ਸ਼ਰਧਾ ਦਾ ਸ਼ੁਦਾਅ (ਭਾਗ 9)
Published : Jun 2, 2018, 11:56 pm IST
Updated : Jun 2, 2018, 11:56 pm IST
SHARE ARTICLE
Amin Malik
Amin Malik

ਇਕ ਦਿਨ ਉਹੀ ਹੋਇਆ ਕਿ ਵਾਹਿਦ ਗੁਜਰਾਂਵਾਲੇ ਤੋਂ ਲਾਰੀ ਦਾ ਭਾੜਾ ਬਚਾ ਕੇ ਦੱਸ ਮੀਲ ਪੈਦਲ ਹੀ ਪਿੰਡ ਤਰੀਕ ਭੁਗਤ ਕੇ ਆ ਰਿਹਾ ਸੀ ਤੇ ਲਾਗਲੇ ਪਿੰਡ ਸਾਬੋਕੀ ਨੇੜੇ....

ਇਕ ਦਿਨ ਉਹੀ ਹੋਇਆ ਕਿ ਵਾਹਿਦ ਗੁਜਰਾਂਵਾਲੇ ਤੋਂ ਲਾਰੀ ਦਾ ਭਾੜਾ ਬਚਾ ਕੇ ਦੱਸ ਮੀਲ ਪੈਦਲ ਹੀ ਪਿੰਡ ਤਰੀਕ ਭੁਗਤ ਕੇ ਆ ਰਿਹਾ ਸੀ ਤੇ ਲਾਗਲੇ ਪਿੰਡ ਸਾਬੋਕੀ ਨੇੜੇ ਦਿਲ ਨੇ ਜਵਾਬ ਦੇ ਦਿਤਾ। ਵਾਹਿਦ ਦੇ ਸਾਹ ਪਰਦੇਸੀ ਹੋ ਗਏ। ਵਾਹਿਦ ਉਸੇ ਮਿੱਟੀ ਉਤੇ ਡਿੱਗ ਕੇ ਮਿੱਟੀ ਹੋ ਗਿਆ ਜਿਹੜੀ ਮਿੱਟੀ ਨੂੰ ਹਾਸਲ ਕਰਨ ਲਈ ਉਹ ਮੁਕੱਦਮਾ ਜਿੱਤਣ ਗਿਆ ਸੀ।

ਮੁਕੱਦਮਾ ਤਾਂ ਨਾ ਜਿੱਤਿਆ ਗਿਆ ਪਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਕੀ ਲੋੜ ਹੈ ਇਸ ਜ਼ਰ ਜ਼ਮੀਨ ਮਗਰ ਏਨਾ ਤੇਜ਼ ਦੌੜਨ ਦੀ ਕਿ ਠੇਡਾ ਲੱਗ ਕੇ ਜ਼ਮੀਨ ਉਤੇ ਹੀ ਡਿੱਗ ਪਵੇ?ਗੱਲ ਹੋ ਰਹੀ ਸੀ ਕਿ ਹਨੇਰੇ ਵਿਚ ਇਸ ਦੁਨੀਆਂ ਦੇ ਕੱਢੇ ਹੋਏ ਟੋਏ ਟਿੱਬਿਆਂ ਵਿਚ ਅਕਲ ਦੀ ਡੰਗੋਰੀ ਫੜੇ ਬਗ਼ੈਰ ਅੰਨ੍ਹੀ ਸ਼ਰਧਾ ਕਿੱਥੇ ਕਿੱਥੇ ਠੇਡੇ ਖਾਂਦੀ ਹੈ?

ਮੈਂ ਵਾਲਟਨ ਟਰੇਨਿੰਗ ਸੈਂਟਰ ਵਿਚ ਮੁੰਡੇ ਪੜ੍ਹਾਉਂਦਾ ਸਾਂ ਤੇ ਇਕ ਨਵੀਂ ਜਮਾਤ ਦੇ ਮੁੰਡਿਆਂ ਨੇ ਆਪਸ ਵਿਚ ਪ੍ਰੋਗਰਾਮ ਬਣਾਇਆ ਕਿ ਕਿਸੇ ਦਿਨ ਦਰਿਆ ਰਾਵੀ ਤੇ ਜਾ ਕੇ ਮੌਜ-ਮੇਲਾ ਮਨਾਇਆ ਜਾਏ। ਦੋ-ਚਾਰ ਮੁੰਡੇ ਮੇਰੇ ਕੋਲ ਆਏ ਤੇ ਆਖਣ ਲੱਗੇ, ''ਮਲਿਕ ਸਾਬ੍ਹ, ਅਸਾਂ ਪ੍ਰੋਗਰਾਮ ਬਣਾਇਆ ਹੈ ਕਿ ਆਉਂਦੇ ਐਤਵਾਰ ਨੂੰ ਰਾਵੀ ਪਾਰ ਸ਼ਾਹਦਰੇ ਮਕਬਰਾ ਜਹਾਂਗੀਰ ਅਤੇ ਨੂਰਜਹਾਂ ਦੀ ਬਾਰਾਂਦਰੀ ਤੇ ਜਾ ਕੇ ਅੰਬਾਂ ਦੀ ਪਾਰਟੀ ਕੀਤੀ ਜਾਏ।

ਬੇਨਤੀ ਹੈ ਕਿ ਤੁਸੀ ਵੀ ਸਾਡੇ ਨਾਲ ਚੱਲੋ।'' ਮੈਂ ਵੀ ਜੇ ਜਮਾਤ ਦਾ ਹੀ ਮੁੰਡਾ ਹੁੰਦਾ ਤਾਂ ਇਸ ਪ੍ਰੋਗਰਾਮ ਦਾ ਮੋਹਰੀ ਹੁੰਦਾ, ਪਰ ਮੇਰੀ ਉਮਰ ਅਤੇ ਨੌਕਰੀ ਨੂੰ ਇਹ ਸਵਾਦ ਰਾਸ ਨਹੀਂ ਸੀ ਆਉਂਦਾ। ਮੌਜ ਮੇਲੇ ਅਤੇ ਹਾਸੇ ਖੇਡਾਂ ਮੈਨੂੰ ਅੱਜ ਵੀ ਪਿਆਰੇ ਨੇ। ਅਪਣੀ ਉਮਰ ਨੂੰ ਮੈਂ ਅਪਣੇ ਸ਼ੁਗ਼ਲ ਦਾ ਖੇਤ ਨਹੀਂ ਉਜਾੜਨ ਦਿਤਾ। ਮੈਂ ਅਪਣੀ ਤਬੀਅਤ ਦੇ ਹਿਣਕਦੇ ਘੋੜੇ ਦੀ ਲਗਾਮ ਅਪਣੀ ਉਮਰ ਦੇ ਹੱਥੀਂ ਨਹੀਂ ਫੜਾ ਸਕਦਾ।

ਇਹ ਉਮਰ ਮੇਰੀ ਮੌਤ ਵਲ ਵੱਧ ਰਹੀ ਹੈ ਪਰ ਜਿਊਂਦੀ ਜਾਣੇ ਉਹ ਮੇਰੇ ਹਾਸਿਆਂ ਦਾ ਸੰਘ ਨਹੀਂ ਘੁਟ ਸਕਦੀ। ਪਰ ਬਤੌਰ ਇਕ ਉਸਤਾਦ ਮੈਨੂੰ ਜਾਅਲੀ ਅਤੇ ਨਕਲੀ ਜਿਹੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਸੀ। ਅਪਣੇ ਵਰਤਾਰੇ ਅਤੇ ਸੰਜੀਦਗੀ ਦਾ ਮਸਨੂਈ ਖੌਲ ਚੜ੍ਹਾ ਕੇ ਦਾਨਾ-ਪਰਧਾਨਾ ਬਣਨ ਦਾ ਡਰਾਮਾ ਕਰਨਾ ਪੈਂਦਾ ਸੀ। ਇਸ ਕਰ ਕੇ ਮੈਂ ਮੁੰਡਿਆਂ ਨੂੰ ਆਖਿਆ, ''ਤੁਹਾਡੇ ਮੌਜ ਮੇਲੇ ਨਾਲ ਮੇਰਾ ਕੀ ਕੰਮ?''

ਉਹ ਆਖਣ ਲੱਗੇ, ''ਸਰ, ਅਸੀ ਤੁਹਾਨੂੰ ਇੱਜ਼ਤ ਦੇਣਾ ਚਾਹੁੰਦੇ ਹਾਂ।''
ਮੈਂ ਕਿਹਾ, ''ਜਵਾਨੋ, ਤੁਸੀ ਇਸ ਦਾਅਵਤ ਦੀ ਇੱਜ਼ਤ ਦੇ ਰਹੇ ਹੋ ਜਾਂ ਰਿਸ਼ਵਤ? ਤੁਹਾਡੇ ਪੈਸਿਆਂ ਦੇ ਮੁਫ਼ਤ ਅੰਬ ਖਾਣਾ ਰਿਸ਼ਵਤ ਹੀ ਤਾਂ ਹੈ।''
ਇਕ ਮੁੰਡਾ ਪੜ੍ਹਾਈ ਵਿਚ ਹੁਸ਼ਿਆਰ ਅਤੇ ਉਂਜ ਵੀ ਚੁਸਤ ਚਾਲਾਕ ਸੀ। ਉਹ ਆਖਣ ਲੱਗਾ, ''ਸਰ, ਸਾਰੀ ਰੇਲਵੇ ਜਾਣਦੀ ਹੈ ਕਿ ਤੁਸੀ ਰਿਸ਼ਵਤ ਨਹੀਂ ਖਾਂਦੇ। ਅਸੀ ਰਿਸ਼ਵਤ ਦੇਣ ਦੀ ਗੁਸਤਾਖ਼ੀ ਕਿਵੇਂ ਕਰ ਸਕਦੇ ਹਾਂ?''

ਮੈਂ ਕਿਹਾ, ''ਕਾਕਾ! ਜਿਹੜਾ ਰਿਸ਼ਵਤ ਨਾ ਖਾਏ ਉਸ ਨੂੰ ਅੰਬ ਖਵਾ ਕੇ ਕਾਣਾ ਕੀਤਾ ਜਾਂਦਾ ਹੈ। ਤੁਹਾਡੇ ਅੰਬਾਂ ਦੀ ਮੌਜ ਲੁਟ ਕੇ ਜਦੋਂ ਮੈਂ ਕਿਸੇ ਨੂੰ ਇਮਤਿਹਾਨ ਵਿਚੋਂ ਫ਼ੇਲ੍ਹ ਕੀਤਾ ਤਾਂ ਉਸ ਆਖਣੈ ਅੰਬ ਵੀ ਖਾਨੈਂ ਤੇ ਫ਼ੇਲ੍ਹ ਵੀ ਕਰਨੈਂ ਨਮਕ ਹਰਾਮਾ।'' ਮੁੰਡੇ ਥੱਲੇ ਮੂੰਹ ਕਰ ਕੇ ਹੱਸੇ ਤੇ ਮੈਂ ਆਖਿਆ, ''ਕਮਲਿਉ, ਮੈਨੂੰ ਨਾਲ ਖੜ ਕੇ ਅਪਣੀ ਖੇਡ ਖ਼ਰਾਬ ਨਾ ਕਰੋ। ਉਥੇ ਤੁਸਾਂ ਮਖ਼ੌਲ ਠੱਠਾ ਅਤੇ ਗਾਲ੍ਹ ਮੰਦਾ ਵੀ ਕਰਨਾ ਹੁੰਦੈ, ਮੇਰੀ ਇੱਜ਼ਤ ਕਰ ਕੇ ਅਪਣੀ ਲੱਜ਼ਤ ਖ਼ਰਾਬ ਨਾ ਕਰੋ।''
ਇਕ ਨੇ ਵਿਚੋਂ ਆਖਿਆ, ''ਨਹੀਂ ਸਰ, ਅਸੀ ਗਾਲ੍ਹਾਂ ਤਾਂ ਨਹੀਂ ਕਢਦੇ।''

ਮੈਂ ਕਿਹਾ, ''ਜਾ ਓਏ ਢੇਕਿਆ, ਜਿਹਨੇ ਪੰਜਾਬੀ ਹੋ ਕੇ ਵੀ ਜਵਾਨੀ ਵਿਚ ਗਾਲ੍ਹ ਨਹੀਂ ਕੱਢੀ, ਸਮਝੋ ਉਹ ਜੰਮ ਕੇ ਹੀ ਮੁਕਰ ਗਿਐ। ਜਾਉ ਹੁਣ ਮੈਥੋਂ ਪੰਜਾਬੀਆਂ ਦੀ ਜਵਾਨੀ ਅਤੇ ਜਵਾਨੀਆਂ ਦੇ ਤਕਾਜ਼ੇ ਨਾ ਪੁੱਛੋ।''ਮੁੰਡੇ ਕੱਛਾਂ ਵਿਚ ਮੂੰਹ ਦੇ ਕੇ ਹਸਦੇ ਹਸਦੇ ਚਲੇ ਗਏ ਤੇ ਥੋੜੀ ਵਿੱਥ ਤੋਂ ਹੀ ਮੈਂ ਫਿਰ ਆਵਾਜ਼ ਮਾਰ ਲਈ। ਉਹ ਖ਼ੁਸ਼ ਹੋ ਕੇ ਪਰਤੇ ਕਿ ਸ਼ਾਇਦ ਮੈਂ ਅੰਬ ਖਾਣ ਲਈ ਰਾਜ਼ੀ ਹੋ ਗਿਆ ਹਾਂ, ''ਨਾ ਮੈਂ ਤੁਹਾਡੀ ਖੇਡ ਖ਼ਰਾਬ ਕਰਾਂਗਾ ਤੇ ਨਾ ਹੀ ਅੰਬ ਖਾ ਕੇ ਲੋਕਾਂ ਕੋਲੋਂ ਗਾਲ੍ਹਾਂ ਖਾਵਾਂਗਾ। ਪਰ ਤੁਹਾਡਾ ਪ੍ਰੋਗਰਾਮ ਸੁਣ ਕੇ ਮੈਨੂੰ ਸ਼ਾਹਦਰੇ ਵਸਣ ਵਾਲਾ ਪੀਰ ਬਸ਼ੀਰ ਸ਼ਾਹ ਯਾਦ ਆ ਗਿਆ ਹੈ।

ਉਥੇ ਪਤਾ ਕਰਿਉ ਕਿ ਮੋਚੀਪੁਰੇ ਮੋੜ ਉਤੇ ਉਸ ਦਾ ਆਸਤਾਨਾ ਜਾਂ ਡੇਰਾ ਹੈ। ਮੈਂ ਪੀਰ ਨੂੰ ਮਿਲਣਾ ਚਾਹੁੰਦਾ ਹਾਂ। ਤੁਸੀ ਉਸ ਦਾ ਥਾਂ ਠਿੱਠਾ ਵੇਖ ਆਇਉ।''
ਦੂਜੇ ਦਿਹਾੜੇ ਮੈਂ ਜਮਾਤ ਵਿਚ ਵੜਿਆ ਹੀ ਸਾਂ ਕਿ ਇਕ ਮੁੰਡਾ ਉਠ ਕੇ ਆਖਣ ਲੱਗਾ, ''ਸਰ, ਮੈਂ ਪੀਰ ਸਾਬ੍ਹ ਦਾ ਡੇਰਾ ਵੇਖ ਆਇਆ ਹਾਂ।'' ਮੈਂ ਖ਼ੁਸ਼ ਹੋ ਕੇ ਆਖਿਆ, ''ਬੜੀ ਛੇਤੀ ਕੀਤੀ ਊ ਜਵਾਨਾ।''ਉਸ ਆਖਿਆ, ''ਜਨਾਬ ਸ਼ਾਹਦਰਾ ਦੂਜਾ 'ਟੇਸ਼ਨ ਹੀ ਤਾਂ ਹੈ ਲਾਹੌਰ ਤੋਂ। ਕਲ ਤੁਹਾਡੇ ਘਰੋਂ ਨਿਕਲ ਕੇ ਮੈਂ ਸਿੱਧਾ ਸ਼ਾਹਦਰੇ ਚਲਾ ਗਿਆ। ਮੋਚੀਪੁਰੇ ਮੋੜ ਉਤੇ ਅਪੜਿਆ ਤਾਂ ਡੇਰਾ ਸੌਖਾ ਹੀ ਲੱਭ ਗਿਆ ਕਿਉਂਕਿ ਪੀਰ ਸਾਬ੍ਹ ਮਸ਼ਹੂਰ ਆਦਮੀ ਨੇ।''

ਮੁੰਡੇ ਨੂੰ ਸ਼ਾਬਾਸ਼ ਆਖ ਕੇ ਪੁਛਿਆ, ''ਜਾਵੇਦ ਤੂੰ ਡੇਰਾ ਹੀ ਵੇਖ ਕੇ ਪਰਤ ਆਇਐਂ ਜਾਂ ਪੀਰ ਬਸ਼ੀਰ ਸ਼ਾਹ ਦੇ ਦਰਸ਼ਨ ਵੀ ਕੀਤੇ ਸਨ?'' ਉਹ ਆਖਣ ਲਗਾ, “ਸਰ, ਮੈਂ ਪੀਰ ਸਾਬ੍ਹ ਨੂੰ ਵੇਖਿਆ ਤੇ ਮਿਲਿਆ ਵੀ ਹਾਂ ਤੇ ਉਨ੍ਹਾਂ ਦੇ ਗੋਡਿਆਂ ਨੂੰ ਹੱਥ ਵੀ ਲਾਇਆ ਸੀ।''
ਮੈਨੂੰ ਹਾਸਾ ਆ ਗਿਆ ਤੇ ਐਵੇਂ ਵਗੋਤਗੀ ਮੇਰੇ ਮੂੰਹੋਂ ਨਿਕਲ ਗਿਆ, ''ਦੱਸ ਜਾਵੇਦ, ਕੀ ਹੱਥ ਲਾ ਕੇ ਅਪਣੇ ਹੱਥ ਵੀ ਧੋਤੇ ਸਨ ਕਿ ਨਹੀਂ?''
ਸਾਰੇ ਮੁੰਡੇ ਹੱਕੇ ਬੱਕੇ ਹੋ ਕੇ ਵੇਖਣ ਲੱਗ ਪਏ। ਜਾਵੇਦ ਨੇ ਕੋਈ ਜਵਾਬ ਨਾ ਦਿਤਾ ਪਰ ਉਸ ਦੇ ਮੂੰਹ ਉਤੇ ਸੈਂਕੜੇ ਹੀ ਸਵਾਲ ਸਨ ਜਿਹੜੇ ਉਹ ਪੁੱਛ ਨਾ ਸਕਿਆ।

ਮੈਂ ਬਸ਼ੀਰੇ ਦੀ ਭੰਡੀ ਤਾਂ ਨਾ ਕੀਤੀ ਪਰ ਇਕ ਪੀਰੀਅਡ ਰੇਲਵੇ ਦੀ ਬਜਾਏ ਪੀਰੀ, ਮੁਰੀਦੀ ਅਤੇ ਸ਼ਰਧਾ ਦੇ ਸ਼ੁਦਾਅ ਉਤੇ ਹੀ ਲੰਘ ਗਿਆ। ਮੁੰਡਿਆਂ ਨੂੰ ਬਸ਼ੀਰੇ ਦੀ ਪੀਰੀ ਉਤੇ ਸ਼ੱਕ ਤਾਂ ਪੈ ਗਿਆ ਪਰ ਉਨ੍ਹਾਂ ਗੱਲ ਦਾ ਨਖੇੜਾ ਇਸ ਕਰ ਕੇ ਨਾ ਕੀਤਾ ਕਿ ਹੋ ਸਕਦਾ ਹੈ ਕਿ ਉਹ ਅਮੀਨ ਮਲਿਕ ਦਾ ਕੋਈ ਸ਼ਰਧਾ ਭਰਿਆ ਕਣੀ ਵਾਲਾ ਕੋਈ ਜਾਣੀ-ਜਾਣ ਪੀਰ ਹੋਵੇ।

ਬਸ਼ੀਰੇ ਦੀਆਂ ਯਾਦਾਂ ਨਾਲ ਕੁੱਝ ਚਿਰ ਹੋਰ ਖੇਡਣ ਲਈ ਮੈਂ ਜਾਵੇਦ ਨੂੰ ਪੁਛਿਆ, ''ਓਏ ਜਾਵੇਦ, ਪੀਰ ਸਾਬ੍ਹ ਦੀ ਡੀਲ ਡੌਲ, ਰੰਗ ਢੰਗ ਅਤੇ ਸਰੀਰਕ ਜੁਗ਼ਰਾਫ਼ੀਆ ਕਿਵੇਂ ਦਾ ਸੀ?'' ਉਹ ਝਕਦਾ ਝਕਦਾ ਆਖਣ ਲੱਗਾ, ''ਮਲਿਕ ਸਾਬ੍ਹ ਉਹਦਾ ਵਾਹਵਾ ਉੱਚਾ ਲੰਮਾ ਤੇ ਭਾਰਾ ਜਿਹਾ ਜੁੱਸਾ ਸੀ। ਕਾਲੇ ਰੰਗ ਨਾਲ ਰੰਗੀ ਹੋਈ ਲੰਮੀ ਸਾਰੀ ਦਾੜ੍ਹੀ ਸੀ ਤੇ ਰੰਗ ਵਾਹਵਾ ਸੌਲਾ ਪੱਕਾ ਸੀ।''

ਮੈਂ ਕਿਹਾ, ''ਜਾਵੇਦ ਤੂੰ ਚੰਗੇ ਭਲੇ ਕਾਲੇ ਲਾਖੇ ਰੰਗ ਨੂੰ ਸੌਲਾ ਪੱਕਾ ਇਸ ਕਰ ਕੇ ਆਖ ਰਿਹੈਂ ਕਿ ਪੀਰ ਸਾਬ੍ਹ ਦੀ ਇੱਜ਼ਤ ਦੇ ਚਾਰ ਕੱਖ ਰਹਿ ਜਾਣ।'' ਸਾਰੀ ਕਲਾਸ ਹੱਸ ਪਈ ਤੇ ਪੀਰੀਅਡ ਮੁੱਕ ਗਿਆ।ਜਦੋਂ ਦਾ ਬਸ਼ੀਰੇ ਮਰਾਸੀ ਬਾਰੇ ਸੁਣਿਆ, ਮੇਰੇ ਅਤੀਤ ਨੇ ਅੱਤ ਚੁਕ ਲਈ ਤੇ ਪਿੰਡ ਰੰਗਲੇ ਦੀਆਂ ਗਲੀਆਂ ਵਿਚ ਰੱਜ ਕੇ ਗ਼ਰੀਬੀ ਦਾ ਹੰਡਾਇਆ ਹੋਇਆ ਵੇਲਾ ਤੇ ਉਹ ਰੰਗੀਨ ਘੜੀਆਂ ਉਠਦੇ ਬਹਿੰਦੇ ਯਾਦ ਆਣ ਲੱਗ ਪਈਆਂ। ਇਕ ਦਿਨ ਦੁਨੀਆਂ ਦੇ ਝਮੇਲਿਆਂ ਕੋਲੋਂ ਧੱਕੇ ਨਾਲ ਪੱਲਾ ਛੁਡਾ ਕੇ ਸ਼ਾਹਦਰੇ ਵਾਲੀ ਗੱਡੀ ਬਹਿ ਗਿਆ ।

ਚਾਲੀ ਵਰ੍ਹੇ ਪਹਿਲਾਂ ਦੀ ਗੁਜ਼ਾਰੀ ਹੋਈ ਹਿਆਤੀ ਦੀ ਕਲਪਨਾ ਜਾਂ ਤਸੱਵੁਰ ਕਰਦਾ ਹੋਇਆ ਸ਼ਾਹਦਰੇ ਦੇ ਮੁਹੱਲੇ ਮੋਚੀਪੁਰੇ ਵੜਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਅੱਜ ਮੇਰੇ ਕਲਬੂਤ ਵਿਚ ਕੋਈ ਹੋਰ ਹੀ ਰੂਹ ਵੜ ਕੇ ਬਹਿ ਗਈ ਹੈ। ਅਮੀਨ ਮਲਿਕ ਦੀ ਬਜਾਏ ਮੀਨਾ ਰੰਗਲੇ ਵਾਲਾ ਬਣ ਗਿਆ। ਮੈਂ ਅਪਣੇ ਵਜੂਦ ਵਿਚੋਂ ਨਿਕਲਿਆ ਹੋਇਆ ਇਕ ਨਵਾਂ ਇਨਸਾਨ ਮਹਿਸੂਸ ਕਰ ਰਿਹਾ ਸਾਂ। ਇੰਜ ਲਗਦਾ ਸੀ ਰੰਗਲੇ ਦੀਆਂ ਸੌੜੀਆਂ ਗਲੀਆਂ ਅਤੇ ਝੋਨੇ ਦੀਆਂ ਵੱਟਾਂ ਉਤੇ ਤੁਰ ਰਿਹਾ ਹਾਂ।

ਇਕ ਸੋਚ ਨੇ ਹੁੱਜ ਵੀ ਮਾਰੀ ਕਿ ਲੋਕ ਤਾਂ ਚੜ੍ਹਦੇ ਸੂਰਜ ਜਾਂ ਅੱਜ ਦੀ ਪੂਜਾ ਕਰਦੇ ਹਨ ਅਤੇ ਮੈਂ ਅਪਣੇ ਬੀਤੇ ਕਲ ਨੂੰ ਕਲਾਵੇ ਮਾਰੀ ਫਿਰਦਾ ਹਾਂ। ਅਪਣੀ ਅੱਜ ਦੀ ਹਰੀ ਭਰੀ ਫ਼ਸਲ ਦੀ ਰਾਖੀ ਛੱਡ ਕੇ ਮੁੱਦਤਾਂ ਦੀ ਉਜੜੀ ਹੋਈ ਉਜਾੜ ਨੂੰ ਵਾੜ ਦੇਂਦਾ ਫਿਰਦਾ ਹਾਂ। ਅੱਜ ਮੈਂ ਖ਼ੁਸ਼ਹਾਲੀ ਵਿਚ ਗ਼ਰੀਬੀ ਅਤੇ ਭੁੱਖਾਂ ਤੋਂ ਆਜ਼ਾਦ ਸਾਂ ਪਰ ਕਿਸੇ ਵੇਲੇ ਉਨ੍ਹਾਂ ਗੁਜ਼ਾਰੀਆਂ ਹੋਈਆਂ ਵਿਰਾਨੀਆਂ ਪ੍ਰੇਸ਼ਾਨੀਆਂ ਨੂੰ ਯਾਦ ਕਰਦੇ ਹੋਏ ਅਪਣੇ ਅਤੀਤ ਦੇ ਗਲ ਲੱਗ ਕੇ ਰੋਣ ਨੂੰ ਜੀ ਕਰਦਾ ਸੀ।

ਅੱਜ ਸੋਚਦਾ ਹਾਂ ਕਿ ਹੰਡਾਏ ਹੋਏ ਵਕਤ ਵਾਅਦਿਆਂ ਨੂੰ ਚੇਤੇ ਰੱਖਣ ਨਾਲ ਬੰਦੇ ਦੀ ਇਨਸਾਨੀਅਤ ਦਾ ਖੇਤ ਹਰਾ ਰਹਿੰਦਾ ਹੈ। ਕਬਰਾਂ ਵਿਚ ਕਦੀ ਕਦੀ ਫੇਰਾ ਪਾਉਂਦੇ ਰਹੀਏ ਤਾਂ ਮੌਤ ਚੇਤੇ ਰਹਿੰਦੀ ਹੈ। ਮੌਤ ਚੇਤੇ ਰਹੇ ਤਾਂ ਜ਼ਿੰਦਗੀ ਦੀ ਰਾਹ ਉਤੇ ਤੁਰਦੇ ਹੋਏ ਗੁਨਾਹਾਂ ਦਾ ਠੇਡਾ ਘੱਟ ਹੀ ਲਗਦਾ ਹੈ। ਨਾਲੇ ਹਰ ਡਿੱਗਾ-ਢੱਠਾ ਬੰਦਾ ਕੀੜੇ-ਮਕੌੜੇ ਦੀ ਬਜਾਏ ਇਨਸਾਨ ਹੀ ਨਜ਼ਰ ਆਉਂਦਾ ਹੈ। ਉਂਜ ਵੀ ਗ਼ਰੀਬੀ ਨੂੰ ਫ਼ਰਾਮੋਸ਼ ਨਾ ਕੀਤਾ ਜਾਏ ਤਾਂ ਅਮੀਰੀ ਹੰਢਾਉਣ ਦਾ ਸਵਾਦ ਦੁਗਣਾ ਹੋ ਜਾਂਦਾ ਹੈ। ਜਿਵੇਂ ਬੀਮਾਰੀ ਯਾਦ ਨਾ ਆਵੇ ਤਾਂ ਤੰਦਰੁਸਤੀ ਦੀ ਕਦਰ ਭੁਲ ਜਾਂਦੀ ਹੈ।

ਜ਼ਿੰਦਗੀ ਊਸ਼ਾ ਦਾ ਚਾਨਣ ਹੀ ਨਹੀਂ, ਸੰਧਿਆ ਦੀ ਲਾਲੀ ਵੀ ਹੈ। ਮੈਂ ਖ਼ਿਆਲਾਂ ਵਿਚ ਅਪਣੇ ਮਾਜ਼ੀ ਦੀ ਹਸੀਨ ਬਸਤੀ ਵਿਚ ਟੁਰਿਆ ਜਾ ਰਿਹਾ ਸਾਂ ਕਿ ਅੱਗੋਂ ਪੀਰ ਸਾਬ੍ਹ ਦਾ ਆਸ਼ਿਆਨਾ ਨਜ਼ਰੀਂ ਪੈ ਗਿਆ। ਮੈਨੂੰ ਇੰਜ ਲਗਿਆ ਜਿਵੇਂ ਮੈਂ ਬੁਢਾਪੇ ਦੀ ਵਲਗਣ ਵਿਚੋਂ ਨਿਕਲ ਕੇ ਲੜਕਪਨ ਦੇ ਵਿਹੜੇ ਵਿਚ ਵੜਨ ਲੱਗਾ ਹਾਂ। ਅੰਦਰ ਵੜਿਆ ਤਾਂ ਵੱਡੇ ਸਾਰੇ ਪਾਣੀ ਤਰੌਂਕੇ ਵਿਹੜੇ ਵਿਚ ਗਾੜ੍ਹੀ ਰੁੱਖਾਂ ਦੀ ਠੰਢੀ ਛਾਵੇਂ ਪੈਰਾਂ ਪਰਨੇ ਬੈਠੇ ਸ਼ਰਧਾਲੂ ਪੀਰ ਸਾਬ੍ਹ ਦਾ ਦੀਦਾਰ ਕਰਦੇ ਹੋਏ ਅਪਣੀਆਂ ਅਪਣੀਆਂ ਮੁਰਾਦਾਂ ਦੀ ਆਸ ਲਾਈ ਬੈਠੇ ਸਨ।

ਮੈਂ ਇਕ ਲੰਮੇ ਜਿਹੇ ਬਾਬੇ ਦਾ ਉਹਲਾ ਲੈ ਕੇ ਬਹਿ ਗਿਆ ਕਿ ਪਹਿਲਾਂ ਪੀਰ ਸਾਬ੍ਹ ਦੇ ਕਾਰੇ, ਚਾਲੇ ਅਤੇ ਗੱਲਾਂ-ਬਾਤਾਂ ਸੁਣਾਂ ਕਿ ਬਸ਼ੀਰੇ ਮਰਾਸੀ ਤੋਂ ਪੀਰ ਸਈਅਦ ਬਸ਼ੀਰ ਸ਼ਾਹ ਕਿਵੇਂ ਬਣੀਦਾ ਹੈ, ਇਹ ਢਿੱਡ ਦੀ ਅੱਗ ਇਨਸਾਨਾਂ ਨੂੰ ਬਹਿਰੂਪੀਏ ਬਣਾ ਕੇ ਕਿਹੜੇ ਕਿਹੜੇ ਖੇਖਣ ਕਰਾਉਂਦੀ ਹੈ ਅਤੇ ਇਹ ਤਵੇ ਉਤੇ ਤੜਫ਼ਣ ਵਾਲੀ ਰੋਟੀ ਇਨਸਾਨ ਨੂੰ ਕਿਵੇਂ ਤੜਫ਼ਾਉਂਦੀ ਨਚਾਉਂਦੀ ਹੈ?

ਸਿਰ ਉਤੇ ਜੋਗੀਆ ਰੰਗ ਦੀ ਵੱਡੀ ਸਾਰੀ ਪੱਗ, ਪੱਗ ਤੋਂ ਬਾਹਰ ਨਿਕਲੇ ਮੋਢਿਆਂ ਉਤੇ ਪਏ ਲੰਮੇ ਲੰਮੇ ਵਾਲ। ਦਾੜ੍ਹੀ ਲਈ ਕੋਈ ਹੱਦਬੰਨਾ ਜਾਂ ਰੋਕ ਟੋਕ ਨਹੀਂ ਸੀ, ਉਹ ਜਿੰਨੀ ਮਰਜ਼ੀ ਵੱਧ ਜਾਏ ਅਤੇ ਜਿਧਰ ਨੂੰ ਚਾਹੇ ਚਲੀ ਜਾਏ। ਬਸ ਇਹ ਸ਼ੱਕ ਪੈਣਾ ਚਾਹੀਦਾ ਹੈ ਕਿ ਪੀਰ ਸਾਬ੍ਹ ਦੁਨੀਆਂ ਉਤੇ ਅਪਣੇ ਆਪ ਤੋਂ ਵੀ ਬੇਖ਼ਬਰ ਨੇ। ਬਸ ਅੱਲਾਹ ਹੀ ਅੱਲਾਹ। ਗਲ 'ਚ ਲੰਮਾ ਜਿਹਾ ਚੋਲਾ ਕਿਸੇ ਜੋਗੀ ਦੀ ਭਾਅ ਮਾਰ ਰਿਹਾ ਸੀ।

ਇਕ ਉੱਚੀ ਸਾਰੀ ਗੱਦੀ ਉਤੇ ਬੈਠੇ ਪੀਰ ਸਾਬ੍ਹ ਅੱਧ ਖੁੱਲ੍ਹੀਆਂ ਅੱਖਾਂ ਨਾਲ ਅਪਣੇ ਮੁਰੀਦਾਂ ਦੀ ਹਰ ਹਰਕਤ ਨੂੰ ਵੀ ਤਾੜ ਰਹੇ ਸਨ ਤੇ ਪੈਰਾਂ ਵਿਚ ਪੈਸੇ ਰੱਖਣ ਵਾਲਿਆਂ ਦੇ ਪਿੰਡੇ ਉਤੇ ਥਾਪੜਾ ਦੇ ਕੇ ਉਂਗਲੀ ਅਸਮਾਨ ਵਲ ਕਰ ਕੇ ਰੱਬ ਵਲ ਵੇਖਦੇ। ਇਸ ਤਰ੍ਹਾਂ ਕਰਨ ਨਾਲ ਸ਼ਰਧਾਲੂ ਨੂੰ ਯਕੀਨ ਹੋ ਜਾਂਦਾ ਕਿ ਉਸ ਦੀ ਮੁਰਾਦ ਰੱਬ ਨੂੰ ਦੱਸ ਦਿਤੀ ਗਈ ਹੈ। 

ਜਿੰਨਾ ਚਿਰ ਸ਼ੁਦਾਈ ਜਿਊਂਦੇ ਨੇ, ਅਕਲਮੰਦ ਭੁੱਖੇ ਨਹੀਂ ਮਰ ਸਕਦੇ। ਜਿੰਨਾ ਚਿਰ ਘੁੱਗੀਆਂ ਜਿਊਂਦੀਆਂ ਨੇ, ਕਾਵਾਂ ਨੂੰ ਆਂਡੇ ਪੀਣ ਨੂੰ ਲਭਦੇ ਹੀ ਰਹਿਣਗੇ। ਪਾਗਲਾਂ ਨਾਲ ਪਾਗਲਖ਼ਾਨੇ ਅਤੇ ਸ਼ੁਦਾਈਆਂ ਨਾਲ ਪੀਰਾਂ-ਬਾਬਿਆਂ ਦੇ ਡੇਰੇ ਬੜੇ ਆਬਾਦ ਰਹਿੰਦੇ ਨੇ। ਵੈਸੇ ਵੀ ਕਈ ਗ਼ਰੀਬਾਂ ਨੂੰ ਗ਼ਰੀਬੀ ਵਿਰਸੇ ਵਿਚ ਮਿਲਦੀ ਹੈ ਜਾਂ ਰੱਬ ਵਲੋਂ ਹੀ ਬਖ਼ਸ਼ੀ ਜਾਂਦੀ ਹੈ। ਪਰ ਕਈ ਲੋਕ ਗ਼ਰੀਬੀ ਨੂੰ ਆਪ ਸੈਨਤਾਂ ਮਾਰ ਕੇ ਘਰ ਸੱਦ ਲੈਂਦੇ ਨੇ ਜਿਵੇਂ ਘਰ ਭਾਵੇਂ ਬਾਲਾਂ ਲਈ ਲੱਪ ਆਟਾ ਵੀ ਨਾ ਹੋਵੇ ਪਰ ਪੀਰ ਲਈ ਪਤਾਸਿਆਂ ਦਾ ਥਾਲ ਚੁੱਕੀ ਫਿਰਦੇ ਨੇ।

ਅੱਗੋਂ ਪੀਰ ਕੋਲ ਨਾ ਰੂਹਾਨੀਅਤ, ਨਾ ਇਨਸਾਨੀਅਤ ਹੁੰਦੀ ਹੈ ਕਿ ਕਿਸੇ ਸ਼ੁਦਾਈ ਦੀ ਗ਼ਰੀਬੀ ਉਤੇ ਤਰਸ ਖਾ ਕੇ ਹੀ ਪਤਾਸੇ ਨਾ ਖਾਏ। ਕਿਸੇ ਪੀਰ ਦੀ ਇਸ ਤੋਂ ਵੱਡੀ ਪਰਖ ਪਛਾਣ ਕੀ ਹੈ ਕਿ ਉਸ ਦੇ ਘਰ ਭਾਵੇਂ ਭੜੋਲੇ ਭਰੇ ਪਏ ਹੋਣ ਪਰ ਲੀਰਾਂ ਲੱਥੇ ਕੁੜਤੇ ਵਾਲਾ ਮੁਰੀਦ ਸੱਜਰ ਸੂਈ ਬੱਕਰੀ ਵੀ ਦੇਵੇ ਤਾਂ ਹੱਸ ਕੇ ਲੈ ਲੈਂਦਾ  ਹੈ। ਗ਼ਰੀਬ ਦੇ ਘਰ ਚਾਹ ਲਈ ਜਿਹੜਾ ਸਿੱਪੀ ਦੁੱਧ ਸੀ, ਉਹ ਵੀ ਪੀਰ ਪੀ ਗਿਆ। ਪੀਰ ਤਾਂ ਫੜਿਆ ਸੀ ਪੀੜਾਂ ਹਟਾਉਣ ਲਈ ਪਰ ਪੀਰ ਨੇ ਅੱਗੋਂ ਮਾਲੀ, ਜਿਸਮਾਨੀ ਅਤੇ ਸਮਾਜੀ ਦੁੱਖਾਂ ਦੀ ਸੌਗ਼ਾਤ ਪੱਲੇ ਪਾ ਦਿਤੀ। ਅਖੇ ਲਾਈਆਂ ਸੁੱਖ ਬਦਲੇ, ਦੁੱਖ ਵੱਢ ਵੱਢ ਹੱਡਾਂ ਨੂੰ ਖਾਵੇ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement