
Dr. Manmohan Singh: ਡਾ. ਮਨਮੋਹਨ ਸਿੰਘ ਨਾਲ ਮੇਰਾ ਸੰਪਰਕ ਟੁਟ ਗਿਆ ਪਰ ਉਨ੍ਹਾਂ ਪ੍ਰਤੀ ਸਤਿਕਾਰ ਮੇਰੇ ਮਨ ਵਿਚ ਸਦਾ ਬਣਿਆ ਰਿਹਾ।
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਟੀ ਵਿਚ ਮੈਂ ਅਰਥ-ਵਿਗਿਆਨ (ਈਕੋਨਾਮਿਕਸ) ਦੀ ਐਮ.ਏ. ਕਰਨ ਲਈ ਦਾਖ਼ਲਾ ਲਿਆ। ਡਾ. ਮਨਮੋਹਨ ਸਿੰਘ ਉਸ ਸਮੇਂ ਸਾਨੂੰ ਅਰਥ ਵਿਗਿਆਨ ਪੜ੍ਹਾਉਂਦੇ ਸਨ। ਉਹ ਬਹੁਤ ਵਿਦਵਾਨ ਸਨ ਤੇ ਵਿਦਿਆਰਥੀਆਂ ਦੇ ਮਨਾਂ ਉਤੇ ਉਨ੍ਹਾਂ ਦੀ ਕਾਬਲੀਅਤ ਦੀ ਡੂੰਘੀ ਛਾਪ ਲੱਗ ਜਾਂਦੀ ਸੀ। ਬੜੇ ਸਾਦੇ ਸੁਭਾਅ ਵਾਲੇ ਵਿਅਕਤੀ ਸਨ ਪਰ ਗੱਲਬਾਤ ਕੇਵਲ ਉਨ੍ਹਾਂ ਵਿਦਿਆਰਥੀਆਂ ਨਾਲ ਹੀ ਕਰ ਕੇ ਖ਼ੁਸ਼ ਹੁੰਦੇ ਸਨ ਜੋ ਦੁਨੀਆਂ ਭਰ ਵਿਚ ਹੋ ਰਹੀਆਂ ਨਵੀਨਤਮ ਤਬਦੀਲੀਆਂ ਤੋਂ ਜਾਣੂ ਹੁੰਦੇ ਸਨ। ਮੇਰੇ ਵਰਗੇ ਪੇਂਡੂ ਜਾਂ ਨੀਮ-ਪੇਂਡੂ ਵਿਦਿਆਰਥੀ ਜਿਨ੍ਹਾਂ ਨੂੰ ਅਖ਼ਬਾਰਾਂ ਅਤੇ ਰਸਾਲੇ ਪੜ੍ਹਨ ਦੀ ਆਦਤ ਨਹੀਂ ਸੀ, ਉਹ ‘ਪ੍ਰੋਫ਼ੈਸਰ ਸਾਹਬ’ ਦੀਆਂ ਗੱਲਾਂ ਸੁਣ ਕੇ ਖ਼ੁਸ਼ ਤਾਂ ਹੋ ਜਾਂਦੇ ਸਨ ਪਰ ਗੱਲਬਾਤ ਵਿਚ ਜ਼ਿਆਦਾ ਹਿੱਸਾ ਨਹੀਂ ਸਨ ਲੈ ਸਕਦੇ। ਚੰਡੀਗੜ੍ਹ ਦੇ ਸ਼ਹਿਰੀ ਮੁੰਡੇ-ਕੁੜੀਆਂ ਜੋ ਅਖ਼ਬਾਰਾਂ, ਰਸਾਲੇ ਆਦਿ ਪੜ੍ਹਨ ਦੇ ਆਦੀ ਸਨ ਤੇ ਜਿਨ੍ਹਾਂ ਦੇ ਘਰਾਂ ਵਿਚ ਵੀ ਤਾਜ਼ਾ ਹਾਲਾਤ ਬਾਰੇ ਚਰਚਾ ਹੁੰਦੀ ਰਹਿੰਦੀ ਸੀ, ਉਹ ਨਿਝੱਕ ਹੋ ਕੇ ਸਾਡੇ ‘ਪ੍ਰੋਫ਼ੈਸਰ ਸਾਹਬ’ ਨਾਲ ਗੱਲਬਾਤ ਕਰਦੇ ਰਹਿੰਦੇ ਸਨ। ਸਾਨੂੰ ਲਗਦਾ ਸੀ ਕਿ ਦੁਨੀਆਂ ਦੀ ਅਜਿਹੀ ਕੋਈ ਜਾਣਕਾਰੀ ਨਹੀਂ ਜੋ ਸਾਡੇ ਪੋ੍ਰਫ਼ੈਸਰ ਸਾਹਬ ਕੋਲ ਨਾ ਹੋਵੇ। ਚੰਡੀਗੜ੍ਹ ਵਿਚ ਇਕ ਸਾਲ ਗੁਜ਼ਾਰਨ ਮਗਰੋਂ ਮੈਂ ਜਲੰਧਰ ਦੇ ਡੀ.ਏ.ਵੀ. ਕਾਲਜ ਵਿਚ ਦਾਖ਼ਲਾ ਲੈ ਲਿਆ ਜੋ ਮੇਰੇ ਘਰ (ਬਟਾਲੇ) ਤੋਂ ਨੇੜੇ ਪੈਂਦਾ ਸੀ।
ਡਾ. ਮਨਮੋਹਨ ਸਿੰਘ ਨਾਲ ਮੇਰਾ ਸੰਪਰਕ ਟੁਟ ਗਿਆ ਪਰ ਉਨ੍ਹਾਂ ਪ੍ਰਤੀ ਸਤਿਕਾਰ ਮੇਰੇ ਮਨ ਵਿਚ ਸਦਾ ਬਣਿਆ ਰਿਹਾ। ਆਰਥਕਤਾ ਦੇ ਖੇਤਰ ਵਿਚ ਉਨ੍ਹਾਂ ਨੂੰ ਤਰੱਕੀ ਕਰਦਿਆਂ ਤੇ ਨਾਮਣਾ ਖਟਦਿਆਂ ਵੇਖ ਕੇ ਮਨ ਨੂੰ ਬਹੁਤ ਖ਼ੁਸ਼ੀ ਹੁੰਦੀ ਸੀ। ਉਹ ਰਿਜ਼ਰਵ ਬੈਂਕ ਦੇ ਗਵਰਨਰ ਬਣੇ ਤਾਂ ਸਾਨੂੰ ਸਾਰਿਆਂ ਨੂੰ ਲੱਗਾ ਜਿਵੇਂ ਸਾਡਾ ਅਪਣਾ ਕੋਈ ਬਜ਼ੁਰਗ ਇਕ ਵੱਡੇ ਅਹੁਦੇ ’ਤੇ ਜਾ ਬੈਠਾ ਹੋਵੇ। ਪਰ ਜਦੋਂ ਡਾ. ਮਨਮੋਹਨ ਸਿੰਘ ਨੂੰ ਸਿਆਸੀ ਦੌੜ ਵਿਚ ਸ਼ਾਮਲ ਹੁੰਦਾ ਵੇਖਿਆ ਤਾਂ ਇਕ ਧੱਕਾ ਜਿਹਾ ਲੱਗਾ ਸੀ। ਮੈਂ ਅਪਣੇ ਆਪ ਨੂੰ ਹੀ ਕਿਹਾ ਕਿ ਕੀ ਲੋੜ ਹੈ ਉਨ੍ਹਾਂ ਨੂੰ ਸਿਆਸਤ ਵਿਚ ਜਾਣ ਦੀ?
ਅਪਣੇ ਖੇਤਰ ਦੇ ਤਾਂ ਉਹ ‘ਬਾਦਸ਼ਾਹ’ ਹੀ ਸੀ। ਸਿਆਸਤ ਵਿਚ ਉਨ੍ਹਾਂ ਨੂੰ ਸਾਰੇ ਅਸੂਲ ਤਿਆਗਣੇ ਪੈਣਗੇ। ਸਾਡੇ ‘ਪ੍ਰੋਫ਼ੈਸਰ ਸਾਹਬ’ ਨੇ ਅਪਣੇ ਸਿੱਖ ਭਰਾਵਾਂ ਦੀ ਹਰ ਗੱਲ ਦਾ ਵਿਰੋਧ ਕਰ ਕੇ ਪਹਿਲਾਂ ਹੀ ਸਚਾਈ ਵਲੋਂ ਮੂੰਹ ਫੇਰਨਾ ਸ਼ੁਰੂ ਕਰ ਦਿਤਾ ਸੀ। ਬੀਜੇਪੀ ਸਰਕਾਰ ਨੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਸੰਮੇਲਨ ਵਿਚ ਇਹ ਝੂਠ ਬੋਲਣ ਲਈ ਭੇਜਿਆ ਕਿ ਪੰਜਾਬ ਵਿਚ ਸਿੱਖਾਂ ਦੇ ਮਾਨਵ ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਹੋਈ ਤੇ ਸਿੱਖ ਭਾਰਤ ਵਿਚ ਬਹੁਤ ਖ਼ੁਸ਼ ਹਨ।
ਉਥੇ ਮੌਜੂਦ ਸਿੱਖਾਂ ਨੇ ਡਾ. ਮਨਮੋਹਨ ਸਿੰਘ ਵਿਰੁਧ ਮੁਜ਼ਾਹਰਾ ਕੀਤਾ। ਡਾ. ਮਨਮੋਹਨ ਸਿੰਘ ਸਿਆਸੀ ਲੀਡਰ ਬਣਨ ਦੀ ਦੌੜ ਵਿਚ ਨਾ ਪੈਂਦੇ ਤਾਂ ਚੰਗੇ ਰਹਿੰਦੇ। ਉਹ ਉਥੇ ਹਾਰ ਜਾਣਗੇ। ਸਾਨੂੰ, ਉਨ੍ਹਾਂ ਦੇ ਪੁਰਾਣੇ ਵਿਦਿਆਰਥੀਆਂ ਨੂੰ, ਉਨ੍ਹਾਂ ਦੀ ਹਾਰ ਬੜੀ ਚੁੱਭੇਗੀ ਪਰ ਰੱਬ ਨੇ ਜਿਸ ਨੂੰ ਵਿਦਵਾਨ ਬਣਾਇਆ ਹੋਵੇ, ਉਹ ਸਿਆਸਤਦਾਨਾਂ ਦਾ ਪਿਛਲੱਗ ਬਣ ਕੇ ਕੁਰਸੀ ਹਾਸਲ ਕਰਨ ਦੀ ਕੋਸ਼ਿਸ਼ ਕਿਉਂ ਕਰੇ? (ਆਪ ਤਾਂ ਉਹ ਦਿੱਲੀ ਵਿਚ ਵੀ ਚੋਣ ਨਹੀਂ ਸਨ ਜਿੱਤ ਸਕੇ) ਸਿਆਸਤ ਵਿਚ ਉਨ੍ਹਾਂ ਦੀ ਹਾਰ ਲਾਜ਼ਮੀ ਹੈ। ਪੋਠੋਹਾਰ ਦੇ ਇਸ ਕੱਟੜ ਸਿੱਖ ਘਰਾਣੇ ਵਿਚ ਸਿੱਖੀ ਨੇ ਉਦੋਂ ਹੀ ਪਿਛਲੀ ਸੀਟ ਲੈ ਲਈ ਸੀ ਜਦੋਂ ਡਾ. ਮਨਮੋਹਨ ਸਿੰਘ ਨੇ ਸਿਆਸਤ ਵਿਚ ਪੈਰ ਧਰਨ ਦਾ ਫ਼ੈਸਲਾ ਕੀਤਾ ਸੀ।
ਅਪਣੇ ਆਪ ਲਈ ‘ਸੈਕੂਲਰ’ ਵਿਅਕਤੀ ਹੋਣ ਦਾ ਸਰਟੀਫ਼ੀਕੇਟ ਹਾਸਲ ਕਰਨ ਦੀ ਕਾਹਲ ਵਿਚ ਉਹ ਹੋਰ ਬਹੁਤ ਕੁੱਝ ਗਵਾ ਲੈਣਗੇ ਤੇ ਅਖ਼ੀਰ ਵਿਚ, ਹਾਰੇ ਹੋਏ ਬੰਦੇ ਵਜੋਂ ਕੁਰਸੀ ਛੱਡਣ ਲਈ ਮਜਬੂਰ ਹੋ ਜਾਣਗੇ। ਮੈਂ ਚਾਹਾਂਗੀ, ਅਜਿਹਾ ਨਾ ਹੋਵੇ ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ? ਅਰਥ ਸ਼ਾਸਤਰੀ ਮਨਮੋਹਨ ਸਿੰਘ ਦੇ ਕਰਮਾਂ ਵਿਚ ‘ਹਾਰ’ ਸ਼ਬਦ ਪ੍ਰਮਾਤਮਾ ਨੇ ਨਹੀਂ ਸੀ ਲਿਖਿਆ। ਸਿਆਸਤਦਾਨ ਮਨਮੋਹਨ ਸਿੰਘ ਨੇ ਇਹ ਸ਼ਬਦ ਆਪ ਅਪਣੇ ਕਰਮਾਂ ਵਿਚ ਲਿਖ ਲਿਆ ਹੈ। ਕੋਈ ਕੀ ਕਰ ਸਕਦਾ ਹੈ?