
ਡਿਜੀਟਲ ਦੁਨੀਆਂ ਦੇ ਫ਼ਾਇਦੇ ਅਤੇ ਨੁਕਸਾਨ ਬੇਅੰਤ ਹਨ ਪਰ ਜਿਸ ਤਰ੍ਹਾਂ ਅੱਜ ਭਾਰਤ ਵਿਚ ਸਿਰਫ਼ ਉਦਯੋਗਿਕ ਘਰਾਣਿਆਂ ਦੇ ਮੁਨਾਫ਼ੇ ਵਾਸਤੇ ਇਸ ਨੂੰ ਵਧਾਇਆ ਜਾ ਰਿਹਾ ਹੈ, ਇਹ ਨਹੀਂ ਜਾਪਦਾ ਕਿ ਇਸ ਦੇ ਪਿਛੇ ਕੋਈ ਲੰਮੀ ਤੇ ਲੋਕ-ਪੱਖੀ ਸੋਚ ਵੀ ਕੰਮ ਕਰ ਰਹੀ ਹੈ। ਇਨ੍ਹਾਂ ਕੰਪਨੀਆਂ ਵਿਚੋਂ ਕਿੰਨੀਆਂ ਕੁ ਭਾਰਤ ਵਿਚ ਬਣਾਏ ਫ਼ੋਨਾਂ ਦਾ ਪ੍ਰਯੋਗ ਕਰਨਗੀਆਂ? ਜਦ ਭਾਰਤ ਵਿਚ ਜੀਉ ਦਾ ਮੁਫ਼ਤ ਨੈੱਟਵਰਕ ਜਾਰੀ ਕੀਤਾ ਗਿਆ ਸੀ, ਉਸ ਵੇਲੇ, ਨਾਲ ਮਿਲਣ ਵਾਲੇ ਫ਼ੋਨ, ਚੀਨ ਤੋਂ ਆਏ ਸਨ।
ਭਾਰਤ ਵਿਚ ਪਹਿਲੀ ਵਾਰ 'ਇੰਡੀਆ ਮੋਬਾਈਲ ਕਾਂਗਰਸ' (ਕਾਨਫ਼ਰੰਸ) ਰੱਖੀ ਗਈ। ਇਹ
ਭਾਰਤ ਵਿਚ ਮੋਬਾਈਲ ਫ਼ੋਨ ਦੀ ਵਧਦੀ ਵਰਤੋਂ ਅਤੇ ਇਸ ਉਦਯੋਗ ਦੇ, ਭਾਰਤ ਦੀ 134 ਕਰੋੜ ਦੀ
ਆਬਾਦੀ ਵਿਚ ਫੈਲਾਅ ਲਈ ਬਹੁਤ ਵਧੀਆ ਮੌਕਾ ਹੈ। ਇਸ ਮੋਬਾਈਲ ਕਾਂਗਰਸ ਤੋਂ ਇਹ ਤਾਂ ਸਾਫ਼ ਹੋ
ਗਿਆ ਹੈ ਕਿ ਰਿਲਾਇੰਸ ਦੇ ਅੰਬਾਨੀ ਪ੍ਰਵਾਰ ਅਤੇ ਏਅਰਟੈੱਲ ਦੇ ਮਿੱਤਲ ਪ੍ਰਵਾਰ ਵਿਚ ਚਲ
ਰਹੀ ਮੁਕਾਬਲੇਬਾਜ਼ੀ ਦੀ ਜੰਗ ਨੂੰ ਠੰਢੇ ਬਸਤੇ ਵਿਚ ਪਾ ਦਿਤਾ ਗਿਆ ਹੈ।
ਹੁਣ ਸਾਰੇ ਛੋਟੇ
ਉਦਯੋਗਾਂ ਨੂੰ ਪਾਸੇ ਕਰ ਕੇ ਇਸ ਮਾਰਕੀਟ ਨੂੰ ਤਿੰਨ ਚਾਰ ਵੱਡੇ ਉਦਯੋਗਿਕ ਘਰਾਣਿਆਂ ਵਿਚ
ਵੰਡ ਲਿਆ ਜਾਵੇਗਾ। ਹੁਣ 5ਜੀ ਨੂੰ ਭਾਰਤ ਵਿਚ ਲਿਆਉਣ ਦੀ ਤਿਆਰੀ ਸ਼ੁਰੂ ਹੈ ਅਤੇ ਇਸ ਨੂੰ
ਇਕ ਕ੍ਰਾਂਤੀ ਹੀ ਮੰਨਿਆ ਜਾ ਰਿਹਾ ਹੈ। ਡਾਟਾ ਨਵਾਂ ਹੈ ਅਤੇ ਇਸ ਨੂੰ ਤਿਆਰ ਕਰਨ ਲਈ ਭਾਰਤ
ਕਿਸੇ ਉਤੇ ਨਿਰਭਰ ਨਹੀਂ ਕਰਦਾ। ਇਸ ਨਾਲ ਨੌਜਵਾਨਾਂ ਵਾਸਤੇ ਨਵੇਂ ਉਦਯੋਗਾਂ ਦਾ ਰਾਹ ਵੀ
ਖੁਲ੍ਹੇਗਾ। ਸਰਕਾਰ ਦੇ ਡਿਜੀਟਲ ਭਾਰਤ ਦੇ ਸੁਪਨੇ ਨੂੰ ਵੀ ਇਸ ਨਾਲ ਹੱਲਾਸ਼ੇਰੀ ਮਿਲੇਗੀ।
ਭਾਰਤ
ਅੰਦਰ ਡਿਜੀਟਲ ਦੇ ਪਸਾਰੇ ਵਿਚ ਕੋਈ ਬੁਰਾਈ ਨਹੀਂ ਪਰ ਜਦ ਛੋਟੀਆਂ ਟੈਲੀਕਾਮ ਕੰਪਨੀਆਂ
ਨੂੰ ਖ਼ਤਮ ਕਰ ਕੇ ਸਾਰੇ ਉਦਯੋਗ ਨੂੰ ਤਿੰਨ ਚਾਰ ਘਰਾਣਿਆਂ ਦੇ ਹੱਥਾਂ ਵਿਚ ਸੌਂਪਿਆ ਜਾ
ਰਿਹਾ ਹੋਵੇ ਤਾਂ ਫ਼ਿਕਰ ਦੀ ਗੱਲ ਜ਼ਰੂਰ ਬਣ ਜਾਂਦੀ ਹੈ। ਸਰਕਾਰ ਇਨ੍ਹਾਂ ਘਰਾਣਿਆਂ ਵਾਸਤੇ
ਸਹੂਲਤਾਂ ਅਤੇ ਖ਼ਾਸ ਯੋਜਨਾਵਾਂ ਬਣਾਉਣ ਵਾਸਤੇ ਵਚਨਬੱਧ ਹੈ ਪਰ ਇਸ ਨਾਲ ਭਾਰਤ ਦੀ ਆਮ ਜਨਤਾ
ਨੂੰ ਕੀ ਫ਼ਾਇਦਾ ਹੋਵੇਗਾ?
ਇਨ੍ਹਾਂ ਕੰਪਨੀਆਂ ਵਿਚੋਂ ਕਿੰਨੀਆਂ ਕੁ ਭਾਰਤ ਵਿਚ ਬਣਾਏ
ਫ਼ੋਨਾਂ ਦਾ ਪ੍ਰਯੋਗ ਕਰਨਗੀਆਂ? ਜਦ ਭਾਰਤ ਵਿਚ ਜੀਉ ਦਾ ਮੁਫ਼ਤ ਨੈੱਟਵਰਕ ਜਾਰੀ ਕੀਤਾ ਗਿਆ
ਸੀ, ਉਸ ਵੇਲੇ, ਨਾਲ ਮਿਲਣ ਵਾਲੇ ਫ਼ੋਨ, ਚੀਨ ਤੋਂ ਆਏ ਸਨ, ਕਿੰਨੇ ਲੋਕ ਨਵੀਆਂ ਐਪ ਬਣਾ ਕੇ
ਅਪਣੇ ਉਦਯੋਗ ਚਲਾ ਸਕਦੇ ਹਨ? ਡਿਜੀਟਲ ਤਕਨੀਕ ਨਾਲ ਕੰਮ ਆਸਾਨ ਹੋਣ ਨਾਲ ਨੌਕਰੀਆਂ ਵਿਚ
ਵੀ ਕਮੀ ਆਵੇਗੀ।
ਉਸ ਦਾ ਅਸਰ ਘੱਟ ਕਰਨ ਲਈ ਇਨ੍ਹਾਂ ਘਰਾਣਿਆਂ ਲਈ ਭਾਰਤ ਵਿਚ ਬਣਾਏ ਗਏ ਫ਼ੋਨਾਂ ਦਾ ਪ੍ਰਯੋਗ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਕਿ ਜੇ ਨੌਕਰੀਆਂ ਇਕ ਪਾਸਿਉਂ ਘਟਦੀਆਂ ਹਨ ਤਾਂ ਦੂਜੇ ਪਾਸਿਉਂ ਉਸ ਦੀ ਭਰਪਾਈ ਕਰਨ ਦੀ ਤਿਆਰੀ ਵੀ ਨਾਲੋ ਨਾਲ ਹੋ ਜਾਏ। ਚੀਨ ਵਿਰੁਧ ਸਿਰਫ਼ ਭਾਸ਼ਣ ਕਰਨੇ ਹੀ ਕਾਫ਼ੀ ਨਹੀਂ ਹਨ। ਅਪਣੇ ਉਦਯੋਗਾਂ ਉਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਨਕਾਰਨ ਲਈ ਯੋਜਨਾਬੱਧ ਪ੍ਰੋਗਰਾਮ ਵੀ ਤਿਆਰ ਕਰਨੇ ਚਾਹੀਦੇ ਹਨ।
ਸਮਾਜਕ ਜ਼ਿੰਮੇਵਾਰੀ: ਤਕਨੀਕੀ ਪਸਾਰੇ ਇਨਸਾਨ ਦੀ ਸਹੂਲਤ ਵਾਸਤੇ ਹੁੰਦੇ ਹਨ ਪਰ ਅੱਜ ਇਨਸਾਨ ਇਸ ਦਾ ਗ਼ੁਲਾਮ ਬਣਦਾ ਜਾ ਰਿਹਾ ਹੈ। ਅੱਜ ਹਰ ਕੋਈ ਸਿਰ ਝੁਕਾਈ ਬੈਠਾ ਹੈ, ਰੱਬ ਦੀ ਭਗਤੀ ਵਿਚ ਨਹੀਂ ਬਲਕਿ ਅਪਣੇ ਫ਼ੋਨ ਦੀ ਦੁਨੀਆਂ ਵਿਚ। ਅੱਜ ਫ਼ੋਨ ਵਿਚ ਸੱਭ ਕੁੱਝ ਮਿਲ ਜਾਂਦਾ ਹੈ, ਸਿਵਾਏ ਸੱਚੀ ਖ਼ੁਸ਼ੀ ਦੇ। ਮਨੁੱਖੀ ਰਿਸ਼ਤੇ ਤਕਨੀਕੀ ਤਾਰਾਂ ਨਾਲ ਜੁੜ ਚੁੱਕੇ ਹਨ। ਦਿਲਾਂ ਦੀਆਂ ਤਾਰਾਂ ਤਾਂ ਟੈਲੀਗ੍ਰਾਮ ਵਾਂਗ ਗ਼ਾਇਬ ਹੀ ਹੋ ਗਈਆਂ ਹਨ।
ਬਲੂ ਵੇਲ੍ਹ, ਇਕ
ਖ਼ਤਰਨਾਕ ਜਾਨਲੇਵਾ ਖੇਡ, ਘਰਾਂ ਵਿਚ ਰਹਿੰਦੇ ਬੱਚਿਆਂ ਦੇ ਮਨ ਨੂੰ ਡਰਾ ਕੇ ਉਨ੍ਹਾਂ ਦੀ
ਸੋਚ ਨੂੰ ਹੀ ਬੰਦੀ ਬਣਾ ਲੈਂਦੀ ਹੈ, ਜਦੋਂ ਤਕ ਬੱਚਾ ਅਪਣੀ ਜਾਨ ਲੈਣ ਲਈ ਮਜਬੂਰ ਨਹੀਂ ਹੋ
ਜਾਂਦਾ। 3ਜੀ, 4ਜੀ, 5ਜੀ ਦੇ ਫ਼ਾਇਦੇ ਤਾਂ ਹੀ ਮਿਲ ਸਕਦੇ ਹਨ ਜੇ ਸਾਡੀ ਪੀੜ੍ਹੀ
ਇੰਟਰਨੈੱਟ ਉਤੇ ਲਗਾਮ ਲਗਾ ਸਕੇ। ਪਰ ਜੇ ਉਹ ਇਸ ਦੇ ਗ਼ੁਲਾਮ ਹੀ ਬਣੇ ਰਹੇ ਤਾਂ ਭਾਰਤ ਦਾ
ਭਵਿੱਖ ਖ਼ਤਰੇ ਵਿਚ ਹੈ। ਡਿਜੀਟਲ ਦੁਨੀਆਂ ਦੇ ਫ਼ਾਇਦੇ ਅਤੇ ਨੁਕਸਾਨ ਬੇਅੰਤ ਹਨ ਪਰ ਜਿਸ
ਤਰ੍ਹਾਂ ਅੱਜ ਭਾਰਤ ਵਿਚ ਸਿਰਫ਼ ਉਦਯੋਗਿਕ ਘਰਾਣਿਆਂ ਦੇ ਮੁਨਾਫ਼ੇ ਵਾਸਤੇ ਇਸ ਨੂੰ ਵਧਾਇਆ ਜਾ
ਰਿਹਾ ਹੈ, ਇਹ ਨਹੀਂ ਜਾਪਦਾ ਕਿ ਇਸ ਦੇ ਪਿਛੇ ਕੋਈ ਲੰਮੀ ਤੇ ਲੋਕ-ਪੱਖੀ ਸੋਚ ਵੀ ਕੰਮ ਕਰ
ਰਹੀ ਹੈ।
ਛੋਟੇ ਬੱਚਿਆਂ ਦੇ ਮਨਾਂ ਨੂੰ ਇਸ ਗ਼ੁਲਾਮੀ ਤੋਂ ਬਚਾਉਣ ਦੀ ਜ਼ਿੰਮੇਵਾਰੀ,
ਮਾਂ-ਬਾਪ ਉਤੇ ਪੈਂਦੀ ਹੈ। ਸਸਤੇ ਇੰਟਰਨੈੱਟ ਪੈਕੇਜ ਇਹ ਸਸਤੇ ਮੋਬਾਈਲ ਨਾਲ ਬੱਚੇ ਦੀ ਦੋ
ਪਲਾਂ ਦੀ ਖ਼ੁਸ਼ੀ ਤਾਂ ਖ਼ਰੀਦੀ ਜਾ ਸਕਦੀ ਹੈ ਪਰ ਇਹ ਸਸਤੇ ਪੈਕੇਜ ਤੇ ਮੋਬਾਈਲ ਸੈੱਟ, ਬੱਚੇ
ਦੀ ਸੋਚ ਨੂੰ ਗ਼ੁਲਾਮ ਬਣਾ ਦੇਂਦੇ ਹਨ। ਆਰਥਕ ਸੰਕਟ ਵਿਚ ਫਸੀ ਸਰਕਾਰ ਤਾਂ ਸਿਰਫ਼ ਪੈਸੇ
ਬਾਰੇ ਹੀ ਸੋਚ ਰਹੀ ਹੈ ਪਰ ਮਾਂ-ਬਾਪ ਤਾਂ ਅਪਣੇ ਬੱਚਿਆਂ ਦੇ ਭਵਿੱਖ ਬਾਰੇ ਸੁਚੇਤ ਰਹਿ
ਸਕਦੇ ਹਨ। -ਨਿਮਰਤ ਕੌਰ