ਬੜੇ ਨਿਰਦਈ ਤੇ ਜ਼ਾਲਮ ਹੁੰਦੇ ਹਨ ਧਰਮ ਦੇ ਦੁਕਾਨਦਾਰ
Published : Feb 2, 2019, 4:06 pm IST
Updated : Feb 2, 2019, 4:06 pm IST
SHARE ARTICLE
Sauda Saad
Sauda Saad

ਪਿਛਲੇ ਸਾਲ ਜਨਵਰੀ ਵਿਚ ਚੰਡੀਗੜ੍ਹ ਦੇ ਇਕ ਠੇਕੇ ਅਤੇ ਅਹਾਤੇ ਦਾ ਉਦਘਾਟਨ ਹੋਇਆ....

ਪਿਛਲੇ ਸਾਲ ਜਨਵਰੀ ਵਿਚ ਚੰਡੀਗੜ੍ਹ ਦੇ ਇਕ ਠੇਕੇ ਅਤੇ ਅਹਾਤੇ ਦਾ ਉਦਘਾਟਨ ਹੋਇਆ। ਅਹਾਤੇ ਦੇ ਮਾਲਕ ਨੇ ਇਸ ਮੌਕੇ ਉਤੇ ਪੂਜਾ ਪਾਠ ਕਰਾਉਣ ਲਈ ਧਾਰਮਕ ਗੁਰੂ ਬੁਲਾ ਲਏ। ਉਹ ਅਪਣੇ ਧਰਮਗ੍ਰੰਥ ਸਮੇਤ ਆਏ ਅਤੇ ਪਾਠ ਕਰ ਕੇ ਅਪਣੀ ਦਾਨ ਦਛਣਾ ਲੈ ਕੇ ਚਲੇ ਗਏ। ਤਦੇ ਕਿਸੇ ਨੇ ਧਰਮਸਥਾਨ ਦੇ ਪ੍ਰਬੰਧਕਾਂ ਨੂੰ ਖ਼ਬਰ ਦੇ ਦਿਤੀ ਕਿ ਪਵਿੱਤਰ ਗ੍ਰੰਥ ਸ਼ਰਾਬਖ਼ਾਨੇ ਵਿਚ ਰਖਿਆ ਹੈ, ਜੋ ਉਨ੍ਹਾਂ ਦੇ ਧਰਮ ਦੀ ਬੇਅਦਬੀ ਹੈ। ਬਸ, ਫਿਰ ਕੀ ਸੀ, ਉਥੇ ਹੱਲਾ-ਗੁੱਲਾ ਮੱਚ ਗਿਆ। ਬਹੁਤ ਦੇਰ ਬਾਅਦ ਮਾਫ਼ੀ ਮੰਗਣ ਉਤੇ ਮਾਮਲਾ ਸ਼ਾਂਤ ਹੋਇਆ। 

ਧਰਮ ਦੇ ਦੁਕਾਨਦਾਰ ਸ਼ਰਾਬੀਆਂ ਤੋਂ ਵੀ ਪ੍ਰਹੇਜ਼ ਨਹੀਂ ਕਰਦੇ। ਉਹ ਬੁਰਾਈ ਵਿਚ ਵੀ ਹਿੱਸੇਦਾਰੀ ਨਿਭਾਉਣ ਲਈ ਧਾਰਮਕ ਕਰਮਕਾਂਡਾਂ ਰਾਹੀਂ ਮਦਦ ਕਰ ਰਹੇ ਹਨ। ਅਜਿਹੀ ਧਾਰਮਕਤਾ ਕਿਹੜੇ ਕੰਮ ਦੀ ਜਿਹੜੀ ਬੁਰਾਈ ਦਾ ਸਾਥ ਦੇਵੇ? ਸਚਾਈ ਤਾਂ ਇਹ ਹੈ ਕਿ ਧਰਮ ਦੀਆਂ ਕਿਤਾਬਾਂ ਵਿਚ ਦੇਵਤਿਆਂ ਦੁਆਰਾ ਸੁਰਾਪਾਨ (ਸ਼ਰਾਬ) ਸੇਵਨ ਕਰਨ ਦਾ ਜ਼ਿਕਰ ਭਰਿਆ ਪਿਆ ਹੈ। ਕਾਲੀ ਤੇ ਭੈਰਵ (ਸ਼ੰਕਰ, ਮਹਾਂਦੇਵ) ਵਗ਼ੈਰਾ ਦੇ ਮੰਦਰਾਂ ਵਿਚ ਸ਼ਰਾਬ ਦਾ ਭੋਗ ਲਗਦਾ ਹੈ। ਪ੍ਰਸ਼ਾਦ ਵਿਚ ਦਾਰੂ ਵੰਡੀ ਜਾਂਦੀ ਹੈ, ਇਸ ਲਈ ਚੰਡੀਗੜ੍ਹ ਦੀ ਘਟਨਾ ਪਹਿਲੀ ਨਹੀਂ ਹੈ।

ਇੱਧਰ ਉੱਧਰ ਆਮ ਤੌਰ ਉਤੇ ਅਜਿਹਾ ਹੁੰਦਾ ਰਹਿੰਦਾ ਹੈ। ਬਰੇਲੀ ਵਿਚ ਵੀ ਅੰਗਰੇਜ਼ੀ ਸ਼ਰਾਬ ਦੀ ਦੁਕਾਨ ਦੇ ਉਦਘਾਟਨ ਉਤੇ ਪੂਜਾ ਪਾਠ ਹੋਇਆ ਸੀ। 
ਸੱਚ ਦੀ ਖ਼ਿਲਾਫ਼ਤ : ਧਰਮ ਦੀ ਦੁਕਾਨਦਾਰੀ ਕਰਨ ਵਾਲੇ ਪੰਡਤ ਪੁਰੋਹਿਤ ਨਹੀਂ ਵੇਖਦੇ ਕਿ ਉਹ ਕਿਸ ਦੇ ਸੱਦੇ ਉਥੇ ਕਿਥੇ ਅਤੇ ਕੀ ਕਰਨ ਜਾ ਰਹੇ ਹਨ? ਉਨ੍ਹਾਂ ਨੂੰ ਸਿਰਫ਼ ਅਪਣੀ ਦਾਨ ਦੱਛਣਾ ਮੁਛ  ਕੇ ਜੇਬ ਗਰਮ ਕਰਨ ਨਾਲ ਮਤਲਬ ਹੁੰਦਾ ਹੈ। ਧਰਮ ਕੇ ਦੁਕਾਨਦਾਰ ਸੱਚ ਤੇ ਅਹਿੰਸਾ ਦੀ ਦੁਹਾਈ ਤਾਂ ਦੇਂਦੇ ਹਨ, ਪ੍ਰੰਤੂ ਸਿਰਫ਼ ਵਿਖਾਵੇ ਲਈ। ਉਨ੍ਹਾਂ ਦੀ ਬੁਨਿਆਦ ਤਾਂ ਘੜੇ ਹੋਏ ਭਗਵਾਨ ਦੇ ਝੂਠ ਉਤੇ ਟਿਕੀ ਰਹਿੰਦੀ ਹੈ।

ਅਪਣੇ ਮਤਲਬ ਲਈ ਤਾਂ ਉਹ ਹਿੰਸਾ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਇਸ ਲਈ ਰੋਜ਼ਾਨਾ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਮੀਡੀਆ ਵਿਚ ਸੁਰਖ਼ੀਆਂ ਬਣੀਆਂ ਰਹਿੰਦੀਆਂ ਹਨ। ਸਦੀਆਂ ਤੋਂ ਧਰਮ ਦੇ ਦੁਕਾਨਦਾਰਾਂ ਨੂੰ ਅਪਣੀ ਪੋਲ ਖੁਲ੍ਹਣ ਦਾ ਖ਼ਤਰਾ ਬਰਾਬਰ ਬਣਿਆ ਰਹਿੰਦਾ ਹੈ। ਉਹ ਇਹ ਵੀ ਜਾਣਦੇ ਹਨ ਕਿ ਜੇਕਰ ਭੋਲੀਭਾਲੀ ਜਨਤਾ ਨੇ ਜਾਗਰੂਕ ਹੋ ਕੇ ਅਪਣੇ ਦਿਮਾਗ਼ ਦੇ ਬੂਹੇ ਖਿੜਕੀਆਂ ਖੋਲ੍ਹ ਲਏ ਤਾਂ ਉਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਜਾਵੇਗੀ। ਇਸ ਲਈ ਉਹ ਜਨਤਾ ਨੂੰ ਜਗਾਉਣ ਵਾਲਿਆਂ ਨੂੰ ਹਮੇਸ਼ਾ ਅਪਣਾ ਦੁਸ਼ਮਣ ਸਮਝਦੇ ਹਨ।

ਅਧਰਮੀ ਦੱਸ ਕੇ ਲੋਕਾਂ ਨੂੰ ਭੜਕਾਉਂਦੇ ਹਨ। ਨਾਲ ਹੀ, ਉਨ੍ਹਾਂ ਦੇ ਚੇਲੇ ਚਪਟੇ ਅੰਧਵਿਸ਼ਵਾਸਾਂ ਦੀ ਪੋਲ ਖੋਲ੍ਹਣ ਵਾਲਿਆਂ ਉਤੇ ਜਾਨਲੇਵਾ ਹਮਲੇ ਕਰਦੇ ਰਹਿੰਦੇ ਹਨ। ਮਾਮਲਾ ਲੱਖਾਂ ਦਾ ਨਹੀਂ, ਅਰਬਾਂ ਦਾ ਹੈ। ਸਾਰੇ ਧਰਮਾਂ ਦੇ ਤਾਜਰ, ਤੇ ਪੁਜਾਰੀ ਇਕ ਹੀ ਥੈਲੀ ਦੇ ਚੱਟੇ ਵੱਟੇ ਹਨ। ਹਿੰਸਾ ਨਾਲ : ਆਸਾਰਾਮ ਕੇਸ ਵਿਚ 6 ਗਵਾਹ ਜਾਨ ਗਵਾ ਚੁਕੇ ਹਨ। ਧਰਮ ਦੀ ਖਿਲਾਫ਼ਤ ਵਿਚ 5 ਫ਼ਰਵਰੀ, 2015 ਨੂੰ ਕੋਹਲਾਪੁਰ, ਮਹਾਰਾਸ਼ਟਰ ਦੇ ਗੋਬਿੰਦ ਪੰਸਾਰੇ ਦਾ ਕਤਲ ਹੋਇਆ ਸੀ। ਗੋਬਿੰਦ ਪੰਸਾਰੇ ਦੇ ਕਤਲ ਦੀ ਹਿੱਟ ਲਿਸਟ ਵਿਚ ਇਕ ਨਾਂ ਮਰਾਠੀ ਪੱਤਰਕਾਰ ਨਿਖਿਲ ਵਾਗਲੇ ਦਾ ਵੀ ਸੀ।

ਉਸ ਨੇ ਸਾਲ 2011 ਵਿਚ ਅੰਧਵਿਸ਼ਵਾਸ ਉਨਮੂਲਨ ਬਿੱਲ ਉਤੇ ਇਕ ਟੈਲੀਵਿਜ਼ਨ ਸ਼ੋਅ ਕੀਤਾ ਸੀ ਜਿਸ ਵਿਚਲੇ ਤਰਕ ਤੋਂ ਗੁੱਸੇ ਹੋ ਕੇ ਇਕ ਕੱਟੜਪੰਥੀ, ਪ੍ਰੋਗਰਾਮ ਵਿਚੋਂ ਉਠ ਕੇ ਚਲਾ ਗਿਆ ਸੀ। ਤਦ ਤੋਂ ਇਸ ਪੱਤਰਕਾਰ ਨੂੰ ਧਮਕੀਆਂ ਮਿਲ ਰਹੀਆਂ ਸਨ। ਧਰਮ ਦੇ ਨਾਂ ਉਤੇ ਮੌਤ ਦੇ ਘਾਟ ਉਤਾਰਨਾ ਕੋਈ ਨਵੀਂ ਗੱਲ ਵੀ ਨਹੀਂ। ਯੂਰੋਪ ਵਿਚ ਗੈਲੀਲਿਉ, ਕੌਪਰਨਿਕਸ ਤੇ ਬਰੂਨੀ ਵਰਗੇ ਮਹਾਨ ਵਿਗਿਆਨਕਾਂ ਦਾ ਕਤਲ ਹੋਇਆ ਕਿਉਂਕਿ ਉਨ੍ਹਾਂ ਦੀਆਂ ਖਰੀਆਂ-ਖਰੀਆਂ, ਸੱਚੀਆਂ ਗੱਲਾਂ ਧਰਮ ਦੇ ਦੁਕਾਨਦਾਰਾਂ ਦੇ ਗਲੇ ਨਹੀਂ ਉਤਰਦੀਆਂ ਸਨ।

ਇਸਲਾਮਿਕ ਕੱਟੜਪੰਥੀ ਸਮੂਹਿਕ ਕਤਲੇਆਮ ਕਰਦੇ ਹਨ ਤਾਕਿ ਲੋਕ ਦਹਿਸ਼ਤ ਵਿਚ ਰਹਿਣ ਅਤੇ ਮਜ਼ਹਬ ਦੇ ਨਾਂ ਉਤੇ ਫੈਲਾਏ ਗਏ ਉਨ੍ਹਾਂ ਦੇ ਝੂਠ ਤੋਂ ਪਰਦਾ ਹਟਾਉਣ ਦੀ ਹਿੰਮਤ ਨਾ ਕਰਨ। ਸੱਚ ਦਾ ਸਾਥ ਦੇਣ ਵਾਲੇ ਬਹੁਤ ਸਾਰੇ ਲੋਕ ਸਾਡੇ ਦੇਸ਼ ਵਿਚ ਹੁਣ ਤਕ ਅਪਣੀ ਜਾਨ ਗਵਾ ਚੁਕੇ ਹਨ। ਮਹਾਰਾਸ਼ਟਰ ਦੇ ਮਸ਼ਹੂਰ ਲੇਖਕ ਡਾਕਟਰ ਨਰੇਂਦਰ ਦਾਭੋਲਕ ਅਪਣੀ ਕਲਮ ਨਾਲ 30 ਸਾਲਾਂ ਤਕ ਧਾਰਮਕ ਅੰਧਵਿਸ਼ਵਾਸਾਂ ਵਿਰੁਧ ਲੜੇ। ਉਨ੍ਹਾਂ ਨੇ ਮਰਾਠੀ ਭਾਸ਼ਾ ਵਿਚ ਅੰਧਵਿਸ਼ਵਾਸ ਉਨਮੂਲਨ ਉਤੇ ਕਿਤਾਬ ਲਿਖੀ। ਡਾਕਟਰ ਨਰੇਂਦਰ ਦਾਭੋਲਕਰ ਨੇ ਅੰਧਸ਼ਰਧਾ ਉਨਮੂਲਨ ਸਮਿਤੀ ਬਣਾਈ ਸੀ।

ਇਸ ਸਮਿਤੀ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡਾ ਜ਼ਬਰਦਸਤ ਅਤੇ ਕਾਮਯਾਬ ਅੰਦੋਲਨ ਚਲਾਇਆ ਸੀ। ਇਸੇ ਕਾਰਨ ਧਰਮ ਦੇ ਦੁਕਾਨਦਾਰਾਂ ਨੂੰ ਉਨ੍ਹਾਂ ਤੋਂ ਖ਼ਤਰਾ ਪੈਦਾ ਹੋ ਗਿਆ ਸੀ। ਇਸ ਲਈ 20 ਅਗੱਸਤ 2013 ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿਤਾ ਗਿਆ। ਜ਼ੁਲਮ ਹੱਦੋਂ ਪਾਰ : ਗੁਰਮੀਤ ਰਾਮ ਰਹੀਮ ਅਪਣੀ ਖਿਲਾਫ਼ਤ ਕਰਨ ਵਾਲਿਆਂ ਨੂੰ ਮਰਵਾ ਕੇ, ਜ਼ਮੀਨ ਵਿਚ ਦਬਾ ਕੇ ਉਪਰ ਦਰੱਖ਼ਤ ਲਗਵਾ ਦੇਂਦਾ ਸੀ। ਸਪੱਸ਼ਟ ਹੈ, ਧਰਮ ਦੇ ਦੁਕਾਨਦਾਰ ਬੇਹੱਦ ਜ਼ਾਲਮ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਦੀ ਫ਼ੋਟੋ ਦਾ ਸਿਰਫ਼ ਇਕ ਹੀ ਪਾਸਾ ਵੇਖਣ।

ਬਹਿਸ ਨਾ ਕਰਨ। ਉਨ੍ਹਾਂ ਦਾ ਕਿਹਾ ਤੇ ਉਨ੍ਹਾਂ ਦੇ ਨਿਯਮ ਮੰਨਣ। ਸੱਚ ਬੋਲਣ ਉਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦਰਜ ਕਰਾ ਦਿਤੇ ਜਾਂਦੇ ਹਨ।
ਲੋਕ ਸਿਰਫ਼ ਓਨਾ ਹੀ ਵੇਖਦੇ ਹਨ, ਜਿੰਨਾ ਧਰਮ ਦੇ ਦੁਕਾਨਦਾਰ ਆਪ ਉਨ੍ਹਾਂ ਨੂੰ ਵਿਖਾਉਂਦੇ ਹਨ। ਉਸ ਤੋਂ ਅੱਗੇ ਜਾ ਕੇ ਸੋਚਣ ਅਤੇ ਬੋਲਣ ਵਾਲੇ ਨੂੰ ਬੁਰਾ ਤੇ ਨਾਸਤਕ ਦੱਸ ਦਿਤਾ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਚਾਲਾਂ ਚਲਾਕ ਲੋਕਾਂ ਨੇ ਅਪਣੇ ਹੱਕ ਵਿਚ ਖੋਲ੍ਹੀਆਂ ਹੋਈਆਂ ਹਨ ਤਾਕਿ ਧਰਮ ਦੀ ਅਫ਼ੀਮ ਪੀ ਕੇ ਲੋਕਾਂ ਦਾ ਦਿਮਾਗ਼ ਖੁੰਢਾ ਰਹੇ, ਉਹ ਉਨ੍ਹਾਂ ਦੇ ਪੰਜੇ ਵਿਚ ਫਸੇ ਰਹਿਣ। 

ਧਰਮ ਦੇ ਦੁਕਾਨਦਾਰ ਦਿਨ-ਰਾਤ ਲੋਕਾਂ ਨੂੰ ਲੁੱਟ ਕੇ ਬੇਸ਼ੁਮਾਰ ਦੌਲਤ ਇਕੱਠੀ ਕਰਨ ਵਿਚ ਲੱਗੇ ਰਹਿੰਦੇ ਹਨ। ਬੇਹਿਸਾਬ ਚੜ੍ਹਾਵੇ ਨੂੰ ਹਥਿਆਉਣ, ਹੜੱਪਣ, ਗੱਦੀ ਦੇ ਵਾਰਸ ਬਣਨ ਲਈ ਲੜਦੇ ਝਗੜਦੇ ਹਨ। ਮੁਕੱਦਮੇਬਾਜ਼ੀ ਤੇ ਖ਼ੂਨ ਖ਼ਰਾਬਾ ਕਰਦੇ ਹਨ। ਨਾਲ ਹੀ ਅਪਣੀ ਖਿਲਾਫ਼ਤ ਕਰਨ ਵਾਲਿਆਂ ਨੂੰ ਖ਼ਤਮ ਕਰਨ ਲਈ ਉਹ ਮਰਨ-ਮਾਰਨ ਤਕ ਲਈ ਤਿਆਰ ਰਹਿੰਦੇ ਹਨ। ਈਸ਼ ਨਿੰਦਾ ਦੇ ਕਾਨੂੰਨ ਹੁਣ ਮਰ ਜਹੇ ਗਏ ਹਨ, ਪ੍ਰੰਤੂ ਫਿਰ ਵੀ ਧਰਮ ਦੇ ਦਲਾਲਾਂ ਨੂੰ ਸ਼ਿਕਾਇਤ ਕਰਨੋਂ ਕੋਈ ਨਹੀਂ ਰੋਕ ਸਕਦਾ। ਇਕ ਸ਼ਿਕਾਇਤ ਦੇ ਬਾਅਦ ਅਦਾਲਤਾਂ ਵਿਚ ਪੇਸ਼ੀਆਂ ਦਾ ਲੰਮਾ ਸਿਲਸਿਲਾ ਚਲਦਾ ਹੈ।

ਬਹੁਤ ਸਾਰੇ ਪਾਖੰਡੀ ਅਪਣੇ ਕੋਲ ਪੁਲਿਸ ਨਾਲ ਮੁਕਾਬਲਾ ਕਰਨ ਲਈ ਅਸਲਾ ਵਗ਼ੈਰਾ ਰਖਦੇ ਹਨ। ਰਾਮਪਾਲ ਅਤੇ ਰਾਮ ਰਹੀਮ ਦੇ ਆਸ਼ਰਮ ਵਿਚ ਭਾਰੀ ਗਿਣਤੀ ਵਿਚ ਹਥਿਆਰਾਂ ਦਾ ਭੰਡਾਰ ਨਿਕਲਿਆ ਸੀ। ਬਹੁਤ ਸਾਰੀਆਂ ਧਾਰਮਕ ਥਾਵਾਂ ਤੇ ਅਖਾੜਿਆਂ ਵਗੈਰਾ ਵਿਚ ਲਾਠੀ, ਡੰਡੇ, ਤੀਰ, ਤਲਵਾਰ, ਬਰਛੀਆਂ, ਭਾਲੇ ਵਗੈਰਾ ਰੱਖੇ ਜਾਂਦੇ ਹਨ। ਇਹ ਗੱਲ ਵਿਚਾਰਨ ਵਾਲੀ ਹੈ ਕਿ ਸੱਭ ਵੇਖ ਸੁਣ ਕੇ ਵੀ ਲੋਕਾਂ ਦੀਆਂ ਅੱਖਾਂ ਨਹੀਂ ਖੁਲ੍ਹਦੀਆਂ। ਉਹ ਧਰਮ ਦੀ ਓਟ ਵਿਚ ਵਪਾਰ ਕਰਨ ਵਾਲਿਆਂ ਦੇ ਝਾਂਸੇ ਵਿਚ ਆ ਹੀ ਜਾਂਦੇ ਹਨ।

ਲੜਾਈ ਦੀਵੇ ਅਤੇ ਤੂਫ਼ਾਨ ਦੀ : ਸਾਡੇ ਦੇਸ਼ ਵਿਚ ਧਰਮ ਤੇ ਅੰਧਵਿਸ਼ਵਾਸਾਂ ਦਾ ਸਾਥ ਚੋਲੀਦਾਮਨ ਦੀ ਤਰ੍ਹਾਂ ਹੈ। ਇਨ੍ਹਾਂ ਵਿਚ ਫ਼ਰਕ ਦੀ ਲਕੀਰ ਹੁਣ ਬੇਹੱਦ ਪਤਲੀ ਅਤੇ ਧੁੰਦਲੀ ਜਹੀ ਹੋ ਗਈ ਹੈ। ਅੰਨ੍ਹੀ ਭਗਤੀ ਵਿਰੁਧ ਬੋਲਣਾ ਵੀ ਖ਼ਤਰੇ ਭਰਿਆ ਕੰਮ ਹੈ। ਸਾਡੇ ਦੇਸ਼ ਵਿਚ ਪੜ੍ਹੇ ਲਿਖੇ ਲੋਕ ਵੀ ਕਿਸਮਤ ਸੰਵਾਰਨ ਲਈ ਅੰਗੂਠੀ ਪਾ ਲੈਂਦੇ ਹਨ।  ਮੰਗਲਯਾਨ ਛੱਡਣ ਤੋਂ ਪਹਿਲਾਂ ਇਸਰੋ ਦੇ ਵੱਡੇ ਅਫ਼ਸਰ ਤਿਰੂਪਤੀ ਮੰਦਰ ਜਾ ਕੇ ਕਾਮਯਾਬੀ ਲਈ ਪ੍ਰਾਰਥਨਾ ਕਰਦੇ ਹਨ। ਡਾਕਟਰ, ਇੰਜੀਨੀਅਰ ਤਰੱਕੀ ਲਈ ਵਾਸਤੂ ਦੇ ਨਾਂ ਉਤੇ ਫੇਰ ਬਦਲ ਕਰਾ ਲੈਂਦੇ ਹਨ।

ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਅਖੌਤੀ ਬਾਬਿਆਂ ਕੋਲ ਚਲੀਆਂ ਜਾਂਦੀਆਂ ਹਨ। ਉਥੇ ਚੜ੍ਹਾਵਾ ਚੜ੍ਹਾਉਂਦੀਆਂ ਹਨ ਤੇ ਉਨ੍ਹਾਂ ਦੇ ਝਾਂਸੇ ਵਿਚ ਆ ਕੇ ਇੱਜ਼ਤ ਤਕ ਗਵਾ ਲੈਂਦੀਆਂ ਹਨ। ਜ਼ਮੀਨ ਅੰਦਰ ਹਜ਼ਾਰਾਂ ਟਨ ਸੋਨਾ ਦਬਿਆ ਹੋਣ ਦਾ ਸੁਪਨਾ ਆਇਆ ਸੁਣ ਕੇ ਜਿਥੇ ਪੁਰਾਤਤਵ ਦੇ ਸਰਕਾਰੀ ਮਹਿਕਮੇ ਖ਼ੁਦਾਈ ਕਰਨ ਪਹੁੰਚ ਜਾਂਦੇ ਹਨ, ਉਸ ਦੇਸ਼ ਵਿਚ ਤਰਕ ਨਾਲ ਵਿਗਿਆਨਕ ਗੱਲਾਂ ਕਰਨੀਆਂ ਬੇਮਾਇਨੀ ਲਗਦੀਆਂ ਹਨ, ਜਿਥੇ ਗੁਰੂ ਤੇ ਭਗਵਾਨ ਦੀ ਸੇਵਾ ਦੇ ਨਾਂ ਉਤੇ ਨੌਜੁਆਨ ਤੇ ਅੱਲ੍ਹੜ ਲੜਕੀਆਂ ਨੂੰ ਡੇਰਿਆਂ ਤੇ ਆਸ਼ਰਮਾਂ ਵਿਚ ਸੰਭਾਲ ਦਿਤਾ ਜਾਂਦਾ ਹੈ, ਉਥੇ ਸੱਚੀ ਗੱਲ ਕਹਿਣਾ ਮੁਸ਼ਕਲ ਤੇ ਹਿੰਮਤ ਦਾ ਕੰਮ ਹੈ। 

ਬਜ਼ਾਰ ਵਿਚ ਖ਼ਰੀਦਦਾਰਾਂ ਨੂੰ ਅਪਣੇ ਵਲ ਲੁਭਾਉਣ ਲਈ ਦੁਕਾਨਦਾਰ ਵਿੰਡੋ ਡਰੈਸਿੰਗ ਵਰਗੇ ਸਾਰੇ ਉਪਾਅ ਕਰਦੇ ਹਨ। ਅਪਣਾ ਮਾਲ ਵੇਚਣ ਲਈ ਚੰਗੇ ਨਮੂਨੇ ਸ਼ੀਸ਼ਿਆਂ ਵਿਚ ਸਜਾ ਕੇ ਵਿਖਾਉਂਦੇ ਹਨ ਇਸੇ ਤਰ੍ਹਾਂ ਧਰਮ ਦੇ ਦੁਕਾਨਦਾਰ ਵੀ ਚੰਗੀਆਂ ਗੱਲਾਂ ਦਾ ਢੋਲ ਭਗਤਾਂ ਨੂੰ ਲਲਚਾਉਣ, ਬਹਿਕਾਉਣ ਤੇ ਭਰਮਾਉਣ ਲਈ ਵਜਾਉਂਦੇ ਹਨ। ਸੱਚ ਤਾਂ ਇਹ ਹੈ ਕਿ ਬੁਰੇ ਕੰਮਾਂ ਤੋਂ ਪ੍ਰਹੇਜ਼ ਉਹ ਆਪ ਵੀ ਨਹੀਂ ਕਰਦੇ, ਤਦੇ ਤਾਂ ਆਸਾਰਾਮ, ਰਾਮ ਰਹੀਮ ਵਰਗੇ ਬਹੁਤ ਸਾਰੇ ਜੇਲ ਦੀ ਹਵਾ ਖਾ ਰਹੇ ਹਨ। 

ਇਹ ਹੈ ਉਪਾਅ : ਕੇਂਦਰ ਸਰਕਾਰ ਦੇ ਵਿਗਿਆਨ ਮਹਿਕਮੇ ਵਿਚ ਵਿਗਿਆਨ ਅਤੇ ਤਕਨੀਕ ਦੇ ਸੰਚਾਰ ਦੀ ਇਕ ਪ੍ਰੀਸ਼ਦ ਹੈ। ਇਹ ਵਿਗਿਆਨ ਮੇਲਿਆਂ, ਵਿਗਿਆਨ ਦਿਵਸ, ਬਾਲ ਵਿਗਿਆਨ ਕਾਂਗਰਸ, ਪੁਰਸਕਾਰ ਤੇ ਨੁਮਾਇਸ਼ ਵਗ਼ੈਰਾ ਨਾਲ ਜਾਗਰੂਕਤਾ ਲਿਆਉਣ ਦੇ ਕੰਮ ਕਰਦੀ ਹੈ। ਇਸ ਦੇ ਕੰਮਕਾਜ ਵਿਚ ਅੰਧਵਿਸ਼ਵਾਸਾਂ ਨੂੰ ਦੂਰ ਕਰਨਾ ਵੀ ਸ਼ਾਮਲ ਹੈ। ਇਹ ਗੱਲ ਵਖਰੀ ਹੈ ਕਿ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ। ਵਿਗਿਆਨ ਅਤੇ ਤਕਨੀਕ ਵਿਚ ਤਰੱਕੀ ਨੂੰ ਲੈ ਕੇ ਭਾਵੇਂ ਹੀ ਕਰਨਾਟਕ ਮੂਹਰਲੇ ਰਾਜਾਂ ਵਿਚ ਹੋਵੇ, ਪ੍ਰੰਤੂ ਉਥੇ ਅੰਧਵਿਸ਼ਵਾਸਾਂ ਦਾ ਹਨੇਰਾ ਅੱਜ ਵੀ ਘੱਟ ਨਹੀਂ। ਉਦਾਹਰਣ ਵਜੋਂ, ਦੇਵਦਾਸੀ ਪ੍ਰਥਾ ਕਾਰਨ ਉਥੇ ਝਗੜੇ ਹੁੰਦੇ ਰਹਿੰਦੇ ਹਨ।

ਮਦੇ ਇਸ਼ਨਾਨ ਕੁਰੀਤੀ ਤਹਿਤ ਬ੍ਰਾਹਮਣਾਂ ਦੇ ਖਾਣੇ ਦੇ ਬਾਦ ਬਚੀਆਂ ਪੱਤਲਾਂ ਉਤੇ ਪਿਛੜੇ ਲੋਕ ਇਸ ਲਈ ਲੇਟਦੇ ਹਨ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ। ਨਰ ਬਲੀ ਦੇਣ ਵਾਲਿਆਂ ਨੂੰ ਫਾਂਸੀ ਦੇਣ ਤੇ ਜਾਦੂ-ਟੂਣਾ ਤੇ ਤੰਤਰ-ਮੰਤਰ ਵਗੈਰਾ ਨੂੰ ਅਪਰਾਧ ਐਲਾਨ ਕਰਨ ਲਈ ਸਾਲ 2013 ਦੇ ਦੌਰਾਨ ਮਹਾਰਾਸ਼ਟਰ ਤੇ ਕਰਨਾਟਕ ਵਿਚ ਅੰਧਵਿਸ਼ਵਾਸ ਉਨਮੂਲਨ ਦੇ ਬਿੱਲ ਆਏ ਸਨ ਤਾਕਿ ਧਰਮ ਦੀ ਆੜ ਵਿਚ ਊਟਪਟਾਂਗ ਗੱਲਾਂ ਉਤੇ ਅੱਖਾਂ ਮੀਚ ਕੇ ਭਰੋਸਾ ਕਰਨ ਵਾਲੇ ਸੋਸ਼ਣ ਦੇ ਸ਼ਿਕਾਰ ਨਾ ਹੋਣ, ਕਿਉਂਕਿ ਇਹ ਗੱਲ ਮਨੁੱਖੀ ਅਧਿਕਾਰਾਂ ਦੇ ਵਿਰੁਧ ਹੈ।

ਦੁਨੀਆਂ ਦੇ ਕਈ ਦੇਸ਼ਾਂ ਵਿਚ ਭੂਤ ਪ੍ਰੇਤ, ਡਾਇਣ, ਚੁੜੈਲ ਵਗੈਰਾ ਦੇ ਨਾਂ ਉਤੇ ਔਰਤਾਂ ਤੇ ਬੱਚਿਆਂ ਦੇ ਨਾਲ ਬਹੁਤ ਹੀ ਜ਼ਾਲਮਾਨਾ ਹਰਕਤਾਂ ਕੀਤੀਆਂ ਜਾਂਦੀਆਂ ਹਨ, ਇਸ ਲਈ ਇਸ ਮਸਲੇ ਨੂੰ ਹੱਲ ਕਰਨ ਦੀ ਗ਼ਰਜ਼ ਨਾਲ ਸੰਯੁਕਤ ਰਾਸ਼ਟਰ ਸੰਘ ਨੇ 21 ਦਸੰਬਰ 2017 ਨੂੰ ਜਿਨੇਵਾ ਵਿਚ ਅੰਧਵਿਸ਼ਵਾਸਾਂ ਕਾਰਨ ਸਤਾਉਣਾ ਤੇ ਮਨੁੱਖੀ ਅਧਿਕਾਰ ਦੇ ਮੁੱਦੇ ਉਤੇ ਇਕ ਬੈਠਕ ਕੀਤੀ ਸੀ। ਉਸ ਬੈਠਕ ਵਿਚ ਅੰਧਵਿਸ਼ਵਾਸ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੰਗ ਉਠੀ ਸੀ। ਸਾਡੇ ਸੰਵਿਧਾਨ ਵਿਚ ਮੂਲ ਕਰਤਵਾਂ ਤਹਿਤ ਲਿਖਿਆ ਗਿਆ ਹੈ ਕਿ ਸਭਨਾਂ ਨਾਗਰਿਕਾਂ ਨੂੰ ਵਿਗਿਆਨਕ ਨਜ਼ਰੀਏ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ,

ਇਸ ਲਈ ਸਾਡਾ ਸੱਭ ਦਾ ਫ਼ਰਜ਼ ਵੀ ਇਹੀ ਹੈ ਕਿ ਬੇਖ਼ੌਫ਼ ਹੋ ਕੇ ਸੱਚ ਅਤੇ ਤਰਕ ਦਾ ਸਾਥ ਦੇਈਏ। ਸਾਰੀਆਂ ਗੱਲਾਂ ਨੂੰ ਗਿਆਨ ਦੀ ਕਸੌਟੀ ਉਤੇ ਪਰਖੀਏ ਅਤੇ ਪਖੰਡ ਦੇ ਦੁਕਾਨਦਾਰਾਂ ਦਾ ਪਰਦਾਫ਼ਾਸ਼ ਕਰੀਏ। ਪਰ ਇਹ ਗੱਲਾਂ ਸਿਰਫ਼ ਕਿਤਾਬੀ ਹਨ। ਪੁਲਿਸ ਅਫ਼ਸਰ ਹੋਵੇ ਜਾਂ ਜੱਜ, ਧਾਰਮਕ ਸਵਾਲ ਉਠਾਉਣ ਉਤੇ ਜੇਕਰ ਸ਼ਿਕਾਇਤ ਹੋਵੇ ਤਾਂ ਮਾਮਲਾ ਦਰਜ ਕਰ ਹੀ ਲੈਂਦਾ ਹੈ। ਧਰਮ ਦੀ ਦੁਕਾਨਦਾਰੀ ਕਰ ਰਹੇ ਮੱਕਾਰ ਹਾਲੇ ਵੀ ਖੁਲੇਆਮ ਧੰਦਾ ਚਲਾ ਰਹੇ ਹਨ। ਉਨ੍ਹਾਂ ਦੀ ਹਕੂਮਤ ਚਲਾਉਣ ਦੀ ਵਿਵਸਥਾ ਹਾਲੇ ਤਾਂ ਕਿਧਰੇ ਨਹੀਂ ਜਾਂਦੀ ਦਿਸ ਰਹੀ।
ਅਨੁਵਾਦ : ਪਵਨ ਕੁਮਾਰ ਰੱਤੋਂ, ਸੰਪਰਕ : 94173-71455

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement