
ਜਦ ਇਕ ਹਿੰਦੂ ਪ੍ਰਵਾਰ ਰੱਬ ਦੀ ਹੋਂਦ ਨੂੰ ਠੁਕਰਾ ਕੇ ਅਪਣਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਕਿਸੇ ਨੂੰ ਚਿੰਤਾ ਨਹੀਂ ਸੀ ਪਰ ਅਦਾਲਤ, ਅਤਿਵਾਦ ਨਾਲ ਲੜਨ ਵਾਲੀ ਐਨ.ਆਈ.ਏ. ਤੇ ਪਤਾ ਨਹੀਂ ਕਿੰਨੀਆਂ ਹੋਰ ਸੰਸਥਾਵਾਂ ਇਕ ਔਰਤ ਦੀ ਧਾਰਮਕ ਆਜ਼ਾਦੀ ਤੇ ਸਵਾਲ ਚੁਕਣ ਲੱਗ ਗਈਆਂ ਹਨ। ਇਕ ਨਾਸਤਕ ਘਰ ਤੋਂ ਆਈ ਕੁੜੀ ਅਪਣੇ ਲਈ ਕਿਸੇ ਵੀ ਧਰਮ ਦੀ ਚੋਣ ਕਿਉਂ ਨਹੀਂ ਕਰ ਸਕਦੀ?
'ਲਵ ਜੇਹਾਦ' ਦੀ ਦਹਿਸ਼ਤ ਦਾ ਪ੍ਰਤੀਕ ਬਣੀ ਹਾਦੀਆ ਨੇ ਸੁਪਰੀਮ ਕੋਰਟ ਕੋਲ ਅਪਣੀ ਆਜ਼ਾਦੀ ਲਈ ਗੁਹਾਰ ਲਾਈ ਸੀ। ਚੰਗਾ ਹੋਇਆ ਸੁਪ੍ਰੀਮ ਕੋਰਟ ਨੇ ਹਾਦੀਆ ਦੀ ਬੇਨਤੀ ਪ੍ਰਵਾਨ ਕਰ ਲਈ ਹੈ। ਇਸ ਤੋਂ ਪਹਿਲਾਂ, ਹਿੰਦੂ ਕੁੜੀ ਦੀ ਕਿਸੇ ਮੁਸਲਮਾਨ ਮੁੰਡੇ ਨਾਲ ਪ੍ਰੇਮ ਕਹਾਣੀ ਇਕ ਦਹਿਸ਼ਤ ਦਾ ਕਿੱਸਾ ਬਣਾ ਕੇ ਦੇਸ਼ 'ਚ ਅਤਿਵਾਦ ਵਿਰੋਧੀ ਸੱਭ ਤੋਂ ਵੱਡੀ ਏਜੰਸੀ ਐਨ.ਆਈ.ਏ. ਦੇ ਹਵਾਲੇ ਕਰ ਦਿਤਾ ਗਿਆ ਸੀ।ਅਖਿਲਾ ਇਕ ਨਾਸਤਕ ਪ੍ਰਵਾਰ ਵਿਚ ਪੈਦਾ ਹੋਈ ਸੀ। ਪੜ੍ਹਾਈ ਦੌਰਾਨ ਮੁਸਲਮਾਨ ਕੁੜੀਆਂ ਨਾਲ ਰਹਿਣ ਕਰ ਕੇ ਉਹ ਧਰਮ ਵਲ ਆਕਰਸ਼ਿਤ ਹੋਈ। ਸ਼ਾਇਦ ਇਹ ਪਹਿਲਾ ਧਰਮ ਸੀ ਜਿਸ ਬਾਰੇ ਉਸ ਨੂੰ ਜਾਣਕਾਰੀ ਮਿਲੀ। ਇਸੇ ਕਰ ਕੇ ਉਹ ਇਸ ਵਲ ਹੀ ਆਕਰਸ਼ਿਤ ਹੋਈ ਅਤੇ ਮੁਸਲਮਾਨ ਬਣ ਗਈ। ਅਖਿਲਾ ਨੂੰ ਮੁਸਲਮਾਨ ਪ੍ਰਵਾਰ ਵਿਚ ਉਪਨਿਸ਼ਦ ਵੀ ਪੜ੍ਹਨ ਨੂੰ ਦਿਤੇ ਗਏ। ਪਰ ਸਮਾਂ ਬੀਤਣ ਨਾਲ ਉਸ ਦਾ ਇਸਲਾਮ ਧਰਮ ਨੂੰ ਅਪਨਾਉਣ ਦਾ ਇਰਾਦਾ ਪੱਕਾ ਹੁੰਦਾ ਗਿਆ। ਮੁਸਲਮਾਨ ਬਣਨ ਤੋਂ ਪਹਿਲਾਂ ਉਸ ਨੂੰ ਕਿਸੇ ਵੀ ਸਮੇਂ ਹਿਰਾਸਤ ਵਿਚ ਨਹੀਂ ਸੀ ਰਖਿਆ ਗਿਆ। ਉਸ ਨੂੰ ਇਸਲਾਮ ਬਾਰੇ ਪੂਰੀ ਜਾਣਕਾਰੀ ਦਿਤੀ ਗਈ ਅਤੇ ਇਕ ਸਮੇਂ ਬਾਅਦ ਉਸ ਦਾ ਇਰਾਦਾ ਪੱਕਾ ਹੋ ਗਿਆ। ਇਕ 24 ਸਾਲ ਦੀ ਕੁੜੀ ਨੇ ਅਪਣਾ ਧਰਮ ਬਦਲਿਆ, ਉਸ ਨੇ ਵਿਆਹ ਕੀਤਾ ਅਤੇ ਅਪਣੇ ਪਿਤਾ ਨੂੰ ਵੀ ਸੱਦਿਆ।
ਪਰ ਇਸ ਗ਼ਮ ਅਤੇ ਡਰ ਹੇਠ ਕਿ ਉਸ ਦੀ ਬੇਟੀ ਕਿਸੇ ਅਤਿਵਾਦੀ ਸੰਸਥਾ ਦਾ ਹਿੱਸਾ ਬਣ ਜਾਵੇਗੀ, ਉਸ ਦੇ ਨਾਸਤਕ ਪਿਤਾ ਕੇ.ਐਮ. ਅਸ਼ੋਕਨ ਨੇ ਇਸ ਵਿਆਹ ਨੂੰ ਤੋੜਨ ਲਈ ਹਾਈ ਕੋਰਟ ਵਿਚ ਕੇਸ ਪਾ ਦਿਤਾ। ਵਿਆਹ ਰੱਦ ਕਰ ਦਿਤਾ ਗਿਆ। ਹਾਈ ਕੋਰਟ ਨੇ ਕਿਸ ਤਰ੍ਹਾਂ ਇਕ 24 ਸਾਲ ਦੀ ਔਰਤ ਨੂੰ ਅਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਦੇ ਨਾਕਾਬਲ ਕਰਾਰ ਦਿਤਾ, ਇਹ ਸਮਝ ਤੋਂ ਪਰੇ ਹੈ। ਇਸ ਫ਼ੈਸਲੇ ਤੋਂ ਬਾਅਦ ਹਾਦੀਆ ਉਰਫ਼ ਅਖਿਲਾ ਨੂੰ ਪਿਤਾ ਵਲੋਂ ਤਿੰਨ ਮਹੀਨਿਆਂ ਤਕ ਇਕ ਕਮਰੇ ਵਿਚ ਬੰਦ ਰਖਿਆ ਗਿਆ।
ਜਦ ਸੁਪਰੀਮ ਕੋਰਟ ਵਿਚ ਐਨ.ਆਈ.ਏ. ਨੇ ਜਾਂਚ ਦੀ ਰੀਪੋਰਟ ਪੇਸ਼ ਕੀਤੀ ਤਾਂ ਉਸ ਨੇ ਆਖਿਆ ਕਿ ਅਖਿਲਾ ਨੂੰ ਮਾਨਸਿਕ ਦਬਾਅ ਪਾ ਕੇ ਇਸਲਾਮ ਦੀ ਪੱਟੀ ਪੜ੍ਹਾਈ ਗਈ ਹੈ ਅਤੇ ਉਹ ਅਪਣੇ ਕੈਦੀਆਂ ਨਾਲ ਪ੍ਰੇਮ ਕਰਨ ਦੀ ਬਿਮਾਰੀ ਦਾ ਸ਼ਿਕਾਰ ਹੈ। ਪਰ ਅਜੀਬ ਗੱਲ ਹੈ ਕਿ ਉਹ ਤਿੰਨ ਮਹੀਨੇ ਤਕ ਅਪਣੇ ਪਿਤਾ ਦੀ ਹਿਰਾਸਤ ਵਿਚ ਸੀ ਅਤੇ ਉਹ ਉਨ੍ਹਾਂ ਵਾਂਗ ਨਾਸਤਕ ਤਾਂ ਨਾ ਬਣ ਸਕੀ ਪਰ ਜਦ ਉਹ ਆਜ਼ਾਦ ਰਹਿ ਕੇ ਇਸਲਾਮ ਨੂੰ ਪੜ੍ਹਦੀ ਸੀ ਤਾਂ ਉਸ ਦੇ ਦਿਮਾਗ਼ ਉਤੇ ਦਬਾਅ ਪੈ ਗਿਆ!!!ਅੱਜ ਜਦ ਇਸ ਨੂੰ ਇਕ ਰਾਸ਼ਟਰੀ ਮੁੱਦਾ ਬਣਾ ਦਿਤਾ ਗਿਆ ਹੈ, ਸਾਡੇ ਸਮਾਜ ਨੂੰ ਇਸ ਪ੍ਰਸ਼ਨ ਬਾਰੇ ਗੰਭੀਰ ਵਾਰਤਾਲਾਪ ਲਈ ਤਿਆਰ ਹੋਣਾ ਚਾਹੀਦਾ ਹੈ। ਜਦ ਇਕ ਹਿੰਦੂ ਪ੍ਰਵਾਰ ਰੱਬ ਦੀ ਹੋਂਦ ਨੂੰ ਠੁਕਰਾ ਕੇ ਅਪਣਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਕਿਸੇ ਨੂੰ ਚਿੰਤਾ ਨਹੀਂ ਸੀ ਪਰ ਅਦਾਲਤ, ਅਤਿਵਾਦ ਨਾਲ ਲੜਨ ਵਾਲੀ ਐਨ.ਆਈ.ਏ. ਤੇ ਪਤਾ ਨਹੀਂ ਕਿੰਨੀਆਂ ਹੋਰ ਸੰਸਥਾਵਾਂ ਇਕ ਔਰਤ ਦੀ ਧਾਰਮਕ ਆਜ਼ਾਦੀ ਤੇ ਸਵਾਲ ਚੁਕਣ ਲੱਗ ਗਈਆਂ ਹਨ। ਇਕ ਨਾਸਤਕ ਘਰ ਤੋਂ ਆਈ ਕੁੜੀ ਅਪਣੇ ਲਈ ਕਿਸੇ ਵੀ ਧਰਮ ਦੀ ਚੋਣ ਕਿਉਂ ਨਹੀਂ ਕਰ ਸਕਦੀ?ਧਰਮ ਦੀ ਆਜ਼ਾਦੀ ਬਾਰੇ ਸੰਵਿਧਾਨ ਬੜਾ ਸਪੱਸ਼ਟ ਹੈ ਅਤੇ ਹਰ ਭਾਰਤੀ ਨੂੰ ਅਪਣਾ ਧਰਮ ਚੁਣਨ ਅਤੇ ਉਸ ਨੂੰ ਅਪਣੀ ਮਰਜ਼ੀ ਨਾਲ ਮੰਨਣ ਦੀ ਆਜ਼ਾਦੀ ਦੇਂਦਾ ਹੈ। ਫਿਰ ਇਕ 24 ਸਾਲ ਦੀ ਔਰਤ ਦੀ ਇਸ ਤਰ੍ਹਾਂ ਨਾਲ ਜਾਂਚ ਪੜਤਾਲ ਕੀ ਸੰਵਿਧਾਨਕ ਤੌਰ ਤੇ ਜਾਇਜ਼ ਵੀ ਹੈ? ਅਜਿਹਾ ਕੋਈ ਠੋਸ ਸਬੂਤ ਕਿਸੇ ਕੋਲ ਨਹੀਂ ਕਿ ਅਖਿਲਾ ਉਰਫ਼ ਹਾਦੀਆ ਕਿਸੇ ਅਤਿਵਾਦੀ ਸੰਸਥਾ ਦਾ ਹਿੱਸਾ ਬਣਨ ਜਾ ਰਹੀ ਸੀ। ਐਨ.ਆਈ.ਏ. ਵਲੋਂ ਆਖਿਆ ਜਾ ਰਿਹਾ ਹੈ ਕਿ 'ਲਵ ਜੇਹਾਦ' ਦੇ 10 ਕੇਸ ਮਿਲ ਗਏ ਹਨ ਪਰ ਜੇ ਉਹ ਵੀ ਇਸ ਤਰ੍ਹਾਂ ਦੀ ਕਮਜ਼ੋਰ ਬੁਨਿਆਦ ਉਤੇ ਟਿਕੇ ਹੋਣਗੇ ਤਾਂ ਗੱਲ ਅਪਣੇ ਆਪ ਖ਼ਤਮ ਹੋ ਜਾਏਗੀ।
ਜਦੋਂ ਪੱਛਮ ਵਿਚ ਯੋਗ ਜਾਂ ਹਿੰਦੂ ਧਰਮ ਦੀ ਪ੍ਰਫੁੱਲਤਾ ਹੁੰਦੀ ਹੈ ਜਾਂ ਸਿੱਖੀ ਸਿਧਾਂਤਾਂ ਨੂੰ ਮੰਨਦੇ ਗੋਰੇ ਹਿੰਦੂ ਜਾਂ ਸਿੱਖ ਬਣ ਜਾਂਦੇ ਹਨ ਤਾਂ ਕਦੇ ਪੱਛਮ ਵਿਚ 'ਭਾਰਤੀ ਜੇਹਾਦ' ਦਾ ਨਾਂ ਨਹੀਂ ਲਿਆ ਗਿਆ। ਭਾਰਤ ਦੀ 113 ਕਰੋੜ ਤੋਂ ਵੀ ਵੱਧ ਆਬਾਦੀ ਵਿਚੋਂ 10 ਕੁੜੀਆਂ ਦੇ ਮੁਸਲਮਾਨ ਬਣ ਜਾਣ ਨਾਲ 'ਲਵ ਜੇਹਾਦ' ਦਾ ਡਰ ਫੈਲ ਜਾਂਦਾ ਹੈ।ਇਸ ਕੇਸ ਨੂੰ ਜਿਸ ਤਰ੍ਹਾਂ ਸੁਪਰੀਮ ਕੋਰਟ ਤਕ ਲਿਜਾਣਾ ਪਿਆ ਤੇ ਇਕ ਬੇਬੁਨਿਆਦ ਮੁੱਦੇ ਨੂੰ ਚੁੱਕ ਕੇ ਆਮ ਇਨਸਾਨ ਦੇ ਮਨ ਵਿਚ ਵਾਧੂ ਦਾ ਡਰ ਪੈਦਾ ਕਰ ਦਿਤਾ ਗਿਆ ਹੈ, ਉਸ ਨੇ ਵੱਖ ਵੱਖ ਧਰਮਾਂ ਵਿਚ ਦਰਾਰਾਂ ਪਾ ਦਿਤੀਆਂ ਗਈਆਂ ਹਨ। ਅੰਤਰ ਜਾਤੀ ਵਿਆਹ ਅਤੇ ਅੰਤਰ ਧਰਮ ਵਿਆਹ ਇਸ ਬਹੁਗਿਣਤੀ ਧਾਰਮਕ ਦੇਸ਼ ਦੀ ਹਕੀਕਤ ਹੈ ਅਤੇ ਨਿਜੀ ਚੋਣ ਦੀ ਆਜ਼ਾਦੀ ਨੂੰ ਆਪਸੀ ਨਫ਼ਰਤ ਫੈਲਾਉਣ ਦਾ ਜ਼ਰੀਆ ਬਣਾਉਣਾ ਸੰਵਿਧਾਨ ਵਿਰੁਧ ਹੈ। ਚੰਗੀ ਗੱਲ ਹੈ ਕਿ ਸੁਪ੍ਰੀਮ ਕੋਰਟ ਨੇ ਅਖ਼ੀਰ ਹਾਦੀਆ ਦਾ ਇਹ ਦਾਅਵਾ ਮੰਨ ਲਿਆ ਹੈ ਕਿ ਉਹ ਅਪਣੀ ਮਰਜ਼ੀ ਨਾਲ ਮੁਸਲਮਾਨ ਬਣੀ ਸੀ ਤੇ ਉਸ ਉਤੇ ਕੋਈ ਦਬਾਅ ਨਹੀਂ ਸੀ ਪਾਇਆ ਗਿਆ। ਸੁਪ੍ਰੀਮ ਕੋਰਟ ਨੇ ਉਸ ਨੂੰ ਅਪਣੇ ਮਾਪਿਆਂ ਤੋਂ ਆਜ਼ਾਦ ਹੋ ਕੇ, ਕੇਰਲਾ ਵਿਚ ਅਪਣਾ ਹੋਮਿਉਪੈਥੀ ਦਾ ਕੋਰਸ ਪੂਰਾ ਕਰਨ ਲਈ ਖੁਲ੍ਹਿਆਂ ਛੱਡ ਦਿਤਾ ਹੈ ਤੇ ਕਿਹਾ ਹੈ ਕਿ ਉਹ ਮੁਸਲਮਾਨੀ ਧਰਮ ਨੂੰ ਅਪਨਾਉਣ ਵਿਚ ਪੂਰੀ ਤਰ੍ਹਾਂ ਆਜ਼ਾਦ ਹੈ। -ਨਿਮਰਤ ਕੌਰ