁਣਿਆ।ਇਕ ਮਾਸਮੂ ਸਿੱਖ ਲੜਕੀ ਗੁਰਮੇਹਰ ਕੌਰ ਨੇ ਕਿਹਾ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ ਸਗੋਂ ਉਹ ਜੰਗ ਵਿਚ ਸ਼ਹੀਦ ਹੋਇਆ। ਉਹ ਲੜਕੀ ਪਿਤਾ ਨਾ ਹੋਣ ਦਾ ਦੁੱਖ ਹੰਢਾ ਰਹੀ ਹੈ। ਇਹ ਬਿਆਨ ਦੇਣ ਦੇ ਦੇਰ ਸੀ ਕਿ ਕੱਟੜਵਾਦੀ ਹਿੰਦੂਆਂ ਨੇ ਉਸ ਵਿਰੁਧ ਬਿਆਨਾਂ ਦੀ ਝੜੀ ਲਾ ਦਿਤੀ। ਦੇਸ਼ ਦਾ ਗ੍ਰਹਿ ਮੰਤਰੀ ਤਾਂ ਇਥੋਂ ਤਕ ਕਹਿ ਗਿਆ ਕਿ ਲੜਕੀ ਵਿਚ ਕੋਈ ਹੋਰ ਬੋਲਦਾ ਹੈ। ਜਦੋਂ ਕੋਈ ਮਾਂ, ਪਤਨੀ ਜਾਂ ਬੱਚੇ ਅਪਣੇ ਪਿਤਾ ਨੂੰ ਹਸਦਾ ਖੇਡਦਾ ਦੇਸ਼ ਦੀ ਰਾਖੀ ਲਈ ਭੇਜਦਾ ਹੈ ਅਤੇ ਜਦੋਂ ਉਸ ਦਾ ਸ੍ਰੀਰ ਬਿਨਾਂ ਸਿਰ ਤੋਂ ਆਉਂਦਾ ਹੈ ਤਾਂ ਇਸ ਦਾ ਕਿੰਨਾ ਦੁੱਖ ਹੁੰਦਾ ਹੈ, ਉਹ ਪ੍ਰਵਾਰ ਹੀ ਜਾਣਦਾ ਹੈ ਨਾਕਿ ਇਸ ਵਰਗਾ ਕੋਈ ਮੰਤਰੀ ਜਿਹੜਾ ਸ਼ਰਾਬ ਅਤੇ ਪੈਸੇ ਦੇ ਜ਼ੋਰ ਨਾਲ ਸੰਸਦ ਤਕ ਪਹੁੰਚ ਜਾਂਦਾ ਹੈ। ਜੇਕਰ ਔਰੰਗਜ਼ੇਬ ਜਬਰੀ ਧਰਮ ਤਬਦੀਲ ਕਰਵਾ ਰਿਹਾ ਸੀ ਤਾਂ ਅੱਜ ਵੀ ਲਵ-ਜੇਹਾਦ, ਘਰ ਵਾਪਸੀ, ਵੰਦੇ ਮਾਤਰਮ ਅਤੇ ਭਾਰਤ ਮਾਤਾ ਦੇ ਨਾਹਰੇ ਲਗਵਾਉਣੇ ਕੀ ਔਰੰਗਜ਼ੇਬੀ ਸੋਚ ਨਹੀਂ? ਹੈਰਾਨੀ ਹੋਈ ਜਦੋਂ ਇਕ ਕਸ਼ਮੀਰੀ ਆਗੂ ਨੂੰ ਅਦਾਲਤ ਵਿਚ ਵਕੀਲ ਵਲੋਂ ਕਿਹਾ ਗਿਆ ਕਿ 'ਭਾਰਤ ਮਾਤਾ ਕੀ ਜੈ ਕਹੋ'। ਇਸ ਤਰ੍ਹਾਂ ਕਰ ਕੇ ਅਸੀ ਕਿਸੇ ਅੰਦਰ ਦੇਸ਼ ਭਗਤੀ ਪੈਦਾ ਨਹੀਂ ਕਰ ਸਕਦੇ। ਉਹੀ ਦੇਸ਼, ਉਹੀ ਘਰ ਤਰੱਕੀ ਕਰ ਸਕਦਾ ਹੈ ਜਿਸ ਘਰ ਦਾ ਮੁਖੀ ਜਾਂ ਦੇਸ਼ ਦਾ ਰਾਜਾ ਸਾਰੇ ਲੋਕਾਂ ਨਾਲ ਇਕੋ ਜਿਹਾ ਸਲੂਕ ਕਰੇ। ਇਸ ਵਾਸਤੇ ਅੱਜ ਲੋੜ ਹੈ ਅਪਣੀ ਗੱਲ ਸੁਣਾਉਣ ਦੀ ਥਾਂ ਲੋਕਾਂ ਦੀ ਗੱਲ ਸੁਣਨ ਦੀ। ਅੱਜ ਲੋੜ ਹੈ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ, ਅੱਜ ਲੋੜ ਹੈ ਕਸ਼ਮੀਰ, ਪੰਜਾਬ ਦੇ ਮਸਲੇ ਹੱਲ ਕਰਨ ਦੀ, ਅੱਜ ਲੋੜ ਹੈ ਘੱਟ ਗਿਣਤੀਆਂ ਦੀ ਭਲਾਈ ਦੀ, ਅੱਜ ਲੋੜ ਹੈ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ। ਮਸਲਿਆਂ ਦਾ ਹੱਲ ਅਪਣੀ ਗੱਲ ਸਣਾਉਣ ਨਾਲ ਨਹੀਂ ਲੋਕਾਂ ਦੀ ਗੱਲ ਸੁਣਨ ਨਾਲ ਹੋਣਾ ਹੈ।  

SHARE ARTICLE
Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement