
ਕਸ਼ਮੀਰ ਦੇ ਖਾੜਕੂ ਨੌਜਵਾਨ ਬੁਰਹਾਨ ਵਾਨੀ ਦੇ ਇਕ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਕਸ਼ਮੀਰੀ ਲੋਕਾਂ ਵਿਚ ਭੜਕਿਆ ਰੋਹ ਦਾ ਤੂਫ਼ਾਨ ਵਾਰ-ਵਾਰ ਸੜਕਾਂ ਤੇ ਉਤਰ ਕੇ ਜਦੋਜਹਿਦ ਕਰ ਰਿਹਾ ਹੈ।
ਕਸ਼ਮੀਰ ਦੇ ਖਾੜਕੂ ਨੌਜਵਾਨ ਬੁਰਹਾਨ ਵਾਨੀ ਦੇ ਇਕ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਕਸ਼ਮੀਰੀ ਲੋਕਾਂ ਵਿਚ ਭੜਕਿਆ ਰੋਹ ਦਾ ਤੂਫ਼ਾਨ ਵਾਰ-ਵਾਰ ਸੜਕਾਂ ਤੇ ਉਤਰ ਕੇ ਜਦੋਜਹਿਦ ਕਰ ਰਿਹਾ ਹੈ। ਦੂਜੇ ਪਾਸੇ ਪਟਰੌਲ ਬੰਬਾਂ ਅਤੇ ਪੱਥਰਬਾਜ਼ੀ 'ਚ ਨਿਤ ਦਿਹਾੜੇ ਭਾਰਤ ਦੇ ਫ਼ੌਜੀ ਜਵਾਨ ਸ਼ਹੀਦ ਹੋ ਰਹੇ ਹਨ ਜਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਰਹੇ ਹਨ। ਇਸ ਜੰਗ ਦਰਮਿਆਨ ਵਹਿਸ਼ੀ ਹਮਲਿਆਂ ਵਿਚ ਪ੍ਰਵਾਰਾਂ ਦੇ ਪ੍ਰਵਾਰ ਬਰਬਾਦ ਹੋ ਰਹੇ ਹਨ। 1947 ਤੋਂ ਬਾਅਦ ਕਸ਼ਮੀਰ ਦੇ ਮਸਲੇ ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਖਿਚੋਤਾਣ ਲੱਗੀ ਹੋਈ ਹੈ। ਇਹ ਮਸਲਾ ਕੌਮਾਂਤਰੀ ਪੱਧਰ ਤੇ ਨਾ ਰਹਿ ਕੇ ਅੰਤਰਰਾਸ਼ਟਰੀ ਪੱਧਰ ਤਕ ਸਾਮਰਾਜੀ ਮੁਲਕ ਅਮਰੀਕਾ ਤੇ ਦੂਜੇ ਪਾਸੇ ਭਾਰਤ ਦੇ ਹਮਖ਼ਿਆਲ ਮੁਲਕ ਰੂਸ ਵਿਚਕਾਰ ਇਕ ਵੱਕਾਰੀ ਮਸਲਾ ਬਣ ਗਿਆ ਸੀ। ਦੋਹਾਂ ਦੇਸ਼ਾਂ ਦੀ ਯੂ.ਐਨ.ਓ. ਵਿਚ ਸਰਦਾਰੀ ਹੋਣ ਕਰ ਕੇ ਇਹ ਮਸਲਾ ਹੋਰ ਵੀ ਉਲਝ ਗਿਆ। ਇਸ ਖਿਚੋਤਾਣ ਨੇ ਆਮ ਕਸ਼ਮੀਰੀਆਂ ਦੇ ਲਹੂ ਦਾ ਘਾਣ ਕਰਨਾ ਜਾਰੀ ਰਖਿਆ ਹੈ। ਜੇਕਰ ਇਸ ਯੁੱਧ ਵਿਚ ਭਾਰਤ ਦੇ ਫ਼ੌਜੀ ਜਵਾਨ ਸ਼ਹੀਦ ਹੁੰਦੇ ਹਨ ਤਾਂ ਵੀ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਅਤੇ ਜੇਕਰ ਪਾਕਿਸਤਾਨ ਦੇ ਜਵਾਨ ਮਰਦੇ ਹਨ ਤਾਂ ਵੀ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਕਸ਼ਮੀਰੀ ਲੋਕ ਇਸ ਕਤਲੋਗ਼ਾਰਤ ਅਤੇ ਅਤਿਆਚਾਰ ਦੇ ਵਹਿਸ਼ੀਪੁਣੇ ਦਾ ਤਾਂ ਸਾਹਮਣਾ ਕਰ ਹੀ ਰਹੇ ਹਨ।
ਕਸ਼ਮੀਰੀ ਲੋਕ ਭਾਰਤੀ ਰਾਜ ਅਤੇ ਫ਼ੌਜਾਂ ਵਿਰੁਧ ਅਪਣਾ ਰੋਸ ਪ੍ਰਗਟ ਕਰ ਰਹੇ ਹਨ। ਸੈਂਕੜੇ ਪੱਥਰ ਛੱਡਣ ਵਾਲੀਆਂ ਬੰਦੂਕਾਂ (ਪੈਲੇਟ ਗੰਨ) ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਜਿਸ ਵਿਚ ਕਈ ਨੌਜਵਾਨ ਅਪਣੀਆਂ ਅੱਖਾਂ ਦੀ ਜੋਤ ਗੁਆ ਚੁੱਕੇ ਹਨ ਅਤੇ ਜਾਂ ਅਪਣੀ ਜ਼ਿੰਦਗੀ ਤੋਂ ਹੀ ਹੱਥ ਧੋ ਬੈਠੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਗੰਭੀਰ ਜ਼ਖ਼ਮੀ ਲੋਕ ਹਸਪਤਾਲਾਂ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਹੇ ਹਨ। ਇਹ ਸਾਰੇ ਸਰਕਾਰੀ ਅੰਕੜੇ ਹਨ। 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਇਹ ਜੰਗ ਲਗਾਤਾਰ ਜਾਰੀ ਹੈ। ਇਸ ਜਬਰ-ਜ਼ੁਲਮ ਨਾਲ ਨਾ ਤਾਂ ਲੋਕਾਂ ਦੀ ਆਜ਼ਾਦੀ ਦੀ ਤਾਂਘ ਨੂੰ ਦਬਾਇਆ ਜਾ ਸਕਦਾ ਹੈ, ਨਾ ਹੀ ਕੁਚਲਿਆ ਜਾ ਸਕਦਾ ਹੈ। ਕੋਈ ਵੀ ਦੇਸ਼ ਨਿਰਪੱਖ ਹੋ ਕੇ ਕਸ਼ਮੀਰ ਦਾ ਮਸਲਾ ਹੱਲ ਕਰਨ ਨੂੰ ਤਿਆਰ ਨਹੀਂ ਅਤੇ ਨਾ ਹੀ ਯੂ.ਐਨ.ਓ. ਅਜੇ ਤਕ ਕੋਈ ਹੱਲ ਕੱਢ ਸਕੀ ਹੈ। ਦੋਵੇਂ ਪਾਸੇ ਮਨੁੱਖਤਾ ਦਾ ਹੀ ਘਾਣ ਹੋ ਰਿਹਾ ਹੈ।
ਨੌਜਵਾਨ 'ਖਾੜਕੂ' ਕਮਾਂਡਰ ਬੁਰਹਾਨ ਵਾਨੀ ਕਸ਼ਮੀਰ ਵਾਦੀ ਦੇ ਨੌਜਵਾਨਾਂ ਦਾ ਇਕ ਹਰਮਨ ਪਿਆਰਾ ਖਾੜਕੂ ਸੀ। ਉਹ ਲਗਭਗ 15-16 ਵਰ੍ਹਿਆਂ ਦੀ ਉਮਰ 'ਚ ਹਿਜ਼ਬੁਲ ਮੁਜਾਹਿਦੀਨ ਦੀ ਅਤਿਵਾਦੀ ਜਥੇਬੰਦੀ ਵਿਚ ਰਲ ਗਿਆ ਸੀ। 7-8 ਵਰ੍ਹਿਆਂ ਤਕ ਉਸ ਨੇ ਨੌਜਵਾਨਾਂ ਵਿਚ ਬੜਾ ਸਰਗਰਮ ਪ੍ਰਚਾਰ ਕੀਤਾ ਸੀ। ਹਥਿਆਰਬੰਦ ਸਾਥੀਆਂ ਸਮੇਤ ਉਸ ਦੀਆਂ ਤਸਵੀਰਾਂ ਅਤੇ ਵੀਡੀਉਜ਼ ਨੇ ਇਕ ਜ਼ਬਰਦਸਤ ਲਹਿਰ ਦੀ ਅਗਵਾਈ ਕਰ ਕੇ ਕਸ਼ਮੀਰੀਆਂ ਵਿਚ ਜੱਦੋ-ਜਹਿਦ ਦੀ ਰੂਹ ਫੂਕੀ। ਭਾਰਤੀ ਫ਼ੌਜਾਂ ਨੇ ਉਸ ਨੂੰ ਇਕ ਘਰ ਵਿਚ ਘੇਰ ਕੇ ਤਿੰਨ ਸਾਥੀਆਂ ਸਣੇ ਮਾਰ ਮੁਕਾਇਆ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਲਗਭਗ 40 ਹਜ਼ਾਰ ਲੋਕ ਉਸ ਦੀ ਅੰਤਿਮ ਵਿਦਾਇਗੀ ਵਿਚ ਪਹੁੰਚੇ। ਉਸ ਦੇ ਮਰਨ ਨਾਲ ਇਹ ਰੋਹ ਦੀ ਅੱਗ, ਭਾਂਬੜ ਦਾ ਰੂਪ ਅਖ਼ਤਿਆਰ ਕਰ ਗਈ ਹੈ ਜੋ ਬੁੱਝਣ ਦਾ ਨਾਂ ਨਹੀਂ ਲੈ ਰਹੀ ਅਤੇ ਨਿਹੱਥੇ ਲੋਕਾਂ ਦਾ ਖ਼ੂਨ-ਖ਼ਰਾਬਾ ਹੋ ਰਿਹਾ ਹੈ। ਬੁਰਹਾਨ ਵਾਨੀ ਦੀ ਮੌਤ ਇਕ ਅਜਿਹੀ ਘਟਨਾ ਬਣ ਗਈ ਹੈ ਜਿਸ ਨੇ ਕਸ਼ਮੀਰੀ ਲੋਕਾਂ ਦੇ ਮਨਾਂ ਵਿਚ ਸੁਲਗਦੇ ਬਾਰੂਦ ਨੂੰ ਤੀਲੀ ਲਾਉਣ ਦਾ ਕੰਮ ਕੀਤਾ ਹੈ।
2008-10 ਦੇ ਸਾਲਾਂ ਦੌਰਾਨ ਵੀ ਕਸ਼ਮੀਰੀ ਲੋਕਾਂ ਨੇ ਅਪਣੀ ਆਜ਼ਾਦੀ ਦੀ ਤਾਂਘ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ ਸੀ ਅਤੇ ਭਾਰਤੀ ਫ਼ੌਜ ਨਾਲ ਨਿਧੜਕ ਟੱਕਰ ਵਿਚ ਸੈਂਕੜੇ ਨੌਜਵਾਨ ਗੋਲੀਆਂ ਦਾ ਸ਼ਿਕਾਰ ਬਣੇ। ਹੁਣ ਇਹ ਟਕਰਾਅ ਇਸ ਪੱਧਰ ਤਕ ਪਹੁੰਚ ਗਿਆ ਹੈ ਜੋ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤਿੱਖਾ ਨਜ਼ਰ ਆ ਰਿਹਾ ਹੈ। ਹੁਣ ਵੀ ਕਸ਼ਮੀਰ ਵਾਦੀ ਵਿਚ ਇਸ ਰੋਹ ਦੀ ਲਹਿਰ ਦਾ ਨਿਸ਼ਾਨਾ ਆਜ਼ਾਦੀ ਹੈ। ਕਰਫ਼ਿਊ, ਇੰਟਰਨੈੱਟ ਅਤੇ ਅਖ਼ਬਾਰਾਂ ਉਤੇ ਪਾਬੰਦੀਆਂ ਅਤੇ ਹੋਰ ਕਾਰੋਬਾਰ ਠੱਪ ਹੋਣ ਦੇ ਤੁਲ ਹੀ ਹਨ। ਸੜਕਾਂ ਤੇ ਨਿਤਰਨ ਦਾ ਅਰਥ ਗੋਲੀ ਹੈ। ਪਰ ਹੁਣ ਕਸ਼ਮੀਰੀ ਲੋਕ ਗੋਲੀ ਨੂੰ ਵੀ ਟਿੱਚ ਸਮਝਣ ਲੱਗ ਪਏ ਹਨ। ਅੰਤਰਰਾਸ਼ਟਰੀ ਪੱਧਰ ਤੇ ਲੁਟੇਰੇ ਤੇ ਬੇਈਮਾਨ ਦੇਸ਼ ਹੁਣ ਇਕ ਪਾਸੇ ਹੋ ਕੇ ਤਮਾਸ਼ਾ ਵੇਖ ਰਹੇ ਹਨ। ਇਸ ਪਿੱਛੇ ਇਕ ਗੱਲ ਇਹ ਵੀ ਉਭਰ ਕੇ ਸਾਹਮਣੇ ਆ ਗਈ ਜਾਪਦੀ ਹੈ ਕਿ ਬਹੁਤੇ ਕਸ਼ਮੀਰੀ ਲੋਕ ਭਾਰਤੀਆਂ ਨਾਲ ਰਹਿਣ ਨੂੰ ਤਿਆਰ ਨਹੀਂ ਅਤੇ ਉਨ੍ਹਾਂ ਵਲੋਂ ਰਾਏਸ਼ੁਮਾਰੀ ਦੀ ਮੰਗ ਵਾਰ ਵਾਰ ਉਭਰ ਰਹੀ ਹੈ। ਅਜਿਹੇ ਯਤਨਾਂ ਨੂੰ ਦਬਾਉਣ ਲਈ ਵਾਦੀ 'ਚ ਫ਼ੌਜੀ ਕਾਨੂੰਨ ਅਫ਼ਸਪਾ ਦਹਾਕਿਆਂ ਤੋਂ ਮੜ੍ਹਿਆ ਹੋਇਆ ਹੈ ਜਿਸ ਤਹਿਤ ਫ਼ੌਜੀ ਦਸਤਿਆਂ ਕੋਲ ਅਥਾਹ ਸ਼ਕਤੀਆਂ ਹਨ। ਕਸ਼ਮੀਰ ਵਿਚ ਚੱਪੇ-ਚੱਪੇ ਤੇ ਫ਼ੌਜ ਕਾਬਜ਼ ਹੈ। ਥਾਂ-ਥਾਂ ਫ਼ੌਜੀ ਬੰਕਰ ਹਨ।
ਫਿਰ ਕਸ਼ਮੀਰੀ ਮਸਲੇ ਦਾ ਹੱਲ ਕਿਵੇਂ ਕਢਿਆ ਜਾਵੇ? ਕਸ਼ਮੀਰੀ ਮਸਲੇ ਦਾ ਹੱਲ ਕੱਢਣ ਲਈ ਪਿਛੋਕੜ ਤੇ ਇਕ ਝਾਤ ਮਾਰਨੀ ਬਣਦੀ ਹੈ। 1947 ਦੀ ਵੰਡ ਸਮੇਂ ਅੰਗਰੇਜ਼ੀ ਰਾਜ ਵਿਚ ਕੁੱਝ ਰਿਆਸਤਾਂ ਨੂੰ ਆਜ਼ਾਦ ਕਰਦਿਆਂ ਛੱਡ ਦਿਤਾ ਗਿਆ ਸੀ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚੋਂ ਕਿਸੇ ਵੀ ਦੇਸ਼ ਨਾਲ ਅਪਣੀ ਇੱਛਾ ਮੁਤਾਬਕ ਰਹਿ ਸਕਦੀਆਂ ਹਨ। ਕੁੱਝ ਨੂੰ ਛੱਡ ਕੇ ਬਾਕੀ ਰਿਆਸਤਾਂ ਕਿਸੇ ਨਾ ਕਿਸੇ ਦੇਸ਼ ਨਾਲ ਜੁੜ ਗਈਆਂ, ਪਰ ਜੰਮੂ-ਕਸ਼ਮੀਰ ਰਿਆਸਤਾਂ ਦਾ ਕੋਈ ਨਿਬੇੜਾ ਨਾ ਹੋ ਸਕਿਆ। ਜੰਮੂ-ਕਸ਼ਮੀਰ ਦਾ ਰਾਜਾ ਹਰੀ ਸਿੰਘ ਸੀ। ਅੰਗਰੇਜ਼ ਸਰਕਾਰ ਨੇ ਇਨ੍ਹਾਂ ਰਿਆਸਤਾਂ ਨੂੰ ਹਿੰਦ ਜਾਂ ਪਾਕਿਸਤਾਨ ਵਿਚੋਂ ਇੱਛਾ ਮੁਤਾਬਕ ਕਿਸੇ ਵੀ ਦੇਸ਼ ਨਾਲ ਇਲਹਾਕ ਕਰ ਲੈਣ ਜਾਂ ਆਜ਼ਾਦ ਰਹਿਣ ਲਈ ਕਿਹਾ ਸੀ। ਇਸ ਰਿਆਸਤ ਦੀ ਇਕ ਹੱਦ ਚੀਨ ਤੇ ਤਿੱਬਤ ਨਾਲ ਲਗਦੀ ਸੀ ਤੇ ਦੂਜੀ ਅਫ਼ਗਾਨਿਸਤਾਨ ਤੇ ਰੂਸ ਦੀ ਬਾਹੀ ਨਾਲ ਲਗਦੀ ਸੀ। ਇਸ ਕਰ ਕੇ ਵੱਡੀਆਂ ਤਾਕਤਾਂ ਲਈ ਇਹ ਰਿਆਸਤ ਬਹੁਤ ਮਹੱਤਤਾ ਰਖਦੀ ਸੀ। ਅੰਗਰੇਜ਼ਸ਼ਾਹੀ ਅਤੇ ਰਜਵਾੜਾਸ਼ਾਹੀ ਵਿਰੁਧ ਉਠੀ ਇਹ ਲਹਿਰ ਦੋ ਹਿੱਸਿਆਂ ਵਿਚ ਵੰਡੀ ਗਈ। ਇਕ ਹਿੱਸਾ ਫ਼ਿਰਕੂ ਲੀਹਾਂ ਤੇ ਵੰਡਿਆ ਗਿਆ ਅਤੇ ਦੂਜਾ ਧਰਮਨਿਰਪੱਖ ਤੇ ਜਮਹੂਰੀ ਲੀਹਾਂ ਤੇ ਚਲਣ ਵਾਲੀ ਨੈਸ਼ਨਲ ਕਾਨਫ਼ਰੰਸ ਵਿਚ ਤਬਦੀਲ ਹੋ ਗਿਆ ਜਿਸ ਦਾ ਕਸ਼ਮੀਰ ਵਾਦੀ ਤੇ ਜੰਮੂ ਵਿਚ ਅਸਰ ਸੀ। ਸ਼ੇਖ ਅਬਦੁੱਲਾ ਨੇ ਇਸ ਲਹਿਰ ਦੀ ਅਗਵਾਈ ਕਰ ਕੇ 1946 ਵਿਚ ਕਸ਼ਮੀਰ ਛੱਡੋ ਅੰਦੋਲਨ ਵਿਢਿਆ। ਸ਼ੇਖ ਅਬਦੁੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 1947 ਵਿਚ ਸ਼ੇਖ ਨੂੰ ਰਿਹਾਅ ਕਰ ਦਿਤਾ ਅਤੇ ਉਸ ਨੇ ਕਿਹਾ ਸੀ ਕਿ 'ਜੇਕਰ ਕਸ਼ਮੀਰ ਦੇ 40 ਲੱਖ ਲੋਕਾਂ ਨੂੰ ਅੱਖੋਂ ਪਰੋਖੇ ਕਰ ਕੇ ਰਿਆਸਤ ਦਾ ਹਿੰਦ ਜਾਂ ਪਾਕਿ ਨਾਲ ਇਕਹਾਕ ਕੀਤਾ ਜਾਂਦਾ ਹੈ ਤਾਂ ਮੈਂ ਬਗ਼ਾਵਤ ਕਰ ਦੇਵਾਂਗਾ।' ਇਸ ਕਰ ਕੇ ਕਸ਼ਮੀਰ ਵਿਚ ਸਾਰੇ ਪਾਸੇ ਵਿਦਰੋਹ ਸ਼ੁਰੂ ਹੋ ਗਿਆ ਸੀ। ਸੋ ਇਥੇ ਵੀ ਫ਼ਿਰਕੂ ਫਸਾਦ ਭੜਕ ਪਿਆ। ਪਾਕਿਸਤਾਨ ਦੀ ਸ਼ਹਿ ਤੇ ਹਥਿਆਰਬੰਦ ਗਿਰੋਹਾਂ ਨੇ ਰਿਆਸਤ ਵਿਚ ਲੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਰਾਜਧਾਨੀ ਸ੍ਰੀਨਗਰ ਲਈ ਖ਼ਤਰਾ ਖੜਾ ਕਰ ਦਿਤਾ ਗਿਆ। ਇਸ ਕਸੂਤੀ ਸਥਿਤੀ ਵਿਚ ਰਾਜਾ ਹਰੀ ਸਿੰਘ ਨੇ ਹਿੰਦ ਸਰਕਾਰ ਤੋਂ ਹਥਿਆਰਾਂ ਅਤੇ ਫ਼ੌਜੀ ਸਹਾਇਤਾ ਮੰਗੀ ਪਰ ਲਾਰਡ ਮਾਊਂਟਬੈਟਨ ਨੇ ਇਸ ਕਰ ਕੇ ਮਦਦ ਦੇਣ ਤੋਂ ਇਨਕਾਰ ਕਰ ਦਿਤਾ ਕਿ ਹਿੰਦ ਅਤੇ ਪਾਕਿਸਤਾਨ ਵਿਚ ਫ਼ੌਜੀ ਝੜਪਾਂ ਸਥਿਤੀ ਨੂੰ ਹੋਰ ਵਿਗਾੜ ਦੇਣਗੀਆਂ। ਪਰ ਹਿੰਦ ਸਰਕਾਰ ਨੇ ਰਾਜਾ ਹਰੀ ਸਿੰਘ ਨਾਲ ਇਲਹਾਕ ਦੀ ਸ਼ਰਤ ਰੱਖੀ ਅਤੇ ਸਪੱਸ਼ਟ ਕੀਤਾ ਕਿ ਇਲਹਾਕ ਦਾ ਮਤਲਬ ਕਬਜ਼ਾ ਨਹੀਂ ਹੋਵੇਗਾ। ਜਦੋਂ ਅਮਨ ਕਾਨੂੰਨ ਦੀ ਬਹਾਲੀ ਹੋ ਗਈ ਤਾਂ ਉਦੋਂ ਲੋਕਾਂ ਦੀ ਰਾਏਸ਼ੁਮਾਰੀ ਰਾਹੀਂ ਇਲਹਾਕ ਬਾਰੇ ਫ਼ੈਸਲਾ ਲਿਆ ਜਾਵੇਗਾ। ਲਾਰਡ ਮਾਊਂਟਬੈਟਨ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨ ਸਰਕਾਰ ਦੀਆਂ ਚਿੱਠੀਆਂ ਅਤੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਇਲਹਾਕ ਆਰਜ਼ੀ ਤੇ ਵਕਤੀ ਸੀ ਅਤੇ ਅੰਤਮ ਫ਼ੈਸਲਾ ਕਸ਼ਮੀਰ ਦੇ ਲੋਕਾਂ ਦਾ ਅਪਣਾ ਹੋਵੇਗਾ।
ਸੋ ਭਾਰਤ ਨੇ ਇਸ ਆਰਜ਼ੀ ਇਲਹਾਕ ਤੇ ਮਹਾਰਾਜੇ ਦੀ ਮਦਦ ਲਈ ਫ਼ੌਜਾਂ ਭੇਜੀਆਂ ਸਨ। ਉਧਰੋਂ ਬਰਤਾਨਵੀ ਅਫ਼ਸਰਾਂ ਨੇ ਅਪਣੀਆਂ ਸੇਵਾਵਾਂ ਭੇਜ ਦਿਤੀਆਂ। 1947 ਦੇ ਅੰਤ ਤਕ ਇਕ ਹਥਿਆਰਬੰਦ ਫ਼ੌਜ (ਗਿਲਗਿਤ) ਨੇ ਗਵਰਨਰ ਨੂੰ ਘੇਰਾ ਪਾ ਲਿਆ ਅਤੇ ਅਗਲੇ ਹੀ ਦਿਨ ਆਰਜ਼ੀ ਤੇ ਆਜ਼ਾਦ ਕਸ਼ਮੀਰ ਦੀ ਸਰਕਾਰ ਦਾ ਨਾਂ ਰੱਖ ਦਿਤਾ ਗਿਆ। 1948 ਵਿਚ ਪਾਕਿਸਤਾਨ ਨੇ ਵੀ ਅਪਣੀਆਂ ਫ਼ੌਜਾਂ ਭੇਜ ਦਿਤੀਆਂ। ਇਸ ਕਰ ਕੇ ਹਾਲਾਤ ਸੁਧਰਨ ਦੀ ਬਜਾਏ ਹੋਰ ਉਲਝ ਗਏ ਅਤੇ ਖਿਚੋਤਾਣ ਪੈਦਾ ਹੋ ਗਿਆ।
ਕਸ਼ਮੀਰ ਵਿਚ ਫ਼ਿਰਕੂ ਸਿਆਸਤ ਦੀ ਹਨੇਰੀ ਨੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ। ਭਾਰਤ ਨਾਲ ਆਰਜ਼ੀ ਇਲਹਾਕ ਵਾਲਾ ਇਕ ਹਿੱਸਾ ਅਤੇ ਦੂਜਾ ਆਜ਼ਾਦ ਕਸ਼ਮੀਰ ਵਾਲਾ ਹਿੱਸਾ। ਇਹ ਮਸਲਾ ਯੂ.ਐਨ.ਓ. ਵਿਚ ਪਹੁੰਚ ਗਿਆ ਤਾਂ ਇਹ ਹੋਰ ਵੀ ਗੁੰਝਲਦਾਰ ਬਣ ਗਿਆ। ਫ਼ੈਸਲਾ ਇਹ ਹੋਇਆ ਸੀ ਕਿ ਰਾਏਸ਼ੁਮਾਰੀ ਕਰਵਾਈ ਜਾਵੇ। ਪਰ ਨਹਿਰੂ ਦੀ ਟਾਲਮਟੋਲ ਦੀ ਨੀਤੀ ਅਤੇ ਕਸ਼ਮੀਰ ਨੂੰ ਪੱਕੇ ਤੌਰ ਤੇ ਅਪਣੇ ਕਬਜ਼ੇ ਹੇਠ ਰੱਖਣ ਦੀ ਬਦਨੀਤੀ ਨੇ ਤਾਣੀ ਨੂੰ ਹੋਰ ਗੰਭੀਰ ਮਸਲਾ ਬਣਾ ਦਿਤਾ ਜਿਸ ਦਾ ਨਤੀਜਾ ਕਸ਼ਮੀਰੀਆਂ ਤੇ ਅਤਿਆਚਾਰ, ਵਹਿਸ਼ੀਪੁਣਾ ਤੇ ਕਤਲੋਗ਼ਾਰਤ ਨਿਕਲ ਰਿਹਾ ਹੈ। ਕਸ਼ਮੀਰ ਵਿਚ ਤਿੱਖਾ ਵਿਰੋਧ ਉਠਿਆ ਤੇ 1500 ਤੋਂ ਵੱਧ ਕਸ਼ਮੀਰੀ ਲੋਕਾਂ ਦੇ ਖ਼ੂਨ ਨਾਲ ਹੋਲੀ ਖੇਡੀ ਗਈ। ਸੋ ਭਾਰਤ ਪ੍ਰਤੀ ਕਸ਼ਮੀਰ ਵਾਸੀਆਂ ਵਿਚ ਬੇਭਰੋਸਗੀ ਤੇ ਬੇਗਾਨਗੀ ਦੀ ਅੱਗ ਹੁਣ ਭਾਂਬੜ ਬਣ ਕੇ ਉਭਰ ਚੁੱਕੀ ਹੈ। ਦੂਜੇ ਪਾਸੇ ਕਸ਼ਮੀਰੀਆਂ ਵਿਚ ਅੰਤਿਮ ਨਿਰਣੇ ਤੇ ਖ਼ੁਦਮੁਖਤਿਆਰੀ ਦਾ ਹੱਕ ਵੀ ਭਾਂਬੜ ਬਣ ਕੇ ਮੱਚ ਰਿਹਾ ਹੈ।
ਸਾਡੀ ਸਮਝ ਮੁਤਾਬਕ ਕਸ਼ਮੀਰ ਮਸਲੇ ਦਾ ਹੱਲ ਕੱਢਣ ਲਈ ਭਾਰਤ ਅਤੇ ਪਾਕਿਸਤਾਨ, ਦੋਹਾਂ ਦੇਸ਼ਾਂ ਨੂੰ, ਅਪਣੀ ਹੈਂਕੜਬਾਜ਼ੀ ਛਡਦੇ ਹੋਏ ਕਸ਼ਮੀਰੀਆਂ ਨੂੰ ਸਮਾਜਕ, ਆਰਥਕ, ਧਾਰਮਕ, ਰਾਜਨੀਤਕ ਅਤੇ ਸਭਿਆਚਾਰਕ ਤੌਰ ਤੇ ਮੁਕਤ ਕਰਦੇ ਹੋਏ ਤੇ ਉਥੋਂ ਦੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਮਹੂਰੀ ਤੇ ਨਿਰਪੱਖ ਨਿਰਣੇ ਲੈਣ ਦੇ ਹੱਕ ਦਿਤੇ ਜਾਣੇ ਚਾਹੀਦੇ ਹਨ। ਇਕ ਸੱਚੀ ਲੋਕਸ਼ਾਹੀ ਸਥਾਪਤ ਕਰਨ ਦਾ ਹੋਕਾ ਦਿਤਾ ਜਾਵੇ। ਇਸ ਤਰ੍ਹਾਂ ਇਕ ਨਿਰਪੱਖ ਤੇ ਨਿਰੋਲ ਸੋਚ ਉਤੇ ਪਹਿਰਾ ਦਿੰਦੇ ਹੋਏ ਨਿਹੱਥੇ ਕਸ਼ਮੀਰੀਆਂ ਨੂੰ ਕਤਲੋਗ਼ਾਰਤ, ਵਹਿਸ਼ੀਪੁਣੇ ਤੇ ਦਹਿਸ਼ਤ ਦੀ ਅੱਗ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਸ਼ਮੀਰੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਆਤਮਨਿਰਣੇ ਲੈਣ ਦਾ ਹੱਕ ਦਿਤਾ ਜਾਵੇ ਅਤੇ ਉਥੋਂ ਦੇ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਨੂੰ ਸ਼ਾਂਤੀਪੂਰਵਕ ਰਹਿਣ ਦਾ ਹੱਕ ਮੰਨਣ ਲਈ, ਤਰੱਕੀ ਤੇ ਖ਼ੁਸ਼ਹਾਲੀ ਵਲ ਕਦਮ ਪੁੱਟਣ ਦਿਤਾ ਜਾਵੇ। ਇਸ ਨੀਤੀ ਨਾਲ ਹੀ ਤਣਾਅ ਖ਼ਤਮ ਹੋ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਦੀ ਅਰਬਾਂ-ਖਰਬਾਂ ਦੀ ਧੰਨ-ਦੌਲਤ ਦੀ ਬੱਚਤ ਹੋ ਸਕਦੀ ਹੈ। ਜਬਰ, ਜ਼ੁਲਮ, ਅਤਿਆਚਾਰ ਤੇ ਦਹਿਸ਼ਤ ਕਿਸੇ ਵੀ ਗੱਲ ਦਾ ਹੱਲ ਨਹੀਂ ਹੋ ਸਕਦਾ।
ਮੋਬਾਈਲ : 98558-00758