ਅਕਾਲੀ ਦਲ ਨੂੰ ‘ਪੰਥਕ' ਦੀ ਬਜਾਏ ‘ਪੰਜਾਬੀ ਦਲ' ਬਣਾਉਣ ਮਗਰੋਂ ਬਾਦਲਕੇ ਪੰਥ-ਪ੍ਰਸਤਾਂ ਨੂੰ ਨਫ਼ਰਤ ਕਿਉਂ ਕਰਨ ਲੱਗ ਪਏ?
Published : Aug 31, 2025, 8:39 am IST
Updated : Aug 31, 2025, 8:46 am IST
SHARE ARTICLE
Niji Diary De Panne today joginder singh
Niji Diary De Panne today joginder singh

ਕਾਹਦੀ ਰਹਿ ਗਈ ਓ ਸਾਡੀ ਜਥੇਦਾਰੀ?

Niji Diary De Panne: ਅਸੀ ਪਿਛਲੀ ਵਾਰ ਵੇਖਿਆ ਸੀ ਕਿ ਅਕਾਲੀ ਦਲ ਨੂੰ ਅੰਮ੍ਰਿਤਸਰੋਂ ਚੁਕ ਕੇ ਅਪਣੇ ਘਰ (ਚੰਡੀਗੜ੍ਹ) ਲੈ ਆਉਣ ਮਗਰੋਂ ਸ. ਬਾਦਲ ਨੇ ਪੰਥ ਦੀ ਇਸ ‘ਪੰਥਕ’ ਜਥੇਬੰਦੀ ਨੂੰ ‘ਪੰਜਾਬੀ ਪਾਰਟੀ’ ਬਣਾ ਦਿਤਾ ਤਾਂ ਇਸ ਦੇ ਨਾਲ ਹੀ ‘ਪੰਥ-ਪ੍ਰਸਤਾਂ’ ਨੂੰ ਨਫ਼ਰਤ ਦੀ ਨਿਗਾਹ ਨਾਲ ਵੀ ਵੇਖਿਆ ਜਾਣ ਲੱਗਾ। ਜਿਹੜਾ ਵੀ ਕੋਈ ‘ਪੰਥ-ਪ੍ਰਸਤ’ ਦਿਸਦਾ, ਉਸ ਨੂੰ ਸਮਝਾ ਦਿਤਾ ਜਾਂਦਾ ਕਿ ਹੁਣ ‘ਪੰਥ-ਪ੍ਰਸਤ’ ਬਣੇ ਰਹਿਣ ਨਾਲ ਗੁਜ਼ਾਰਾ ਨਹੀਂ ਹੋਣਾ, ਹਰ ਇਕ ਨੂੰ ‘ਬਾਦਲ-ਪ੍ਰਸਤ’ ਹੋ ਕੇ ਰਹਿਣਾ ਪਵੇਗਾ ਨਹੀਂ ਤਾਂ...। ਸ਼ੁਰੂਆਤ ਸ਼੍ਰੋਮਣੀ ਕਮੇਟੀ ਅਤੇ ‘ਜਥੇਦਾਰਾਂ’ ਤੋਂ ਕੀਤੀ ਗਈ। ਜਿਸ ਨੇ ਜ਼ਰਾ ਵੀ ਪੰਥ-ਪ੍ਰਸਤੀ ਵਿਖਾਈ, ਉਸ ਦੀ ਸ਼ਾਮਤ ਆ ਗਈ ਸਮਝੋ। ‘ਜਥੇਦਾਰਾਂ’ ਨੂੰ ‘ਹੁਕਮਨਾਮੇ’ ਡਿਕਟੇਟ ਕੀਤੇ ਜਾਣ ਲੱਗੇ।

ਜਥੇਦਾਰ ਟੌਹੜਾ ਨੂੰ ਉਸ ਦੀ ਮਾਮੂਲੀ ਜਹੀ ਹੈਂਕੜ ਤੇ ‘ਪੰਥਕਤਾ’ ਕਾਰਨ ਕੱਢ ਕੇ ਵਗਾਹ ਮਾਰਿਆ। ਅਕਾਲ ਤਖ਼ਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਨੂੰ ਗੁਸਲਖ਼ਾਨੇ ਵਿਚ ਛੁਪ ਕੇ ਤੇ ਕੁੰਡੀ ਮਾਰ ਕੇ ਜਾਨ ਬਚਾਉਣ ਲਈ ਮਜਬੂਰ ਕੀਤਾ ਗਿਆ। ਭਾਈ ਰਣਜੀਤ ਸਿੰਘ ਨੂੰ ਦੋ ਘੰਟਿਆਂ ਵਿਚ ‘ਜਥੇਦਾਰੀ’ ਤੋਂ ਲਾਹ ਸੁਟਿਆ ਗਿਆ। ਜੋਗਿੰਦਰ ਸਿੰਘ ਵੇਦਾਂਤੀ ਨੇ ਸਪੋਕਸਮੈਨ ਦੇ ਮਾਮਲੇ ਵਿਚ ‘ਜੀਅ ਜਨਾਬ’ ਕਹਿ ਵੀ ਦਿਤਾ, ਫਿਰ ਵੀ ਉਸ ਦੀ ਮਾੜੀ ਜਹੀ ‘ਪੰਥਕਤਾ’ ਕਾਰਨ ਉਸ ਨੂੰ ਵੀ ਵਗਾਹ ਕੇ ਬਾਹਰ ਸੁਟਿਆ।

ਜਦ ਪੱਕੀ ਕਰ ਲਈ ਗਈ ਕਿ ਦਰਬਾਰ ਸਾਹਿਬ ਦੇ ਚੌਗਿਰਦੇ ਅੰਦਰ ਅਜਿਹਾ ਕੋਈ ਨਹੀਂ ਰਿਹਾ ਜਿਸ ਨੂੰ ਇਹ ਪਾਠ ਕੰਠ ਨਾ ਹੋ ਗਿਆ ਹੋਵੇ ਕਿ ਹੁਣ ਪੰਥ ਪਹਿਲਾਂ ਨਹੀਂ, ‘ਬਾਦਲ ਪਹਿਲਾਂ ਤੇ ਪੰਥ ਪਿਛੋਂ’ ਵਾਲਾ ਕਾਨੂੰਨ ਲਾਗੂ ਹੋ ਗਿਆ ਹੈ, ਫਿਰ ਇਹੀ ਸੁਨੇਹਾ ਪੂਰੇ ਸਿੱਖ ਜਗਤ ਨੂੰ ਦੇਣ ਲਈ ਕਮਰਕਸੇ ਕਰ ਲਏ ਗਏ। ਸਪੋਕਸਮੈਨ ਦਾ ਚੰਡੀਗੜ੍ਹ ਵਿਚ ਪਹਿਲਾ ਪਰਚਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੀ ਸੈਕਟਰ 34 ਦੇ ਗੁਰਦਵਾਰੇ ਵਿਚ ਜਾਰੀ ਕੀਤਾ ਸੀ ਪਰ ਉਦਘਾਟਨ ਵਾਲੇ ਦਿਨ ਹੀ ਗੜਬੜ ਹੋ ਗਈ ਜਦ ਗੁਰਦਵਾਰੇ ਦੀਆਂ ਪੌੜੀਆਂ ਚੜ੍ਹਦਿਆਂ ਬਾਦਲ ਸਾਹਬ ਨੇ ਮੈਨੂੰ ਕਹਿ ਦਿਤਾ, ‘‘ਇਹ ਬੜਾ ਚੰਗਾ ਹੋਇਐ ਕਿ ਸਪੋਕਸਮੈਨ ਤੁਹਾਡੇ ਕੋਲ ਆ ਗਿਐ (ਪਹਿਲਾਂ ਇਹ ਦਿੱਲੀ ਤੋਂ ਹੋਰ ਸੱਜਣ ਕਢਦੇ ਹੁੰਦੇ ਸਨ)। ਇਹ ਤਾਂ ਹੁਣ ਸਾਡਾ ਈ ਅਖ਼ਬਾਰ ਹੋ ਗਿਐ...।’’

ਅਜਿਹੇ ਮੌਕਿਆਂ ’ਤੇ ਮੈਂ ਸਿਆਣਪ ਤੋਂ ਕੰਮ ਨਹੀਂ ਲੈਂਦਾ ਤੇ ਫੜੱਕ ਕਰ ਕੇ ਸੱਚ ਮੇਰੇ ਮੂੰਹੋਂ ਨਿਕਲ ਜਾਂਦਾ ਹੈ। ਮੈਂ ਉਸ ਦਿਨ ਵੀ ‘‘ਜੀ ਜੀ, ਬਾਦਲ ਸਾਹਬ ਤੁਹਾਡਾ ਈ ਏ ਸਪੋਕਸਮੈਨ’’ ਕਹਿ ਕੇ ਵੇਲਾ ਲੰਘਾ ਸਕਦਾ ਸੀ ਪਰ ਮੇਰੇ ਮੂੰਹੋਂ ਨਿਕਲ ਗਿਆ, ‘‘ਨਹੀਂ ਨਹੀਂ ਬਾਦਲ ਸਾਹਿਬ, ਇਹ ਤਾਂ ਪੰਥ ਦਾ ਪਰਚਾ ਹੈ ਤੇ ਜੇ ਤੁਸੀ ਵੀ ਕੋਈ ਗ਼ਲਤ ਗੱਲ ਕਰੋਗੇ ਤਾਂ ਤੁਹਾਨੂੰ ਵੀ ਟੋਕ ਦੇਵੇਗਾ। ਤੁਸੀ ਅਪਣੀ ਅਖ਼ਬਾਰ ਕੱਢੋ, ਮੈਂ ਉਸ ਵਿਚ ਤੁਹਾਡੀ ਮਦਦ ਕਰ ਦਿਆਂਗਾ ਪਰ ‘ਸਪੋਕਸਮੈਨ’ ਤਾਂ ਕਿਸੇ ਪਾਰਟੀ ਦਾ ਨਾ ਹੋ ਕੇ, ਨਿਰੋਲ ਪੰਥ ਦਾ ਪਰਚਾ ਹੀ ਰਹੇਗਾ।’’

ਬਾਦਲ ਸਾਹਬ ਦਾ ਮੂੰਹ ਲਾਲ ਹੋ ਗਿਆ ਤੇ ਪਰਚਾ ਜਾਰੀ ਕਰਨ ਵੇਲੇ ਉਨ੍ਹਾਂ ਬਦਲਾ ਵੀ ਤੁਰਤ ਲੈ ਲਿਆ ਤੇ ਉਥੋਂ ਹੀ ਸ਼ੁਰੂ ਹੋ ਗਈ ਸਾਡੀ ਇਕ ਦੂਜੇ ਤੋਂ ਦੂਰ ਜਾਣ ਦੀ ਕਹਾਣੀ। ਪਰ ਉਸ ਬਾਰੇ ਬਾਅਦ ਵਿਚ, ਪਹਿਲਾਂ ਦੂਜਿਆਂ ਦਾ ਜ਼ਿਕਰ ਕਰ ਲਈਏ। ਇਨ੍ਹਾਂ ’ਚੋਂ ਜਿਹੜਾ ਵੀ ‘ਪੰਥ-ਪ੍ਰਸਤ’ ਨਜ਼ਰ ਆਇਆ, ਉਸ ਦੀ ਗਿੱਚੀ ਮਰੋੜੀ ਜਾਣ ਲੱਗ ਪਈ। ਸੱਭ ਤੋਂ ਪਹਿਲਾਂ ਸਟੇਜਾਂ ਤੋਂ ‘ਪੰਥ-ਪ੍ਰੇਮ’ ਦਾ ਪ੍ਰਚਾਰ ਕਰਨ ਵਾਲਿਆਂ ਜਾਂ ਲਿਖ ਕੇ ਪੰਥ-ਪ੍ਰੇਮ ਦਾ ਸੁਨੇਹਾ ਫੈਲਾਉਣ ਵਾਲਿਆਂ ਦੀ ਸ਼ਾਮਤ ਆਉਣੀ ਸ਼ੁਰੂ ਹੋਈ। ਪਹਿਲਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀਆਂ ਕਿਤਾਬਾਂ ਸ਼੍ਰੋਮਣੀ ਕਮੇਟੀ ਦੇ ਸਟਾਲਾਂ ਤੇ (ਗੁਰਪੁਰਬਾਂ ਸਮੇਂ) ਰੱਖਣ ਤੋਂ ਨਾਂਹ ਕਰ ਦਿਤੀ ਜਾਣ ਲੱਗ ਪਈ। ਫਿਰ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਲੱਗ ਪਈਆਂ ਕਿ ਉਹ ਇਹ ਕਰਨ, ਔਹ ਕਰਨ ਤੇ ਇਹ ਨਾ ਕਰਨ, ਔਹ ਨਾ ਕਰਨ। ਫਿਰ ਸਵਰਗੀ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਤੋਂ ਸ਼ੁਰੂ ਹੋ ਕੇ, ਪ੍ਰੋ. ਦਰਸ਼ਨ ਸਿੰਘ (ਸਾਬਕਾ ਜਥੇਦਾਰ ਅਕਾਲ ਤਖ਼ਤ) ਅਤੇ ਖ਼ਾਲਸਾ ਪੰਚਾਇਤ, ਬਰਗਾੜੀ ਬੇਅਦਬੀ ਕਾਂਡ ਦੇ ਪੀੜਤ ਸਿੰਘਾਂ ਸਮੇਤ ਅਨੇਕਾਂ ਪੰਥਕ ਪ੍ਰਚਾਰਕਾਂ ਨੂੰ ਜ਼ਲੀਲ ਪ੍ਰੇਸ਼ਾਨ ਤੇ ਸ਼ਹੀਦ ਵੀ ਕੀਤਾ ਗਿਆ ਤੇ ਮਾਰਿਆ ਕੁਟਿਆ ਵੀ ਗਿਆ।

ਦਮਦਮੀ ਟਕਸਾਲ (ਧੁੰਮਾ) ਨੂੰ ਨਾਲ ਲੈ ਕੇ ਵਿਦੇਸ਼ਾਂ ਵਿਚ ਪੰਥਕ ਵਕਤਿਆਂ ਨਾਲ ਹਰ ਤਰ੍ਹਾਂ ਦਾ ਮਾੜਾ ਵਰਤਾਉ ਕੀਤਾ ਗਿਆ। ਗਿਆਨੀ ਗੁਰਦਿਤ ਸਿੰਘ ਨੂੰ ਵੀ ਛੇਕਣ ਦਾ ਫ਼ੈਸਲਾ ਤਾਂ ਹੋ ਗਿਆ ਪਰ ਬੜੀ ਨੱਠ ਭੱਜ ਕਰ ਕੇ ਉਨ੍ਹਾਂ ਜਾਨ ਬਚਾਈ। ਪਰ ਸੱਭ ਤੋਂ ਵੱਧ ਗੁੱਸਾ ਇਨ੍ਹਾਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਉਤੇ ਕਢਿਆ ਤੇ ਉਨ੍ਹਾਂ ਦੇ ਇਕ ਸਾਥੀ ਨੂੰ ਜਾਨੋਂ ਹੀ ਮਾਰ ਦਿਤਾ ਤੇ ਆਪ ਉਹ ਬੜੀ ਮੁਸ਼ਕਲ ਨਾਲ ਹੀ ਬੱਚ ਸਕੇ। ਦਿਲਚਸਪ ਕਥਾ ਦਿੱਲੀ ਗੁ. ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਵੀ ਹੈ। ਉਹ ਚੰਡੀਗੜ੍ਹ ਮੇਰੇ ਘਰ ਆਏ। ਇੰਡੀਅਨ ਐਕਸਪ੍ਰੈਸ ਨੇ ਫ਼ੋਟੋ ਸਮੇਤ ਵੱਡੀ ਖ਼ਬਰ ਛਾਪ ਦਿਤੀ। ਅਕਾਲ ਤਖ਼ਤ ਦੇ ਪੁਜਾਰੀਆਂ ਨੇ ਝੱਟ ਪੇਸ਼ੀ ’ਤੇ ਬੁਲਾ ਲਿਆ ਕਿ ਤੁਹਾਨੂੰ ਤਨਖ਼ਾਹੀਆ ਕਿਉਂ ਨਾ ਕਰਾਰ ਦਿਤਾ ਜਾਏ? ਸ. ਸਰਨਾ ਨੇ ਪਹਿਲਾਂ ਤਾਂ ਬੜੇ ਤੇਵਰ ਵਿਖਾਏ ਪਰ ਅੰਤ ਜਥੇਦਾਰਾਂ ਕੋਲ ਪੇਸ਼ ਹੋ ਕੇ ਲੀਡਰੀ ਬਚਾਈ। ਹੁਣ ਤਾਂ ਸਾਲਮ ਦੇ ਸਾਲਮ ਬਾਦਲ-ਭਗਤ ਹੀ ਬਣ ਗਏ ਹਨ ਤਾਕਿ ਸ਼ਾਇਦ ਦਿੱਲੀ ਗੁ. ਪ੍ਰਬੰਧਕ ਕਮੇਟੀ ਦੇ, ਇਸ ਤਰ੍ਹਾਂ ਹੀ ਮੁੜ ਤੋਂ ਕਰਤਾ ਧਰਤਾ ਬਣ ਸਕਣ। ਬੀਬੀ ਜਗੀਰ ਕੌਰ ਸਮੇਤ, ਅਨੇਕਾਂ ਟਕਸਾਲੀ ਅਕਾਲੀ ਆਗੂਆਂ ਦਾ ਮਾੜਾ ਜਿਹਾ ਪੰਥ-ਪ੍ਰੇਮ ਵੇਖ ਕੇ ਝੱਟ ਪਾਰਟੀ ਤੋਂ ਬਾਹਰ ਕਰ ਦਿਤਾ।

ਪਰ ਬਾਦਲਕਿਆਂ ਦਾ ਅਸਲ ਗੁੱਸਾ ਤਾਂ ਸਪੋਕਸਮੈਨ ਉਤੇ ਹੀ ਟਿਕਿਆ ਹੋਇਆ ਸੀ ਜਿਸ ਨੇ ਕੌਮ ਦੇ ਝੁਕੇ ਹੋਏ ਸਿਰਾਂ ਨੂੰ ਉਪਰ ਚੁਕ ਕੇ ਹਾਕਮਾਂ ਤੇ ਪੁਜਾਰੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਲਈ ਤਿਆਰ ਕਰ ਦਿਤਾ ਸੀ। ਮੈਨੂੰ ਗੱਲ ਯਾਦ ਆਉਂਦੀ ਹੈ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ। ਉਹ ਬਾਹਰੋਂ ਆਏ ਤਾਂ ਉਨ੍ਹਾਂ ਦੇ ਸਾਥੀਆਂ ਨੇ ਕਿਹਾ, ‘‘ਆਉ ਜੀ ਜਥੇਦਾਰ ਜੀ।’’ ਵੇਦਾਂਤੀ ਖਿਝੇ ਹੋਏ ਬੋਲੇ, ‘‘ਕਾਹਦਾ ਓ ਜਥੇਦਾਰ! ਇਸ ਸਪੋਕਸਮੈਨ ਨੇ ਤਾਂ ਸਾਡੀ ਜਥੇਦਾਰੀ ਦਾ ਭੜਥਾ ਈ ਬਣਾ ਕੇ ਰੱਖ ਦਿਤੈ। ਜਿਥੇ ਜਾਈਦੈ ਅੱਗੋਂ ਲੋਕੀ ਮਸ਼ਕਰੀਆਂ ਕਰਦੇ ਨੇ, ਇੱਜ਼ਤ ਸਤਿਕਾਰ ਤਾਂ ਰਿਹਾ ਈ ਕੋਈ ਨਹੀਂ। ਜ਼ਿੰਦਗੀ ਦੀ ਸੱਭ ਤੋਂ ਵੱਡੀ ਗ਼ਲਤੀ ਹੋ ਗਈ ਏ ਮੇਰੇ ਕੋਲੋਂ।’’ ਫਿਰ ਇਕ ਦਿਨ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਚਰਨਜੀਤ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ, ‘‘ਮੈਂ ਇਕ ਦਿਨ ਵਿਚ ਸ. ਜੋਗਿੰਦਰ ਸਿੰਘ ਵਿਰੁਧ ਹੁਕਮਨਾਮਾ ਵਾਪਸ ਕਰਵਾ ਸਕਦਾ ਹਾਂ। ਬਸ ਉਹ ਇਕ ਵਾਰ ਮੈਨੂੰ ਆ ਕੇ ਮਿਲ ਲੈਣ।’’ 

ਮੈਂ ਚਰਨਜੀਤ ਸਿੰਘ ਨੂੰ ਕਿਹਾ, ‘‘ਵੇਦਾਂਤੀ ਜੀ ਨੂੰ ਕਹਿ ਦਿਉ ਕਿ ਜਿਸ ਨੇ ਕੋਈ ਦੋਸ਼ ਕੀਤਾ ਹੋਵੇਗਾ, ਉਹੀ ਤੁਹਾਡੇ ਕੋਲ ਆਵੇਗਾ, ਮੈਂ ਨਾ ਕੋਈ ਦੋਸ਼ ਕੀਤਾ ਹੈ, ਨਾ ਮੈਨੂੰ ਪੁਜਾਰੀਆਂ ਕੋਲੋਂ ਹੁਕਮਨਾਮਾ ਵਾਪਸ ਕਰਵਾਉਣ ਦੀ ਕੋਈ ਲੋੜ ਹੀ ਹੈ। ਲੋਕ ਇਨ੍ਹਾਂ ਦਾ ਹੁਕਮਨਾਮਾ ਆਪੇ ਹੀ ਰੱਦ ਕਰ ਚੁੱਕੇ ਹਨ। ਨਾ ਕਰਦੇ ਤਾਂ ਕੀ ‘ਰੋਜ਼ਾਨਾ ਸਪੋਕਸਮੈਨ’ ਇਕ ਸਾਲ ਲਈ ਵੀ ਨਿਕਲ ਸਕਦਾ?’’ ਸੋ ਹਾਕਮਾਂ ਨੇ ਸਪੋਕਸਮੈਨ ਨੂੰ ਬੰਦ ਕਰਵਾਉਣ ਦੀ ਹੋਰ ਵੀ ਪੱਕੀ ਠਾਣ ਲਈ। ਪੂਰੀ ਤਫ਼ਸੀਲ ਅਗਲੇ ਐਤਵਾਰ।   
(ਚਲਦਾ)

(3 ਸਤੰਬਰ 2023 ਦੇ ਪਰਚੇ ਵਿਚੋਂ)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement