
ਸੁਨੀਲ ਜਾਖੜ ਨੇ ਲੋਕ ਸਭਾ ਵਿਚ ਅਪਣੇ ਅਹੁਦੇ ਦੀ ਸਹੁੰ ਪੰਜਾਬੀ ਵਿਚ ਚੁੱਕ ਕੇ ਇਸ ਦਾ ਮਾਣ ਸਤਿਕਾਰ ਤਾਂ ਵਧਾਇਆ ਹੀ ਹੈ ਸਗੋਂ ਪਿਛਲੇ ਸਾਰੇ ਧੋਣੇ ਵੀ ਧੋ ਦਿਤੇ ਹਨ। ਉਹ ਕੁੱਝ ਮਹੀਨੇ ਪਹਿਲਾਂ ਹੀ ਗੁਰਦਾਸਪੁਰ ਜ਼ਿਮਨੀ ਲੋਕ ਸਭਾ ਚੋਣ ਜਿੱਤੇ ਸਨ ਤੇ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਪਿਛੋਂ ਜਦੋਂ ਪਾਰਲੀਮੈਂਟ ਦਾ ਸਰਦ ਰੁੱਤ ਦਾ ਇਜਲਾਸ ਜੁੜਿਆ ਤਾਂ ਨਿਯਮਾਂ ਮੁਤਾਬਕ ਉਨ੍ਹਾਂ ਨੇ ਇਸ ਦਾ ਮੈਂਬਰ ਹੋਣ ਵਜੋਂ ਸਹੁੰ ਚੁਕਣੀ ਹੀ ਸੀ। ਲੋਕ ਸਭਾ ਦੇ 550 ਮੈਂਬਰ ਹੁੰਦੇ ਹਨ ਤੇ ਇਹ ਇਸ ਦਾ ਮੈਂਬਰ ਬਣਨ ਵੇਲੇ ਕਿਸੇ ਵੀ ਭਾਸ਼ਾ ਵਿਚ ਸਹੁੰ ਚੁੱਕ ਸਕਦੇ ਹਨ। ਹਾਂ, ਆਮ ਤੌਰ ਤੇ ਜਿਸ ਖ਼ਿੱਤੇ ਜਾਂ ਸੂਬੇ ਦਾ ਮੈਂਬਰ ਹੁੰਦਾ ਹੈ, ਉਸ ਵਲੋਂ ਉਥੋਂ ਦੀ ਸਰਕਾਰੀ ਭਾਸ਼ਾ ਵਿਚ ਸਹੁੰ ਚੁੱਕੇ ਜਾਣ ਨੂੰ ਪਹਿਲਾਂ ਦਿਤੀ ਜਾਂਦੀ ਹੈ। ਪਿਛਲੇ ਸੱਤਰ ਸਾਲਾਂ ਤੋਂ ਪਾਰਲੀਮੈਂਟ ਦੀ ਹੋਂਦ ਤੋਂ ਹੀ ਪੰਜਾਬ ਤੋਂ ਲੋਕ ਸਭਾ ਦੇ ਜਿਹੜੇ ਵੀ ਮੈਂਬਰ ਚੁਣੇ ਗਏ ਹਨ ਉਨ੍ਹਾਂ ਵਿਚੋਂ ਸ਼ਾਇਦ ਗਿਣਤੀ ਦੇ ਹੀ ਹੋਣਗੇ ਜਿਨ੍ਹਾਂ ਨੇ ਇਸ ਦੀ ਦਹਿਲੀਜ਼ ਟੱਪਣ ਪਿਛੋਂ ਸਹੁੰ ਅਪਣੀ ਮਾਤ ਭਾਸ਼ਾ ਵਿਚ ਚੁੱਕੀ ਹੋਵੇ। ਇਥੋਂ ਤਕ ਕਿ ਘੱਟੋ-ਘੱਟ ਅਕਾਲੀ ਦਲ ਦੇ ਮੈਂਬਰਾਂ ਕੋਲੋਂ ਜ਼ਰੂਰ ਇਹ ਆਸ ਕੀਤੀ ਜਾਂਦੀ ਰਹੀ ਹੈ ਕਿ ਉਹ ਸਹੁੰ ਪੰਜਾਬੀ ਵਿਚ ਚੁੱਕਣ। ਇਤਿਹਾਸ ਗਵਾਹ ਹੈ ਕਿ ਬਹੁਤੇ ਮੈਂਬਰ ਇਕ-ਦੂਜੇ ਦੀ ਵੇਖਾ-ਵੇਖੀ ਸਹੁੰ ਬਹੁਤਾ ਕਰ ਕੇ ਹਿੰਦੀ ਵਿਚ ਚੁਕਦੇ ਰਹੇ ਹਨ ਜਾਂ ਫਿਰ ਅੰਗਰੇਜ਼ੀ ਵਿਚ। ਉਂਜ ਲੋਕ ਸਭਾ ਵਿਚ ਇਸ ਤਰ੍ਹਾਂ ਦੀ ਬਾਕਾਇਦਾ ਸਹੂਲਤ ਹੈ ਕਿ ਕੋਈ ਵੀ ਮੈਂਬਰ ਸੰਵਿਧਾਨ ਵਿਚਲੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਵਿਚ ਸਹੁੰ ਚੁੱਕ ਸਕਦਾ ਹੈ।ਵੇਖਣ ਵਿਚ ਆਇਆ ਹੈ ਕਿ ਦਖਣੀ ਭਾਰਤ ਤੋਂ ਜਿੰਨੇ ਵੀ ਮੈਂਬਰ ਚੁਣੇ ਜਾਂਦੇ ਹਨ, ਉਹ ਵਧੇਰੇ ਕਰ ਕੇ ਸਹੁੰ ਅਪਣੀ ਮਾਤ ਭਾਸ਼ਾ ਵਿਚ ਹੀ ਚੁਕਦੇ ਹਨ। ਇਹ ਪੰਜਾਬੀ 'ਸਪੂਤ' ਹੀ ਹਨ, ਜਿਨ੍ਹਾਂ ਨੂੰ ਸ਼ਾਇਦ ਪੰਜਾਬੀ ਵਿਚ ਸਹੁੰ ਚੁਕਣੀ ਅਜੀਬ ਲਗਦੀ ਹੈ। ਤਾਂ ਵੀ ਸੁਨੀਲ ਜਾਖੜ ਇਸ ਲਈ ਵਧਾਈ ਦੇ ਪਾਤਰ ਹਨ।ਸੁਨੀਲ ਜਾਖੜ ਇਸ ਵੇਲੇ ਲੋਕ ਸਭਾ ਦੇ ਮੈਂਬਰ ਤਾਂ ਹਨ, ਨਾਲ ਹੀ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਉਥੇ ਉਹ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਪਣਾ ਨੇੜਲਾ ਭਰੋਸੇਯੋਗ ਅਤੇ ਪਾਰਟੀ ਦੇ ਜਥੇਬੰਦਕ ਅਤੇ ਪ੍ਰਸ਼ਾਸਕੀ ਮਸਲਿਆਂ ਨੂੰ ਤਿੱਖੀ ਸੂਝਬੂਝ ਅਤੇ ਦ੍ਰਿੜਤਾ ਨਾਲ ਨਜਿੱਠਣ ਦੇ ਤਜਰਬੇਕਾਰ ਹੋਣ ਵਜੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਵਾ ਦਿਤਾ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤਕ ਪੰਜਾਬ ਕਾਂਗਰਸ ਦੇ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਸਨ। ਦਰਅਸਲ ਇਹ ਚੋਣਾਂ ਲੜੀਆਂ ਹੀ ਉਨ੍ਹਾਂ ਦੀ ਅਗਵਾਈ ਹੇਠ ਗਈਆਂ ਹਨ। ਉਨ੍ਹਾਂ ਨੇ ਇਕ ਤਾਂ ਅਪਣੀ ਪਿਛਲੀ ਸਰਕਾਰ ਦੇ ਜ਼ੋਰਦਾਰ ਠੁੱਕ, ਦੂਜਾ ਹਾਈਕਮਾਂਡ ਨਾਲ ਭਰਵੀਂ ਨੇੜਤਾ ਅਤੇ ਤੀਜਾ ਲੋਕਾਂ ਦਾ ਹੱਦੋਂ ਵੱਧ ਵਿਸ਼ਵਾਸ ਪ੍ਰਾਪਤ ਕਰ ਕੇ ਇਹ ਚੋਣਾਂ ਠਾਠ ਨਾਲ ਜਿੱਤ ਕੇ ਪਿਛਲੇ ਦਸ ਵਰ੍ਹਿਆਂ ਤੋਂ ਸੱਤਾ ਤੋਂ ਬਾਹਰ ਬੈਠੀ ਕਾਂਗਰਸ ਨੂੰ ਮੁੜ ਪਟਰਾਣੀ ਬਣਾ ਦਿਤਾ ਹੈ। ਚੋਣਾਂ ਜਿੱਤਣ ਦੇ ਇਸ ਸਾਰੇ ਮਰਹਲੇ ਵਿਚ ਅਤੇ ਇਸ ਤੋਂ ਪਹਿਲਾਂ ਵੀ ਹਰ ਸਮੇਂ ਸੁਨੀਲ ਜਾਖੜ ਕੈਪਟਨ ਦੇ ਮੋਢੇ ਨਾਲ ਮੋਢਾ ਡਾਹ ਕੇ ਖੜੇ ਰਹੇ। ਖ਼ਾਸ ਕਰ ਕੇ ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਕੋਲੋਂ ਕਾਂਗਰਸ ਦੀ ਪ੍ਰਧਾਨਗੀ ਲੈਣ ਲਈ ਸੰਘਰਸ਼ ਕਰ ਰਹੇ ਸਨ। ਕਾਂਗਰਸ ਹਾਈਕਮਾਂਡ ਉਨ੍ਹਾਂ ਉਤੇ ਪੂਰੀ ਤਰ੍ਹਾਂ ਫ਼ਿਦਾ ਹੈ। ਸੁਨੀਲ ਜਾਖੜ ਅਬੋਹਰ ਹਲਕੇ ਨਾਲ ਸਬੰਧ ਰਖਦੇ ਹਨ ਅਤੇ ਸਿਆਸਤ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਹੋਈ ਹੈ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਨੂੰ ਭਲਾ ਕੌਣ ਨਹੀਂ ਜਾਣਦਾ? ਉਹ ਲੰਮਾ ਸਮਾਂ ਪਹਿਲਾਂ ਪੰਜਾਬ ਅਤੇ ਫਿਰ ਕੌਮੀ ਸਿਆਸਤ ਵਿਚ ਬੜੇ ਚਰਚਿਤ ਰਹੇ ਹਨ। ਉਹ ਕੇਂਦਰ ਵਿਚ ਮੰਤਰੀ ਤਾਂ ਰਹੇ ਹੀ ਸਗੋਂ ਲੋਕ ਸਭਾ ਦੇ ਸਪੀਕਰ ਵੀ ਰਹੇ ਅਤੇ ਬੜੇ ਸਫ਼ਲ ਸਪੀਕਰ ਰਹੇ ਹਨ। ਉਪਰੰਤ ਉਹ ਮੱਧ ਪ੍ਰਦੇਸ਼ ਸੂਬੇ ਦੇ ਗਵਰਨਰ ਵੀ ਰਹੇ। ਸੁਨੀਲ ਜਾਖੜ ਨੇ ਸਿਆਸਤ ਦੀਆਂ ਬਹੁਤ ਸਾਰੀਆਂ ਬਾਰੀਕੀਆਂ ਯਕੀਨਨ ਅਪਣੇ ਪਿਤਾ ਕੋਲੋਂ ਹੀ ਸਿਖੀਆਂ। ਸੁਨੀਲ ਜਾਖੜ ਖ਼ੁਦ ਕਾਫ਼ੀ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਇਕ ਚਰਚਿਤ ਅਤੇ ਪ੍ਰਵਾਨਤ ਚਿਹਰਾ ਹਨ। ਇਹ ਗੱਲ ਵਖਰੀ ਹੈ ਕਿ ਸਿਆਸੀ ਉਤਰਾਅ-ਚੜਾਅ ਵਿਚ ਐਤਕੀਂ ਉਹ ਅਬੋਹਰ ਤੋਂ ਹਾਰ ਗਏ ਸਨ। ਉਹ ਵੀ ਪੰਜਾਬ ਵਿਚ ਮੰਤਰੀ ਰਹੇ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ। ਅਸਲ ਵਿਚ ਸੁਨੀਲ ਜਾਖੜ ਅਪਣੀ ਪਾਰਟੀ ਲਈ ਸੰਕਟਮੋਚਕ ਮੰਨੇ ਜਾਂਦੇ ਹਨ। ਉਹ ਬੜੇ ਗਹਿਰ ਗੰਭੀਰ, ਤੋਲ ਕੇ ਸਾਵੀਂ ਪੱਧਰੀ ਗੱਲਬਾਤ ਕਰਨ ਅਤੇ ਪੇਚੀਦਾ ਮਸਲਿਆਂ ਦੀ ਘੁੰਡੀ ਹੱਲ ਕਰਨ ਲਈ ਵੀ ਜਾਣੇ ਜਾਂਦੇ ਹਨ। ਬੜੇ ਸਾਊ ਤੇ ਮਿੱਠਬੋਲੜੇ ਵੀ ਹਨ। ਇਕ ਰੱਜੇ ਪੁੱਜੇ ਖ਼ਾਨਦਾਨ ਦਾ ਚਸ਼ਮੇ ਚਿਰਾਗ ਹੋਣ ਅਤੇ ਕਈ ਅਹਿਮ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦਾ ਅਕਸ ਬਹੁਤ ਹੀ ਸਾਫ਼-ਸੁਥਰਾ ਹੈ। ਹੁਣ ਉਨ੍ਹਾਂ ਨੇ ਲੋਕ ਸਭਾ ਵਿਚ ਸਹੁੰ ਪੰਜਾਬੀ ਵਿਚ ਚੁੱਕ ਕੇ ਘੱਟੋ-ਘੱਟ ਉਨ੍ਹਾਂ ਲੋਕਾਂ ਨੂੰ ਯਾਦ ਦਹਾਨੀ ਕਰਾਈ ਹੈ ਜੋ ਅਪਣੀ ਮਾਤ ਭਾਸ਼ਾ ਪੰਜਾਬੀ ਤੋਂ ਮੂੰਹ ਮੋੜੀ ਬੈਠੇ ਹਨ। ਸੁਨੀਲ ਜਾਖੜ ਵਲੋਂ ਸਹੁੰ ਪੰਜਾਬੀ ਵਿਚ ਚੁੱਕਣ ਤੋਂ ਮੈਨੂੰ ਯਾਦ ਆਏ ਹਨ ਸ. ਮਨੋਹਰ ਸਿੰਘ ਗਿੱਲ ਜੋ ਪਿੱਛੇ ਜਹੇ ਹੀ ਰਾਜ ਸਭਾ ਮੈਂਬਰ ਵਜੋਂ ਸੇਵਾਮੁਕਤ ਹੋਏ ਹਨ। ਉਹ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਵਿਚ ਮੰਤਰੀ ਦੇ ਅਹੁਦੇ ਤੇ ਵੀ ਰਹੇ ਹਨ। ਸ੍ਰੀ ਗਿੱਲ ਆਈ.ਏ.ਐਸ. ਅਫ਼ਸਰ ਸਨ ਅਤੇ ਉਨ੍ਹਾਂ ਦੀ ਪ੍ਰਸ਼ਾਸਕੀ ਕੁਸ਼ਲਤਾ ਨੂੰ ਵੇਖਦਿਆਂ ਹੀ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਅਪਣੇ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਸੀ। ਸ. ਗਿੱਲ ਪਹਿਲਾਂ ਅੰਮ੍ਰਿਤਸਰ ਅਤੇ ਹੁਣ ਤਰਨਤਾਰਨ ਵਿਚ ਪੈਂਦੇ ਪਿੰਡ ਕੂਰਦੀ ਦੇ ਜੰਮਪਲ ਹਨ ਅਤੇ ਸਵਰਗੀ ਕਰਨਲ ਪ੍ਰਤਾਪ ਸਿੰਘ ਗਿੱਲ ਦੇ ਪੁੱਤਰ ਹਨ, ਜੋ ਕਦੇ ਗੋਆ ਦੇ ਉਪ ਰਾਜਪਾਲ ਹੁੰਦੇ ਸਨ। ਸ. ਗਿੱਲ ਭਲੇ ਹੀ ਆਈ.ਏ.ਐਸ. ਅਫ਼ਸਰ ਹੋਣ ਕਰ ਕੇ ਅਪਣਾ ਬਹੁਤਾ ਕੰਮ ਅੰਗਰੇਜ਼ੀ ਵਿਚ ਕਰਦੇ ਸਨ, ਸ਼ਾਇਦ ਮਜਬੂਰੀ ਵੀ ਸੀ, ਪਰ ਬਾਹਰ ਤੇ ਦਫ਼ਤਰ ਵਿਚ ਆਮ ਗੱਲਬਾਤ ਵੇਲੇ ਉਨ੍ਹਾਂ ਵਰਗੀ ਠੇਠ ਅਤੇ ਸ਼ੁੱਧ ਪੰਜਾਬੀ ਬੋਲਦੇ ਅਫ਼ਸਰ ਮੈਂ ਬਹੁਤ ਘੱਟ ਵੇਖੇ ਹਨ। ਸ. ਗਿੱਲ ਨੇ ਬਿਨਾਂ ਸ਼ੱਕ ਕੁੱਝ ਕਿਤਾਬਾਂ ਵੀ ਅੰਗਰੇਜ਼ੀ ਵਿਚ ਲਿਖੀਆਂ ਪਰ ਉਨ੍ਹਾਂ ਦਾ ਪੰਜਾਬੀ ਮਾਤ ਭਾਸ਼ਾ ਪ੍ਰਤੀ ਮੋਹ ਸਿਰ ਚੜ੍ਹ ਕੇ ਬੋਲਣ ਵਾਲਾ ਹੈ। ਉਹ ਜਦੋਂ ਵੀ ਰਾਜ ਸਭਾ ਵਿਚ ਬੋਲਦੇ ਸਨ ਤਾਂ ਬਹੁਤਾ ਕਰ ਕੇ ਪੰਜਾਬੀ ਵਿਚ ਅਤੇ ਇਸ ਲਈ ਉਹ ਬਕਾਇਦਾ ਪ੍ਰਬੰਧਕਾਂ ਨੂੰ ਇਸ ਦੀ ਸਹੂਲਤ ਮੁਹਈਆ ਕਰਨ ਲਈ ਕਹਿ ਦਿੰਦੇ ਸਨ। ਇਹ ਗੱਲ ਮੈਨੂੰ ਖ਼ੁਦ ਉਨ੍ਹਾਂ ਨੇ ਹੀ ਸੁਣਾਈ ਸੀ ਕਿ ਸੰਸਦ ਦਾ ਸਟਾਫ਼ ਤਾਂ ਸਗੋਂ ਇਸ ਪੱਖ ਦੀ ਉਡੀਕ ਵਿਚ ਰਹਿੰਦਾ ਹੈ ਕਿ ਮੈਂਬਰ ਭਾਵੇਂ ਹੀ ਕਿਸੇ ਭਾਸ਼ਾ ਵਿਚ ਗੱਲ ਕਰਨ ਇਸ ਲਈ ਉਨ੍ਹਾਂ ਕੋਲ ਠੋਸ ਪ੍ਰਬੰਧ ਹਨ। ਅਸਲ ਵਿਚ ਉਨ੍ਹਾਂ ਦੀ ਇਹ ਗੱਲ ਬੜੀ ਸਰਲ ਸੀ ਅਤੇ ਇਹ ਸੱਭ ਨੂੰ ਸਮਝ ਵੀ ਆਉਂਦੀ ਹੈ। ਕੋਈ ਵੀ ਮੈਂਬਰ ਜਦੋਂ ਅਪਣੀ ਗੱਲ ਸਦਨ ਵਿਚ ਅਪਣੀ ਮਾਤ ਭਾਸ਼ਾ ਵਿਚ ਕਰੇਗਾ ਤਾਂ ਉਹ ਪੇਚੀਦਾ ਤੋਂ ਪੇਚੀਦਾ ਗੱਲ ਨੂੰ ਵੀ ਬੜੀ ਆਸਾਨੀ ਨਾਲ ਸਮਝਾ ਸਕੇਗਾ। ਜੇ ਉਹ ਦੂਜੀ ਭਾਸ਼ਾ ਵਿਚ ਗੱਲ ਕਰੇਗਾ ਤਾਂ ਉਹ ਲਗਦੀ ਓਪਰੀ ਹੈ ਅਤੇ ਦੂਜਾ ਬਹੁਤੀ ਵਾਰ ਮੈਂਬਰ ਖ਼ੁਦ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਉਂਜ ਇਹ ਮੈਂਬਰ ਉਤੇ ਵੀ ਨਿਰਭਰ ਕਰਦਾ ਹੈ ਕਿ ਉਹ ਜੇ ਚਾਹੁਣ ਤਾਂ ਅਪਣੀ ਕਿਸੇ ਤਕਰੀਰ ਵੇਲੇ ਵੀ ਅਪਣੀ ਮਾਤ ਭਾਸ਼ਾ ਵਿਚ ਬੋਲਣ ਲਈ ਪ੍ਰਬੰਧਕਾਂ ਨੂੰ ਕਹਿ ਸਕਦਾ ਹੈ ਅਤੇ ਉਹ ਇਸ ਦਾ ਪ੍ਰਬੰਧ ਵੀ ਦੇਣਗੇ। ਸੰਸਦ ਇਸ ਦੇਸ਼ ਦੀ ਸਭਿਅਤਾ-ਸੰਸਕ੍ਰਿਤੀ ਦਾ ਇਕ ਗੁਲਦਸਤਾ ਹੈ ਜਿਸ ਦੀ, ਇਸ ਦੇ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੁਣੇ ਨੁਮਾਇੰਦੇ ਸ਼ੋਭਾ ਵਧਾਉਂਦੇ ਹਨ। ਉਥੇ ਸੱਭ ਨੇ ਅਪਣੇ ਰਾਜਾਂ ਦੀਆਂ ਸਮੱਸਿਆਵਾਂ ਇਕ ਮੰਚ ਉਤੇ ਬੈਠ ਕੇ ਗੰਭੀਰ ਵਿਚਾਰ-ਵਟਾਂਦਰਾ ਕਰਨਾ ਹੈ ਅਤੇ ਬਹੁਤਾ ਕਰ ਕੇ ਆਪੋ-ਅਪਣੀ ਜ਼ੁਬਾਨ ਵਿਚ ਕਰਨਾ ਹੁੰਦਾ ਹੈ। ਇਹ ਗੱਲ ਵਖਰੀ ਹੈ ਕਿ ਸਦਨ ਦੀ ਕਾਰਵਾਈ ਬਹੁਤਾ ਕਰ ਕੇ ਹਿੰਦੀ ਜਾਂ ਅੰਗਰੇਜ਼ੀ ਵਿਚ ਚਲਦੀ ਹੈ। ਮਾਤ ਭਾਸ਼ਾ ਦੇ ਪੱਖੋਂ ਪਾਰਲੀਮੈਂਟ ਤੋਂ ਤੁਰ ਕੇ ਜੇ ਸਿੱਧਾ ਪੰਜਾਬ ਵਿਧਾਨ ਸਭਾ ਵਿਚ ਆ ਜਾਈਏ ਤਾਂ ਇਥੇ ਬਿਨਾਂ ਸ਼ੱਕ ਸਾਰੇ ਕੰਮ ਪੰਜਾਬੀ ਭਾਸ਼ਾ ਵਿਚ ਹੋਣੇ ਮੰਨੇ ਜਾਂਦੇ ਹਨ ਪਰ ਹਕੀਕਤ ਵਿਚ ਅਜਿਹਾ ਹੈ ਨਹੀਂ। ਕਈ ਵਾਰੀ ਬਹੁਤ ਸਾਰੀ ਸਮੱਗਰੀ ਅੰਗਰੇਜ਼ੀ ਵਿਚ ਦਿਤੀ ਜਾਂਦੀ ਹੈ। ਪੰਜਾਬ ਦੀ ਸਿਆਸਤ ਵਿਚ ਹਰ ਨੇਤਾ ਦਾ ਅਪਣਾ-ਅਪਣਾ ਕਰੂਰਾ ਹੈ।16 ਮਾਰਚ 2017 ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਗਠਨ ਹੋਇਆ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸਹੁੰ ਅੰਗਰੇਜ਼ੀ ਵਿਚ ਚੁੱਕੀ, ਜਦਕਿ ਸੂਬੇ ਦੀ ਸਿਖਿਆ ਤੇ ਭਾਸ਼ਾ ਮੰਤਰੀ ਅਰੁਣਾ ਚੌਧਰੀ ਨੇ ਸਹੁੰ ਹਿੰਦੀ ਵਿਚ ਚੁੱਕੀ। ਬਿਨਾਂ ਸ਼ੱਕ ਇਸ ਦੀ ਪੰਜਾਬੀ ਜਗਤ ਵਿਚ ਕਾਫ਼ੀ ਆਲੋਚਨਾ ਵੀ ਹੋਈ, ਖ਼ਾਸ ਕਰ ਕੇ ਭਾਸ਼ਾ ਮੰਤਰੀ ਦੀ। ਉਹ ਇਸ ਲਈ ਕਿ ਜੋ ਮੰਤਰੀ ਸਹੁੰ ਵੀ ਮਾਤ ਭਾਸ਼ਾ ਪੰਜਾਬੀ ਵਿਚ ਨਹੀਂ ਚੁਕਦਾ ਉਸ ਕੋਲੋਂ ਸੂਬੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਕੈਪਟਨ ਅਮਰਿੰਦਰ ਸਿੰਘ ਦੀ ਗੱਲ ਸਮਝ ਵਿਚ ਆਉਂਦੀ ਹੈ। ਉਹ ਸ਼ਾਹੀ ਪ੍ਰਵਾਰ ਦੇ ਮੈਂਬਰ ਹਨ ਅਤੇ ਬਹੁਤਾ ਕਰ ਕੇ ਕੌਮੀ ਸਿਆਸਤ ਨਾਲ ਵਾਬਸਤਾ ਰਹੇ ਹਨ। ਦਰਅਸਲ ਉਨ੍ਹਾਂ ਨੇ ਆਪ ਵੀ ਸਿਆਸੀ ਜੀਵਨ ਸੂਬੇ ਦੀ ਥਾਂ ਦੇਸ਼ ਦੀ ਰਾਜਨੀਤੀ ਦਿੱਲੀ ਤੋਂ ਹੀ ਸ਼ੁਰੂ ਕੀਤਾ। ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਉਹ ਲੋਕ ਸਭਾ ਦੇ ਮੈਂਬਰ ਸਨ। ਇਹ ਉਨ੍ਹਾਂ ਦੇ ਸਿਆਸੀ ਹੁਨਰ ਜਾਂ ਪ੍ਰਤਿਭਾ ਦਾ ਹੀ ਕਮਾਲ ਸੀ ਕਿ ਉਨ੍ਹਾਂ ਨੇ 2014 ਵਿਚ ਅੰਮ੍ਰਿਤਸਰ ਤੋਂ ਭਾਜਪਾ ਦੇ ਇਕ ਉਸ ਥੰਮ ਅਰੁਣ ਜੇਤਲੀ ਨੂੰ ਹਰਾ ਦਿਤਾ ਸੀ ਜੋ ਇਸ ਵੇਲੇ ਦੇਸ਼ ਦੇ ਖ਼ਜ਼ਾਨੇ ਦੀਆਂ ਕੁੰਜੀਆਂ ਦਾ ਮਾਲਕ ਹੈ। ਤਾਂ ਵੀ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਜਿਸ ਤੇ ਸੈਂਕੜੇ ਵਰ੍ਹਿਆਂ ਤੋਂ ਪੰਜਾਬੀ ਜ਼ੁਬਾਨ ਦਾ ਬੋਲਬਾਲਾ ਹੈ। ਪੰਜਾਬ ਅਸਲ ਵਿਚ ਜਾਣਿਆ ਹੀ ਮਾਖਿਉਂ ਮਿੱਠੀ ਉਸ ਪੰਜਾਬੀ ਜ਼ੁਬਾਨ ਕਰ ਕੇ ਹੈ ਜਿਸ ਵਿਚ ਬਾਬਾ ਫ਼ਰੀਦ ਨੇ ਅਪਣੇ ਸਲੋਕ ਰਚੇ, ਬੁੱਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਨੇ ਰਚਨਾਵਾਂ ਲਿਖੀਆਂ, ਵਾਰਸ ਸ਼ਾਹ ਨੇ ਵਿਸ਼ਵ ਪ੍ਰਸਿੱਧ ਰਚਨਾ ਹੀਰ ਲਿਖੀ। ਇਥੇ ਹੀ ਬਾਬੇ ਨਾਨਕ ਅਤੇ ਹੋਰ ਗੁਰੂਆਂ ਨੇ ਸੰਸਾਰ ਨੂੰ ਸੇਧ ਦੇਣ ਵਾਲੀ ਬਾਣੀ ਲਿਖੀ। ਇਥੇ ਹੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਜੋ ਵਿਸ਼ਵ ਦੀ ਲੁਕਾਈ ਨੂੰ ਗਿਆਨ ਦੀ ਰੌਸ਼ਨੀ ਵੰਡਣ ਵਾਲਾ ਗ੍ਰੰਥ ਹੈ। ਇਸ ਮਹਾਨ ਬੋਲੀ ਦਾ ਸਤਿਕਾਰ ਕਰਨਾ ਸਾਡਾ ਸੱਭ ਦਾ ਮੁਢਲਾ ਫ਼ਰਜ਼ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਦਿਸ਼ਾ ਵਲ ਭਵਿੱਖ ਵਿਚ ਚੁੱਕੇ ਗਏ ਮਾਮੂਲੀ ਜਿਹੇ ਕਦਮ ਇਸ ਦੇ ਆਦਰ-ਮਾਣ ਨੂੰ ਬੜੀ ਅਸਾਨੀ ਨਾਲ ਬੁਲੰਦੀਆਂ ਉਤੇ ਪਹੁੰਚਾ ਸਕਦੇ ਹਨ। ਸੁਨੀਲ ਜਾਖੜ ਦੇ ਇਸ ਕਦਮ ਦੀ ਰੌਸ਼ਨੀ ਵਿਚ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿਸੇ ਭਲੇ ਕਦਮ ਦੀ ਆਸ ਰਖੀਏ।