ਬਲਿਹਾਰੀ ਕੁਦਰਤਿ ਵਸਿਆ
Published : Sep 1, 2018, 12:43 pm IST
Updated : Sep 1, 2018, 12:43 pm IST
SHARE ARTICLE
Natural
Natural

ਨਿਰਸੰਦੇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧਕਾਲੀਨ ਭਾਰਤ ਦੇ ਇਤਿਹਾਸ, ਮਿਥਿਹਾਸ, ਸਭਿਆਚਾਰ, ਸਾਹਿਤ, ਭਾਸ਼ਾਵਾਂ, ਧਰਮਾਂ, ਮਾਨਤਾਵਾਂ, ਵਿਸ਼ਵਾਸਾਂ, ਵਰਣ-ਵਿਵਸਥਾ...........

ਨਿਰਸੰਦੇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧਕਾਲੀਨ ਭਾਰਤ ਦੇ ਇਤਿਹਾਸ, ਮਿਥਿਹਾਸ, ਸਭਿਆਚਾਰ, ਸਾਹਿਤ, ਭਾਸ਼ਾਵਾਂ, ਧਰਮਾਂ, ਮਾਨਤਾਵਾਂ, ਵਿਸ਼ਵਾਸਾਂ, ਵਰਣ-ਵਿਵਸਥਾ, ਸਾਂਝੀ ਪੰਜਾਬੀਅਤ ਤੇ ਵਿਸ਼ੇਸ਼ ਕਰ ਕੇ ਅਧਿਆਤਮਵਾਦ ਦਾ ਅਗਾਧ ਸਾਗਰ ਹੈ, ਪ੍ਰੰਤੂ ਇਸ ਸੱਭ ਕੁੱਝ ਦੇ ਪਿਛੋਕੜ ਵਿਚ ਕਾਰਜਸੀਲ ਪ੍ਰਕ੍ਰਿਤੀ ਦਾ ਜਿੰਨਾ ਵੰਨ ਸੁਵੰਨਾ, ਬਹੁਰੰਗਾ, ਰੰਗੀਨ ਤੇ ਮਨਮੋਹਕ ਵਰਣਨ ਇਸ ਨਾਯਾਬ ਗ੍ਰੰਥ ਵਿਚ ਹੋਇਆ ਹੈ,

ਉਹ ਸੱਚਮੁੱਚ ਹੀ ਕਾਬਲ-ਏ-ਗੌਰ ਹੈ। 'ਕੁਦਰਤ' ਸ਼ਬਦ ਦੇ ਗੁਰਬਾਣੀ ਵਿਚ ਕਈ ਪੱਖੀ ਅਰਥ ਹਨ-ਇਹ ਕਰਤਾਰ ਦੀ ਰਚਨਾ ਸ਼ਕਤੀ ਤੋਂ ਲੈ ਕੇ ਮਾਇਆ ਦੇ ਬਹੁਭਾਂਤੀ ਪਸਾਰੇ ਨੂੰ ਅਪਣੇ ਵਿਚ ਸਮੇਟਣ ਵਾਲੀ ਤਾਕਤ, ਈਸ਼ਵਰਤਾ, ਦਿੱਵਯਤਾ, ਸੱਤਾ ਤੇ ਪ੍ਰਕ੍ਰਿਤੀ ਦੀ ਟੋਹ ਦੇਣ ਵਾਲੀ ਉਹ ਹਸਤੀ ਹੈ ਜਿਸ ਬਾਰੇ ਬਾਬਾ ਨਾਨਕ ਫ਼ਰਮਾਉਂਦੇ ਹਨ:-

ਸਚੀ ਤੇਰੀ ਸਿਫਤਿ ਸਚੀ ਸਾਲਾਹ।।
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ।।

ਗੁਰਬਾਣੀ ਵਿਚ ਕੁਦਰਤ ਨੂੰ ਜੋ ਸਰਬਵਿਆਪੀ ਸਰੂਪ ਬਖ਼ਸ਼ਿਆ ਗਿਆ ਹੈ, ਉਸ ਦਾ ਥੋੜਾ ਜਿਹਾ ਹੋਰ ਵਿਸਤਾਰ ਦੇਣਾ ਵਧੇਰੇ ਪ੍ਰਸੰਗਿਕ ਹੋਵੇਗਾ। ਭਾਸ਼ਾ ਵਿਗਿਆਨ ਦੇ ਨਿਯਮਾਂ ਅਨੁਸਾਰ ਬਹੁਤ ਵਾਰ ਕਿਸੇ ਖ਼ਾਸ ਸਮੇਂ ਕਿਸੇ ਸ਼ਬਦ ਦੀ ਵਰਤੋਂ ਵਖਰੇ ਅਰਥਾਂ ਤੇ ਪ੍ਰਸੰਗਾਂ ਵਿਚ ਨਿਸ਼ਚਿਤ ਹੋਣ ਦੇ ਬਾਵਜੂਦ ਹੌਲੀ-ਹੌਲੀ ਉਸ ਦਾ ਅਰਥ ਪ੍ਰੀਵਰਤਨ ਜਾਂ ਸ਼ਬਦ-ਪ੍ਰਯੋਗ ਵੀ ਬਦਲ ਜਾਂਦਾ ਹੈ।

'ਕੁਦਰਤ' ਸ਼ਬਦ ਦੇ ਸੰਦਰਭ ਵਿਚ ਵੀ ਇਹੋ ਗੱਲ ਸਹੀ ਸਿੱਧ ਹੁੰਦੀ ਹੈ ਕਿਉਂਕਿ ਅੱਜ ਜਿਹੜਾ ਸ਼ਬਦ ਪ੍ਰਕ੍ਰਿਤਕ ਦ੍ਰਿਸ਼ਾਂ, ਹਰਿਆਵਲ, ਕੁਦਰਤੀ-ਸੁਹਜ, ਬਸੰਤ-ਬਹਾਰ, ਰੰਗ ਰੰਗੀਲੇ ਆਲੇ ਦੁਆਲੇ ਅਤੇ ਵੰਨ ਸੁਵੰਨੇ ਨਜ਼ਾਰਿਆਂ ਲਈ ਰੂੜ੍ਹ ਹੋ ਗਿਆ ਹੈ, ਉਸ ਦੇ ਕਲਾਵੇਂ ਵਿਚ ਕਦੇ ਇਸ ਦ੍ਰਿਸ਼ਟਮਾਨ ਪਸਾਰੇ ਵਿਚਲਾ ਸੱਭੋ ਕੁੱਝ ਹੀ ਸਮਾਇਆ ਹੋਇਆ ਸੀ। 

ਕੁਦਰਤਿ ਦਿਸੈ ਕੁਦਰਤਿ ਸੁਣੀਐ ਕਦੁਰਤਿ ਭਉ ਸੁਖ ਸਾਰੁ।।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।। ​

ਰਾਹੀਂ ਕਿਤੇ ਆਸਾ ਦੀ ਵਾਰ ਵਿਚ ਅਤੇ ਕਿਸੇ ਹੋਰ ਪ੍ਰਸੰਗ ਵਿਚ ਸਾਡੇ ਲਈ ਮੰਨਣ ਤੇ ਮਾਣਨਯੋਗ ਬਣਾਉਣ ਦਾ ਟਿੱਲ ਲਾਇਆ। ਕੁੱਖ ਤੋਂ ਕਬਰ ਤਕ ਫੈਲੇ ਕੁਦਰਤ-ਮਾਂ ਦੀਆਂ ਅਖੁੱਟ ਬਰਕਤਾਂ ਦੇ ਅਮੁੱਲ-ਨਿਧਾਨ ਦਾ ਜੋ ਸਰਬਾਂਗੀ-ਚਿੱਤਰ ਗੁਰੂ ਗ੍ਰੰਥ ਸਾਹਿਬ ਵਿਚ ਸਾਕਾਰਿਆ ਗਿਆ ਹੈ, ਉਹ ਸੱਚਮੁੱਚ ਬੇਸ਼ਕੀਮਤੀ, ਦੁਰਲੱਭ ਤੇ ਬੇਮਿਸਾਲ ਹੈ। ਰੁੱਤਾਂ ਦਾ ਫਿਰਨਾ, ਵਣਾਂ ਦਾ ਕੰਬਣਾ, ਪੱਤਿਆਂ ਦਾ ਝੜਨਾ, ਚਹੁੰ ਕੁੰਟਾਂ ਦੀ ਦ੍ਰਿਸ਼ਾਵਲੀ, ਕੰਧੀ ਉÎੱਤੇ ਰੁਖੜਾ, ਸਿੰਮਲ ਦੇ ਪ੍ਰਤੀਕ, ਚੰਦ ਚਕੋਰ ਦੀ ਪ੍ਰੀਤ, ਮੋਰ ਤੇ ਪ੍ਰਬਤ ਦੇ ਯਾਰਾਨੇ, ਚਿੜੀਆਂ ਦੀ ਚਹਿਚਹਾਟ, ਨਦੀਆਂ ਦੀ ਕਲ-ਕਲ, ਪੰਜ ਆਬਾਂ (ਦਰਿਆਵਾਂ) ਦਾ ਸੰਗੀਤਕ ਜਾਪ, ਮੱਛੀ ਤੇ ਪਾਣੀ ਦੇ ਰੂਪਕ ਰਾਹੀਂ ਆਤਮਾ ਪ੍ਰਮਾਤਮਾ ਦੀ ਅਜ਼ਲੀ ਪ੍ਰੀਤ ਦੀ ਗੱਲ, ਦੁਨੀ ਸੁਹਾਵਾ ਬਾਗ, ਪੰਖ ਪਰਾਹੁਣੀ, ਦਰਿਆਵੈ ਕੰਨੈ ਬਗੁਲਾ, ਸਰਵਰ ਹੰਸ, ਟਿੱਬੇ ਤੇ ਮੀਂਹ, ਪਿੰਜਰ ਚੂੰਡਦੇ ਕਾਂ,

ਕੰਧ ਕੁਹਾੜਾ, ਸਿਰ ਘੜਾ, ਜਾਇ ਸੁਤੇ ਜੀਰਾਣ, ਕਮਾਦ ਤੇ ਕਾਗਦ, ਵਿਸ-ਗੰਦਲਾਂ, ਦਾਖ ਬਿਜਉਰੀਆਂ, ਵਣ-ਕੰਡੇ, ਥਲ-ਡੂਗਰ, ਖੰਡ, ਬ੍ਰਹਿਮੰਡ, ਦੀਪ, ਲੋਅ ਤੇ ਹੋਰ ਕਿਹੜਾ ਰੂਪਕ ਅਤੇ ਪ੍ਰਤੀਕ ਹੈ ਜਿਸ ਨੂੰ ਸਾਡੇ ਮਹਾਪੁਰਖਾਂ ਨੇ ਇਸ ਅਨੂਠੇ ਗ੍ਰੰਥ ਵਿਚ ਨਹੀਂ ਵਰਤਿਆ। ਪੰਛੀਆਂ, ਜੰਤੂਆਂ ਤੇ ਜੀਵਾਂ ਦੇ ਮਾਧਿਅਮ ਰਾਹੀਂ ਸਾਡੀ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਲਈ ਤਾਂਘਦੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦੇ ਕੁਦਰਤੀ ਹੁਸਨ ਦੇ ਸੁਹਾਵਣੇ ਸਮੇਂ ਨੂੰ ਕਿਵੇਂ ਸੰਤਾਂ-ਮਹਾਤਮਾਵਾਂ ਦੀ ਨਾਮ-ਰੰਗਣ ਵਿਚ ਰੰਗੀਜੀ ਹਸਤੀ ਨਾਲ ਉਪਮਾਇਆ ਹੈ :

ਚਿੜੀ ਚਹੁਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।।
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ।।

ਸਿਖਰਲੀ ਸ਼ਤਾਬਦੀ ਦੇ ਇਸ ਭਾਗਾਂ ਵਾਲੇ ਵਰ੍ਹੇ ਵਿਚ, ਅਸੀ ਕੀਰਤਨ ਦਰਬਾਰਾਂ, ਖ਼ਾਲਸਾ ਮਾਰਚਾਂ, ਕਥਾ-ਲੈਕਚਰਾਂ, ਸੈਮੀਨਾਰਾਂ, ਗੁਰਮਤਿ ਸਮਾਗਮਾਂ ਅਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮਾਂ ਦੀ ਚਰਚਾ ਤਾਂ ਸੁਣਾਂਗੇ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਤੁਕ ਵਿਚ ਪ੍ਰਦੀਪਤ ਕੁਦਰਤ, ਕੁਦਰਤੀ ਦ੍ਰਿਸ਼ਾਂ, ਪ੍ਰਕ੍ਰਿਤਕ ਹੁਸਨ ਤੇ ਕਾਦਰ ਦੀ ਬੇਨਜ਼ੀਰ ਝਲਕ ਵੰਨੀ ਸਾਡਾ ਧਿਆਨ ਨਹੀਂ ਜਾਵੇਗਾ। ਪ੍ਰਦੂਸ਼ਣ ਦੇ ਬੋਲ ਬਾਲੇ ਮੌਕੇ ਜਿਥੇ ਅੱਜ ਚਾਰ ਚੁਫੇਰੇ ਸਹਿਜਤਾ ਤੇ ਸਾਦਗੀ ਖੁੱਸ ਚੁੱਕੀ ਹੈ, ਮਾਨਵੀ ਕਦਰਾਂ-ਕੀਮਤਾਂ ਖੰਭ ਲਗਾ ਕੇ ਉÎੱਡ ਚੁਕੀਆਂ ਹਨ ਤੇ ਇਨਸਾਨੀਅਤ ਦਾ ਜਨਾਜ਼ਾ ਨਿਕਲ ਰਿਹੈ,

ਅਸੀ ਇਸ ਅਜ਼ੀਮ ਧਰਮ-ਗ੍ਰੰਥ ਤੋਂ ਕੋਈ ਸੇਧ ਤੇ ਸਹਾਇਤਾ ਕਿਉਂ ਨਹੀਂ ਲੈ ਰਹੇ? ਕੰਕਰੀਟ ਦੇ ਜੰਗਲਾਂ ਵਿਚ ਨਿਵਾਸ ਕਰ ਰਿਹਾ ਅਜੋਕਾ ਬੌਣਾ ਮਨੁੱਖ ਇਸ ਕੁਦਰਤ ਨਾਲੋਂ ਬਿਲਕੁਲ ਹੀ ਅਲੱਗ ਥਲੱਗ ਹੋ ਚੁੱਕੈ। ਇਸੇ ਕਰ ਕੇ, ਅੰਤਾਂ ਦਾ ਲੋਭੀ ਨਸ਼ੇੜੀ, ਲਾਲਚੀ, ਮੋਹ-ਗ੍ਰਸਤ, ਕਾਮੀ ਤੇ ਕ੍ਰੋਧੀ ਬਣਦਾ ਜਾ ਰਿਹੈ। ਪਰ ਅਜਿਹੇ ਰੇਗਿਸਤਾਨੀ ਚੌਗਿਰਦੇ ਵਿਚ ਅੱਜ ਵੀ ਕਿਤੇ ਕਿਤੇ ਨਖ਼ਲਿਸਤਾਨ ਦੀ ਬਹਾਰ ਮੌਜੂਦ ਹੈ। ਹੁਣ ਵੀ ਉÎੱਥੇ ਹਰਿਆਵਲੀ ਚਾਦਰ ਦੇ ਦੀਦਾਰੇ ਹੁੰਦੇ ਹਨ। ਅੱਜ ਵੀ ਲਹਿਲਹਾਉਂਦੇ ਰੁੱਖਾਂ ਉÎੱਤੇ ਚਿੜੀਆਂ ਦਾ ਸੰਗੀਤ ਤੇ ਗੁਟਾਰਾਂ ਦੀ ਗੂੰਜ ਸੁਣਾਈ ਦਿੰਦੀ ਹੈ।

ਬਾਬੇ ਨਾਨਕ ਦੀ ਜੋਤ ਦੇ ਦੂਜੇ ਜਾਮੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰੂਹਾਨੀਅਤ ਭਰਪੂਰ ਨਗਰੀ ਖਡੂਰ ਸਾਹਿਬ ਦਾ ਦ੍ਰਿਸ਼ ਅੱਜ ਵੀ ਸਾਨੂੰ ਉਸੇ ਰਾਇ ਭੋਇ ਦੀ ਤਲਵੰਡੀ ਜਾਂ ਕਰਤਾਰ-ਨਗਰੀ ਕਰਤਾਰਪੁਰ ਦੇ ਸਾਢੇ ਪੰਜ ਸੌ ਵਰ੍ਹੇ ਪੂਰਵਲੇ ਭੋਇੰ-ਦ੍ਰਿਸ਼ ਦੇ ਰੂ-ਬ-ਰੂ ਲਿਜਾ ਖੜਾਉਂਦਾ ਹੈ ਜਿਥੇ ਅਧਿਆਤਮਵਾਦ, ਸੰਸਾਰਕਤਾ ਤੇ ਕੁਦਰਤ ਦਾ ਗਹਿ ਗੱਚ ਯਾਰਾਨਾ ਹੈ। ਖਡੂਰ ਨਗਰੀ ਨੂੰ ਆਉਂਦੀ ਹਰ ਸੜਕ ਉਤੇ ਦਸ ਦਸ ਕਿਲੋਮੀਟਰ ਦੇ ਘੇਰੇ ਵਿਚ ਕਾਰ ਸੇਵਾ ਵਾਲੇ ਤਪਸਵੀ ਮਹਾਂਪੁਰਖਾਂ ਵਲੋਂ ਬੜੀ ਜੁਗਤ, ਯੋਜਨਾ ਸਲੀਕੇ, ਤਰੀਕੇ ਤੇ ਵਿਉਂਤ ਨਾਲ ਪੰਜਾਬ ਦੇ ਸਾਰੇ ਰਵਾਇਤੀ ਰੁੱਖਾਂ

(ਖ਼ਾਸ ਕਰ ਕੇ ਪਿੱਪਲ, ਬੋਹੜ, ਨਿੰਮ, ਜਾਮਣਾਂ, ਟਾਹਲੀਆਂ ਤੇ ਹੋਰ ਹਰ ਸੰਭਵ ਦਰੱਖ਼ਤ) ਉਗਾ ਕੇ, ਪਾਲ ਕੇ, ਸਾਂਭ ਕੇ ਅਤੇ ਨੇਪਰੇ ਚਾੜ੍ਹ ਕੇ ਨਾਨਕ ਜੋਤਾਂ ਨੂੰ ਲਾਮਿਸਾਲ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਦੀ ਦੂਜੀ ਹੋਰ ਕੋਈ ਮਿਸਾਲ ਪੰਜਾਬ ਕੀ ਪੂਰੇ ਦੇਸ਼ ਵਿਚ ਨਹੀਂ ਮਿਲ ਸਕਦੀ। ਰੁੱਖਾਂ ਦੁਆਲੇ ਲਗਾਏ ਜੰਗਲੇ, ਵੇਲੇ ਸਿਰ ਕਾਂਟ-ਛਾਂਟ, ਲੋੜੀਂਦੀ ਖਾਦ-ਖ਼ੁਰਾਕ, ਵਕਤ ਸਿਰ ਪਾਣੀ ਲਈ ਸੇਵਾਦਾਰ ਤੇ ਟੈਂਕਰਾਂ ਦਾ ਸੁਚੱਜਾ ਪ੍ਰਬੰਧ ਤੇ ਲਾਗਲੇ ਖੇਤ-ਮਾਲਕਾਂ ਦੀ ਇਸ ਪੁੰਨ-ਕਾਰਜ ਵਿਚ ਸ਼ਮੂਲੀਅਤ ਕਰਵਾ ਕੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਇਕ ਇਤਿਹਾਸਕ ਪ੍ਰਾਪਤੀ ਕਰ ਕੇ ਵਿਖਾਈ ਹੈ।

ਇਹ ਕੰਮ ਰਾਤੋ ਰਾਤ ਦਾ ਨਹੀਂ ਸਗੋਂ ਕਈ ਸਾਲਾਂ ਦੀ ਯੋਜਨਾ ਤੇ ਅਮਲ ਦਾ ਨਤੀਜਾ ਹੈ। ਅੱਜ ਸ਼ਰਧਾਲੂ ਇਨ੍ਹਾਂ ਸੰਘਣੇ ਦਰੱਖ਼ਤਾਂ (ਜਿਸ ਦਾ ਜ਼ਿਕਰ ਸ਼ਿਵ ਨੇ ਬੇਹੱਦ ਕਲਾਤਮਕ ਤੇ ਰਚਨਾਤਮਕ ਢੰਗ ਨਾਲ ਕੀਤਾ ਸੀ) ਦੀਆਂ ਕਤਾਰਾਂ ਵਿਚੋਂ ਲੰਘਦਾ ਜਿਥੇ ਅਪਣੇ ਰਹਿਨੁਮਾ ਗੁਰੂ ਸਾਹਿਬਾਨ ਦੀ ਘਾਲਣਾ, ਦੂਰ ਦ੍ਰਿਸ਼ਟੀ, ਧਾਰਮਕਤਾ, ਜੀਵਨ-ਅਮਲ ਤੇ ਉÎੱਦਮੀ ਕਾਰਜ ਸ਼ੈਲੀ ਅੱਗੇ ਸੀਸ ਝੁਕਾਉਣ ਲਈ ਮਜਬੂਰ ਹੁੰਦੈ ਉÎੱਥੇ ਪ੍ਰਕ੍ਰਿਤਕ ਸੁੰਦਰਤਾ, ਫੁੱਲਾਂ ਫਲਾਂ ਤੇ ਬਨਸਪਤੀ ਦੀ ਮਹਿਕ ਦੇ ਗੱਫੇ ਝੂੰਗੇ ਵਿਚ ਹੀ ਪ੍ਰਾਪਤ ਕਰਦੈ। ਹੋਰ ਸ਼ਤਾਬਦੀਆਂ ਨਾਲ ਜੁੜੇ ਇਤਿਹਾਸਕ ਸਥਾਨਾਂ- ਅੰਮ੍ਰਿਤਸਰ, ਫ਼ਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵਿਖੇ ਵੀ

ਇਸ ਤਰਜ਼ ਉਤੇ ਸਰਸਬਜ਼-ਸ਼ਰਧਾਂਜਲੀ ਦੇ ਕੇ ਅਸੀ ਜਿਥੇ ਕੁਦਰਤ ਨਾਲ ਹੋਰ ਨੇੜਿਉਂ ਜੁੜ ਸਕਦੇ ਸਾਂ ਉਥੇ ਅਪਣੇ ਪ੍ਰਦੂਸ਼ਿਤ ਚੌਗਿਰਦੇ ਨੂੰ ਵੀ ਬਚਾ ਸਕਣ ਦਾ ਉਪਾਅ ਕਰ ਸਕਦੇ ਸਾਂ। ਗੁਰੂ ਗ੍ਰੰਥ ਸਾਹਿਬ ਦੇ ਰਚੇਤਿਆਂ ਵਲੋਂ ਕੁਦਰਤ ਦਾ ਬਹੁਰੰਗ ਬਹੁਵਿਧ, ਬਹੁਮੁਖੀ ਤੇ ਬਹੁ ਆਯਾਮੀ ਚਿਤਰਣ ਵਿਚਾਰਿਆਂ ਆਪ ਮੁਹਾਰੇ ਸੋਝੀ ਆਉਂਦੀ ਹੈ ਕਿ ਕਾਦਰ ਦੀ ਕਾਇਨਾਤ ਤੋਂ ਬਗ਼ੈਰ ਹਰ ਪ੍ਰਕਾਰੀ ਜੀਵ ਅਧੂਰਾ ਹੈ, ਅਪੂਰਨ ਹੈ ਤੇ ਅਵਿਕਸਿਤ ਵੀ। ਭਾਰਤ ਦੇ ਪ੍ਰਾਚੀਨ ਇਤਿਹਾਸ ਤੇ ਮਿਥਿਹਾਸ ਵੰਨੀ ਝਾਕਿਆਂ ਪਤਾ ਲਗਦੈ ਕਿ ਸਾਡੇ ਸਾਰੇ ਰਿਸ਼ੀ-ਮੁਨੀ, ਪੀਰ-ਪੈਗ਼ੰਬਰ, ਸਿੱਧ ਨਾਥ, ਅਵਤਾਰ-ਔਲੀਏ ਅਤੇ ਦੂਜੇ ਜਪੀ-ਤਪੀ ਕੁਦਰਤ ਦੇ ਵਿਸ਼ਾਲ ਵਿਹੜੇ ਵਿਚ,

ਰੁੱਖਾਂ-ਬੂਟਿਆਂ ਦੀ ਓਟ ਤੇ ਪਰਬਤਾਂ ਦੀਆਂ ਚੋਟੀਆਂ ਉਤੇ ਹੀ ਸਾਰੀ-ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਸਨ। ਇਸ ਸੱਭ ਦੇ ਪਿੱਛੇ ਗ੍ਰਹਿਸਤ ਦੇ ਬੋਝਲ ਪੈਂਡੇ ਤੋਂ ਬਚੇ ਰਹਿਣ ਦੀ ਤਮੰਨਾ ਤਾਂ ਹੋਇਆ ਹੀ ਕਰਦੀ ਸੀ ਪ੍ਰੰਤੂ ਕੁਦਰਤ ਨਾਲ ਸ਼ਿੱਦਤ ਨਾਲ ਜੁੜ ਕੇ ਸਰਲ, ਸਾਦਾ, ਕੁਦਰਤੀ ਅਤੇ ਸੁਭਾਵਿਕ ਜੀਵਨ ਜਿਉਣ ਦੀ ਲੋਚਾ ਵੀ ਆਂਤਰਿਕ ਤੌਰ ਉਤੇ ਵਿਦਮਾਨ ਰਹਿੰਦੀ ਸੀ। ਸ਼ਾਂਤੀ ਨਿਕੇਤਨ ਦਾ ਸੰਕਲਪ ਟੈਗੋਰ ਜੀ ਦੇ ਮਨ-ਮਸਤਕ ਵਿਚ ਐਵੇਂ ਨਹੀਂ ਸੀ ਪੈਦਾ ਹੋਇਆ। ਅੱਜ ਦੇ ਅਖੌਤੀ ਸਭਿਅਕ ਮਨੁੱਖ ਨੇ ਅਪਣੀਆਂ ਤਾਮਸੀ ਰੁਚੀਆਂ ਦਾ ਪਿਛਲੱਗ ਹੁੰਦਿਆਂ ਜਿਸ ਕਦਰ ਇਸ ਕੁਦਰਤ ਦਾ ਮਜ਼ਾਕ ਉਡਾਇਆ ਹੈ, ਉਹ ਮਾਫ਼ ਕਰਨ ਯੋਗ ਨਹੀਂ।

ਸਰਬੰਸਦਾਨੀ, ਅੰਮ੍ਰਿਤਦਾਨੀ ਤੇ ਰਾਸ਼ਟਰਵਾਦੀ ਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਦੇ 42 ਵਰ੍ਹਿਆਂ ਦੇ ਸੰਖਿਪਤ ਜੀਵਨ-ਕਾਲ ਪ੍ਰੰਤੂ ਬੇਜੋੜ ਕ੍ਰਿਸ਼ਮਈ-ਕਾਰਜਾਂ ਦੀ ਸੂਚੀ ਗਵਾਹ ਹੈ ਕਿ ਉਨ੍ਹਾਂ ਦੀ ਵਿਸ਼ਾਲਤਾ, ਵਿਰਾਟਤਾ, ਨਿਰੰਤਰਤਾ, ਅਨੰਤਤਾ, ਬੇਅੰਤਤਾ, ਸੁਤੰਤਰਤਾ ਅਤੇ ਨਿਯੰਤਰਤਾ ਦਾ ਰਾਜ ਉਨ੍ਹਾਂ ਦੇ ਹਰ ਪਲ ਦੇ ਸਾਥੀ ਬਣੇ ਹਿੰਦੁਸਤਾਨ ਦੇ ਮਹਾਨ ਦਰਿਆ ਸਨ। ਗੰਗਾ ਦੇ ਕਿਨਾਰਿਆਂ ਉਤੇ ਮਨੁੱਖੀ ਜਾਮੇ ਵਿਚ ਆਉਣ ਵਾਲੇ, ਸਤਲੁਜ ਦੇ ਨੀਲੱਤਣੇ ਕੰਢਿਆਂ ਉਤੇ ਬਾਲ ਅਠਖੇਲੀਆਂ ਕਰਨ ਵਾਲੇ, ਯਮੁਨਾ ਦੀ ਸੰਗੀਤਕ ਕਲ-ਕਲ ਲਾਗੇ ਭਵਿੱਖੀ ਯੋਜਨਾਵਾਂ ਨੂੰ ਸਿਰੇ ਚੜ੍ਹਾਉਣ ਦੀਆਂ ਤਿਆਰੀਆਂ ਕਰਨ ਵਾਲੇ ਤੇ ਗੋਦਾਵਰੀ ਦੇ ਪੱਤਣਾਂ ਕੋਲ ਪੰਜ ਭੂਤਕ ਦੇਹ

ਸਮੇਟਣ ਵਾਲੇ ਮਹਾਂਬਲੀ, ਤੇਗ਼ ਦੇ ਧਨੀ ਤੇ ਕਲਮੀ ਯੋਧੇ ਨੇ ਇਨ੍ਹਾਂ ਨਦੀਆਂ ਦੇ ਕੰਢਿਆਂ ਉਤੇ ਆਪਣੇ ਜੀਵਨ ਰੂਪੀ ਬਚਿੱਤਰ ਨਾਟਕ ਦੀਆਂ ਵਿÎਭਿੰਨ ਝਾਕੀਆਂ ਵਿਖਾ ਕੇ ਪੂਰੇ ਹਿੰਦੁਸਤਾਨ ਨੂੰ ਹਲੂਣਾ ਦਿਤਾ। ਬਾਬੇ ਨਾਨਕ ਦਾ ਮਹਾਫ਼ਲਸਫ਼ਈ ਤੇ ਕ੍ਰਾਂਤੀਕਾਰੀ ਵਿਚਾਰ- 'ਨ ਹਮ ਹਿੰਦੂ ਨ ਮੁਸਲਮਾਨ' ਵੀ ਸੁਲਤਾਨਪੁਰ ਦੀ ਵੇਈਂ ਤੋਂ ਜੱਗ-ਜ਼ਾਹਰ ਹੋਇਆ ਸੀ। ਉਹ ਵੇਈਂ ਜਿਸ ਨੂੰ ਅਸੀ ਹੁਣ ਤਕ ਕਿਤਾਬਾਂ ਤੇ ਸਾਖੀਆਂ ਵਿਚ ਹੀ ਪੜ੍ਹਿਆ ਸੀ ਤੇ ਸ਼ਾਇਦ ਉਹ ਹੁਣ ਵੀ ਕਿਤਾਬਾਂ ਤਕ ਹੀ ਸੀਮਤ ਰਹਿ ਜਾਂਦੀ ਜੇਕਰ ਸੀਚੇਵਾਲ ਵਾਲੇ ਸੰਤ ਬਲਬੀਰ ਸਿੰਘ ਨੇ ਉਸ ਦੀ ਕਾਇਆ ਕਲਪ ਕਰਨ ਲਈ ਸੰਗਤ ਦੀ ਬਾਂਹ ਨਾ ਫੜਦੇ।

ਵਰ੍ਹਿਆਂ ਦੀ ਮਿਹਨਤ ਤੇ ਮੁਸ਼ੱਕਤ, ਸਿਰੜ ਤੇ ਸਿਦਕ ਨਾਲ ਉਸ ਦੇ ਆਰੰÎਭਕ ਸਥੱਲ ਤੋਂ ਸੁਲਤਾਨਪੁਰ ਲੋਧੀ ਤਕ ਦਾ ਲੰਮਾ ਪੈਂਡਾ ਕਿਵੇਂ ਤੈਅ ਹੋਇਆ, ਕਿੰਨੀਆਂ ਕੁ ਮੁਸ਼ਕਲਾਂ ਨਾਲ ਟੱਕਰ ਲਈ ਗਈ ਤੇ ਕਿੰਨਾ ਕੁ ਸਰਕਾਰੀ-ਦਰਬਾਰੀ ਸਹਿਯੋਗ ਮਿਲ ਸਕਿਆ, ਇਹ ਪਾਠਕ ਸ਼ਾਇਦ ਜ਼ਿਆਦਾ ਨਹੀਂ ਜਾਣਦੇ। ਵੇਈਂ ਦਾ ਅਜੋਕਾ ਸਰੂਪ ਸੱਚਮੁੱਚ ਸਾਨੂੰ ਸਾਢੇ ਪੰਜ ਸਦੀਆਂ ਪੂਰਬਲੇ ਉਸ ਭੋਇੰ-ਦ੍ਰਿਸ਼ ਦੇ ਰੂ-ਬ-ਰੂ ਕਰ ਦਿੰਦੇ ਜਿਥੇ ਚੁਫੇਰੇ ਹਰਿਆਵਲਾਂ ਸਨ। ਵੰਨ-ਸੁਵੰਨੇ ਫੁੱਲ ਬੂਟੇ, ਰਵਾਇਤੀ ਪੰਜਾਬੀ ਰੁੱਖ, ਹਲਟ ਟਿੰਡਾਂ, ਭਉਣੀਆਂ ਤੇ ਖੁੱਲ੍ਹੇ ਲੰਗਰ। ਨਿਰਸੰਦੇਹ, ਇਹ ਸੰਗਤੀ ਉਪਰਾਲਾ ਵੀ ਉਸੇ ਤਰ੍ਹਾਂ ਦਾ ਹੈ

ਜਿਸ ਤਰ੍ਹਾਂ ਕਾਰ ਸੇਵਾ ਵਾਲੇ ਬਾਬਾ ਜੀ ਵਲੋਂ ਖਡੂਰ ਨਗਰੀ ਦਾ ਨਕਸ਼ਾ ਬਦਲਿਆ ਗਿਆ ਹੈ। ਧਰਮੀ ਹੋਣ ਦਾ ਵਿਖਾਵਾ ਕਰਨ ਵਾਲੇ ਦੂਜੇ ਬਾਣਾਧਾਰੀ ਬਾਬੇ ਵੀ ਇਨ੍ਹਾਂ ਬਾਬਿਆਂ ਦੇ ਉੱਦਮੀ ਜੀਵਨ ਤੋਂ ਸੇਧ ਲੈਣ ਤਾਂ ਪੰਜਾਬ ਦੀ ਧਰਤੀ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਮੁਕਤ ਹੋ ਸਕਦੀ ਹੈ। ਜਿੰਨੀ ਵਾਰ ਵੀ ਵਿਦੇਸ਼-ਯਾਤਰਾ ਉਤੇ ਜਾਣ ਦਾ ਮੌਕਾ ਮਿਲਿਆ ਹੈ, ਓਨੀ ਵਾਰ ਹੀ ਮੈਂ ਮਹਿਸੂਸ ਕਰਦੀ ਰਹੀ ਹਾਂ ਕਿ ਦੁਨੀਆਂ ਦੇ ਖ਼ੂਬਸੂਰਤ ਮਹਾਨਗਰ ਚਾਹੇ ਉਹ ਮੁੰਬਈ ਜਾਂ ਕਲਕੱਤਾ ਹੋਣ ਜਾਂ ਸਾਨਫ਼ਰਾਂਸਿਸਕੋ ਤੇ ਨਿਊਯਾਰਕ ਹੋਣ, ਸਮੁੰਦਰੀ ਕੰਢਿਆਂ ਉਤੇ ਹੋਣ ਕਾਰਨ ਹੋਰ ਵੀ ਖਿੱਚਪੂਰਨ ਤੇ ਹੁਸੀਨ ਲਗਦੇ ਹਨ

ਕਿਉਂਕਿ ਕੁਦਰਤੀ ਸੁੰਦਰਤਾ ਇਨ੍ਹਾਂ ਦੀ ਦਿੱਖ ਨੂੰ ਚਾਰ ਚੰਨ ਲਾਉਂਦੀ ਹੈ। ਡੈਨਮਾਰਕ ਦੇ ਵਿÎਭਿੰਨ ਹਿਸਿਆਂ ਨੂੰ ਆਪਸ ਵਿਚ ਜੋੜਨ ਵਾਲੇ ਲੰਮੇ ਪੁਲ, ਸਿੰਗਾਪੁਰ ਟਾਪੂ ਦੇ ਪ੍ਰਕ੍ਰਿਤਕ ਨਜ਼ਾਰੇ, ਕੈਲੇਫੋਰਨੀਆ ਰਾਜ ਦੇ ਸਸਪੈਂਸ਼ਨ ਪੁਲ, ਸਵੀਡਨ ਦੀ ਸਾਹਿਲੀ ਸੁੰਦਰਤਾ, ਅਸਟਰੇਲੀਆ ਦੇ ਸੁੰਦਰ ਪਾਰਕ, ਡਿਜ਼ਨੀਲੈਂਡ ਤੇ ਨਿਆਗਰਾ ਫ਼ਾਲਜ਼ ਦੇ ਬਾਹਰਲੇ ਦਿਲਕਸ਼ ਨਜ਼ਾਰੇ, ਲੰਡਨ ਦੇ ਥੇਮਜ਼ ਦੇ ਕਿਨਾਰਿਆਂ ਉਤੇ ਮੌਜੂਦ ਆਕਰਸ਼ਕ ਬਹਾਰ, ਵੈਨਕੂਵਰ ਦੀ ਰਮਣੀਕਤਾ, ਟਰਾਂਟੋ ਦੀ ਓਨਟਾਰੀਉ ਪਲੇਸ ਤੇ ਇਸ ਤਰ੍ਹਾਂ ਦੇ ਹੋਰ ਬੇਅੰਤ ਪ੍ਰਕ੍ਰਿਤਕ ਦ੍ਰਿਸ਼ ਵਿਅਕਤੀ ਨੂੰ ਇਹ ਜੀਵਨ ਜਿਊਣਯੋਗ, ਮਾਣਨਯੋਗ, ਰਹਿਣਯੋਗ ਤੇ ਅਨੰਦਮਈ ਬਣਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ।

ਸੁੰਦਰ ਵਸਤੂ ਸਦੀਵੀ ਅਨੰਦਦਾਤੀ ਹੋਇਆ ਕਰਦੀ ਹੈ। ਕੁਦਰਤ ਵੀ ਇਵੇਂ ਹੀ ਸਾਡੇ ਲਈ ਉਤਸ਼ਾਹ, ਉÎੱਮਾਹ ਅਤੇ ਖੇੜੇ ਦਾ ਸਬੱਬ ਹੈ। ਅਖੌਤੀ ਸਭਿਅਕ ਅਖਵਾਉਣ ਦੀ ਹੋੜ ਵਿਚ ਆਉ, ਇਸ ਕੁਦਰਤ ਤੋਂ ਹੋਰ ਦੂਰ ਨਾ ਹੋਈਏ। ਤੁਹਾਡੀ ਔਲਾਦ, ਤੁਹਾਡੇ ਸਬੰਧੀ, ਤੁਹਾਡੇ ਸੰਗੀ-ਸਾਥੀ ਜਾਂ ਇਹ ਬੇਰਹਿਮ ਦੁਨੀਆ ਵਾਲੇ ਤੁਹਾਡੇ ਵਲੋਂ ਕਦੇ ਵੀ ਮੁੱਖ ਮੋੜ ਸਕਦੇ ਸਨ ਪਰੰਤੂ ਇਹ ਲਟਬੌਰੀ ਕੁਦਰਤ, ਇਹ ਖੇੜੇ ਵੰਡਦੀ ਪ੍ਰਕਿਰਤੀ, ਇਹ ਕਾਦਰ ਦੀ ਸੁੱਚੀ ਸਿਰਜਣਾ ਤੇ ਸਿਰਜਣਹਾਰੇ ਦੀ ਹੁਸੀਨ ਘਾੜਤ ਹਮੇਸ਼ਾ ਤੁਹਾਨੂੰ ਸਕੂਨ,

ਦਿਲਬਰੀ, ਪ੍ਰੇਰਣਾ, ਮੁਹੱਬਤ, ਸਮਾਨਤਾ ਸਰਬ ਸਾਂਝੀਵਾਲਤਾ ਤੇ ਵਿਆਪਕਤਾ ਦਾ ਪਾਠ ਪੜ੍ਹਾਉਂਦੀ ਹੈ। ਬਾਬਾ ਨਾਨਕ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਮਨਾਉਣ ਸਮੇਂ ਆਉ ਮੁੜ ਤੋਂ ਕੁਦਰਤ ਦੀ ਨਿੱਘੀ ਗੋਦੀ ਵਿਚ ਬੈਠਣ ਅਤੇ ਗੁਰੂ ਸੰਦੇਸ਼ ਨੂੰ ਧੁਰ ਅੰਦਰ ਵਸਾਉਂਣ ਦੀ ਕੋਸ਼ਿਸ਼ ਕਰੀਏ। ਆਵਾਜ਼ਾਂ ਮਾਰਦੀ ਕੁਦਰਤ ਦੀ ਗੋਦੀ ਦਾ ਨਿੱਘ ਮਾਣਦਿਆਂ ਜੀਵਨ ਦੀ ਡੋਰ ਨੂੰ ਹੋਰ ਲੰਮੀ ਕਰੀਏ।
ਸੰਪਰਕ : 98156-20515

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement