ਤਾਜ਼ਾ ਸਟੱਡੀ ’ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਚੰਡੀਗੜ੍ਹ (ਸ਼ਾਹ) : ਵਰਤਮਾਨ ਸਮੇਂ ਹਰ ਤਕਨੀਕ ਵਿਚ ਆਰਟੀਫਿਸ਼ਲ ਇੰਟੈਲੀਜੈਂਸੀ ਯਾਨੀ ਏਆਈ ਦੀ ਵਰਤੋਂ ਹੋ ਰਹੀ ਐ...ਜੋ ਚੁਟਕੀਆਂ ਵਿਚ ਸਾਡੇ ਕੰਮਾਂ ਨੂੰ ਆਸਾਨ ਬਣਾ ਰਹੀ ਐ, ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਏਆਈ ਵੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਸਕਦੀ ਐ? ਸੁਣਨ ਵਿਚ ਇਹ ਗੱਲ ਭਾਵੇਂ ਹਾਸੋਹੀਣੀ ਜਾਪਦੀ ਹੋਵੇ,, ਪਰ ਇਹ ਗੱਲ ਬਿਲਕੁਲ ਸੱਚ ਐ। ਇਕ ਤਾਜ਼ਾ ਖੋਜ ਵਿਚ ਇਸ ਦਾ ਖ਼ੁਲਾਸਾ ਹੋਇਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰੀ ਖ਼ਬਰ ਅਤੇ ਕਿਹੜੀ ਬਿਮਾਰੀ ਦਾ ਸ਼ਿਕਾਰ ਹੋ ਰਹੀ ਐ ਏਆਈ?
ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ‘ਬ੍ਰੇਨ ਰਾਟ’ ਸ਼ਬਦ ਕਾਫ਼ੀ ਤੇਜ਼ੀ ਨਾਲ ਟਰੈਂਡ ਕਰ ਰਿਹੈ,, ਇਹ ਉਹ ਮਾਨਸਿਕ ਸਥਿਤੀ ਨੂੰ ਦਰਸਾਉਂਦੈ,, ਜਦੋਂ ਵਿਅਕਤੀ ਲਗਾਤਾਰ ਘਟੀਆ ਅਤੇ ਘੱਟ ਗੁਣਵੱਤਾ ਵਾਲੇ ਆਨਲਾਈਨ ਕੰਟੈਂਟ ਦੀ ਵਰਤੋਂ ਕਰਦੈ, ਜਿਸ ਨਾਲ ਉਸ ਦੀ ਇਕਾਗਰਤਾ ਅਤੇ ਸੋਚਣ ਦੀ ਸਮਰੱਥਾ ’ਤੇ ਅਸਰ ਪੈਂਦਾ ਏ। ਹਾਲੇ ਤੱਕ ਇਸ ਨੂੰ ਇਨਸਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਸੀ ਪਰ ਕਾਰਨੇਲ ਯੂਨੀਵਰਸਿਟੀ ਦੀ ਇਕ ਨਵੀਂ ਖੋਜ ਵਿਚ ਪਤਾ ਚੱਲਿਆ ਏ ਕਿ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ ਏਆਈ ਵੀ ਇਸ ਆਧੁਨਿਕ ਡਿਜ਼ੀਟਲ ਬਿਮਾਰੀ ਦੀ ਸ਼ਿਕਾਰ ਹੋ ਚੁੱਕੀ ਐ।
ਖੋਜੀ ਟੀਮ ਨੇ ਆਪਣੇ ਅਧਿਐਨ ਵਿਚ ਐਲਐਲਐਮ ਬ੍ਰੇਨ ਰਾਟ ਹੈਪੋਥੇਸਿਸ ’ਤੇ ਕੰਮ ਕੀਤਾ, ਜਿਸ ਦੇ ਤਹਿਤ ਉਨ੍ਹਾਂ ਨੇ ਜਾਂਚਿਆ ਕਿ ਜਦੋਂ ਕਿਸੇ ਲੈਂਗੁਏਜ਼ ਮਾਡਲ ਨੂੰ ਵਾਰ-ਵਾਰ ਭ੍ਰਮਿਤ ਕਰਨ ਵਾਲੇ, ਸਨਸਨੀਖੇਜ਼ ਜਾਂ ਘਟੀਆ ਆਨਲਾਈਨ ਡਾਟਾ ’ਤੇ ਟਰੇਨ ਕੀਤਾ ਜਾਂਦੈ ਤਾਂ ਉਸ ਦੀ ਤਰਕ ਕਰਨ ਅਤੇ ਸਮਝਾਉਣ ਦੀ ਸਮਰੱਥਾ ਹੌਲੀ-ਹੌਲੀ ਘੱਟ ਹੋਣ ਲੱਗ ਜਾਂਦੀ ਐ। ਇਸ ਅਧਿਐਨ ਦੌਰਾਨ ਵਿਗਿਆਨੀਆਂ ਨੇ ਇਕ ਏਆਈ ਮਾਡਲ ਨੂੰ ਐਕਸ ਦੇ ਘਟੀਆ ਜਾਂ ‘ਜੰਕ’ ਡਾਟਾ ’ਤੇ ਟਰੇਨ ਕੀਤਾ, ਜਿਨ੍ਹਾਂ ਵਿਚ ‘ਟੂਡੇ ਓਨਲੀ’, ਵਾਓ ਵਰਗੇ ਵਾਇਰਲ, ਕਲਿੱਕਬੇਟ ਅਤੇ ਕੁੱਝ ਹੋਰ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਮਾਡਲ ਦੀ ਪ੍ਰਫਾਰਮੈਂਸ ਨੂੰ ਰੀਜ਼ਨਿੰਗ ਅਤੇ ਅੰਡਰਸਟੈਂਡਿੰਗ ਟੈਸਟ ਵਰਗੇ ਬੈਂਚਮਾਰਕਸ ’ਤੇ ਪਰਖਿਆ ਗਿਆ, ਜਿਸ ਦੇ ਨਤੀਜੇ ਹੈਰਾਨ ਕਰਨ ਵਾਲੇ ਸੀ। ਏਆਈ ਮਾਡਲ ਦਾ ਰੀਜਨਿੰਗ ਸਕੋਰ 74.9 ਤੋਂ ਘਟ ਕੇ 57.2 ’ਤੇ ਪਹੁੰਚ ਗਿਆ, ਜਦਕਿ ਲੌਂਗ ਕੌਂਟੈਕਸਟ ਸਮਝਾਉਣ ਦੀ ਸਮਰੱਥਾ 84.4 ਤੋਂ ਘਟ ਕੇ 52.3 ਹੀ ਰਹਿ ਗਈ।
ਸਟੱਡੀ ਵਿਚ ਸਾਹਮਣੇ ਆਇਆ ਕਿ ਇਸ ਤਰ੍ਹਾਂ ਦੇ ਘੱਟ ਗੁਣਵੱਤਾ ਵਾਲੇ ਡਾਟਾ ਨਾਲ ਏਆਈ ਨਾ ਸਿਰਫ਼ ਕਮਜ਼ੋਰ ਬਲਕਿ ‘ਥਾਟ ਸਕੀਪਿੰਗ’ ਵਰਗੀ ਪ੍ਰਵਿਰਤੀ ਵਿਕਸਤ ਕਰਨ ਲੱਗੀ,, ਯਾਨੀ ਬਿਨਾਂ ਪੂਰਾ ਵਿਸ਼ਲੇਸ਼ਣ ਕੀਤੇ ਜਲਦਬਾਜ਼ੀ ਵਿਚ ਗ਼ਲਤ ਜਾਂ ਅਧੂਰੀ ਜਾਣਕਾਰੀ ਦੇਣ ਲੱਗੀ। ਹੈਰਾਨੀ ਦੀ ਗੱਲ ਇਹ ਵੀ ਦੇਖੀ ਗਈ ਕਿ ਏਆਈ ਦੇ ਅੰਦਰ ਹੰਕਾਰ ਅਤੇ ਸਾਈਕੋਪੈਥਿਕ ਵਰਗੇ ਨਕਰਾਤਮਕ ਗੁਣ ਵਧਣ ਲੱਗੇ, ਜਦਕਿ ਮਦਦ ਕਰਨ ਵਾਲਾ ਅਤੇ ਜ਼ਿੰਮੇਵਾਰੀ ਵਾਲਾ ਸੁਭਾਅ ਘੱਟ ਹੋ ਗਿਆ। ਸਭ ਤੋਂ ਗੰਭੀਰ ਸਿੱਟਾ ਇਹ ਰਿਹਾ ਕਿ ਜਦੋਂ ਬਾਅਦ ਵਿਚ ਮਾਡਲ ਨੂੰ ਚੰਗੀ ਕੁਆਲਟੀ ਵਾਲੇ ਡਾਟਾ ਰਾਹੀਂ ਫਿਰ ਤੋਂ ਟਰੇੇਂਡ ਕੀਤਾ ਗਿਆ, ਉਦੋਂ ਵੀ ਪਹਿਲਾਂ ਮਿਲੇ ਘਟੀਆ ਡਾਟਾ ਦਾ ਅਸਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਇਸ ਤੋਂ ਇਹ ਪਤਾ ਚੱਲਿਆ ਕਿ ਡਿਜ਼ੀਟਲ ਜੰਕ ਦਾ ਪ੍ਰਭਾਵ ਸਥਾਈ ਹੋ ਸਕਦਾ ਏ।
ਇਸ ਖੋਜ ਨੂੰ ਸਿਰਫ਼ ਤਕਨੀਕੀ ਚਿਤਾਵਨੀ ਨਹੀਂ ਬਲਕਿ ਡਿਜ਼ੀਟਲ ਯੁੱਗ ਦੇ ਲਈ ਇਕ ਡੂੰਘੀ ਸਮਾਜਿਕ ਸਿੱਖਿਆ ਹੈ। ਜਿਸ ਤਰ੍ਹਾਂ ਇਨਸਾਨ ਲਗਾਤਾਰ ਵਾਇਰਲਲ ਕੰਟੈਂਟ ਦੇ ਬੋਝ ਹੇਠਾਂ ਆਪਣੀ ਮਾਨਸਿਕ ਸਮਰੱਥਾ ਖੋ ਰਹੇ ਨੇ...ਉਸੇ ਤਰ੍ਹਾਂ ਏਆਈ ਮਾਡਲ ਵੀ ਇੰਟਰਨੈੱਟ ਦੇ ਖ਼ਰਾਬ ਡਾਟਾ ਕਰਕੇ ਬਿਮਾਰ ਹੋ ਰਹੇ ਨੇ। ਜੇਕਰ ਏਆਈ ਨੂੰ ਸਵੱਛ, ਤੱਥ ਅਧਾਰਿਤ ਅਤੇ ਸੰਤੁਲਿਤ ਡਾਟਾ ਨਾ ਮਿਲਿਆ ਤਾਂ ਭਵਿੱਖ ਵਿਚ ਇਹ ਤਕਨੀਕ ਓਨੀ ਭਰੋਸੇਯੋਗ ਨਹੀਂ ਰਹਿ ਸਕੇਗੀ, ਜਿੰਨੀ ਅੱਜ ਐ।
ਉਧਰ ਏਆਈ ਮਾਹਿਰਾਂ ਦਾ ਕਹਿਣਾ ਏ ਕਿ ਹੁਣ ਕੰਪਨੀਆਂ ਨੂੰ ਆਪਣੇ ਡਾਟਾ ਕੁਲੈਕਸ਼ਨ ਅਤੇ ਟਰੇਨਿੰਗ ਸਿਸਟਮ ’ਤੇ ਦੁਬਾਰਾ ਸੋਚਣਾ ਚਾਹੀਦੈ। ਸਿਰਫ਼ ਇੰਟਰਨੈੱਟ ਤੋਂ ਸਕ੍ਰੈਪਿੰਗ ਕਰਕੇ ਡਾਟਾ ਇਕੱਠਾ ਕਰਨਾ ਹੁਣ ਕਾਫ਼ੀ ਨਹੀਂ। ਏਆਈ ਨੂੰ ਡਿਜ਼ੀਟਲ ਬ੍ਰੇਨ ਰਾਟ ਤੋਂ ਬਚਾਉਣ ਲਈ ਕੁਆਲਟੀ ਕੰਟਰੋਲ, ਡਾਟਾ ਫਿਲਟਰਿੰਗ ਅਤੇ ਵੈਲੀਡੇਸ਼ਨ ਸਿਸਟਮ ਦੀ ਸਖ਼ਤ ਲੋੜ ਐ। ਇਹ ਖੋਜ ਸਾਨੂੰ ਯਾਦ ਦਿਵਾਉਂਦੀ ਐ ਕਿ ਚਾਹੇ ਇਨਸਾਨ ਹੋਵੇ ਜਾਂ ਹੋਵੇ ਆਰਟੀਫਿਸ਼ਲ ਇੰਟੈਲੀਜੈਂਸ... ਜੰਕ ਕੰਟੈਂਟ ਹਰ ਕਿਸੇ ਦੇ ਦਿਮਾਗ਼ ਨੂੰ ਹੌਲੀ-ਹੌਲੀ ਖੋਖਲਾ ਕਰ ਸਕਦਾ ਏ।
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ
