 
          	ਆਯੁਰਵੈਦਿਕ ਦਵਾਈ ਪੀਣ ਮਗਰੋਂ ਬੱਚੇ ਦੀ ਗਈ ਜਾਨ
ਛਿੰਦਵਾੜਾ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ ਆਯੁਰਵੈਦਿਕ ਖੰਘ ਦੀ ਦਵਾਈ ਅਤੇ ਚੂਰਣ ਖਾਣ ਤੋਂ ਬਾਅਦ ਇਕ ਪੰਜ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਛਿੰਦਵਾੜਾ ਦੇ 21, ਬੇਤੁਲ ਦੇ ਦੋ ਅਤੇ ਪੰਧੁਰਨਾ ਦੇ ਇਕ ਬੱਚੇ ਸਮੇਤ 24 ਬੱਚਿਆਂ ਦੀ ਮੌਤ ‘ਕੋਲਡਰਿਫ’ ਦੇ ਸੇਵਨ ਨਾਲ ਮੌਤ ਹੋਈ ਸੀ। ਅਧਿਕਾਰੀ ਨੇ ਦਸਿਆ ਕਿ ਕੋਲਡਰਿਫ ਦੇ ਸੇਵਨ ਨਾਲ ਜੁੜੀ ਆਖਰੀ ਮੌਤ ਦੇ ਦੋ ਹਫ਼ਤਿਆਂ ਬਾਅਦ ਹੋਈ ਤਾਜ਼ਾ ਮੌਤ ਮਗਰੋਂ ਤਰਲ ਫਾਰਮੂਲੇ ਦੀ ਵਰਤੋਂ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।
ਜ਼ੁਕਾਮ ਅਤੇ ਖੰਘ ਤੋਂ ਪੀੜਤ ਰੂਹੀ ਮਿਨੋਟ ਦੀ ਵੀਰਵਾਰ ਨੂੰ ਮੌਤ ਹੋ ਗਈ। ਉਸ ਦੇ ਪਰਵਾਰ ਨੇ ਚਾਰ ਦਿਨ ਪਹਿਲਾਂ ਕੁਰਾਥਾ ਮੈਡੀਕਲ ਸ਼ਾਪ ਤੋਂ ਇਕ ਆਯੁਰਵੈਦਿਕ ਦਵਾਈ ਅਤੇ ਕੁੱਝ ਚੂਰਣ ਖਰੀਦਿਆ ਸੀ। ਚੌਰਾਈ ਸਬ-ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਪ੍ਰਭਾਤ ਮਿਸ਼ਰਾ ਨੇ ਦਸਿਆ ਕਿ ਮੈਡੀਕਲ ਦੀ ਦੁਕਾਨ ਨੂੰ ਸੀਲ ਕਰ ਦਿਤਾ ਗਿਆ ਹੈ। ਪੁਲਿਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਦਵਾਈ ਅਤੇ ਪਾਊਡਰ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।
 
                     
                
 
	                     
	                     
	                     
	                     
     
     
     
     
                     
                     
                     
                     
                    