ਸਵਰਗ-ਨਰਕ ਬਾਰੇ ਸੱਭ ਨੇ ਸੁਣਿਆ ਹੋਵੇਗਾ। ਇਸ ਦਾ ਵਿਸਤਾਰ ਸਹਿਤ ਵਰਣਨ ਉਹੀ ਬਿਹਤਰ ਕਰ ਸਕਦਾ ਹੈ, ਜਿਹੜਾ ਸਵਰਗਵਾਸੀ ਹੋ ਕੇ ਵਾਪਸ ਮੁੜਿਆ ਹੋਵੇ। ਭਾਵ ਉਸ ਦਾ ਪੁਨਰਜਨਮ ਹੋਇਆ ਹੋਵੇ। ਫਿਰ ਵੀ ਮੈਂ ਅਪਣੇ ਜਿਊਂਦੇ ਜੀਅ ਹੀ ਕੁੱਝ ਨਾ ਕੁੱਝ ਦੱਸਣ ਦਾ ਉਪਰਾਲਾ ਕਰਦਾ ਹਾਂ। ਸਾਡੇ ਪ੍ਰਵਾਰ ਵਿਚ ਮੇਰੀ ਮਾਂ ਸ਼ਿਵ ਭਗਵਾਨ ਦੀ ਉਪਾਸਕ ਸੀ। ਕਦੇ-ਕਦੇ ਉਹ ਘਰ ਵਿਚ ਬਣੇ ਛੋਟੇ ਜਹੇ ਮੰਦਰ ਵਿਚ ਜੋਤ ਜਗਾ ਕੇ ਬਾਬੂ ਜੀ ਨੂੰ ਕਹਿੰਦੀ, ''ਤੁਸੀ ਵੀ ਕਦੇ ਭੋਰਾ ਮੱਥਾ ਟੇਕ ਲਿਆ ਕਰੋ ਨਹੀਂ ਤਾਂ ਨਰਕ ਵਿਚ ਵੀ ਜਗ੍ਹਾ ਨਹੀਂ ਮਿਲਣੀ।'' ਤਾਂ ਬਾਬੂ ਜੀ ਕਹਿੰਦੇ, ''ਨਰਕ ਤਾਂ ਮੈਂ ਅਪਣੇ ਹਿੱਸੇ ਦਾ ਤੇਰੇ ਨਾਲ ਭੋਗ ਰਿਹਾ ਹਾਂ। ਇਸ ਕਰ ਕੇ ਮੈਨੂੰ ਤਾਂ ਸਵਰਗ ਹੀ ਮਿਲੇਗਾ।''ਵੱਖ-ਵੱਖ ਧਰਮਾਂ ਦੇ ਸਵਰਗ-ਨਰਕ ਪ੍ਰਤੀ ਵਖਰੇ-ਵਖਰੇ ਵਿਚਾਰ ਹਨ। ਇਸਾਈ ਤੇ ਮੁਸਲਿਮ ਧਰਮ ਤਾਂ ਇਕ ਜਨਮ ਇਕ ਮੌਤ ਵਿਚ ਵਿਸ਼ਵਾਸ ਰਖਦੇ ਹਨ, ਪਰ ਹਿੰਦੂ ਧਰਮ ਅਨੁਸਾਰ ਆਦਮੀ ਮਰਨ ਉਪਰੰਤ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮਰਦਾ ਹੈ। ਨਾਸਤਕ ਲੋਕ ਤਾਂ ਰੱਬ ਦੀ ਹੋਂਦ ਤੋਂ ਵੀ ਮੁਨਕਰ ਹਨ। ਉਨ੍ਹਾਂ ਅਨੁਸਾਰ ਸਵਰਗ-ਨਰਕ, ਬਹਿਸ਼ਤ-ਦੋਜ਼ਖ਼ ਕੁੱਝ ਨਹੀਂ। ਕੋਈ ਤਿਲ-ਤਿਲ ਦਾ ਲੇਖਾ ਨਹੀਂ ਦੇਣਾ ਹੁੰਦਾ। ਇਹ ਸੱਭ ਮਨੁੱਖ ਦੇ ਅਪਣੇ ਦਿਮਾਗ਼ ਦੀ ਉਪਜ ਹੈ।
ਨਾ ਕੋਈ ਅੱਲਾ, ਨਾ ਕੋਈ ਕਿਸਮਤ, ਸਜ਼ਾ ਸੁਜਾ ਨਾ ਲੇਖੇ,
ਨਾ ਬਹਿਸ਼ਤ ਨਾ ਦੋਜ਼ਖ਼ ਕੋਈ, ਅਜ ਤਕ ਕਿਸੇ ਨੇ ਵੇਖੇ।
ਪੀਰਾਂ-ਫ਼ਕੀਰਾਂ ਨੇ ਐਵੇਂ ਦੁਨੀਆਂ ਨੂੰ ਰੱਬ ਦਾ ਡਰ ਪਾਇਆ ਹੈ।
ਦਸੋ ਅੱਜ ਤਕ ਕਿਸੇ ਪੁਰਸ਼ ਨੂੰ ਰੱਬ ਨਜ਼ਰ ਵੀ ਆਇਆ ਹੈ?
ਗੀਤਾ ਵਿਚ ਭਗਵਾਨ ਕ੍ਰਿਸ਼ਨ ਕਹਿੰਦੇ ਹਨ ਕਿ ਇਨਸਾਨ ਦਾ ਸ੍ਰੀਰ ਮਰਦਾ ਹੈ, ਆਤਮਾ ਨਹੀਂ। ਇਹ ਵਾਰ-ਵਾਰ ਚੋਲੇ ਬਦਲਦੀ ਰਹਿੰਦੀ ਹੈ। ਹਿੰਦੂਵਾਦ ਵੀ ਇਹੀ ਕਹਿੰਦਾ ਹੈ ਕਿ ਜਨਮ-ਮਰਨ ਦਾ ਚੱਕਰ ਤਦ ਤਕ ਚਲਦਾ ਰਹਿੰਦਾ ਹੈ ਜਦੋਂ ਤਕ ਮੁਕਤੀ ਨਹੀਂ ਮਿਲਦੀ। ਭਾਰਤ ਦੇ ਲੋਕ ਮਰਨ ਤੋਂ ਬਹੁਤ ਡਰਦੇ ਹਨ। ਅਗਲਾ ਜਨਮ ਸੁਧਾਰਨ ਵਾਸਤੇ ਧਰਮ ਦਾ ਗਲੀਚਾ ਵਿਛਾ ਲੈਂਦੇ ਹਨ। ਮੰਦਰਾਂ ਵਿਚ ਭਜਦੇ ਰਹਿੰਦੇ ਹਨ। ਕਿਸੇ ਨਾ ਕਿਸੇ ਬਾਬੇ ਦੇ ਲੜ ਲੱਗ ਜਾਂਦੇ ਹਨ। ਲੋਕਾਂ ਨੂੰ ਸਮਝਣਾ ਚਾਹੀਦੈ ਕਿ ਕਈ ਬਾਬੇ ਤਾਂ ਸਵਰਗ ਵਿਖਾਉਂਦੇ-ਵਿਖਾਉਂਦੇ ਆਪ ਜੇਲ ਵਿਚ ਨਰਕ ਭੋਗ ਰਹੇ ਹਨ, ਉਹ ਕੀ ਤੁਹਾਡਾ ਭਵਿੱਖ ਸੁਧਾਰਨਗੇ? ਨਰਕ ਬੁਰੇ ਕੰਮਾਂ ਦਾ ਪ੍ਰਤੀਕ ਹੈ ਅਤੇ ਸਵਰਗ ਚੰਗੇ ਕੰਮਾਂ ਦਾ ਇਨਾਮ ਹੈ। ਲੋਕਾਂ ਨੂੰ ਡਰਾਉਣ ਲਈ ਕਿਹਾ ਗਿਆ ਹੈ ਕਿ ਨਰਕ ਵਿਚ ਤਾਂ ਹਰ ਸਮੇਂ ਰੋਣ ਪਿੱਟਣ ਪਿਆ ਰਹਿੰਦਾ ਹੈ। ਗਰਮ ਕੜਾਹ ਵਿਚ ਤਲਿਆ ਜਾਂਦਾ ਹੈ। ਇਥੇ ਜਮਦੂਤ ਹਰ ਸਮੇਂ ਡਰਾਉਂਦੇ ਰਹਿੰਦੇ ਹਨ ਅਤੇ ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਇਹੋ ਜਹੀਆਂ ਸਜ਼ਾਵਾਂ ਦਾ ਜ਼ਿਕਰ ਸਾਡੇ ਗਰੁੜ-ਪੁਰਾਣ ਵਿਚ ਵੀ ਦਿਤਾ ਗਿਆ ਹੈ। ਸਜ਼ਾਵਾਂ ਵੀ ਵਖਰੀਆਂ-ਵਖਰੀਆਂ ਹਨ। ਇਸ ਦੇ ਉਲਟ ਸਵਰਗ ਦਾ ਵਖਰਾ ਸੰਕਲਪ ਹੈ। ਇਥੇ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹਨ। ਇਸ ਨੂੰ ਧਰਮ ਤੋਂ ਉਪਰ ਅਸਮਾਨ ਵਿਚ ਕਿਆਸਿਆ ਗਿਆ ਹੈ ਜਦਕਿ ਨਰਕ ਨੂੰ ਪਤਾਲ ਅਰਥਾਤ ਧਰਤੀ ਤੋਂ ਹੇਠ ਦਸਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਸਵਰਗ ਜਾਣ ਦਾ ਰਾਹ ਸੂਈ ਦੇ ਨੱਕੇ ਜਿੰਨਾ ਤੰਗ ਹੈ ਪਰ ਜੇ ਤੁਸੀ ਚੰਗੇ ਕਰਮ ਕੀਤੇ ਹਨ ਤਾਂ ਸਵਰਗ ਦਾ ਰਾਹ ਵੀ ਤੁਹਾਡੇ ਲਈ ਖੁੱਲ੍ਹ ਸਕਦਾ ਹੈ। ਇਥੇ ਪਰੀਆਂ ਦਾ ਵਾਸਾ ਹੈ ਜੋ ਤੁਹਾਡਾ ਸਵਾਗਤ ਕਰਦੀਆਂ ਹਨ। ਹਰ ਧਰਮ ਵਿਚ ਸਵਰਗ ਅਤੇ ਨਰਕ ਦੇ ਵਖਰੇ ਵਖਰੇ ਨਕਸ਼ੇ ਹਨ। ਹਰ ਧਰਮ ਚੰਗੇ ਅਤੇ ਮਾੜੇ ਕੰਮਾਂ ਨੂੰ ਅਪਣੇ ਅਪਣੇ ਦ੍ਰਿਸ਼ਟੀਕੋਣ ਨਾਲ ਨਾਪਦਾ ਹੈ। ਹਰ ਕੋਈ ਅਪਣੇ-ਅਪਣੇ ਤਰਕ ਪੇਸ਼ ਕਰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਸ ਨੂੰ ਤੁਸੀ ਚੰਗਾ ਕੰਮ ਸਮਝਦੇ ਹੋ ਉਸ ਦੇ ਆਧਾਰ ਤੇ ਤੁਹਾਨੂੰ ਸਵਰਗ ਮਿਲੇ।ਕਿਹਾ ਜਾਂਦਾ ਹੈ ਕਿ ਇਕ ਵਾਰ ਦੋ ਵਿਅਕਤੀ ਇਕੱਠੇ ਪ੍ਰਮਾਤਮਾ ਦੇ ਦਰਬਾਰ ਵਿਚ ਪਹੁੰਚਦੇ ਹਨ। ਇਕ ਪੂਰਾ ਭਗਤ ਸੀ ਅਤੇ ਹਰ ਸਮੇਂ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਸੀ। ਦੂਜਾ ਨਾਸਤਿਕ ਸੀ ਅਤੇ ਪ੍ਰਮਾਤਮਾ ਉਸ ਦੇ ਯਾਦ ਚੇਤੇ ਨਹੀਂ ਸੀ। ਜੋ ਸਾਰਾ ਦਿਨ ਰੱਬ ਰੱਬ ਕਰਦਾ ਰਹਿੰਦਾ ਸੀ ਉਸ ਨੂੰ ਨਰਕ ਭੇਜ ਦਿਤਾ ਗਿਆ ਅਤੇ ਇਸ ਬਾਰੇ ਪ੍ਰਮਾਤਮਾ ਨੇ ਕਿਹਾ ਇਹ ਹਰ ਸਮੇਂ ਮੇਰੇ ਕੰਨ ਖਾਂਦਾ ਰਿਹਾ ਹੈ, ਕਿਸੇ ਵੇਲੇ ਮੈਨੂੰ ਅਰਾਮ ਨਹੀਂ ਕਰਨ ਦਿਤਾ। ਜਦਕਿ ਦੂਜੇ ਨੇ ਮੈਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ, ਇਸ ਲਈ ਇਸ ਨੂੰ ਸਵਰਗ ਭੇਜ ਰਿਹਾ ਹਾਂ। ਇਸੇ ਤਰ੍ਹਾਂ ਮਹਾਂਭਾਰਤ ਦੇ ਯੁੱਧ ਵਿਚ ਸਾਰੇ ਕੌਰਵ ਮਾਰੇ ਗਏ ਅਤੇ ਮਰਨ ਉਪਰੰਤ ਉਨ੍ਹਾਂ ਨੂੰ ਸਵਰਗ ਵਿਚ ਸਥਾਨ ਪ੍ਰਾਪਤ ਹੋਇਆ। ਜਦਕਿ ਪਾਂਡਵਾਂ ਨੂੰ ਨਰਕ ਮਿਲਿਆ। ਧਰਮਰਾਜ ਯੁਧਿਸ਼ਟਰ ਇਹ ਵੇਖ ਕੇ ਹੈਰਾਨ ਹੁੰਦਾ ਹੈ ਕਿ ਉਸ ਦੇ ਸਾਰੇ ਭਰਾ ਨਰਕ ਵਿਚ ਹਨ ਅਤੇ ਕੌਰਵ ਸਾਰੇ ਸਵਰਗ ਵਿਚ ਹਨ। ਜਦੋਂ ਉਸ ਨੇ ਇਸ ਸਬੰਧ ਵਿਚ ਇੰਦਰ ਨੂੰ ਪੁਛਿਆ ਤਾਂ ਉਸ ਨੇ ਕਿਹਾ ਕਿ 'ਇਹ ਸਾਰੇ ਮਹਾਂਭਾਰਤ ਦੇ ਯੁੱਧ ਵਿਚ ਲੜਦੇ-ਲੜਦੇ ਵੀਰਗਤੀ ਨੂੰ ਪ੍ਰਾਪਤ ਹੋਏ ਹਨ ਅਤੇ ਤੁਸੀ ਉਨ੍ਹਾਂ ਦੀ ਜਗ੍ਹਾ 36 ਸਾਲ ਰਾਜ ਕੀਤਾ ਹੈ। ਕੀ ਇਹ ਸਜ਼ਾ ਇਨ੍ਹਾਂ ਲਈ ਕਾਫ਼ੀ ਨਹੀਂ? ਹਾਂ, ਮੈਂ ਤੁਹਾਨੂੰ ਸਵਰਗ ਭੇਜ ਸਕਦਾ ਹਾਂ।' ਯੁਧਿਸ਼ਟਰ ਨੇ ਕਿਹਾ, ''ਮੈਂ ਅਪਣੇ ਕੁੱਤੇ ਨੂੰ ਵੀ ਨਾਲ ਲਿਜਾਣਾ ਚਾਹੁੰਦਾ ਹਾਂ, ਇਸ ਨੇ ਮੇਰਾ ਬਹੁਤ ਸਾਥ ਦਿਤਾ ਹੈ।'' ਅਤੇ ਇੰਦਰ ਨੇ ਦੋਹਾਂ ਨੂੰ ਸਵਰਗ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ।ਨਰਕ-ਸਵਰਗ ਦੀ ਹੋਂਦ ਮਨੁੱਖੀ ਸੋਚ ਦੀ ਕਲਪਨਾ ਹੈ। ਅਸਲ 'ਚ ਇਸ ਦੀ ਕੋਈ ਹੋਂਦ ਨਹੀਂ। ਕਦੇ ਕਿਸੇ ਨੇ ਪੁਨਰਜਨਮ ਮਗਰੋਂ ਕੇ ਦਸਿਆ ਹੈ ਕਿ ਨਰਕ-ਸਵਰਗ ਕਿਸ ਤਰ੍ਹਾਂ ਦੇ ਹਨ? ਇਹ ਦੋਵੇਂ ਇਨਸਾਨ ਦੇ ਅੰਦਰ ਹੀ ਹਨ। ਹੁਣ ਤਾਂ ਵਿਗਿਆਨ ਦਾ ਅਸਰ ਏਨਾ ਵੱਧ ਗਿਆ ਹੈ ਕਿ ਇਨਸਾਨ ਨਰਕ ਦੇ ਡਰਾਵਿਆਂ ਦੀ ਅਤੇ ਸਵਰਗ ਦੇ ਸੁੱਖ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ। ਤੁਸੀ ਜਾ ਰਹੇ ਹੋ, ਰਸਤੇ ਵਿਚ ਕੋਈ ਮੰਦਰ ਆ ਜਾਵੇ, ਪ੍ਰਾਰਥਨਾ ਨਾ ਕਰੋ ਤਾਂ ਵੀ ਚਲੇਗਾ ਪਰ ਜੇ ਕੋਈ ਐਂਬੂਲੈਂਸ ਮਿਲੇ ਤਾਂ ਪ੍ਰਾਰਥਨਾ ਜ਼ਰੂਰ ਕਰੋ, ਸ਼ਾਇਦ ਕੋਈ ਜ਼ਿੰਦਗੀ ਬਚ ਜਾਵੇ।