ਸ਼ਰਧਾ ਦਾ ਸ਼ੁਦਾਅ (ਭਾਗ 8)
Published : Jun 2, 2018, 11:50 pm IST
Updated : Jun 2, 2018, 11:50 pm IST
SHARE ARTICLE
Amin Malik
Amin Malik

ਇਕ ਬੰਨੇ ਹਰ ਕੋਈ ਆਖਦਾ ਹੈ ਕਿ ਅੱਜ ਦੁਨੀਆਂ ਬੜੀ ਸਿਆਣੀ ਹੋ ਗਈ ਹੈ ਅਤੇ ਹਰ ਬੰਦੇ ਨੂੰ ਸ਼ਊਰ ਆ ਗਿਆ ਹੈ। ਜੇ ਇਹ ਗੱਲ ਸੱਚੀ ਹੈ ਤਾਂ ਫਿਰ ਸ਼ੁਦਾਈਆਂ ਦੀਆਂ ...

ਇਕ ਬੰਨੇ ਹਰ ਕੋਈ ਆਖਦਾ ਹੈ ਕਿ ਅੱਜ ਦੁਨੀਆਂ ਬੜੀ ਸਿਆਣੀ ਹੋ ਗਈ ਹੈ ਅਤੇ ਹਰ ਬੰਦੇ ਨੂੰ ਸ਼ਊਰ ਆ ਗਿਆ ਹੈ। ਜੇ ਇਹ ਗੱਲ ਸੱਚੀ ਹੈ ਤਾਂ ਫਿਰ ਸ਼ੁਦਾਈਆਂ ਦੀਆਂ ਡਾਰਾਂ ਕਿੱਥੋਂ ਆ ਗਈਆਂ? ਕਿੱਡੇ ਸਿਆਣੇ ਨੇ ਉਹ ਸ਼ਰਧਾਲੂ, ਮੁਰੀਦ, ਬਾਲਕੇ ਜਿਹੜੇ ਅਪਣੇ ਬਾਲਾਂ ਦੀ ਰੋਟੀ ਖੋਹ ਕੇ ਲੱਖਪਤੀ ਪੀਰ ਨੂੰ ਕਰੋੜਪਤੀ ਬਣਾਉਂਦੇ ਨੇ।

ਪੀਰ ਦੀ ਕਾਰ ਦੀ ਉਡਣ ਵਾਲੀ ਧੂੜ ਨੂੰ ਖੰਡ ਜਾਣ ਕੇ ਫੱਕੀ ਜਾਂਦੇ ਨੇ ਤੇ ਪਤਾ ਨਹੀਂ ਲਗਦਾ ਕਿ ਇਸ ਨਵੇਂ ਦੌਰ ਨੂੰ ਤਰੱਕੀਯਾਫ਼ਤਾ ਸਿਆਣਾ ਜ਼ਮਾਨਾ ਆਖਾਂ ਕਿ ਜਹਾਲਤ ਦੇ ਵਹਿਣ ਵਿਚ ਡੁਬਦੀ ਹੋਈ ਦੁਨੀਆਂ ਆਖਾਂ। ਮਸੀਤ ਦੇ ਮੌਲਵੀ ਤੋਂ ਐਮ.ਪੀ.ਏ. ਬਣ ਜਾਣ ਵਾਲਾ ਨਿਗੋਰਾ ਸਾਹਨ ਪੀਰ ਮੇਰੇ ਗਵਾਂਢ ਦਾਅਵਤ ਖਾਣ ਆਇਆ ਤਾਂ ਮੁਰੀਦ ਨੇ ਹਜ਼ਾਰ ਗਜ਼ ਲੰਮਾ ਸੁਰਖ਼ ਕਾਰਪਿਟ ਸੜਕ ਉਤੇ ਵਿਛਾਇਆ ਅਤੇ ਚਾਲੀ ਹਜ਼ਾਰ ਦੇ ਫੁੱਲ ਗੁਲਾਬ ਉਸ ਦੀ ਕਾਰ ਉਤੇ ਕੁਰਬਾਨ ਕੀਤੇ। ਕਿਸੇ ਨੇ ਨਹੀਂ ਸੋਚਿਆ ਕਿ ਫ਼ਕੀਰਾਂ ਨੂੰ ਅਮੀਰਾਂ ਵਜ਼ੀਰਾਂ ਵਰਗੀ ਜੀ ਆਇਆਂ ਦੀ ਲੋੜ ਨਹੀਂ ਹੁੰਦੀ।

ਇਥੇ ਮੈਨੂੰ ਇਕ ਗੱਲ ਯਾਦ ਆ ਗਈ ਕਿ ਚੰਡੀਗੜ੍ਹ 'ਸਪੋਕਸਮੈਨ' ਦੇ ਮਾਲਿਕ ਐਡੀਟਰ ਜਨਾਬ ਜੋਗਿੰਦਰ ਸਿੰਘ ਜੀ ਨੇ ਮੇਰੀ ਪਹਿਲੀ ਕਿਤਾਬ ਦੀ ਮੁਖ ਵਖਾਲੀ ਮੌਕੇ ਚੰਡੀਗੜ੍ਹ ਵਿਚ ਦਾਅਵਤ ਦਿਤੀ। ਮੈਂ ਅਜੇ ਅੰਬਰਸਰ ਅਪਣੇ ਬਹੁਤ ਵੱਡੇ ਮਿਹਰਬਾਨ ਸਰਦਾਰ ਗੋਗੀ ਜੀ ਦੇ ਲਾਰੰਸ ਹੋਟਲ ਅਪੜਿਆਂ ਹੀ ਸਾਂ ਕਿ ਸ. ਜੋਗਿੰਦਰ ਜੀ ਦਾ ਫ਼ੋਨ ਆਇਆ ਕਿ ''ਮੈਂ ਤੇਰੀ ਰਿਹਾਇਸ਼ ਲਈ ਤਾਜ ਹੋਟਲ ਦੀ ਬੁਕਿੰਗ ਕਰਵਾ ਰਿਹਾ ਹਾਂ।''

ਇਹ ਸੁਣ ਕੇ ਮੈਨੂੰ ਦੋ ਗੱਲਾਂ ਸੁੱਝੀਆਂ ਕਿ ਇਕ ਤਾਂ ਮੇਰੀ ਹੈਸੀਅਤ ਜਾਂ ਅਹਿਮੀਅਤ ਇਹ ਨਹੀਂ ਕਿ ਮੈਂ ਤਾਜ ਤੋਂ ਥੱਲੇ ਖਲੋਂਦਾ ਹੀ ਨਹੀਂ। ਦੂਜਾ ਇਹ ਕਿ ਸ. ਜੋਗਿੰਦਰ ਸਿੰਘ ਜੀ ਈਮਾਨਦਾਰੀ ਦੀ ਰੋਟੀ ਖਾਣ ਵਾਲੇ ਸ਼ਖ਼ਸ ਨੇ ਤੇ ਉਨ੍ਹਾਂ ਦਾ ਖ਼ਰਚਾ ਕਰਵਾਣਾ ਹਰਾਮ ਹੈ। ਮੈਂ ਹਸਦੇ ਹੋਏ ਆਖਿਆ, ''ਸਰਦਾਰ ਜੀ, ਮੈਨੂੰ ਤਾਜ ਵਲ ਵੇਖ ਕੇ ਸ਼ਰਮ ਆਏਗੀ ਤੇ ਤਾਜ ਮੈਨੂੰ ਵੇਖ ਕੇ ਸ਼ਰਮਾਏਗਾ।

ਮੈਨੂੰ ਮੇਰੇ ਮੇਚ ਦਾ ਨਿੱਕਾ ਮੋਟਾ ਟਿਕਾਣਾ ਦੇ ਦਿਉ।'' ਲਿਹਾਜ਼ਾ ਮੈਂ ਉਨ੍ਹਾਂ ਦੇ ਘਰ ਹੀ ਇਕ-ਦੋ ਰਾਤਾਂ ਮਜ਼ੇ ਨਾਲ ਕਟ ਆਇਆ। ਉਥੇ ਮੈਨੂੰ ਲਾਹੌਰ ਵਰਗੀ ਰੋਟੀ ਵੀ ਮਿਲੀ। ਉਂਜ ਕਦੀ ਕਦੀ ਮੇਰੇ ਅੰਦਰਲਾ ਊਂਧਾ ''ਨਫ਼ਸ ਜਾਂ ਹਊਮੈ'' ਮੈਨੂੰ ਇਹ ਵੀ ਆਖਦਾ ਵੀ ਕਿ ਪੈਸੇ ਤਾਂ 'ਸਪੋਕਸਮੈਨ' ਦੇ ਖ਼ਰਚ ਹੋਣਗੇ, ਏਸੇ ਬਹਾਨੇ ਤੂੰ ਵੀ ਤਾਜ ਦਾ ਹੂਟਾ ਲੈ ਕੇ ਵੇਖ ਲੈ। ਪਰ ਰੱਬ ਦੀ ਮਿਹਰਬਾਨੀ ਕਿ ਅਮੀਨ ਮਲਿਕ ਉਸ ਊਂਧੇ ਨਾਲੋਂ ਤਕੜਾ ਨਿਕਲਿਆ।

ਗੱਲ ਹੋ ਰਹੀ ਸੀ ਇਕ ਨਿੱਕੇ ਜਹੇ ਨਿੱਕੀ ਮਸੀਤ ਦੇ ਮੌਲਵੀ ਦੀ ਜੋ ਪੀਰ ਬਣ ਗਿਆ ਤੇ ਵਜ਼ੀਰਾਂ ਵਰਗੇ ਖ਼ਰਚੇ ਕਰਵਾ ਕੇ ਅਪਣੀ ਸ਼ਾਨ ਦਾ ਵਿਖਾਵਾ ਕਰ ਰਿਹਾ ਹੈ। ਪਰ ਕਸੂਰ ਸਾਰਾ ਸ਼ਰਧਾ ਦੇ ਸ਼ੁਦਾਅ ਕੁੱਦ ਜਾਣ ਵਾਲੇ ਸ਼ੁਦਾਈਆਂ ਦਾ ਹੈ। ਚੰਗੀ ਭਲੀ ਦੁਨੀਆਂ ਵਸਦੀ ਸੀ, ਲੋਕ ਸੁੱਕੀ ਗਿੱਲੀ ਖਾ ਕੇ ਪਿਆਰ ਨਾਲ ਇਕ-ਦੂਜੇ ਲਈ ਅਮਨ ਵੰਡਦੇ ਸਨ। ਉਸ ਵੇਲੇ ਇਨਸਾਨ ਨੂੰ ਇਨਸਾਨ ਕੋਲੋਂ ਡਰ ਨਹੀਂ ਸੀ ਲਗਦਾ। ਅੱਜ ਕੁੱਤਾ ਵੀ ਡਰਦਾ ਫਿਰਦਾ ਹੈ ਕਿ ਕਿਧਰੇ ਕਸਾਈ ਛੁਰੀ ਫੇਰ ਕੇ ਬਕਰੇ ਦੀ ਥਾਂ ਨਾ ਵੇਚ ਦੇਵੇ। ਇਹ ਰਾਹ ਦੱਸਣ ਵਾਲੇ ਪੀਰ ਫ਼ਕੀਰ ਵਧੇ ਅਤੇ ਦੁਨੀਆਂ ਕੁਰਾਹੇ ਪੈ ਗਈ।

ਕਾਸ਼! ਇਨਸਾਨ ਏਨਾ ਸਿਆਣਾ ਨਾ ਹੋ ਜਾਂਦਾ ਕਿ ਨਿੱਕਾ ਜਿਹਾ ਆਪਰੇਸ਼ਨ ਕਰਦੇ ਵੇਲੇ ਚੁੱਪ ਕਰ ਕੇ ਡਾਕਟਰ ਮਰੀਜ਼ ਦਾ ਇਕ ਗੁਰਦਾ ਵੀ ਕੱਢ ਲੈਂਦਾ ਤਾਂ ਉਸ ਨੂੰ ਪਤਾ ਵੀ ਨਹੀਂ ਲਗਦਾ। ਅੱਜ ਇਨਸਾਨ ਸਸਤਾ ਅਤੇ ਉਸ ਦਾ ਕਢਿਆ ਹੋਇਆ ਗੁਰਦਾ ਢਾਈ ਲੱਖ ਦਾ ਵਿਕ ਜਾਂਦਾ ਹੈ। ਅਫ਼ਸੋਸ ਕਿ ਅੱਜ ਦਾ ਇਨਸਾਨ ਜਦੋਂ ਅਮਨਪਸੰਦ ਘੁੱਗੀ ਤੋਂ ਕਾਂ ਬਣਿਆ ਤਾਂ ਬਦਦਿਆਨਤੀ ਦੀ ਗੰਦੀ ਰੂੜੀ ਫੋਲਣ ਲੱਗ ਪਿਆ। ਜੀਅ ਕਰਦਾ ਹੈ ਅੱਜ ਦੇ ਜ਼ੁਲਮ ਜਬਰ ਅਤੇ ਜ਼ਿਆਦਤੀਆਂ ਲਿਖਦੇ ਲਿਖਦੇ ਸਾਰੀ ਹਿਆਤੀ ਗੁਜ਼ਾਰ ਦੇਵਾਂ। ਇਹ ਰੱਬ ਦੀ ਬਣਾਈ ਹੋਈ ਹਰੀ ਭਰੀ ਦੁਨੀਆ ਅੱਜ ਲਹੂ ਰੰਗੀ ਹੋ ਗਈ ਏ।

ਮੇਰਾ ਵਿਸ਼ਾ ਤਾਂ 'ਸ਼ਰਧਾ ਦਾ ਸ਼ੁਦਾਅ' ਸੀ ਪਰ ਜਜ਼ਬਾਤ ਦੀ ਵਾਛੜ ਮੈਨੂੰ ਰੋੜ੍ਹ ਕੇ ਬੜੀ ਦੂਰ ਲੈ ਗਈ। ਮੈਂ ਅਜਿਹੇ ਜ਼ਖ਼ਮੀ ਕਰ ਦੇਣ ਵਾਲੇ ਕੰਡਿਆਲੇ ਵਿਸ਼ੇ ਨੂੰ ਹੱਥ ਪਾ ਬੈਠਾ ਹਾਂ ਕਿ ਮੇਰਾ ਅਪਣਾ ਹਿਰਦਾ ਵੀ ਵਿੰਨ੍ਹਿਆ ਗਿਆ ਹੈ। ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਇਕ ਨਾ ਮੁੱਕਣ ਵਾਲਾ ਅਜਿਹਾ ਵਖ਼ਤ ਵੇਦ ਸਹੇੜ ਲਿਆ ਹੈ ਜਿਸ ਦੀ ਹੱਦ ਨਜ਼ਰ ਹੀ ਨਹੀਂ ਆਉਂਦੀ। ਮੈਂ ਅਪਣੇ ਸਿਰਲੇਖ ਵਲ ਪਰਤਦੇ ਹੋਏ ਇਸ ਸ਼ਰਧਾ ਦੇ ਸ਼ੁਦਾਅ ਦਾ ਇਕ ਅੱਖੀਂ ਡਿੱਠਾ ਤਮਾਸ਼ਾ ਵੇਖ ਕੇ ਇਸ ਲੇਖ ਨੂੰ ਸਮੇਟਣ ਲਪੇਟਣ ਦੀ ਕੋਸ਼ਿਸ਼ ਕਰਾਂਗਾ।

1947 ਦੀ ਵੰਡ ਵੇਲੇ ਅਪਣੀ ਮਾਂ ਤੋਂ ਵਿਛੜਨ ਅਤੇ ਕਈ ਵਰ੍ਹੇ ਭੀਖ ਮੰਗਣ ਤੋਂ ਬਾਅਦ ਜਦੋਂ ਅੰਮਾ ਮਿਲ ਗਈ ਤਾਂ ਅਪਣੇ ਮਾਮਿਆਂ ਦੇ ਪਿੰਡ ਰੰਗਲੇ ਜ਼ਿਲ੍ਹਾ ਗੁਜਰਾਂਵਾਲਾ, ਮਾਮੇ ਦੇ ਡੰਗਰ ਚਾਰਦਾ ਚਾਰਦਾ ਪਿੰਡ ਕੋਟਲੀ ਦੇ ਇਕ ਪ੍ਰਾਇਮਰੀ ਸਕੂਲ 'ਚ ਜਾ ਵੜਿਆ। ਪਹਿਲਾਂ ਮੰਗਤਾ, ਫਿਰ ਵਾਗੀ ਅਤੇ ਇਕ ਦਿਨ ਵਿਦਿਆਰਥੀ ਬਣ ਗਿਆ। ਅੰਮਾ ਨੇ ਪੱਕੀ ਕੀਤੀ, ''ਵੇ ਪੁੱਤਰ, ਧਿਆਨ ਨਾਲ ਜੀਅ ਲਾ ਕੇ ਪੜ੍ਹੀਂ, ਮੈਂ ਤੈਨੂੰ ਸਾਰੀ ਉਮਰ ਡੰਗਰਾਂ ਦਾ ਛੇੜੂ ਨਹੀਂ ਵੇਖ ਸਕਦੀ।'' ਰੱਬ ਦਾ ਸ਼ੁਕਰ ਹੈ ਕਿ ਮਰਨ ਤੋਂ ਪਹਿਲਾਂ ਮੇਰੀ ਅੰਮਾ ਨੇ ਮੈਨੂੰ ਰੇਲਵੇ ਦਾ ਅਫ਼ਸਰ ਅਤੇ ਵੱਡੇ ਸਾਰੇ ਘਰ ਵਿਚ ਰਹਿੰਦੇ ਹੋਏ ਕਾਰ ਚਲਾਉਂਦੇ ਵੇਖ ਲਿਆ।

ਪਿੰਡ ਰੰਗਲੇ ਵਿਚ ਰਹਿੰਦੇ ਹੋਏ ਅੱਜ ਮੈਂ ਅਪਣੇ ਅਤੀਤ ਦਾ ਦਰਵਾਜ਼ਾ ਖੋਲ੍ਹ ਕੇ ਵੇਖਦਾ ਹਾਂ ਤਾਂ ਨਜ਼ਰ ਆਉਂਦਾ ਹੈ ਕਿ ਰੋਟੀ ਟੁੱਕ ਭਾਵੇਂ ਵਾਂਦਾ ਨਹੀਂ ਸੀ ਪਰ ਮੈਨੂੰ ਕਦੀ ਵੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਜਾਪੀ। ਜਿਵੇਂ ਮੱਛੀ ਸਮੁੰਦਰ ਦੀ ਬਜਾਏ ਛੱਪੜ ਵਿਚ ਛੱਡ ਦਈਏ ਤਾਂ ਉਹ ਉਂਜ ਹੀ ਚੁੰਗੀਆਂ ਮਾਰਦੀ ਫਿਰਦੀ ਹੈ। ਮੇਰੇ ਯਾਰ, ਫੇਰੂ ਨਾਈ, ਕੂਬਾ ਨੱਥੋ ਦਾ ਅਤੇ ਚਮਨ ਈਸਾਈ ਮੇਰੀ ਪੂਰੀ ਕਾਇਨਾਤ ਸੀ।

ਕਦੀ ਨੁਗਦੀ ਜਾਂ ਪਕੌੜੇ ਖਾਣ ਨੂੰ ਜੀ ਕਰਦਾ ਤਾਂ ਰਾਤ ਨੂੰ ਕਿਸੇ ਝੋਨੇ ਦੇ ਵੱਢ ਵਿਚੋਂ ਸੱਥਰ ਦੀ ਢੇਰੀ ਚੋਰੀ ਕਰ ਕੇ ਵੱਟੀ ਝੋਨਾ ਨੈਤੇ (ਅਨਾਇਅਤ) ਕਸ਼ਮੀਰੀ ਦੀ ਹੱਟੀ ਵੇਚ ਲੈਂਦੇ ਸਾਂ। ਕਿਸੇ ਸ਼ੈਅ ਦੀ ਘਾਟ ਨਹੀਂ ਸੀ। ਛੱਪੜਾਂ ਵਿਚੋਂ ਡੌਲੇ ਫੜਦੇ, ਕੁੱਤਿਆਂ ਦੀ ਲੜਾਈ ਕਰਾਉਂਦੇ ਅਤੇ ਰੁੱਖਾਂ ਤੋਂ ਕਾਵਾਂ ਦੇ ਆਂਡੇ ਲਾਹ ਕੇ ਭੰਨਦੇ ਸਾਂ। ਹਰ ਪਾਸੇ ਮੌਜਾਂ ਹੀ ਮੌਜਾਂ ਸਨ। ਇਸ ਪਿੰਡ ਵਿਚ ਮੇਰੀ ਸੱਭ ਤੋਂ ਵੱਡੀ ਰੌਣਕ ਬਸ਼ੀਰਾ ਮਰਾਸੀ ਸੀ।

ਵੈਸੇ ਤਾਂ ਬਸ਼ੀਰਾ ਸਾਰੇ ਪਿੰਡ ਦੀ ਰੌਣਕ ਸੀ ਪਰ ਮੈਂ ਖੋਚਰੀਆਂ, ਡੂੰਘੀਆਂ ਅਤੇ ਸਵਾਦੀ ਗੱਲਾਂ ਦਾ ਮੁੱਢੋਂ ਹੀ ਠਰਕੀ ਸਾਂ। ਉਤੋਂ ਬਸ਼ੀਰਾ ਮੋਤੀਆਂ ਵਰਗੀ ਗੱਲਾਂ ਦੀ ਇਕ ਖਾਣ ਸੀ ਜਿਹਦੇ ਵਿਚੋਂ ਹਾਸੇ ਦੇ ਹੀਰੇ ਨਿਕਲਦੇ ਸਨ। ਲੋਕ ਇਸ ਨੂੰ 'ਬਸ਼ੀਰਾ ਹਰਾਮਦਾ' ਆਖਦੇ ਹੁੰਦੇ ਸਨ ਪਰ ਮੈਂ ਉਸ ਨੂੰ 'ਬਸ਼ੀਰਾ ਕੰਮ ਦਾ' ਆਖਦਾ ਸਾਂ। ਉਹ ਕਿੱਡਾ ਕੁ ਕੰਮ ਦਾ ਹੋਵੇਗਾ ਜਿਸ ਨੂੰ ਰਾਤ ਵੇਲੇ ਨੈਤੇ ਦੀ ਹੱਟੀ ਵਿਚ ਮਹਿਫ਼ਿਲ ਜਮਾਉਣ ਲਈ ਘਰੋਂ ਸੱਦਣ ਵਾਸਤੇ ਸਾਨੂੰ ਭਾੜਾ ਭਰਨਾ ਪੈਂਦਾ ਸੀ।

ਅਸੀ ਘਰੋਂ ਚੋਰੀ ਤਮਾਕੂ, ਕੋਈ ਚੌਲਾਂ ਦੀ ਪੜੋਪੀ ਅਤੇ ਕੋਈ ਗੁੜ ਲੈ ਕੇ ਆਉਂਦਾ। ਇਹ ਭਾੜਾ ਪਾਉਂਦੇ ਤੇ ਬਸ਼ੀਰਾ ਗੱਲਾਂ ਦਾ ਦੁੱਧ ਲਾਉਂਦਾ। ਬਸ਼ੀਰਾ ਮਰਾਸੀ ਤੇ ਚਮਨ ਈਸਾਈ 47 ਤੋਂ ਪਹਿਲਾਂ ਹੀ ਇਸ ਪਿੰਡ ਦੇ ਵਸਨੀਕ ਸਨ ਤੇ ਅਸੀ ਸਾਰੇ ਪਨਾਹਗੀਰ। ਬਸ਼ੀਰਾ ਜੁਗਤ ਕਰਨ ਲਗਿਆਂ ਪਿਉ ਨੂੰ ਵੀ ਨਹੀਂ ਸੀ ਬਖ਼ਸ਼ਦਾ। ਉਹ ਸਾਨੂੰ ਆਖਦਾ, ''ਓਏ ਪਨਾਹਗੀਰੋ, ਪਿੱਛੋਂ ਤੁਸੀ ਡੰਗਰਾਂ ਦੀਆਂ ਕੁੜ੍ਹਾਂ ਵਿਚ ਸੌਂਦੇ ਆਏ ਹੋ ਤੇ ਇਥੇ ਉਜੜ ਕੇ ਜਾਣ ਵਾਲੇ ਸਰਦਾਰਾਂ ਦੇ ਪੱਕੇ ਚੁਬਾਰਿਆਂ ਵਿਚ ਮੌਜ ਲੁਟਦੇ। ਸਰਦਾਰਾਂ ਦੀਆਂ ਤਾਂ ਇੱਥੇ ਮਹਿਲ ਮਾੜੀਆਂ ਸਨ ਤੇ ਤੁਹਾਡੇ ਪਿੱਛੇ ਸਿਰਫ਼ ਹੁੱਕੇ ਕਨਾਲੀਆਂ।

ਗੋਹਾ ਪੱਥਣ ਵਾਲੇ ਗੁੱਜਰ ਬਾਜਰੇ ਦਾ ਢੋਡਾ ਖਾਂਦੇ ਸਨ ਤੇ ਹੁਣ ਉਂਗਲ ਉਂਗਲ ਜਿੱਡੇ ਲੰਮੇ ਬਾਸਮਤੀ ਦੇ ਚੌਲ ਖਾਣ ਲੱਗ ਪਏ ਨੇ। ਚੰਗੇ ਭਲੇ ਸਾਊ ਲੋਕ ਹਿੰਦੁਸਤਾਨ ਚਲੇ ਗਏ ਤੇ ਹੁਣ ਪਨਾਹਗੀਰਾਂ ਦੀਆਂ ਜ਼ਨਾਨੀਆਂ ਸੱਤਾਂ ਦਿਨਾਂ ਦੀ ਬੇਹੀ ਲੱਸੀ ਨਾਲ ਛੱਪੜ ਕੰਢੇ ਸਿਰ ਧੋਂਦੀਆਂ ਨੇ। ਪਨਾਹਗੀਰ ਰੱਜ ਕੇ ਝੂਠ ਬੋਲਦੇ ਤੇ ਨਮਾਜ਼ਾਂ ਹੇਠ ਉਤੇ ਪੜ੍ਹੀ ਆਉਂਦੇ ਨੇ।

ਹਰ ਇਕ ਨੇ ਦਾੜ੍ਹੀ ਮਜਬੂਰੀ ਨਾਲ ਰੱਖ ਲਈ ਹੈ ਕਿ ਨਾਈ ਨੂੰ ਦੁਆਨੀ ਨਾ ਦੇਣੀ ਪਵੇ।'' ਬਸ਼ੀਰਾ ਅੱਧੀ ਅੱਧੀ ਰਾਤ ਤੀਕਰ ਐਸੀ ਐਸੀ ਰੰਗੀਨ ਬਕਵਾਸ ਕਰਦਾ ਕਿ ਸਾਡਾ ਉਠਣ ਨੂੰ ਜੀ ਨਾ ਕਰਦਾ। ਆਖ਼ਰ ਬਸ਼ੀਰਾ ਬੜੀ ਬੇਲਿਹਾਜ਼ੀ ਨਾਲ ਸਾਨੂੰ ਛੱਡ ਕੇ ਚਲਾ ਜਾਂਦਾ, ''ਵੇਲੇ ਨੂੰ ਕੌਣ ਹੱਥ ਦੇ ਕੇ ਡੱਕ ਸਕਿਐ।''
ਆਖ਼ਰ ਉਹ ਦਿਨ ਵੀ ਆ ਗਿਆ ਕਿ ਮੈਂ ਚੌਥੀ ਪਾਸ ਕਰ ਲਈ ਤੇ ਨੇੜੇ ਕੋਈ ਸਕੂਲ ਨਾ ਹੋਣ ਕਰ ਕੇ ਮੇਰੀ ਅੰਮਾ ਰੋਂਦੇ ਨੂੰ ਵੱਡੇ ਭਰਾ ਕੋਲ ਲਾਹੌਰ ਛੱਡ ਆਈ। ਰੋਈ ਤੇ ਵਿਚਾਰੀ ਉਹ ਵੀ ਹੋਵੇਗੀ, ਮੈਥੋਂ ਅੱਥਰੂ ਲੁਕਾ ਕੇ।

ਇੰਜ ਨੈਤੇ ਕਸ਼ਮੀਰੀ ਦੀ ਹੱਟੀ ਛੁੱਟ ਗਈ। ਝੋਨੇ ਦੀ ਚੋਰੀ ਮੁੱਕ ਗਈ ਤੇ ਨੁਗਦੀ ਟਾਂਗਰੀ ਪਕੌੜੇ ਛੁੱਟ ਗਏ। ਬਸ਼ੀਰੇ ਦੀਆਂ ਗੱਲਾਂ, ਕੁੱਤਿਆਂ ਦੀ ਲੜਾਈ ਅਤੇ ਕਾਵਾਂ ਦੇ ਆਂਡੇ ਤੋੜਨ ਵਾਲੇ ਸੱਭ ਮੌਜ ਮੇਲੇ ਛੁੱਟ ਗਏ। ਸੱਚ ਹੀ ਤਾਂ ਕਿਸੇ ਨੇ ਆਖਿਆ ਹੈ ਕਿ ਖ਼ੁਸ਼ੀ ਉਸ ਧੀ ਵਰਗੀ ਹੁੰਦੀ ਹੈ ਜਿਹੜੀ ਜਦੋਂ ਜਵਾਨ ਹੋਈ ਤਾਂ ਕਿਤੇ ਹੋਰ ਚਲੀ ਗਈ।
ਆਖ਼ਰ ਇਕ ਦਿਨ ਅੱਲਾਹ ਕੀਤਾ, ਮੈਂ ਭਾਬੀਆਂ ਦੀ ਜੇਲ ਵਿਚੋਂ ਵੀ ਰਿਹਾਅ ਹੋ ਗਿਆ ਅਤੇ ਵੇਲਾ ਮੇਰੀ ਨੱਥ ਫੜ ਕੇ ਬੜੀ ਹੀ ਦੂਰ ਲੈ ਗਿਆ। ਅੰਮਾ ਮੈਥੋਂ ਵਿਛੜ ਕੇ ਐਸੇ ਜਹਾਨ ਚਲੀ ਗਈ ਜਿੱਥੋਂ ਜਾ ਕੇ ਕੋਈ ਕਦੀ ਵੀ ਨਹੀਂ ਪਰਤਿਆ। ਸਮੇਂ ਦੇ ਠੇਡੇ ਅਤੇ ਧੱਕੇ ਭਾਵੇਂ ਮੈਨੂੰ ਜਿੰਨਾ ਮਰਜ਼ੀ ਮਧੋਲਦੇ ਰਹੇ, ਹਾਲਾਤ ਜਿੰਨੇ ਵੀ ਬਦਲਦੇ ਰਹੇ ਅਤੇ ਗ਼ਰੀਬੀ-ਅਮੀਰੀ ਜੋ ਮਰਜ਼ੀ ਰੰਗ ਵਿਖਾਉਂਦੀ ਰਹੀ, ਮੈਂ ਅਪਣੇ ਅਤੀਤ ਨੂੰ ਕਦੀ ਨਾ ਵਿਸਾਰ ਸਕਿਆ।

ਮੇਰਾ ਮਾਜ਼ੀ ਮੇਰੇ ਲਈ ਕਿਸੇ ਬੇਵਾ ਦੇ ਉਸ ਇਕਲੌਤੇ ਜਵਾਨ ਪੁੱਤਰ ਦੀ ਯਾਦ ਵਰਗਾ ਸੀ ਜਿਹੜਾ ਗ਼ਰੀਬੀ ਤੋਂ ਡਰ ਕੇ ਲਾਮ ਤੇ ਚਲਾ ਗਿਆ ਅਤੇ ਇਕ ਦਿਨ ਸ਼ਹੀਦ ਹੋ ਗਿਆ। ਮੈਂ ਰੰਗਲੇ ਆ ਕੇ ਗੁਜਰਾਂਵਾਲੀ, ਅਜਨਾਲਾ ਚਮਿਆਰੀ ਨਾ ਭੁਲਿਆ, ਲਾਹੌਰ ਮੈਨੂੰ ਰੰਗਲਾ ਨਾ ਭੁਲਾ ਸਕਿਆ ਤੇ ਲੰਡਨ ਦੀ ਕੋਈ ਸ਼ੈਅ ਮਜਬੂਰ ਨਾ ਕਰ ਸਕੀ ਕਿ ਪੰਜਾਬ ਦੀ ਮਿੱਟੀ ਅਪਣੀਆਂ ਯਾਦਾਂ ਦੀ ਮੁੱਠ ਵਿਚੋਂ ਸੁੱਟ ਦੇਵਾਂ। ਚਮਨ ਮਸੀਹ, ਨੱਥੋ ਦਾ ਕੂਬਾ, ਫੇਰੂ ਨਾਈ ਅਤੇ ਬਸ਼ੀਰਾ ਮਰਾਸੀ ਹਰ ਵੇਲੇ ਮੇਰੇ ਚੇਤੇ ਦੇ ਕੁੱਛੜ ਚੜ੍ਹੇ ਰਹਿੰਦੇ।

ਜੇ ਮੇਰੀ ਇਸ ਆਦਤ ਜਾਂ ਫ਼ਿਤਰਤ ਨੂੰ ਤਸਦੀਕ ਕਰਨਾ ਚਾਹੇ ਤਾਂ ਤੁਹਾਡੇ ਸਾਹਮਣੇ ਹੈ ਕਿ 1963 ਵਿਚ ਰਾਣੀ ਨੂੰ ਵਜ਼ੀਰਾਬਾਦ ਵੇਖਿਆ ਤੇ ਤੇਰ੍ਹਾਂ ਸਾਲ ਉਸ ਨੂੰ ਅਪਣੀ ਅੱਖ ਦੀ ਪੁਤਲੀ ਵਿਚ ਵਸਾਈ ਰਖਿਆ। ਉਸ ਦੀ ਯਾਦ ਨੂੰ ਬੜਾ ਥਾਪੜਿਆ ਅਤੇ ਬੜੀਆਂ ਲੋਰੀਆਂ ਦਿਤੀਆਂ ਕਿ ਉਸ ਨੂੰ ਨੀਂਦਰ ਆ ਜਾਏ ਪਰ ਨਾ ਉਹ ਸੁੱਤੀ ਤੇ ਨਾ ਮੇਰੀ ਅੱਖ ਲੱਗੀ। ਆਖ਼ਰ 1976 ਵਿਚ ਉਹ ਰਾਣੀ ਮਲਿਕ ਬਣ ਗਈ ਤੇ ਮੇਰੇ ਅਤੀਤ ਨੇ ਅਪਣੀ ਯਾਰੀ ਅਤੇ ਵਫ਼ਾਦਾਰੀ ਦਾ ਜਸ਼ਨ ਮਨਾਇਆ। ਚਲੋ! ਮੇਰੀ ਗੱਲ ਤਾਂ ਵਖਰੀ ਹੈ, ਉਂਜ ਵੀ ਗੁਜ਼ਾਰਿਆ ਹੋਇਆ ਔਖਾ-ਸੌਖਾ ਪਿਛੋਕੜ ਅਤੇ ਅਤੀਤ ਯਾਦ ਰਹੇ ਤਾਂ ਇਨਸਾਨੀਅਤ ਦੀ ਉਂਗਲੀ ਨਹੀਂ ਛੁਟਦੀ।

ਕਿਸੇ ਦੁਖੀਏ ਦੇ ਦੁੱਖ ਦਾ ਅਹਿਸਾਸ ਕਾਇਮ ਰਹਿੰਦਾ ਹੈ। ਵੈਸੇ ਵੀ ਲੱਗੇ ਹੋਏ ਅਪਣੇ ਕਿਸੇ ਜ਼ਖ਼ਮ ਨੂੰ ਯਾਦ ਰਖਿਆ ਜਾਏ ਤਾਂ ਤੰਦਰੁਸਤੀ ਦੀ ਕਦਰ ਕਰਨੀ ਆ ਜਾਂਦੀ ਹੈ। ਰੱਬ ਜਾਣੇ ਇਹ ਮੇਰੀ ਆਦਤ ਹੈ ਜਾਂ ਰੱਬ ਦੀ ਦਿਤੀ ਦੇਣ ਕਿ ਕਦੀ ਕਦੀ ਗੰਭੀਰ ਤਨਹਾਈ ਵਿਚ ਬੈਠੇ ਬੈਠੇ ਕਿਸੇ ਸੋਚ ਦਾ ਸੋਮਾ ਅੱਥਰੂ ਬਣ ਕੇ ਅੱਖਾਂ ਵਿਚੋਂ ਵਰ੍ਹਨ ਲੱਗ ਪੈਂਦਾ ਹੈ। ਫਿਰ ਇਹ ਅੱਥਰੂ ਕਿਸੇ ਗੁਜ਼ਰੇ ਹੋਏ ਵੇਲੇ ਦੀ ਖੋੜ ਵਿਚ ਡਿਗਦੇ ਤੇ ਪੁਰਾਣੀਆਂ ਯਾਦਾਂ ਦੇ ਭੁੱਖੇ ਬੋਟ ਨਿਕਲ ਕੇ ਮੂੰਹ ਅੱਡ ਲੈਂਦੇ ਨੇ। ਫਿਰ ਮੈਂ ਉਨ੍ਹਾਂ ਨੂੰ ਅਪਣੇ ਪਿਆਰ ਦਾ ਚੋਗਾ ਦੇਂਦਾ ਹਾਂ ਤਾਂ ਸਕੂਨ ਮਿਲਦਾ ਹੈ।

ਮਾਫ਼ ਕਰਨਾ, ਹਮੇਸ਼ਾ ਵਾਂਗ ਹਰ ਵਾਰੀ ਮੈਨੂੰ ਮਾਫ਼ੀ ਮੰਗਣੀ ਪੈਂਦੀ ਹੈ। ਯਾਦ ਹੀ ਨਹੀਂ ਰਹਿੰਦਾ ਕਿ ਮੈਂ ਕੀ ਲਿਖ ਰਿਹਾ ਸਾਂ ਤੇ ਕੀ ਆਖਣ ਲੱਗ ਪਿਆ ਹਾਂ। ਜਜ਼ਬਾਤ ਦੇ ਬੱਦਲ ਵਰ੍ਹਨ ਲੱਗ ਪੈਣ ਤਾਂ ਫਾਂਡੇ ਤੋਂ ਬਚਦਾ ਬਚਦਾ ਕਿਸੇ ਛੱਪਰ ਦੇ ਸਾਏ ਥੱਲੇ ਜਾ ਵੜਦਾ ਹਾਂ। ਦੱਸਣ ਤਾਂ ਮੈਂ ਇਹ ਲੱਗਾ ਸਾਂ ਕਿ ਵੇਲਾ ਅਤੇ ਹਾਲਾਤ ਭਾਵੇਂ ਮੈਨੂੰ ਕਿੱਡੀ ਵੀ ਦੂਰ ਲੈ ਗਏ ਪਰ ਉਹ ਗ਼ਰੀਬੀ ਵਿਚ ਹੰਡਾਈਆਂ ਹੋਈਆਂ ਖ਼ੂਬਸੂਰਤ ਮੌਜਾਂ ਅਤੇ ਮੇਰੀ ਭੁੱਖ ਦੇ ਭਾਈਵਾਲ ਯਾਰ ਮੇਰੇ ਨਾਲ ਨਾਲ ਹੀ ਰਹੇ। ਜਦੋਂ ਵੀ ਕਦੀ ਮਾਮਿਆਂ ਦੇ ਪਿੰਡ ਤੋਂ ਕੋਈ ਆਇਆ ਬੰਦਾ ਮੈਨੂੰ ਮਿਲਦਾ ਤਾਂ ਮੈਂ ਚਮਨ, ਫੇਰੂ ਅਤੇ ਕੂਲੇ ਦੇ ਨਾਲ ਨਾਲ ਬਸ਼ੀਰੇ ਮਰਾਸੀ ਦਾ ਵੀ ਜ਼ਰੂਰ ਪੁਛਦਾ।

ਇਕ ਦਿਨ ਦੂਰੋਂ ਨੇੜਿਉਂ ਮਾਮੇ ਦਾ ਪੁੱਤਰ ਅਬਦੁਲ ਵਾਹਿਦ ਆਇਆ ਤੇ ਪਿੰਡ ਰੰਗਲੇ ਦੀਆਂ ਗੱਲਾਂ ਕਰਦੇ ਕਰਦੇ ਵਾਹਿਦ ਨੇ ਦਸਿਆ ਕਿ ਬਸ਼ੀਰਾ ਮਰਾਸੀ ਲਾਹੌਰ ਦੇ ਨੇੜੇ ਸ਼ਾਹਦਰੇ ਆਣ ਵਸਿਆ ਹੈ। ਨਾਲ ਹੀ ਹੱਸ ਕੇ ਆਖਣ ਲੱਗਾ, ''ਸੁਣਿਐ ਉਸ ਹਰਾਮਦੇ ਨੇ ਪੀਰੀ ਮੁਰੀਦੀ ਸ਼ੁਰੂ ਕਰ ਦਿਤੀ ਏ ਤੇ ਅਪਣੇ ਆਪ ਨੂੰ ਸਈਅਦ ਬਸ਼ੀਰ ਸ਼ਾਹ ਅਖਵਾਂਦਾ ਹੈ।''

ਮੈਂ ਕਿਹਾ, ''ਵਾਹਿਦ, ਉਹ ਹਰਾਮਦਾ ਬੜੇ ਹੀ ਕੰਮ ਦਾ ਹੈ। ਰੰਗਲੇ ਨੂੰ ਗੁੱਜਰ ਕੰਜੂਸ ਪਨਾਹਗੀਰ ਤਾਂ ਉਸ ਵਿਚਾਰੇ ਨੂੰ ਵੱਟੀ ਚੌਲ ਵੀ ਨਹੀਂ ਸਨ ਦੇਂਦੇ। ਉਤੋਂ ਉਹ ਕੌਮ ਦਾ ਮਰਾਸੀ ਸੀ ਜਿਸ ਨੂੰ ਹੱਥੀਂ ਕੰਮ ਕਰਨਾ ਮਿਹਣਾ ਲਗਦਾ ਹੈ। ਉਹ ਝੋਨੇ ਦੀ ਵਾਢੀ ਅਤੇ ਗਾਭ ਕਿਵੇਂ ਲਵੇ? ਇਹ ਗ਼ਰੀਬ ਜਿਹੀ ਸੋਹਲ ਕੌਮ ਤਾਂ ਪਾਲੇ ਤੋਂ ਡਰਦੀ ਦਸ ਦਸ ਦਿਨ ਹਾੜ ਵਿਚ ਨਹੀਂ ਨਹਾਉਂਦੀ। ਝੋਨੇ ਦੀ ਪਨੀਰੀ ਕੱਦੂ ਕੀਤੇ ਖੇਤ ਵਿਚ ਵੜ ਕੇ ਬਸ਼ੀਰਾ ਤਾਂ ਕਦੀ ਵੀ ਨਹੀਂ ਲਾ ਸਕਦਾ। ਵੈਸੇ ਵੀ ਮਰਾਸੀ ਦਾ ਭਿੱਜ ਜਾਣਾ ਇੰਜ ਹੀ ਹੈ ਜਿਵੇਂ ਕਚਹਿਰੀ ਦਾ ਕੋਈ ਜ਼ਰੂਰੀ ਕਾਗ਼ਜ਼ ਭਿੱਜ ਜਾਵੇ।'' 

ਵਾਹਿਦ ਤਾੜੀ ਮਾਰ ਕੇ ਹਸਿਆ ਤੇ ਆਖਣ ਲੱਗਾ, ''ਓਏ ਮੀਨਿਆ (ਅਮੀਨ) ਤੂੰ ਵੀ ਬਸ਼ੀਰੇ ਦੀ ਬਹਿਣੀ ਬਹਿ ਕੇ ਮਰਾਸੀਆਂ ਤੋਂ ਘੱਟ ਨਹੀਂ। ਤੈਨੂੰ ਵੀ ਉਨ੍ਹਾਂ ਦੀ ਪੂਰੀ ਪੋਖੋ ਆ ਗਈ ਤੇ ਚੰਗੀ ਭਲੀ ਪੁੱਠ ਚੜ੍ਹ ਗਈ ਹੈ। ਨਾਲੇ ਤੂੰ ਵੀ ਤਾਂ ਪਨਾਹਗੀਰ ਗੁੱਜਰ ਹੋ ਕੇ ਅੱਜ ਸਾਡੀ ਗੋਦ ਵਿਚ ਬਹਿ ਕੇ ਦਾੜ੍ਹੀ ਪੁਟ ਰਿਹੈਂ। '47 ਵਿਚ ਅਸੀ ਉਜੜ-ਪੁੱਜੜ ਕੇ ਆਏ ਸਾਂ ਤੇ ਬਸ਼ੀਰੇ ਵੇਲੇ ਡਟੇ ਹਰਾਮਦੇ ਨੂੰ ਖੰਡ-ਘਿਉ ਕਿੱਥੋਂ ਪਾ ਦੇਂਦੇ? ਤੂੰ ਵੀ ਤਾਂ ਉਨ੍ਹਾਂ ਦਿਨਾਂ ਵਿਚ ਰੰਗਲੇ ਹੀ ਸੈਂ ਜਿਥੇ ਗੋਡੇ ਗੋਡੇ ਭੁੱਖ ਸੀ। ਬਸ਼ੀਰੇ ਅਤੇ ਚਮਨ ਈਸਾਈ ਹੋਰਾਂ ਦੇ ਗੜ੍ਹ ਤੇ ਉਜੜ ਕੇ ਜਾਣ ਵਾਲੇ ਸਿੱਖਾਂ ਦਾ ਲੁਟਿਆ ਹੋਇਆ ਵਾਧੂ ਮਾਲ ਸੀ।

ਤਿੰਨ ਤਿੰਨ ਸੱਜਰ ਸੂਈਆਂ ਮੱਝਾਂ ਦੇ ਮਾਲਕ ਬਣੀ ਬੈਠੇ ਸਨ। ਤੂੰ ਤਾਂ ਵੇਖਿਆ ਹੀ ਹੈ ਕਿ ਛੱਬਾ ਮਰਾਸੀ ਤੇ ਲਹਿਣਾ ਈਸਾਈ ਉਦੋਂ ਪਹਿਲਵਾਨੀ ਕਰਨ ਲੱਗ ਪਏ ਸਨ। ਜਦੋਂ ਲੁਟਿਆ ਹੋਇਆ ਮਾਲ ਬਿੱਲੇ ਲੱਗ ਗਿਆ ਤਾਂ ਪਹਿਲਵਾਨੀ ਛੱਡ ਕੇ ਗਲ ਵਿਚ ਬਗਲੀ ਪਾ ਲਈ। ਜਦੋਂ ਹੋਰ ਸੌੜ ਪਈ ਤਾਂ ਚਮਨ ਕਰਾਚੀ ਜਾ ਕੇ ਜਹਾਜ਼ਾਂ ਵਿਚ ਸਫ਼ਾਈ ਕਰਨ ਲੱਗ ਪਿਆ। ਬਸ਼ੀਰਾ ਹੱਥੀਂ ਕੁੱਝ ਨਾ ਕਰ ਸਕਿਆ ਤੇ ਪੀਰ ਬਣ ਕੇ ਗੱਲਾਂ ਦੀ ਕਮਾਈ ਖਾਣ ਲੱਗ ਪਿਆ।''ਮੈਂ ਆਖਿਆ, ''ਯਾਰ ਵਾਹਿਦ, ਛੱਡ ਸਾਰੀਆਂ ਗੱਲਾਂ। ਤੂੰ ਕਿਧਰੇ ਮੈਨੂੰ ਬਸ਼ੀਰਾ ਤਾਂ ਮਿਲਾ ਦੇ।''

ਉਹ ਆਖਣ ਲੱਗਾ, ''ਓਏ ਤੈਨੂੰ ਤਾਂ ਗੱਲਾਂ ਦਾ ਕਨਰਸ ਹੈ। ਸੁਣਿਐ ਉਹ ਹਰਾਮੀ ਸ਼ਾਹਦਰੇ ਮੋਚੀਪੁਰੇ ਮੋੜ ਕੋਲ ਅਪਣਾ ਆਸਣ ਜਮਾ ਕੇ ਲੋਕਾਂ ਨੂੰ ਸ਼ੁਦਾਈ ਬਣਾ ਕੇ ਸ਼ੁਦਾਅ ਦੀ ਰੋਟੀ ਖਾ ਰਿਹੈ। ਤੂੰ ਜਾ ਕੇ ਆਪ ਹੀ ਲੱਭ। ਸਾਡੇ ਕੋਲ ਇਨ੍ਹਾਂ ਕੰਮਾਂ ਲਈ ਵਿਹਲ ਨਹੀਂ ਤੇ ਨਾ ਹੀ ਉਹਦੀਆਂ ਢੇਕੀਆਂ ਸੁਣਨ ਦਾ ਸ਼ੌਕ।''
ਮੈਂ ਕਿਹਾ, ''ਵਾਹਿਦ! ਇਹ ਮਰਾਸੀ ਹੀ ਤਾਂ ਫ਼ਨਕਾਰ ਅਤੇ ਕਲਾਕਾਰ ਇਕ ਅਜਿਹਾ ਤਬਕਾ ਜਾਂ ਫ਼ਿਰਕਾ ਹੈ ਜੋ ਇਸ ਚਿੱਟੇ ਕਾਗ਼ਜ਼ ਵਰਗੀ ਦੁਨੀਆਂ ਉਤੇ ਰੰਗ ਭਰਦਾ ਹੈ। ਇਹ ਦੁਨੀਆਂ ਇਕ ਫਿੱਕੀ ਹਾਂਡੀ ਹੈ ਜਿਸ ਨੂੰ ਸਵਾਦੀ ਕਲਾਕਾਰੀ ਦਾ ਤੜਕਾ ਇਹ ਲੋਕ ਹੀ ਲਾਉਂਦੇ ਨੇ।

ਇਨ੍ਹਾਂ ਲੋਕਾਂ ਤੋਂ ਬਗ਼ੈਰ ਦੁਨੀਆਂ ਬਾਂਝ ਹੈ ਜਿਵੇਂ ਫੁੱਲਾਂ ਤੋਂ ਬਗ਼ੈਰ ਰੁੱਖ ਅਤੇ ਮਹਿੰਦੀ ਤੋਂ ਬਗ਼ੈਰ ਹੱਥ।'' ਵਾਹਿਦ ਖਿੜਖਿੜਾ ਕੇ ਹਸਿਆ ਅਤੇ ਜੁੱਤੀ ਝਾੜ ਕੇ ਪੈਰੀਂ ਪਾਉਂਦੇ ਹੋਏ ਆਖਣ ਲੱਗਾ, ''ਓਏ ਤੈਨੂੰ ਫੁੱਫੀ ਫ਼ਾਤਮਾ ਨੇ ਪਿੱਛੇ ਲੱਗ ਕੇ ਚਾਰ ਜਮਾਤਾਂ ਪੜ੍ਹਾ ਦਿਤੀਆਂ ਨੇ, ਨਹੀਂ ਤਾਂ ਤੂੰ ਵੀ ਕਿਸੇ ਇੰਜ ਦੇ ਟੋਲੇ ਵਿਚ ਹੀ ਢੋਲਕੀ-ਛੈਣੇ ਵਜਾਂਦੇ ਫਿਰਦੇ ਹੋਣਾ ਸੀ। ਹੁਣ ਵੀ ਮਰਾਸੀਆਂ ਵਾਲਾ ਹੀ ਕੰਮ ਕੀਤਾ ਈ ਕਿ ਪਿੰਡੋਂ ਅਪਣੀ ਜੱਦੀ-ਪੁਸ਼ਤੀ ਸਾਰੀ ਭੋਇੰ ਵੇਚ-ਵੱਟ ਛੱਡੀ ਆ।

ਕੀ ਲੋੜ ਸੀ? ਏਨੀ ਵੱਡੀ ਕੋਠੀ ਪਾ ਕੇ ਪੈਸਿਆਂ ਦਾ ਨਾਸ ਪੁੱਟ ਛਡਿਆ ਈ। ਇਹੀ ਰਕਮ ਲਾ ਕੇ ਰੰਗਲੇ ਡੇਢ ਮੁਰੱਬਾ ਜ਼ਮੀਨ ਖ਼ਰੀਦ ਲੈਂਦਾ ਤਾਂ ਸਾਰੀ ਹਿਆਤੀ ਰੋਟੀਆਂ, ਨਾਲੇ ਚੋਧਰਾਹਟ ਵਖਰੀ ਹੋਣੀ ਸੀ।''ਵਾਹਿਦ ਦੀਆਂ ਸੁਣ ਕੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਤੇ ਵਾਹਿਦ ਵਖਰੇ ਵਖਰੇ ਰਾਹਾਂ ਦੇ ਪਾਂਧੀ ਹਾਂ। ਉਹ ਭੁੱਖਾਂ ਕੱਟ ਕੇ ਭੋਇੰ ਖ਼ਰੀਦੀ ਜਾਂਦਾ ਹੈ ਤੇ ਜ਼ਿੰਦਗੀ ਨੂੰ ਜ਼ਮੀਨ ਉਤੇ ਖ਼ਰਚ ਰਿਹਾ ਹੈ। ਦੂਜੇ ਪਾਸੇ ਮੈਂ ਜ਼ਮੀਨ ਨੂੰ ਜ਼ਿੰਦਗੀ ਉਤੇ ਕੁਰਬਾਨ ਕਰ ਦਿਤਾ ਹੈ ਕਿਉਂਕਿ ਇਹ ਮਿੱਟੀ ਸਦਾ ਹੀ ਇੱਥੇ ਰਹੇਗੀ ਤੇ ਜ਼ਿੰਦਗੀ ਚਾਰ ਦਿਨ ਦੀ ਪ੍ਰਾਹੁਣੀ ਹੈ। ਪ੍ਰਾਹੁਣੇ ਨੂੰ ਭੁੱਖਾ ਰਖਣਾ ਗੁਨਾਹ ਅਤੇ ਪਾਪ ਹੈ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM
Advertisement