ਸ਼ਰਧਾ ਦਾ ਸ਼ੁਦਾਅ (ਭਾਗ 5)
Published : Jun 2, 2018, 10:59 pm IST
Updated : Jun 2, 2018, 10:59 pm IST
SHARE ARTICLE
Amin Malik
Amin Malik

ਮੈਂ ਇਹ ਵੀ ਆਖ ਚੁੱਕਾ ਹਾਂ ਕਿ ਮਾਰੂ ਜਾਂ ਉਜਾੜੂ ਸ਼ਰਧਾ ਤੋਂ ਵੱਖ ਉਸਾਰੂ ਸ਼ਰਧਾ ਵੀ ਹੈ ਜੋ ਕਿਸਮਤ ਵਾਲੇ ਨੂੰ ਕਿਸੇ ਅੱਲਾਹ ਵਾਲੇ ਕੋਲੋਂ ਲੱਭ ਜਾਂਦੀ ਹੈ। ਇਹ ਟਕੇ ਟੌਕਰੀ...

ਮੈਂ ਇਹ ਵੀ ਆਖ ਚੁੱਕਾ ਹਾਂ ਕਿ ਮਾਰੂ ਜਾਂ ਉਜਾੜੂ ਸ਼ਰਧਾ ਤੋਂ ਵੱਖ ਉਸਾਰੂ ਸ਼ਰਧਾ ਵੀ ਹੈ ਜੋ ਕਿਸਮਤ ਵਾਲੇ ਨੂੰ ਕਿਸੇ ਅੱਲਾਹ ਵਾਲੇ ਕੋਲੋਂ ਲੱਭ ਜਾਂਦੀ ਹੈ। ਇਹ ਟਕੇ ਟੌਕਰੀ ਵਿਕਣ ਵਾਲੇ ਕੱਟੀ ਵੱਛੀ ਦੇ ਚੋਰ ਪੀਰਾਂ ਫ਼ਕੀਰਾਂ ਬਾਬਿਆਂ ਤੋਂ ਵੱਖ, ਕੁੱਝ ਰੱਬ ਦੇ ਨਾਂ ਵਾਲੇ ਵੀ ਇਸ ਦੁਨੀਆਂ ਵਿਚ ਹੀ ਵਸਦੇ ਨੇ। ਮੈਂ ਅਜਿਹੇ ਬੰਦਿਆਂ ਦਾ ਨਾਂ ਲਏ ਬਗ਼ੈਰ ਹੀ ਦਸਾਂਗਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਉਨ੍ਹਾਂ ਇਕ ਮੋਟੀ ਰਕਮ ਦੇ ਕੇ ਅਪਣੇ ਸੈਕਰਟਰੀ ਨੂੰ ਟੋਰਿਆ ਕਿ ਉਸ ਰੱਬ ਵਾਲੇ ਬੰਦੇ ਨੂੰ ਮੇਰੇ ਵਲੋਂ ਦੇ ਆਵੋ।

ਸੈਕਟਰੀ ਨੇ ਜਾ ਕੇ ਰਕਮ ਪੇਸ਼ ਕੀਤੀ ਤੇ ਅੱਗੋਂ ਬਜ਼ੁਰਗ ਨੇ ਆਖਿਆ, “ਨਵਾਜ਼ ਸ਼ਰੀਫ਼ ਸਾਹਬ ਦਾ ਸ਼ੁਕਰੀਆ ਅਦਾ ਕਰ ਕੇ ਇਹ ਰਕਮ ਉਨ੍ਹਾਂ ਨੂੰ ਮੋੜ ਦਿਉ ਕਿਉਂਕਿ ਸਾਨੂੰ ਇਸ ਦੀ ਜ਼ਰੂਰਤ ਨਹੀਂ ਤੇ ਇਸ ਡੇਰੇ ਦੀਆਂ ਜ਼ਰੂਰਤਾਂ ਅਸੀ ਆਪਸ ਵਿਚ ਹੀ ਵੰਡ ਕੇ ਪੂਰੀਆਂ ਕਰ ਲੈਂਦੇ ਹਾਂ।'' ਸੈਕਟਰੀ ਸਾਹਬ ਨੂੰ ਇਹ ਜਵਾਬ ਅੱਜ ਦੀ ਦੁਨੀਆਂ ਤੋਂ ਬਾਹਰ ਦਾ ਤੇ ਵਖਰਾ ਹੀ ਨਜ਼ਰ ਆਇਆ ਤੇ ਉਹ ਆਖਣ ਲੱਗੇ, “ਬਜ਼ੁਰਗੋ, ਵੇਖ ਲਵੋ, ਏਨੀ ਵੱਡੀ ਰਕਮ ਤੁਹਾਨੂੰ ਕਿਸੇ ਹੋਰ ਨੇ ਪੇਸ਼ ਨਹੀਂ ਕਰਨੀ।''

ਅੱਗੋਂ ਬਜ਼ੁਰਗ ਨੇ ਕਿਹਾ, “ਹਜ਼ੂਰ ਏਡੀ ਵੱਡੀ ਰਕਮ ਤੋਂ ਇਨਕਾਰ ਵੀ ਸਾਡੇ ਸਿਵਾ ਕਿਸੇ ਹੋਰ ਨੇ ਨਹੀਂ ਕਰਨਾ। ਮਿਹਰਬਾਨੀ ਫ਼ਰਮਾ ਕੇ ਰਕਮ ਤੁਸੀ ਵਾਪਸ ਲੈ ਜਾਉ।'' ਮੈਂ ਜ਼ਾਤੀ ਤੋਰ ਉੱਤੇ ਵੀ ਇਸ ਬਜ਼ੁਰਗ ਦੇ ਡੇਰੇ ਉੱਤੇ ਗਿਆ, ਕਿਉਂਕਿ ਉਨ੍ਹਾਂ ਬਾਰੇ ਜੋ ਸੁਣਿਆ ਉਸ ਦੀ ਤਸਦੀਕ ਵੀ ਕਰਨਾ ਚਾਹੁੰਦਾ ਸਾਂ। ਉਸ ਵੱਡੀ ਸਾਰੀ ਮਸੀਤ ਵਿਚ ਨਾ ਕੋਈ ਪੀਰ, ਨਾ ਕਿਸੇ ਪੀਰ ਦੀ ਪੰਜਾਂ ਤਾਰਿਆਂ ਵਾਲੀ ਯੂਨੀਫ਼ਾਰਮ ਅਤੇ ਨਾ ਤਿੱਲਾ ਗੋਟਾ ਲੱਗਾ ਰਾਂਝੇ ਵਾਲਾ ਸਿਰ ਉੱਤੇ ਪੱਗੜ। ਨਾ ਕੋਈ ਵਖਰੀ ਰਜਮੰਟ ਤੇ ਨਾ ਕੋਈ ਜਰਨੈਲ, ਨਾ ਸਿਪਾਹੀ।

ਬਹੁਤ ਸਾਰੇ ਲੋਕ ਉਥੋਂ ਹੀ ਖਾ ਕੇ ਉਥੇ ਹੀ ਸੌਂ ਜਾਣ ਵਾਲੇ ਸਨ। ਨਾ ਕੋਈ ਚੰਦਾ ਭਾੜਾ, ਨਾ ਕੋਈ ਨਜ਼ਰ ਨਜ਼ਰਾਨਾ ਅਤੇ ਨਾ ਕੋਈ ਗੋਲਕ। ਉਥੇ ਸਾਰੇ ਅਮੀਰਾਂ ਵਰਗੇ ਫ਼ਕੀਰ ਹੀ ਨਜ਼ਰ ਆਏ। ਨਾ ਫੁੱਲੀਆਂ ਪਤਾਸੇ ਦੇ ਕੇ ਕਿਸੇ ਪੀਰ ਦੇ ਸਿਰ ਪਗੜੀ ਧਰ ਕੇ ਗੋਡਿਆਂ ਨੂੰ ਹੱਥ ਲਾਉਂਦਾ ਵੇਖਿਆ ਤੇ ਨਾ ਹੀ ਉਸ ਸਾਰੀ ਜੰਝ ਦਾ ਕੋਈ ਲਾੜਾ ਨਜ਼ਰ ਆਇਆ। 

ਬੜੀ ਭਾਲ ਕਰ ਕੇ ਇਕ ਬਜ਼ੁਰਗ ਲਭਿਆ, ਸਲਾਮ ਕਰ ਕੇ ਹੱਥ ਮਿਲਾਇਆ ਤੇ ਮੈਂ ਅਰਜ਼ ਕੀਤੀ ਕਿ ਬਜ਼ੁਰਗੋ ਮੇਰੇ ਲਈ ਦੁਆ ਕਰਿਉ ਕਿ ਅੱਲਾਹ ਮੈਨੂੰ ਨਮਾਜ਼ ਤੇ ਲਾ ਦੇਵੇ ਤੇ ਮੈਂ ਵੀ ਸਿੱਧੇ ਰਾਹ ਤੇ ਚਲਾਂ। ਉਹ ਬਜ਼ੁਰਗ ਪਿਆਰ ਨਾਲ ਨਿੱਮ੍ਹਾ ਜਿਹਾ ਮੁਸਕਰਾਇਆ ਤੇ ਆਖਣ ਲੱਗਾ, “ਬੇਟਾ ਤੂੰ ਰੋਜ਼ ਅਪਣੀ ਡੀਊਟੀ ਤੇ ਜਾਨੈਂ, ਤਨਖ਼ਾਹ ਲੈਨੈਂ ਤੇ ਘਰ ਦੇ ਸਾਰੇ ਕੰਮ ਬੜੇ ਆਹਰ ਨਾਲ ਵੇਲੇ ਸਿਰ ਕਰਨੈਂ।

ਇਹ ਸਾਰੇ ਕੰਮ ਕਰਨ ਲਈ ਕਿਸ ਕੋਲੋਂ ਦੁਆ ਕਰਵਾਉਨੈਂ? ਬਗ਼ੈਰ ਕਿਸੇ ਕੋਲੋਂ ਦੁਆ ਕਰਵਾਏ ਦੁਨੀਆਂ ਦੇ ਕੰਮ ਇਸ ਲਈ ਕਰੀ ਜਾਨੈਂ ਕਿ ਇਸ ਵਿਚ ਫ਼ਾਇਦਾ ਤੇ ਕੋਈ ਲੱਭਤ ਹੈ। ਸਿੱਧੀ ਰਾਹ ਜਾਂ ਨਮਾਜ਼ ਲਈ ਹੀ ਦੁਆ ਦੀ ਕਿਉਂ ਲੋੜ ਪੈਂਦੀ ਏ? ਇਹ ਸੱਭ ਕੁੱਝ ਇਸ ਕਰ ਕੇ ਕਰੀ ਜਾਨੈਂ ਕਿ ਇਸ ਦਾ ਫ਼ਾਇਦਾ ਦੁਨੀਆ ਤੇ ਹੀ ਮਿਲ ਰਿਹਾ ਹੈ। ਜਿਸ ਦਿਨ ਤੈਨੂੰ ਇਹ ਯਕੀਨ ਹੋ ਜਾਵੇਗਾ ਕਿ ਉੱਤੇ ਵੇਖਣ ਵਾਲਾ ਰੱਬ ਵੀ ਹੈ,

ਉਹ ਵੇਖ ਰਿਹੈ ਤੇ ਮੇਰੇ ਚੰਗੇ ਮੰਦੇ ਦੀ ਮੈਨੂੰ ਜਜ਼ਾ ਅਤੇ ਸਜ਼ਾ ਵੀ ਜ਼ਰੂਰ ਦੇਵੇਗਾ, ਉਸ ਦਿਨ ਤੈਨੂੰ ਕਿਸੇ ਕੋਲੋਂ ਦੁਆ ਮੰਗਵਾਉਣ (ਅਰਦਾਸ ਕਰਵਾਉਣ) ਦੀ ਲੋੜ ਨਹੀਂ ਪਵੇਗੀ। ਤੂੰ ਅਪਣਾ ਦਵਾ ਦਾਰੂ ਤੇ ਦੁਆ ਆਪ ਹੀ ਬਣ ਜਾਵੇਂਗਾ। ਤੇਰੀ ਰਾਹ ਆਪ ਹੀ ਸਿੱਧੀ ਹੋ ਜਾਵੇਗੀ। ਬਸ, ਇਹ ਯਕੀਨ ਹੀ ਇਕ ਅਜਿਹੀ ਲਾਠੀ ਹੈ ਜੋ ਕਿਸੇ ਵੀ ਇਨਸਾਨ ਨੂੰ ਪਸ਼ੂ ਵਾਂਗ ਕਿਸੇ ਬੁਰਾਈ ਦੀ ਫ਼ਸਲ ਵਿਚ ਮੂੰਹ ਨਹੀਂ ਮਾਰਨ ਦੇਂਦੀ।

ਬਾਕੀ, ਹਰ ਇਨਸਾਨ ਅਪਣੇ ਚੰਗੇ ਮੰਦੇ ਤੋਂ ਜਾਣੂ ਹੈ, ਕੁੱਝ ਦੱਸਣ ਦੀ ਲੋੜ ਨਹੀਂ। ਜਾ ਬੇਟਾ, ਪੰਜ ਵੇਲੇ ਨਮਾਜ਼ ਪੜ੍ਹਿਆ ਕਰ, ਇਹ ਹੀ ਰੱਬ ਦਾ ਹੁਕਮ ਹੈ। ਫਿਰ ਆਪ ਹੀ ਦੁਆ ਮੰਗ ਕਿ ਯਾ ਅੱਲਾਹ ਮੈਨੂੰ ਸਿੱਧੀ ਰਾਹ ਤੇ ਚਲਾਵੀਂ। ਜਿਹੜੀ ਦੁਆ ਤੂੰ ਰੱਬ ਕੋਲੋਂ ਡਰ ਕੇ ਆਪ ਮੰਗਣੀ ਏਂ, ਉਸ ਵਰਗੀ ਦੁਆ ਤੈਨੂੰ ਕਿਧਰੋਂ ਨਹੀਂ ਲਭਣੀ।''
ਇਹ ਗੱਲਾਂ ਸੁਣ ਕੇ ਮੈਂ ਉਥੇ ਸ਼ਾਮ ਵੇਲੇ ਦੀ ਨਮਾਜ਼ ਪੜ੍ਹੀ ਤੇ ਪਰਤ ਆਇਆ।

ਜੀ ਕਰਦਾ ਰਿਹਾ, ਪਰ ਵੇਲੇ ਨੇ ਮਸਰੂਫ਼ੀਅਤ ਦੀ ਅਜਿਹੀ ਚੜ੍ਹੀ ਦਿਤੀ ਕਿ ਦੁਬਾਰਾ ਮੈਂ ਉਸ ਥਾਂ ਨਾ ਜਾ ਸਕਿਆ। ਹੁਣ ਮੇਰੀ ਕਿਹੜੀ ਅਤੇ ਕਿੰਜ ਦੀ ਸ਼ਰਧਾ ਹੈ, ਕਿਸੇ ਨੂੰ ਕੀ ਦੱਸਾਂ? ਦੁਆ ਹੈ ਕਿ ਧਰਮ ਬਾਰੇ ਕੋਈ ਵੀ ਬਦਨਸੀਬ ਸ਼ੁਦਾਅ ਵਰਗੀ ਅੰਨ੍ਹੀ ਸ਼ਰਧਾ ਦਾ ਪਿਆਲਾ ਸਾਫ਼ ਸੁਥਰੀ ਝੀਲ ਦੀ ਬਜਾਏ ਕਿਸੇ ਗੰਦੇ ਛੱਪੜ ਵਿਚੋਂ ਭਰ ਕੇ ਨਾ ਪੀ ਲਵੇ। ਅਕਲ, ਰੱਬ ਦੀ ਦਿਤੀ ਹੋਈ ਇਕ ਅਜਿਹੀ ਨਾਯਾਬ ਤੇ ਕੀਮਤੀ ਸ਼ੈਅ ਹੈ ਕਿ ਇਹ ਦੋਹਾਂ ਜਹਾਨਾਂ ਨੂੰ ਸਵਾਰਨ ਤੇ ਸੁਧਾਰਨ ਦੇ ਕੰਮ ਆਉਂਦੀ ਹੈ। ਇਹ ਵਖਰੀ ਗੱਲ ਹੈ ਕਿ ਕਈ ਨਿਮਾਣੇ ਅਕਲ ਹੁੰਦਿਆਂ ਹੋਇਆਂ ਵੀ ਅਕਲ ਨੂੰ ਵਰਤਦੇ ਨਹੀਂ।

ਲਾਠੀ ਹੱਥ ਵਿਚ ਹੁੰਦਿਆਂ ਵੀ ਕਾਲੇ ਨਾਗ ਦਾ ਹੱਥੀਂ ਡੰਗ ਮਰਵਾ ਲੈਂਦੇ ਨੇ। ਉਹ ਲੋਕ ਜੋ ਇਹ ਸਮਝਦੇ ਨੇ ਕਿ ਮੇਰਾ ਹਰ ਧੰਦਾ, ਹਰ ਜ਼ਰੂਰਤ ਅਤੇ ਰੋਟੀ ਪਾਣੀ ਪੀਰ ਦੇ ਹੱਥ ਹੀ ਹੈ, ਉਸ ਲਈ ਫਿਰ ਰੱਬ ਦੇ ਸਾਰੇ ਇਖ਼ਤਿਆਰਾਤ ਤਾਂ ਮੁਕ ਗਏ। ਇੰਜ ਦੀ ਸੋਚ ਨੂੰ ਗ਼ਰਕ ਕਰਨ ਵਾਸਤੇ ਹੀ ਤਾਂ ਮੁੱਲਾਂ, ਪੀਰ, ਮੁੱਲਾਣੇ ਅਤੇ ਬਾਬੇ ਆਖਦੇ ਨੇ ਕਿ ਧਰਮ ਅਤੇ ਸ਼ਰਧਾ ਬਾਰੇ ਸੋਚਣ ਵਾਲਾ ਕਾਫ਼ਰ ਹੋ ਜਾਂਦਾ ਹੈ। ਪ੍ਰੋਫ਼ੈਸਰ ਮੋਹਨ ਸਿੰਘ ਕਿੰਨੀ ਸੋਹਣੀ ਮੱਤ ਦੇ ਗਿਆ ਹੈ ਕਿ ਲਾਈ ਲੱਗ ਮੋਮਨ ਨਾਲੋਂ ਖੋਜੀ ਕਾਫ਼ਰ ਚੰਗਾ।

ਇਹ ਕਹਾਣੀ ਮੈਂ ਇਸ ਕਰ ਕੇ ਸੁਣਾਈ ਹੈ ਕਿ ਇਕ ਵੱਢੋਂ ਹੀ ਹਰ ਕਿਸੇ ਦੀ ਦਿਤੀ ਹੋਈ ਮੱਤ ਨੂੰ ਮਿੱਟੀ ਵਿਚ ਮਿਲਾਣਾ ਦਰੁਸਤ ਨਹੀਂ। ਇਸ ਦੁਨੀਆਂ ਵਿਚ ਸਿੱਧੀ ਰਾਹ ਦਸਣ ਵਾਲੇ ਵੀ ਅਜੇ ਜੀਊਂਦੇ ਨੇ। ਹੁਣ ਮੈਨੂੰ ਕੋਈ ਇਹ ਸਵਾਲ ਵੀ ਕਰ ਸਕਦਾ ਏ ਕਿ ਚੰਗੇ ਮੰਦੇ ਦੀ ਪਛਾਣ ਕਰਨ ਦੀ ਕਸੌਟੀ ਤੇ ਤੋਲ ਜੋਖ ਕਿਥੋਂ ਲਭਦਾ ਏ? ਪਹਿਲੀ ਗੱਲ ਤਾਂ ਇਹ ਹੈ ਕਿ ਰੱਬ ਦਾ ਦਿਤਾ ਹੋਇਆ ਤੋਹਫ਼ਾ ਅਕਲ ਹੈ।

ਇਸ ਅਕਲ ਦੀ ਵਰਤੋਂ ਨਾ ਕਰਨ ਵਾਲਾ ਇੰਜ ਹੀ ਹੈ ਜਿਵੇਂ ਕੋਈ ਅਲਕ ਵਛੇਰੇ ਉੱਤੇ ਬਗ਼ੈਰ ਵਾਗਾਂ ਤੋਂ ਬਹਿ ਕੇ ਛਾਂਟਾ ਮਾਰ ਦੇਵੇ। ਜੇ ਅਸੀ ਧੀ ਭੈਣ ਦਾ ਸਾਕ ਕਰਨ ਲਗਿਆਂ ਮੁੰਡੇ ਵਾਲਿਆਂ ਦੀ ਗਲੀ ਮੁਹੱਲੇ ਜਾਂ ਆਂਢ ਗੁਆਂਢ ਤੋਂ ਉਨ੍ਹਾਂ ਦੀ ਸੂਹ ਜ਼ਰੂਰ ਲੈਂਦੇ ਆਂ ਕਿ ਉਨ੍ਹਾਂ ਦੀ ਹਵਾ ਕਿੰਜ ਦੀ ਹੈ, ਉਨ੍ਹਾਂ ਦਾ ਅੱਗਾ ਪਿੱਛਾ, ਚਾਲ ਚਲਣ ਅਤੇ ਲੱਛਣ ਚਾਲੇ ਵੇਖੇ ਪਰਖੇ ਜਾਂਦੇ ਨੇ। ਇਸੇ ਹੀ ਤਰ੍ਹਾਂ ਕਿਸੇ ਪੀਰ ਬਾਬੇ ਦੀ ਸ਼ਰਧਾ ਦਾ ਗਲ ਗਲਾਵਾਂ ਗਲ ਪਵਾਉਣ ਤੋਂ ਪਹਿਲਾਂ ਉਸ ਦਾ ਰਹਿਣ ਸਹਿਣ, ਖਾਣ ਪੀਣ, ਰੋਟੀ ਟੁਕ ਦਾ ਆਹਰ ਤੇ ਘਰ ਕੁੱਲਾ ਵੇਖਣਾ ਵੀ ਜ਼ਰੂਰੀ ਹੈ।

ਮੈਂ ਤੇ ਅਪਣੇ ਪੀਰ ਨੂੰ ਪਹਿਲਾ ਸਵਾਲ ਇਹ ਕਰਾਂਗਾ ਕਿ ਬਾਬਾ ਜੀ ਤੁਹਾਡਾ ਜ਼ਰੀਆ ਮੁਆਸ਼ ਯਾਨੀ ਰੋਟੀ ਦਾ ਕੀ ਆਸਰਾ ਹੈ। ਜੋ ਉਹ ਆਖੇ ਕਿ “ਮੇਰੇ ਮੁਰੀਦ ਜਾਂ ਸ਼ਰਧਾਲੂ ਹੀ ਮੇਰੇ ਮੁਰੀਦ ਜਾਂ ਚੇਲੇ ਸ਼ਰਧਾਲੂ ਹੀ ਮੇਰੇ ਘਰ ਕਿਸੇ ਸ਼ੈਅ ਦੀ ਘਾਟ ਨਹੀਂ ਆਉਣ ਦੇਂਦੇ'' ਤੇ ਮੈਂ ਉਸ ਪੀਰ ਨੂੰ ਪੈਰ ਉੱਤੇ ਹੀ ਆਖ਼ਰੀ ਸਲਾਮ ਆਖਾਂਗਾ। ਜੇ ਇਸਲਾਮ ਦੇ ਮੋਢੀ, ਮੁਸਲਮਾਨੀ ਧਰਮ ਦੇ ਬਾਨੀ ਤੇ ਇਸ ਰਾਹ ਉੱਤੇ ਪਾਉਣ ਵਾਲੇ ਹਜ਼ਰਤ ਮੁਹੰਮਦ ਸਾਹਬ ਦੁਨੀਆ ਭਰ ਦੀ ਗ਼ਰੀਬੀ ਝੱਲ ਕੇ ਊਠ ਅਤੇ ਬਕਰੀਆਂ ਚਾਰ ਕੇ ਬਾਲਣ ਵੀ ਆਪ ਇਕੱਠਾ ਕਰਦੇ ਰਹੇ ਨੇ ਤੇ ਫਿਰ ਉਹਦੇ ਇਸਲਾਮ ਦੀ ਵਸਾਖੀ ਬਣਾ ਕੇ ਦੌੜਨ ਵਾਲੇ ਪੀਰ,

ਲੋਕਾਂ ਦੇ ਮਾਲ ਉੱਤੇ ਮੌਜਾਂ ਕਿਵੇਂ ਲੁਟ ਸਕਦੇ ਨੇ? ਜੇ ਹਜ਼ਰਤ ਮੁਹੰਮਦ ਸਾਹਬ ਨੇ ਅਪਣੀ ਰੋਜ਼ੀ ਅਪਣੇ ਹੱਥ ਨਾਲ ਕਮਾ ਕੇ ਖਾਧੀ ਏ ਤਾਂ ਪੀਰ ਸਾਹਬ ਉਨ੍ਹਾਂ ਨਾਲੋਂ ਉੱਚੇ ਕਿਵੇਂ ਹੋ ਗਏ? ਜੇ ਚਾਹੁੰਦੇ ਤਾਂ ਉਹ ਸੋਨੇ ਦੇ ਘਰ ਵਿਚ ਰਹਿ ਸਕਦੇ ਸਨ ਪਰ ਕੱਚੇ ਕੋਠੇ ਵਿਚ ਜ਼ਿੰਦਗੀ ਗੁਜ਼ਾਰੀ ਤੇ ਦੋ ਲੀੜਿਆਂ ਵਿਚ ਹੀ ਦੁਨੀਆ ਤੋਂ ਚਲੇ ਗਏ... ਇਹ ਤਾਂ ਹੈ ਮੇਰੀ ਪਹਿਲੀ ਪਰਖ। ਇਸ ਤੋਂ ਬਾਅਦ ਹਰ ਕੋਈ ਜਾਣਦਾ ਏ ਕਿ ਅੱਲਾਹ ਵਾਲੇ ਨੂੰ ਜਾਂ ਕਿਸੇ ਫ਼ਕੀਰ ਨੂੰ ਨਾ ਅਮੀਰ ਬਣਨ ਦਾ ਸ਼ੌਕ ਅਤੇ ਨਾ ਅਮੀਰ ਅਖਵਾਉਣ ਦਾ ਚਾਅ।

ਜੇ ਉਸ ਪੀਰ ਜਾਂ ਅਖੌਤੀ ਫ਼ਕੀਰ ਦੇ ਸਾਰੇ ਚਾਲੇ ਅਤੇ ਠਾਠ ਬਾਠ ਅਮੀਰਾਂ ਵਾਲੇ ਨੇ ਤਾਂ ਉਹ ਅੱਲਾਹ ਵਾਲਾ ਨਹੀਂ ਹੋ ਸਕਦਾ। ਗੱਲ ਚੰਗੀ ਹੈ ਜਾਂ ਮੰਦੀ, ਪਰ ਮੈਂ ਇਕ ਅਜਿਹੀ ਮਹਿਫ਼ਲ ਵਿਚੋਂ ਵੀ ਉੱਠ ਆਇਆ ਸਾਂ ਜਿਥੇ ਮੇਰੀ ਸ਼ਰਧਾ ਦਾ ਸੂਰਜ ਨਹੀਂ ਸੀ ਡੁਬਦਾ। ਇਕ ਮਸੀਤ ਵਿਚ ਲੋਕਾਂ ਨੂੰ ਚੰਦਾ ਇਕੱਠਾ ਕਰ ਕੇ ਰੱਬ ਦੇ ਨਾਂ ਦਾ ਲੰਗਰ ਪਾਣੀ ਛਕਾਣਾ ਸੀ ਤੇ ਮੇਰੇ ਜਿਹੇ ਨੂੰ ਵੀ ਵਾਜ ਮਾਰ ਲਈ। ਮੁੱਖ ਮਹਿਮਾਨ ਉਸ ਮਸੀਤ ਦੇ ਇਮਾਮ ਤੇ ਪੀਰ ਸਾਹਬ ਸਨ। ਸਾਰੀ ਦੁਨੀਆਂ ਥੱਲੇ ਵਿਛੇ ਖ਼ੂਬਸੂਰਤ ਕਾਲੀਨ ਉੱਤੇ ਬੈਠੀ ਹੋਈ ਸੀ ਤੇ ਜਰਨੈਲੀ ਚੋਲਾ ਪਾ ਕੇ ਆਏ ਪੀਰ ਜੀ ਨੂੰ ਮਸੀਤੇ ਰੱਬ ਦੇ ਘਰ ਦੀ ਮੇਜ਼ ਕੁਰਸੀ ਲਾ ਦਿਤੀ ਗਈ।

ਜੇ ਰੱਬ ਦੇ ਘਰ ਵਿਚ ਵੀ ਸੱਭ ਬਰਾਬਰ ਨੇ ਤਾਂ ਫਿਰ ਪੀਰ ਸਾਹਬ ਨੂੰ ਟੰਗਣੇ ਉਤੇ ਕਿਉਂ ਟੰਗਿਆ ਗਿਐ? ਇਹੀ ਮੌਲਵੀ ਜੀ ਹਰ ਰੋਜ਼ ਬਰਾਬਰੀ ਦਾ ਸਬਕ ਦੇਂਦੇ ਹੋਏ ਰੋਜ਼ ਇਹ ਸ਼ੇਅਰ ਪੜ੍ਹਦੇ ਨੇ ਕਿ “ਏਕ ਹੀ ਸਫ਼ ਮੇਂ ਖੜੇ ਹੋ ਗਏ ਮਹਿਮੂਦੋ ਅੱਯਾਜ਼।'' ਆਖਣ ਵਾਲੀਆਂ ਗੱਲਾਂ ਹੋਰ ਤੇ ਕਰਨ ਵਾਲੀਆਂ ਹੋਰ। ਇਹ ਦੀਨ ਅਤੇ ਇਸਲਾਮ ਦੀ ਮਹਿਫ਼ਲ ਸੀ, ਜੇ ਦੁਨੀਆਦਾਰੀ ਦਾ ਸਮਾਗਮ ਹੁੰਦਾ ਤੇ ਨਵਾਜ਼ ਸ਼ਰੀਫ਼ ਜਾਂ ਮੂਦੀ ਨੂੰ ਉੱਚੀ ਕੁਰਸੀ ਢੁਕਦੀ ਸੀ।

ਮੈਂ ਉੱਥੇ ਮੁਫ਼ਤ ਦੀ ਰੋਟੀ ਕੀ ਖਾਣੀ ਸੀ, ਬਸ ਇਹ ਦਿਲ ਸਾੜਨ ਵਾਲਾ ਮਾਜਰਾ ਵੇਖ ਕੇ ਉਠ ਆਇਆ... ਭੁੱਖਾ ਭਾਣਾ...। ਕੀ ਇਹ ਜ਼ਿਆਦਤੀ ਨਹੀਂ ਕਿ ਕੋਈ ਪੀਰ ਫ਼ਕੀਰ ਜਾਂ ਮੁੱਲਾਂ ਹੱਥ ਹਿਲਾਏ ਬਗ਼ੈਰ ਤੇਰੇ ਮੇਰੇ ਜਿਹੇ ਮਜ਼ਦੂਰਾਂ ਦੀ ਦਿਤੀ ਕਮਾਈ ਉੱਤੇ ਮਹਿਲਾਂ ਵਿਚ ਰ੍ਹਵੇ, ਕਾਰਾਂ ਵਿਚ ਫਿਰੇ ਅਤੇ ਚੰਗਾ ਚੋਖਾ ਖਾਵੇ ਤੋਂ ਅੱਗੋਂ ਸਾਨੂੰ ਆਖੇ ਕਿ ਮੈਂ ਜੋ ਵੀ ਕ੍ਹਵਾਂ ਉਸ ਨੂੰ ਰੱਬ ਦਾ ਹੁਕਮ ਜਾਣ ਕੇ ਅੰਨ੍ਹੇਵਾਹ ਮੰਨੀ ਜਾਉ...? ਬਸ ਇਹੀ ਜੇ ਸ਼ਰਧਾ ਦਾ ਸ਼ੁਦਾਅ।

ਹੋ  ਸਕਦਾ ਹੈ ਹਰ ਪਾਠਕ ਮੇਰੀ ਕਮਜ਼ੋਰ ਜਾਂ ਨਾਕਸ ਅਕਲ ਨਾਲ ਇਤਫ਼ਾਕ ਨਾ ਕਰੇ ਜਾਂ ਮੈਨੂੰ ਹੀ ਸ਼ੁਦਾਈ ਮਿੱਥ ਲਵੇ। ਮੈਂ ਇਹ ਸੱਭ ਕੁੱਝ ਕਿਸੇ ਧਰਮ ਦੇ ਮੁਸਾਫ਼ਰ ਦੀ ਰਾਹ ਬਦਲਣ ਵਾਸਤੇ ਨਹੀਂ ਲਿਖ ਰਿਹਾ। ਜੇ ਕਿਸੇ ਦੇ ਮਾਂਹ ਨਰੋਏ ਨੇ, ਉਹ ਬਾਦੀ ਨਹੀਂ ਤਾਂ ਉਸ ਨੂੰ ਉਹ ਰਾਹ ਮੁਬਾਰਕ ਹੋਵੇ। ਦੱਸ ਚੁਕਾ ਹਾਂ ਕਿ ਅੱਜ ਵੀ ਦੁਨੀਆਂ ਵਿਚ ਰੱਬ ਦੇ ਬੰਦੇ ਵੀ ਵਸਦੇ ਨੇ। ਮੈਂ ਤਾਂ ਸਿਰਫ਼ ਅਪਣੇ ਹੀ ਦੀਨ-ਈਮਾਨ ਅਤੇ ਸ਼ਰਧਾ ਦਾ ਹਾਲ ਸੁਣਾ ਰਿਹਾ ਹਾਂ ਵਰਨਾ ਮੈਂ ਕੌਣ ਹੁੰਦਾ ਹਾਂ ਕਿਸੇ ਨੂੰ ਮੱਤ ਦੇਣ ਵਾਲਾ? ਮੇਰੇ ਪੱਲੇ ਹੈ ਕੀ? ਅਖੇ ਲੱਤੋਂ ਲੰਗੜੀ ਤੇ ਅੰਬਰਸਰ ਦਾ ਦਾਈਆ।

ਮੈਂ ਤਾਂ ਆਪ ਰੱਬ ਅੱਗੇ ਦੁਆ ਕਰਦਾ ਹਾਂ ਕਿ ਰੱਬਾ ਮੈਨੂੰ ਧਰਮ ਬਾਰੇ ਏਨੀ ਕੁ ਮੱਤ ਦੇ ਛੱਡੀਂ ਕਿ ਵਗਦੀ ਪਵਿੱਤਰ ਨਦੀ ਅਤੇ ਛੱਪੜ ਦੇ ਪਾਣੀ ਦੀ ਪਛਾਣ ਕਰ ਸਕਾਂ। ਮੈਨੂੰ ਸੂਝ ਹੋਵੇ ਕਿ ਕਿਹੜੀ ਰਾਹ ਮਸਜਿਦ, ਮੰਦਰ ਅਤੇ ਗੁਰੂਘਰ ਵਲ ਜਾਂਦੀ ਹੈ ਅਤੇ ਕਿਹੜੀ ਜੂਏਖ਼ਾਨੇ ਜਾਂ ਸ਼ਰਾਬਖ਼ਾਨੇ ਵਲ ਜਾ ਰਹੀ ਹੈ। ਇਹ ਮੇਰਾ ਅੱਜ ਵੀ ਯਕੀਨ ਹੈ ਕਿ ਜੇ ਕੋਈ ਰੱਬ ਵਾਲਾ ਫ਼ਕੀਰ ਟੱਕਰ ਜਾਏ ਤਾਂ ਉਸ ਦੇ ਪੈਰਾਂ ਦੀ ਮਿੱਟੀ ਵੀ ਮੇਰੇ ਮੱਥੇ ਦਾ ਤਿਲਕ ਹੈ।

ਰੱਬ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਵੇਖਣ ਵਾਲੀ ਅੱਖ ਅਤੇ ਪਰਖਣ ਵਾਲੀ ਅਕਲ ਦੇਵੇ ਤਾਕਿ ਅਸੀ ਕਿਸੇ ਪਖੰਡੀ ਦੇ ਢਹੇ ਨਾ ਚੜ੍ਹ ਜਾਈਏ। ਜੇ ਕੋਈ ਅਜੇ ਵੀ ਧਰਮ ਬਾਰੇ ਜਾਂ ਮੇਰੀ ਸ਼ਰਧਾ ਨੂੰ ਭੈਂਗੀ ਅੱਖ ਨਾਲ ਵੇਖ ਰਿਹਾ ਹੈ ਤਾਂ ਦੱਸ ਦੇਵਾਂ ਕਿ ਮੈਂ ਪਖੰਡਾਂ ਦੀ ਪੀਰੀ ਮੁਰੀਦੀ ਦੀ ਜੇਲ ਭੁਗਤਣ ਵਾਲਿਆਂ ਵਿਚੋਂ ਨਹੀਂ। ਪਰ ਮੇਰੀ ਨਜ਼ਰ ਵਿਚ ਅੱਜ ਵੀ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਦੀ ਬਜ਼ੁਰਗੀ, ਪਾਕੀਜ਼ਗੀ ਅਤੇ ਨੇਕੀ ਨੂੰ ਸਲਾਮ ਕਰਦਾ ਹਾਂ।

ਇਨ੍ਹਾਂ ਵਿਚੋਂ ਇਕ ਹਨ ਚੌਧਰੀ ਮੁਹੰਮਦ ਅਮੀਰ ਜਿਨ੍ਹਾਂ ਨੂੰ ਰੇਲਵੇ ਵਿਚ ਕੰਮ ਕਰਦੇ 29 ਵਰ੍ਹੇ ਵੇਖਿਆ। ਉਨ੍ਹਾਂ ਵੱਡੇ ਵੱਡੇ ਅਹੁਦਿਆਂ ਉਤੇ ਕੰਮ ਕੀਤਾ ਅਤੇ ਆਖ਼ਰ ਰੇਲਵੇ ਦੇ ਚੀਫ਼ ਇੰਜੀਨੀਅਰ ਹੋ ਕੇ ਬੜੇ ਵਕਾਰ ਨਾਲ ਰਿਟਾਇਰ ਹੋ ਗਏ। ਉਹ ਇਕ ਨਿੱਕੇ ਜਿਹੇ ਕਸਬੇ ਚਕਵਾਲ ਦੇ ਜੰਮਪਲ ਨੇ ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਅਤੇ ਬੜੇ ਹੀ ਵੱਡੇ ਗੀਤਕਾਰ ਮਦਨ ਮੋਹਨ ਦੀ ਵੀ ਜੰਮਣ ਭੋਇੰ ਹੈ।

ਚੌਧਰੀ ਸਾਬ੍ਹ ਰਿਟਾਇਰ ਹੋ ਕੇ ਇਸ ਪਿੰਡ ਵਰਗੀ ਜਗ੍ਹਾ ਦੇ ਇਕ ਮੁਹੱਲੇ ਵਿਚ ਜ਼ਿੰਦਗੀ ਗੁਜ਼ਾਰਨ ਲੱਗ ਪਏ। ਏਨੀ ਹੈਸੀਅਤ ਦਾ ਬੰਦਾ ਜੋ ਰੇਲਵੇ ਦਾ ਮਾਲਕ ਬਣ ਕੇ ਰਿਟਾਇਰ ਹੋਇਆ, ਅਪਣੀ ਮਿੱਟੀ ਤੇ ਜਾ ਵਸਿਆ। ਉਸ ਦੇ ਥੱਲੇ ਕੰਮ ਕਰਨ ਵਾਲੇ ਅਫ਼ਸਰ ਅੱਜ ਵੱਡੇ ਵੱਡੇ ਸ਼ਹਿਰਾਂ ਵਿਚ ਇਕ ਇਕ ਏਕੜ ਜ਼ਮੀਨ ਦੀ ਕੋਠੀ ਬਣਾ ਕੇ ਰਹਿ ਰਹੇ ਹਨ। ਚੌਧਰੀ ਸਾਬ੍ਹ ਕਦੀ ਮੇਰੇ ਵੀ ਅਫ਼ਸਰ ਹੁੰਦੇ ਸਨ ਤੇ ਮੈਂ ਉਸ ਵੇਲੇ ਵੀ ਇਸ ਫ਼ਕੀਰ ਤਬੀਅਤ ਇਨਸਾਨ ਦੀ ਅਜ਼ਮਤ ਅਤੇ ਇਨਸਾਨੀਅਤ ਨੂੰ ਸਲਾਮ ਕਰਦਾ ਸਾਂ। ਉਹ ਅਪਣੇ ਦਫ਼ਤਰ ਵਿਚ ਭੋਇੰ ਉਤੇ ਹੀ ਪੰਜ ਨਮਾਜ਼ਾਂ ਪੜ੍ਹਦੇ ਵੇਖੇ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement