
ਕੀ ਬਾਬੇ ਨਾਨਕ ਦੀ 'ਉਜੜੇ ਰਹੋ' ਤੇ 'ਵਸਦੇ ਰਹੋ' ਅਸੀਸ ਦਾ ਇਹੀ ਮਤਲਬ ਸੀ ਕਿ ਮਾੜੇ ਸਿੱਖ ਲੀਡਰ ਪੰਜਾਬ ਵਿਚ ਹੀ ਟਿਕੇ ਰਹਿਣ ਤੇ ਚੰਗੇ ਸਿੱਖ ਲੀਡਰ ਦੁਨੀਆਂ ਵਿਚ ਜੱਸ ਖੱਟਣ?
ਬਾਬਾ ਨਾਨਕ ਜੀ ਬਾਰੇ ਇਕ ਬੜੀ ਪ੍ਰਸਿੱਧ ਸਾਖੀ ਹੈ ਕਿ ਜਦ ਕਿਸੇ ਅਜਿਹੇ ਪਿੰਡ 'ਚੋਂ ਨਿਕਲਦੇ ਜਿਥੋਂ ਦੇ ਲੋਕ ਨਵੇਂ ਵਿਚਾਰ ਸੁਣ ਕੇ ਚੰਗਾ ਹੁੰਗਾਰਾ ਭਰਦੇ, ਉਨ੍ਹਾਂ ਨੂੰ ਅਸੀਸ ਦੇਂਦੇ ਹੋਏ ਆਖਦੇ, ''ਉਜੜੇ ਰਹੋ।'' ਪਰ ਨਵੀਂ ਗੱਲ ਸੁਣ ਕੇ ਗੁੱਸੇ ਵਿਚ ਆ ਜਾਣ ਵਾਲੇ ਲੋਕਾਂ ਨੂੰ ਕਹਿੰਦੇ ਸਨ, ''ਵਸਦੇ ਰਹੋ।'' ਉਨ੍ਹਾਂ ਦੀ ਅਸੀਸ ਦਾ ਮਤਲਬ ਹੁੰਦਾ ਸੀ ਕਿ ਚੰਗੀ ਸੋਚ ਵਾਲੇ ਦੁਨੀਆਂ ਵਿਚ ਫੈਲ ਜਾਣ ਅਤੇ ਬੁਰੀ ਸੋਚ ਵਾਲੇ ਇਕੋ ਥਾਂ ਟਿਕੇ ਰਹਿਣ। ਜਿਸ ਤਰ੍ਹਾਂ ਅੱਜ ਪ੍ਰਦੇਸੀ ਸਿੱਖ ਅਤੇ ਪੰਜਾਬੀ ਸਿੱਖ ਦੁਨੀਆਂ ਭਰ ਵਿਚ ਸੁਰਖ਼ੀਆਂ ਵਿਚ ਹਨ, ਲਗਦਾ ਹੈ ਕਿ ਸਿੱਖ ਧਰਮ ਦਾ ਅਸਲ ਬੂਟਾ ਪੰਜਾਬ ਤੋਂ ਬਾਹਰ ਫੈਲ ਰਿਹਾ ਹੈ। ਪੰਜਾਬ ਦੇ ਅੱਜ ਦੇ ਪੁੱਤਰ ਰਾਮ ਰਹੀਮ ਗੁਰਮੀਤ ਅਤੇ ਸੁੱਚਾ ਸਿੰਘ ਲੰਗਾਹ ਵਰਗੇ ਸੁਰਖ਼ੀਆਂ ਵਿਚ ਸਿੱਖਾਂ ਦਾ ਸਿਰ ਨੀਵਾਂ ਕਰ ਰਹੇ ਹਨ ਤਾਂ ਦੂਜੇ ਪਾਸੇ ਕੈਨੇਡਾ ਵਿਚ ਜੰਮੇ ਗੁਰਸਿੱਖ ਜਗਮੀਤ ਸਿੰਘ ਵਰਗੇ ਵਿਦੇਸ਼ ਵਿਚ ਸਿੱਖਾਂ ਦਾ ਨਾਂ ਉੱਚਾ ਕਰ ਰਹੇ ਹਨ। ਭਾਵੇਂ ਜਗਮੀਤ ਸਿੰਘ ਅੱਗੇ ਇਕ ਬਹੁਤ ਵੱਡੀ ਚੁਨੌਤੀ ਅਜੇ ਖੜੀ ਹੈ ਪਰ ਲੋਕ ਉਨ੍ਹਾਂ ਉਤੇ ਵਿਸ਼ਵਾਸ ਇਸ ਕਾਰਨ ਕਰ ਰਹੇ ਹਨ (ਗੋਰਿਆਂ ਸਮੇਤ) ਕਿਉਂਕਿ ਉਨ੍ਹਾਂ ਵਲੋਂ ਆਪ ਸਿੱਖੀ ਦੇ ਹਰ ਸਿਧਾਂਤ ਨੂੰ ਪੂਰੀ ਤਰ੍ਹਾਂ ਨਿਭਾਇਆ ਜਾਂਦਾ ਹੈ। ਇਹ ਲੋਕ ਉਨ੍ਹਾਂ ਦੇ ਧਰਮ ਨੂੰ ਨਹੀਂ ਜਾਣਦੇ, ਉਸ ਦੇ ਸਿਧਾਤਾਂ ਨੂੰ ਨਹੀਂ ਪਛਾਣਦੇ ਹੋਣਗੇ, ਪਰ ਜਗਮੀਤ ਸਿੰਘ ਦੀ ਕਾਮਯਾਬੀ ਮਗਰੋਂ ਜ਼ਰੂਰ ਜਾਣ ਲੈਣਗੇ। ਜਗਮੀਤ ਸਿੰਘ ਨੂੰ ਨਾ ਸਿਰਫ਼ ਕੈਨੇਡਾ ਵਿਚ ਵਸੇ ਪੰਜਾਬੀਆਂ ਦਾ ਸਾਥ ਹੀ ਪ੍ਰਾਪਤ ਹੈ ਬਲਕਿ ਉਥੇ ਰਹਿਣ ਵਾਲੇ ਗੋਰਿਆਂ ਦਾ ਵਿਸ਼ਵਾਸ ਵੀ ਉਨ੍ਹਾਂ ਨੇ ਜਿੱਤ ਲਿਆ ਹੈ। ਲੋਕ ਉਨ੍ਹਾਂ ਦੀ ਬਰਾਬਰੀ ਦੀ ਸੋਚ ਨੂੰ ਪਸੰਦ ਕਰਦੇ ਹਨ।
ਉਨ੍ਹਾਂ ਹਰ ਧਰਮ ਨੂੰ ਇੱਜ਼ਤ ਦੇਣ ਦੀ ਸੋਚ ਵਿਖਾਈ ਪਰ ਕਦੇ ਅਪਣੇ ਧਰਮ ਨੂੰ ਭੁਲਾਇਆ ਜਾਂ ਛੁਪਾਇਆ ਨਹੀਂ। ਪਰ ਪੰਜਾਬ ਦੀ ਪੰਥਕ ਪਾਰਟੀ ਦੇ ਲੀਡਰਾਂ, ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਦੇ ਸੁੱਚਾ ਸਿੰਘ ਲੰਗਾਹ ਵਰਗੇ ਮੈਂਬਰਾਂ ਦੇ ਨਿਜੀ ਜੀਵਨ ਬਾਰੇ ਜੋ ਪ੍ਰਗਟਾਵੇ ਹੋਏ ਹਨ, ਉਨ੍ਹਾਂ ਬਾਰੇ ਅਸਲ ਵਿਚ ਕਈ ਲੋਕ ਬੜੀ ਦੇਰ ਤੋਂ ਜਾਣੂ ਸਨ। ਸ਼ਾਇਦ ਇਸ ਤਰ੍ਹਾਂ ਦੇ ਬੜੇ ਹੋਰ ਤਾਕਤਵਰ ਆਗੂ ਵੀ ਅੱਜ ਧਾਰਮਕ ਅਦਾਰਿਆਂ ਵਿਚ ਡਟੇ ਬੈਠੇ ਹਨ, ਜੋ ਇਕ ਦੋਹਰੀ ਜ਼ਿੰਦਗੀ ਜੀਅ ਰਹੇ ਹਨ। ਉਪਰੋਂ ਧਰਮੀ ਤੇ ਅੰਦਰੋਂ ਕੁਕਰਮੀ। ਇਨ੍ਹਾਂ ਕਰ ਕੇ ਹੀ ਸਿੱਖੀ ਦਾ ਵਿਕਾਸ ਰੁਕਿਆ ਹੋਇਆ ਹੈ।
ਕੁੜੀਆਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਣ ਵਾਲੇ ਨੂੰ ਗੁਰਸਿੱਖ ਕਹਾਉਣ ਦਾ ਕੀ ਹੱਕ ਹੈ ਤੇ ਪੰਥਕ ਜਾਂ ਧਾਰਮਕ ਅਦਾਰਿਆਂ ਵਿਚ ਲੀਡਰੀ ਕਰਨ ਦੀ ਕੀ ਤੁਕ ਹੈ? ਇਕ ਔਰਤ ਦੀ ਮਜਬੂਰੀ ਦਾ ਫ਼ਾਇਦਾ ਉਠਾਉਣ ਸਮੇਂ ਗਾਤਰਾ ਪਰ੍ਹਾਂ ਕਰ ਕੇ ਰੱਖ ਦੇਣ ਵਿਚ ਇਕ ਪਲ ਨਹੀਂ ਲਾਇਆ ਸੁੱਚਾ ਸਿੰਘ ਲੰਗਾਹ ਨੇ। ਪੰਜਾਬ ਵਿਚ ਬੈਠੇ ਸਿੱਖਾਂ ਨੂੰ ਜਗਮੀਤ ਸਿੰਘ ਉਤੇ ਮਾਣ ਤਾਂ ਹੈ ਪਰ ਅੱਜ ਅਪਣੇ ਆਪ ਵਲ ਝਾਤ ਮਾਰਨ ਦੀ ਜ਼ਰੂਰਤ ਹੋਰ ਵੀ ਜ਼ਰੂਰੀ ਹੋ ਗਈ ਹੈ ਤੇ ਇਹ ਜਾਣਨ ਦੀ ਵੀ ਕਿ ਅਸੀ ਕਿਸ ਤਰ੍ਹਾਂ ਦੇ ਆਗੂਆਂ ਨੂੰ ਅਪਣੇ ਧਰਮ ਦੀ ਲਗਾਮ ਸੌਂਪੀ ਹੋਈ ਹੈ? ਇਹ ਜੋ ਸਾਡੀ ਸਿੱਖੀ ਸੋਚ ਨੂੰ ਅਪਣੀਆਂ ਨਿਜੀ ਲਾਲਸਾਵਾਂ ਅਤੇ ਹਵਸ ਦੇ ਪੁੜਾਂ ਵਿਚ ਰੱਖ ਕੇ ਪੀਸ ਰਹੇ ਹਨ, ਉਹ 70 ਸਾਲ ਪਹਿਲਾਂ ਦੇ ਮਸੰਦਾਂ ਨਾਲੋਂ ਵਖਰੇ ਲੋਕ ਤਾਂ ਨਹੀਂ?
ਮੁਸਲਮਾਨ ਬਾਦਸ਼ਾਹ ਦੇ 'ਤਾਜ ਮਹੱਲ' ਨੂੰ ਵੀ ਕਿਤਾਬਾਂ 'ਚੋਂ ਕੱਢ ਦਿਉ¸ਤਾਕਿ ਯੋਗੀ ਵਰਗਿਆਂ ਨੂੰ ਠੰਢ ਪੈ ਸਕੇ!
ਯੋਗੀ ਆਦਿਤਿਆਨਾਥ ਅਤੇ ਮੋਹਨ ਭਾਗਵਤ ਇਤਿਹਾਸ ਦੀਆਂ ਗ਼ਲਤੀਆਂ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀਆਂ ਚਾਲਾਂ ਤੋਂ ਇਹੀ ਜਾਪਦਾ ਹੈ ਕਿ ਉਹ ਇਤਿਹਾਸ ਦੇ ਸਿਰਫ਼ ਇਕ ਹੀ ਪਾਸੇ ਨੂੰ ਵੇਖ ਸਕਦੇ ਹਨ। ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਸੂਚੀ ਵਿਚੋਂ ਤਾਜ ਮਹਿਲ ਦਾ ਨਾਂ ਹੀ ਹਟਾ ਦਿਤਾ ਹੈ। ਉਨ੍ਹਾਂ ਨੂੰ ਤਾਜ ਮਹਿਲ ਭਾਰਤੀ ਸਭਿਆਚਾਰ ਦਾ ਪ੍ਰਤੀਕ ਨਹੀਂ ਜਾਪਦਾ ਅਤੇ ਉਹ ਇਸ ਦੇ ਮਕਬਰੇ ਉਤੇ ਫੁੱਲ ਜਾਂ ਤੋਹਫ਼ੇ ਰੱਖਣ ਦੀ ਪਰੰਪਰਾ ਨੂੰ ਰੋਕਣਾ ਚਾਹੁੰਦੇ ਹਨ। ਦੂਜੇ ਪਾਸੇ ਮੋਹਨ ਭਾਗਵਤ ਇਹ ਪ੍ਰਚਾਰ ਕਰ ਰਹੇ ਹਨ ਕਿ ਭਾਰਤੀ ਮੁਸਲਮਾਨ ਵੀ ਕਦੇ ਹਿੰਦੂ ਸਨ। ਚਲੋ ਕਦੇ ਸਾਰੇ ਇਨਸਾਨ ਬਾਂਦਰ ਸਨ ਪਰ ਅੱਜ ਉਹ ਕੀ ਹਨ, ਗੱਲ ਇਹ ਕਰਨੀ ਬਣਦੀ ਹੈ। ਇਤਿਹਾਸ ਨੂੰ ਸਮਝਣ ਦਾ ਮਤਲਬ ਇਹ ਹੁੰਦਾ ਹੈ ਕਿ ਇਤਿਹਾਸ ਦੇ ਤਜਰਬਿਆਂ ਦੇ ਚੰਗੇ, ਮਾੜੇ ਦੁਹਾਂ ਪੱਖਾਂ ਤੋਂ ਸਿਖਿਆ ਕੀ ਜਾਏ। ਪਰ ਇਸ ਕੱਟੜਵਾਦੀ ਸੋਚ ਨੇ ਮੁੜ ਤੋਂ ਉਸ ਦੌਰ ਦੀ ਸ਼ੁਰੂਆਤ ਕਰ ਦਿਤੀ ਹੈ ਜਿਸ ਦੀ ਬੁਨਿਆਦ ਨਫ਼ਰਤ ਉਤੇ ਖੜੀ ਹੁੰਦੀ ਹੈ। ਮੁਸਲਮਾਨ ਧਰਮ ਪ੍ਰਤੀ ਨਫ਼ਰਤ ਨਾਲ ਭਰੇ ਯੋਗੀ ਜੀ ਨੂੰ ਹੁਣ ਤਾਜ ਮਹਿਲ ਵਿਚ 'ਇਸਲਾਮ' ਨਜ਼ਰ ਆਉਂਦਾ ਹੈ ਜਦਕਿ ਤਾਜ ਮਹਿਲ ਤਾਂ ਪ੍ਰੇਮ ਦੇ ਪਾਗਲਪਨ ਦੀ ਇਕ ਨਿਸ਼ਾਨੀ ਹੈ ਜਿਸ ਵਿਚ ਬਾਦਸ਼ਾਹ ਨੇ ਅਪਣੇ ਪਿਆਰ ਦੀ ਨਿਸ਼ਾਨੀ ਉਤੇ ਅਪਣੀ ਸਲਤਨਤ ਦਾ ਸਾਰਾ ਖ਼ਜ਼ਾਨਾ ਕੁਰਬਾਨ ਕਰ ਦਿਤਾ ਸੀ। ਉਹ ਪਿਆਰ ਵਿਚ ਏਨਾ ਅੰਨ੍ਹਾ ਸੀ ਕਿ ਉਸ ਯਾਦਗਾਰ ਨੂੰ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਵੀ ਕੱਟ ਦਿਤੇ ਗਏ ਤਾਕਿ ਉਹ ਫਿਰ ਕਦੇ ਇਸ ਤੋਂ ਚੰਗਾ ਮਕਬਰਾ ਨਾ ਬਣਾ ਸਕਣ। ਅੱਜ ਦੇ ਆਗੂ ਅਪਣੀ ਸੱਤਾ ਦੀ ਕੁਰਸੀ ਦੇ ਪਾਵਿਆਂ ਨਾਲ ਹੰਕਾਰ ਦੇ ਏਨੇ ਵੱਡੇ ਪੱਥਰ ਬੰਨ੍ਹ ਕੇ ਉਸ ਉਪਰ ਬੈਠਦੇ ਹਨ ਕਿ ਉਹ ਇਕ ਮੁਸਲਮਾਨ ਬਾਦਸ਼ਾਹ ਵਲੋਂ ਕਾਇਮ ਕੀਤੀ ਸੁੰਦਰ ਇਮਾਰਤ ਦਾ ਨਾਮੋ-ਨਿਸ਼ਾਨ ਵੀ ਨਹੀਂ ਬਰਦਾਸ਼ਤ ਕਰ ਸਕਦੇ। ਹਿੰਦੂ ਧਰਮ ਦੇ ਆਗੂ ਅਸਲ ਵਿਚ ਕਮਜ਼ੋਰ ਹਨ ਅਤੇ ਅਸਲ ਹਿੰਦੂ ਸੋਚ ਦੇ ਪ੍ਰਤੀਕ ਨਹੀਂ ਹਨ। ਅਪਣੀ ਕਮਜ਼ੋਰੀ ਤੋਂ ਡਰਦੇ ਇਹ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਬਾਰੇ ਸੋਚਣ ਲਗਿਆਂ ਭਾਰਤੀ ਸਭਿਆਚਾਰ ਦਾ ਸੱਭ ਤੋਂ ਵੱਡਾ ਨੁਕਸਾਨ ਕਰ ਬੈਠਦੇ ਹਨ। -ਨਿਮਰਤ ਕੌਰ