
Special Article: ਹੁਣ ਦੇਵੀ ਦੇਵਤਿਆਂ ਦੀ ਗਿਣਤੀ ਹੋਰ ਵਧਦੀ ਜਾ ਰਹੀ ਹੈ। ਹਰ ਜਾਤੀ ਦਾ ਇਕ ਵੱਡਾ ਦੇਵਤਾ ਹੋ ਗਿਆ ਹੈ....
There are as many castes as there are gods News in punjabi : ਕੇਵਟ (ਕਿਸ਼ਤੀ ਚਲਾਉਣ ਵਾਲੀ ਇਕ ਜਾਤੀ, ਮਲਾਹ) ਯਾਨੀ ਨਿਸ਼ਾਦ ਰਾਜ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਮਾਮੂਲੀ ਮੱਛੀਆਂ ਫੜਨ ਵਾਲਾ ਅਤੇ ਮੱਲਾਹ ਸੀ। ਰਾਮਾਇਣ ਦੇ ਗ਼ਰੀਬ, ਦਲਿਤ ਅਤੇ ਦੀਨ ਹੀਣ ਇਸ ਕਿਰਦਾਰ ਬਾਰੇ ਲੋਕ ਇਹ ਵੀ ਜਾਣਦੇ ਹਨ ਕਿ ਉਸ ਨੇ ਰਾਮ ਜੀ ਨੂੰ ਨਦੀ ਪਾਰ ਕਰਾਈ ਸੀ ਅਤੇ ਬਦਲੇ ਵਿਚ ਮਿਹਨਤਾਨਾ ਨਹੀਂ ਸਗੋਂ ਆਸ਼ੀਰਵਾਦ ਅਤੇ ਮੋਕਸ਼ ਚਾਹਿਆ ਸੀ। ਤ੍ਰੇਤਾ ਤੋਂ ਕਲਯੁਗ ਆਉਂਦੇ ਆਉਂਦੇ ਕੇਵਟ ਕਦੋਂ ਆਦਮੀ ਤੋਂ ਦੇਵਤਾ ਹੋ ਗਿਆ, ਇਸ ਦੀ ਕਿਸੇ ਨੂੰ ਹਵਾ ਵੀ ਨਾ ਲੱਗੀ। ਹੋਰ ਤਾਂ ਹੋਰ, ਉਸ ਦੀ ਜਯੰਤੀ ਵੀ ਬੜੀ ਧੂਮਧਾਮ ਨਾਲ ਮਨਾਈ ਜਾਣ ਲੱਗੀ ਹੈ। ਤੀਜ ਤਿਉਹਾਰਾਂ ਅਤੇ ਜਯੰਤੀਆਂ ਵਾਲੇ ਸਾਡੇ ਦੇਸ਼ ਵਿਚ 14 ਮਈ 2023 ਨੂੰ ਕੇਵਟ ਜਯੰਤੀ ਸਰਕਾਰੀ ਪੱਧਰ ਉਤੇ ਭੋਪਾਲ ਦੇ ਮੁੱਖ ਮੰਤਰੀ ਨਿਵਾਸ ਵਿਚ ਮਨਾਈ ਗਈ ਸੀ।
ਮੁੱਖ ਮਹਿਮਾਨ, ਸਪੱਸ਼ਟ ਹੈ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਨ ਅਤੇ ਤਾੜੀਆਂ ਵਜਾਉਣ ਲਈ ਕੇਵਟ ਦੇ ਕੁੱਝ ਵੰਸ਼ਜ ਮੌਜੂਦ ਸਨ ਜਿਨ੍ਹਾਂ ਦੇ ਚਿਹਰਿਆਂ ਤੋਂ ਖ਼ੁਸ਼ੀ ਅਤੇ ਘਮੰਡ ਟਪਕਾ ਰਹੇ ਸਨ। ਉਨ੍ਹਾਂ ਉਤੇ ਫੁੱਲ ਵਰਸਾਏ ਜਾ ਰਹੇ ਸਨ। ਆਖ਼ਰ ਗੱਲ ਸੀ ਵੀ ਕੁੱਝ ਅਜਿਹੀ ਹੀ। ਉਨ੍ਹਾਂ ਦੇ ਵਡੇਰਿਆਂ ਨੂੰ ਦੇਵਤੇ ਦਾ ਦਰਜਾ ਜੋ ਮਿਲ ਗਿਆ ਸੀ। ਦੇਵਤਾ ਉਹੀ ਹੁੰਦਾ ਹੈ ਜਿਸ ਦੇ ਮੰਦਰ ਹੋਣ, ਮੂਰਤੀਆਂ ਹੋਣ, ਜਿਸ ਦਾ ਪੂਜਾ ਪਾਠ ਹੋਵੇ ਅਤੇ ਜਿਸ ਦੀ ਜਯੰਤੀ ਮਨਾਈ ਜਾਵੇ। ਇਕ ਪੰਡਤ-ਪੁਜਾਰੀ ਹੋਵੇ, ਚੜ੍ਹਾਵਾ ਚੜ੍ਹੇ। ਚੁਨਾਵੀ ਸਾਲ ਵਿਚ ਕੇਵਟ ਸਮਾਜ ਦੀ ਭੀੜ ਦੇਖ ਕੇ ਸ਼ਿਵਰਾਜ ਸਿੰਘ ਖ਼ੁਸ਼ ਸਨ ਅਤੇ ਉਨ੍ਹਾਂ ਦੇ ਚੇਲੇ-ਚਪਾਟੇ ਹਿਸਾਬ ਕਿਤਾਬ ਲਗਾ ਰਹੇ ਸਨ ਕਿ ਕਿਹੜੀ ਵਿਧਾਨਸਭਾ ਸੀਟ ਉੱਤੇ ਇਨ੍ਹਾਂ ਨਿਸ਼ਾਦਰਾਜਾਂ ਦੇ ਕਿੰਨੇ ਵੋਟ ਹਨ ਤੇ ਮੁੱਖ ਮੰਤਰੀ ਨੇ ਜਿਹੜੀਆਂ ਘੋਸ਼ਣਾਵਾਂ ਕੀਤੀਆਂ ਹਨ ਉਨ੍ਹਾਂ ਦਾ ਕਿੰਨਾ ਲਾਭ ਭਾਜਪਾ ਨੂੰ ਮਿਲੇਗਾ।
ਇਹ ਸਿਆਸੀ ਮੁਨੀਮ ਇਹ ਯਾਦ ਕਰ ਕੇ ਵੀ ਫੁੱਲੇ ਨਹੀਂ ਸਮਾ ਰਹੇ ਸਨ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਅਤੇ ਯੋਗੀ ਅਦਿਤਯਨਾਥ ਦੀ ਵੀ ਬੇੜੀ ਇਸੇ ਸਮਾਜ ਦੇ ਲੋਕਾਂ ਨੇ ਪਾਰ ਲਗਾਉਣ ਵਿਚ ਅਹਿਮ ਰੋਲ ਨਿਭਾਇਆ ਸੀ। ਸ਼ਾਇਦ ਪਹਿਲੀ ਵਾਰ ਇਨ੍ਹਾਂ ਕੇਵਟਾਂ ਨੇ ਸਮਝਿਆ ਕਿ ਨਿਸ਼ਾਦਰਾਜ ਹਿੰਦੂ ਪੋਂਗਾ ਪੰਥੀ ਲਈ ਕਿਸੇ ਰੱਬ ਤੋਂ ਘੱਟ ਨਹੀਂ ਹੈ। ਕੁੱਝ ਦੇਰ ਇਧਰ ਉਧਰ ਦੀਆਂ ਗੱਲਾਂ ਕਰ ਕੇ ਸ਼ਿਵਰਾਜ ਸਿੰਘ ਮੁੱਦੇ ਦੀ ਗੱਲ ਉਤੇ ਆਉਂਦੇ ਬੋਲੇ, ਤੁਸੀ ਲੋਕ ਇਕ ਥਾਂ ਤੈਅ ਕਰ ਲਵੋ ਜਿਥੇ ਸ਼ਾਨਦਾਰ ਅਤੇ ਵਿਸ਼ਾਲ ਨਿਸ਼ਾਦਰਾਜ ਸਮਾਰਕ ਬਣਾਇਆ ਜਾਵੇਗਾ। ਨਿਸ਼ਾਦਰਾਜ ਦੀਆਂ ਮੂਰਤੀਆਂ ਵੀ ਲਗਾਈਆਂ ਜਾਣਗੀਆਂ। ਫਿਰ, ਉਹ ਪ੍ਰਤੀਕ ਰੂਪ ਵਿਚ ਕਿਸ਼ਤੀ ਉੱਤੇ ਵੀ ਚੜ੍ਹੇ। ਇਸੇ ਦਿਨ ਕੇਵਟਾਂ ਉਤੇ ਡੋਰੇ ਪ੍ਰਦੇਸ਼ ਕਾਂਗਰਸ ਵੀ ਅਪਣੇ ਦਫ਼ਤਰ ਵਿਚ ਸਮਾਰੋਹਪੂਰਵਕ ਪਾ ਰਹੀ ਸੀ। ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀ ਕੇਵਟਾਂ ਨੂੰ ਦਾਣਾ ਚੁਗਾਇਆ। ਇਨ੍ਹਾਂ ਦੋ ਪ੍ਰੋਗਰਾਮਾਂ ਤੋਂ ਸਾਬਤ ਹੋ ਗਿਆ ਕਿ ਨਿਸ਼ਾਦ ਸਮੂਹ ਦੇ ਲੋਕ ਵੀ ਹੁਣ ਦੇਵਤੇ ਤੋਂ ਵਾਝੇ ਨਹੀਂ ਰਹੇ। ਕੁਲ ਜਮ੍ਹਾਂ ਦੇਵਤਿਆਂ ਦੀ ਸੂਚੀ ਵਿਚ ਹੋਰ ਇਕ ਨਵਾਂ ਨਾਂ ਸ਼ਾਮਲ ਹੋ ਗਿਆ ਹੈ।
ਸਵਰਣ ਦੇਵਤਿਆਂ ਦੀ ਤਲਬ :
ਲੱਭਣ ਉਤੇ ਵੀ ਕੋਈ ਜਾਤੀ ਅਜਿਹੀ ਨਹੀਂ ਮਿਲੇਗੀ ਜਿਸ ਦਾ ਅਪਣਾ ਕੋਈ ਖ਼ਾਸ ਦੇਵੀ ਜਾਂ ਦੇਵਤਾ ਨਾ ਹੋਵੇ। ਦੇਸ਼ ਵਿਚ ਲਗਭਗ ਤਿੰਨ ਹਜ਼ਾਰ ਜਾਤਾਂ ਹਨ। ਇਸ ਹਿਸਾਬ ਨਾਲ ਦੇਵਤਿਆਂ ਦੀ ਗਿਣਤੀ ਵੀ ਤਿੰਨ ਹਜ਼ਾਰ ਹੋਣੀ ਚਾਹੀਦੀ ਹੈ। ਹੁਣ ਇਹ ਅਪਣੀ ਅਪਣੀ ਸਮਝ ਉੱਤੇ ਨਿਰਭਰ ਹੈ ਕਿ ਜਾਤੀ ਦੀ ਗਿਣਤੀ ਦੇ ਅਨੁਸਾਰ ਦੇਵਤਿਆਂ ਦੀ ਗਿਣਤੀ ਮੰਨੀ ਜਾਵੇ ਜਾਂ ਦੇਵਤਿਆਂ ਦੀ ਗਿਣਤੀ ਦੇ ਅਨੁਸਾਰ ਜਾਤੀਆਂ ਮੰਨੀਆਂ ਜਾਣ। ਹਰ ਸੂਬੇ ਵਿਚ ਸੈਂਕੜੇ ਹਜ਼ਾਰਾਂ ਦੇਵਤੇ ਅਜਿਹੇ ਹਨ ਜਿਨ੍ਹਾਂ ਦੇ ਨਾਂ ਵੀ ਕਿਸੇ, ਖ਼ਾਸ ਤੌਰ ’ਤੇ ਸ਼ਹਿਰੀਆਂ ਨੇ, ਨਹੀਂ ਸੁਣੇ ਹੋਣਗੇ। ਇਕ ਦਿਲਚਸਪ ਉਦਾਹਰਣ ਇਕੱਲੇ ਉੱਤਰੀ ਬਿਹਾਰ ਦਾ ਲਵੋ ਤਾਕਿ ਰੀਪੋਰਟ ਦੇ ਅਨੁਸਾਰ ਉਥੋਂ ਦੇ 140 ਵਿਧਾਨਸਭਾ ਖੇਤਰਾਂ ਵਿਚ ਦਰਜਨਾਂ ਦੇਵਤੇ ਪੂਜੇ ਜਾਂਦੇ ਹਨ। ਉਨ੍ਹਾਂ ਦੇ ਨਾਂ ਵੀ ਹਿੰਦੂ ਦੇਵਤਿਆਂ ਤੋਂ ਹਟ ਕੇ ਹਨ, ਜਿਵੇਂ ਗੌਰੇਆ ਬਾਬਾ, ਬੰਦੀ ਮਾਈ, ਸੋਖਾ ਬਾਬਾ, ਬਰਹਮ ਬਾਬਾ, ਗਿਹਲ, ਵਿਸ਼ਹਰਾ, ਸਾਮਤੀ, ਸਲਹੇਮ ਆਦਿ। ਇਹ ਸਾਰੇ ਦਲਿਤ ਜਾਤੀਆਂ ਦੇ ਦੇਵਤੇ ਹਨ, ਇਸ ਲਈ ਵੀ ਦਲਿਤਾਂ ਨੂੰ ਸਵਰਨਾਂ ਦੇ ਦੇਵਤਿਆਂ ਜਿਵੇਂ ਰਾਮ ਵਿਸ਼ਨੂੰ, ਚੱਕਰਧਾਰੀ ਕ੍ਰਿਸ਼ਨ, ਬ੍ਰਹਮਾ ਦੀ ਤਲਬ ਨਹੀਂ ਲਗਦੀ।
ਇੰਡੀਅਨ ਕੌਂਸਲ ਆਫ਼ ਹਿਸਟੋਰੀਅਨ ਰੀਸਰਚ ਦੇ ਇਕ ਸਕਾਲਰ ਪ੍ਰਦੀਪਕਾਂਤ ਚੌਧਰੀ ਦੀ ਇਹ ਰਿਸਰਚ ਜਾਤੀਆਂ ਦੇ ਦੇਵਤਿਆਂ ਦੇ ਲਿਹਾਜ਼ ਨਾਲ ਕਾਫ਼ੀ ਦਿਲਚਸਪ ਹੈ। ਪ੍ਰਦੀਪਕਾਂਤ ਅਨੁਸਾਰ ਉੱਚੀ ਜਾਤੀ ਵਾਲਿਆਂ ਵਿਚ ਕੁਲ ਦੇਵੀ ਜਾਂ ਦੇਵਤਾ ਆਮਤੌਰ ਉੱਤੇ ਇਕ ਹੁੰਦਾ ਹੈ। ਉਨ੍ਹਾਂ ਤੋਂ ਛੋਟੀਆਂ ਜਾਤੀਆਂ, ਯਾਦਵ ਕੁਰਮੀ ਆਦਿ ਵਿਚ ਇਹੀ ਗਿਣਤੀ 2 ਤੋਂ 3 ਹੋ ਜਾਂਦੀ ਹੈ ਜਦਕਿ ਦਲਿਤ ਅਤੇ ਮਹਾਂ ਦਲਿਤ ਜਾਤੀਆਂ ਵਿਚ ਦਰਜਨ ਭਰ ਤੋਂ ਜ਼ਿਆਦਾ ਦੇਵਤੇ ਪੂਜੇ ਜਾਂਦੇ ਹਨ।
ਜਾਤੀਗਤ ਜਨਗਣਨਾ ਨੂੰ ਲੈ ਕੇ ਕਾਫ਼ੀ ਹੱਲਾ ਮਚਿਆ ਹੋਇਆ ਹੈ। ਇਸ ਤੋਂ ਕੁੱਝ ਹੋਰ ਪ੍ਰਾਪਤ ਹੋਵੇ ਜਾਂ ਨਾ ਹੋਵੇ, ਇਹ ਜ਼ਰੂਰ ਸਾਫ਼ ਹੋ ਜਾਵੇਗਾ ਕਿ ਆਖਰ ਦੇਵਤੇ ਕਿੰਨੇ ਹਨ। ਸਾਲ 1901 ਦੀ ਜਨਗਣਨਾ, ਜਿਹੜੀ ਸੱਚਾਈ ਦੇ ਜ਼ਿਆਦਾ ਨੇੜੇ ਮੰਨੀ ਜਾਂਦੀ ਹੈ, ਅਨੁਸਾਰ ਦੇਸ਼ ਵਿਚ ਜਾਤੀਆਂ ਦੀ ਗਿਣਤੀ 2,378 ਹੈ। ਹੁਣ ਉਸੇ ਅਨੁਪਾਤ ਵਿਚ ਦੇਵਤਿਆਂ ਦੀ ਗਿਣਤੀ ਕੁੱਝ ਵਧੀ ਹੈ ਤਾਂ ਉਹ ਕੇਵਟ ਵਰਗਿਆਂ ਨੂੰ ਦੇਵਤੇ ਦਾ ਦਰਜਾ ਦੇ ਦੇਣ ਦੇ ਕਾਰਨ ਵਧੀ ਹੈ। ਕੁੱਝ ਸਮਾਜਸ਼ਾਸਤਰੀ ਉਪਜਾਤੀਆਂ ਦੀ ਗਿਣਤੀ 25 ਹਜ਼ਾਰ ਦੇ ਲਗਭਗ ਦਸਦੇ ਹਨ, ਯਾਨੀ ਜਾਤੀ ਦੀ ਵੀ ਜਾਤੀ ਹੁੰਦੀ ਹੈ। ਇਸ ਲਿਹਾਜ਼ ਤੋਂ ਇੰਨੇ ਹੀ ਉਪਦੇਵਤੇ ਵੀ ਹੁੰਦੇ ਹਨ।
ਜਾਤੀਆਂ ਬਾਰੇ ਕੁੱਝ ਵੀ ਸਪੱਸ਼ਟ ਜਾਂ ਪ੍ਰਮਾਣਕ ਨਹੀਂ ਹੈ। ਹੁਣ ਤੋਂ ਸੌ ਸਾਲ ਪਹਿਲਾਂ ਮੁੰਬਈ ਯੂਨੀਵਰਸਟੀ ਦੇ ਮਸ਼ਹੂਰ ਸਮਾਜ ਸ਼ਾਸਤਰੀ ਡਾਕਟਰ ਜੀ ਐਸ ਯੁਰਯੇ, ਜਿਨ੍ਹਾਂ ਨੂੰ ਭਾਰਤ ਵਿਚ ਸਮਾਜ ਸ਼ਾਸਤਰ ਦਾ ਬਾਨੀ ਵੀ ਮੰਨਿਆ ਜਾਂਦਾ ਹੈ, ਨੇ ਲੰਮਾ ਚੌੜਾ ਹਿਸਾਬ ਕਿਤਾਬ ਲਗਾ ਕੇ ਦਸਿਆ ਸੀ ਕਿ ਦੇਸ਼ ਵਿਚ ਜਾਤੀਆਂ ਦੀ ਕੁਲ ਗਿਣਤੀ 3 ਹਜ਼ਾਰ ਹੋਣੀ ਚਾਹੀਦੀ ਹੈ। ਪਰੰਤੂ ਉਨ੍ਹਾਂ ਦੇ ਹਿਸਾਬ ਦਾ ਪੋਸਟ ਮਾਰਟਮ ‘ਭਾਰਤ ਵਿਚ ਜਾਤੀਆਂ ਦਾ ਇਤਿਹਾਸ’ ਨਾਂ ਦੀ ਕਿਤਾਬ ਦੇ ਲੇਖਕ ਸ਼੍ਰੀਧਰ ਕੇਤਕਰ ਦੀ ਇਹ ਥਿਊਰੀ ਕਰਦੀ ਹੈ ਕਿ ਸਿਰਫ਼ ਬ੍ਰਾਹਮਣਾਂ ਦੀਆਂ ਹੀ 800 ਉਪਜਾਤੀਆਂ ਹਨ। ਇਸ ਲਿਹਾਜ਼ ਤੋਂ ਤਾਂ ਸ਼ੂਦਰਾਂ ਦੀਆਂ ਉਪਜਾਤੀਆਂ 10 ਗੁਣਾ ਤੋਂ ਵੀ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ। ਜਾਤੀਆਂ ਧਰਮ ਦੇ ਹਿਸਾਬ ਨਾਲ ਬਣੀਆਂ ਹੋਣ ਜਾਂ ਕਰਮ ਯਾਨੀ ਪੇਸ਼ੇ ਦੇ ਹਿਸਾਬ ਨਾਲ, ਸ਼ੂਦਰਾਂ ਦੀਆਂ ਸੱਭ ਤੋਂ ਜ਼ਿਆਦਾ ਹਨ।
ਇਹ ਗੱਲ ਵੀ ਘੱਟ ਦਿਲਚਸਪ ਨਹੀਂ ਹੈ ਕਿ ਕੁੱਝ ਜਾਤੀਆਂ ਦੇ ਇਕ ਤੋਂ ਵੱਧ ਵੀ ਦੇਵਤੇ ਹਨ ਪਰੰਤੂ ਇਕ ਤੋਂ ਵੱਧ ਦੇਵਤਿਆਂ ਨੂੰ ਮੰਨਣ ਦੀ ਛੂਟ ਜਾਂ ਸਹੂਲੀਅਤ ਸਿਰਫ਼ ਉੱਚੀ ਜਾਤੀ ਵਾਲਿਆਂ ਨੂੰ ਹੈ। ਨੀਵੀਂ ਜਾਤ ਵਾਲੇ ਆਮਤੌਰ ਤੇ ਅਪਣੀ ਉਪਜਾਤੀ ਦਾ ਦੇਵਤਾ ਹੀ ਪੂਜਦੇ ਹਨ। ਕਾਯਸਥ (ਲਿਖਣ ਦਾ ਕੰਮ ਕਰ ਕੇ ਅਪਣੀ ਰੋਜ਼ੀ ਰੋਟੀ ਚਲਾਉਣ ਵਾਲੀ ਇਕ ਜਾਤੀ) ਹੋਣ ਦੇ ਨਾਤੇ ਇਹ ਲੇਖਕ ਬਚਪਨ ਤੋਂ ਹੀ ਸੁਣਦਾ ਆਇਆ ਹੈ ਕਿ ਸਾਡੇ ਦੇਵਤਾ ਚਿੱਤਰਗੁਪਤ ਹਨ ਜਿਹੜੇ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਪਾਪ ਪੁੰਨਾਂ ਦਾ ਲੇਖਾ ਜੋਖਾ ਰਖਦੇ ਹਨ। ਲੇਕਿਨ ਬਚਪਨ ਤੋਂ ਹਰ ਕਾਯਸਥ ਇਹ ਵੀ ਸੁਣਦਾ ਆਇਆ ਹੈ ਕਿ ਅਸੀ ਸ਼੍ਰੀਵਾਸਤਵ ਲੋਕ ਬਾਕੀ 11 ਜਾਤੀਆਂ ਤੋਂ ਸਰਵਸਰੇਸ਼ਟ (ਸੱਭ ਤੋਂ ਵਧੀਆ) ਹਾਂ। ਯਾਨੀ ਏਕਤਾ ਸਿਰਫ਼ ਦੇਵਤਾ ਜਾਂ ਪੂਜਣ ਦੇ ਪੱਧਰ ਉਤੇ ਹੈ।
ਇਸ ਤੋਂ ਬਾਅਦ ਤਾਂ ਉਪਜਾਤੀ, ਗੋਤਰ, ਕੁਲਦੇਵੀ, ਦੇਵਤਿਆਂ ਅਤੇ ਬਾਪ ਦਾਦਿਆਂ ਦਾ ਵਰਣਨ ਸ਼ੁਰੂ ਹੋ ਜਾਂਦਾ ਹੈ। ਹੁਣ ਇਹ ਸਵਾਲ ਵੀ ਬਿਨਾ ਜਵਾਬ ਤੋਂ ਹੀ ਰਹਿ ਜਾਂਦਾ ਹੈ ਕਿ ਜਦ ਚਿੱਤਰਗੁਪਤ ਸਾਡਾ ਦੇਵਤਾ ਹੈ ਤਾਂ ਅਸੀਂ ਰਾਮ ਜੀ, ਕ੍ਰਿਸ਼ਨ ਜੀ, ਸ਼ਿਵ ਜੀ ਜਾਂ ਕਿਸੇ ਦੇਵੀ ਨੂੰ ਕਿਊਂ ਪੂਜੀਏ? ਇਸ ਦਾ ਜਵਾਬ ਬਹੁਤ ਦਿਲਚਸਪ ਹੈ ਕਿ ਚਿੱਤਰਗੁਪਤ ਦੇ ਪੂਜਾ ਪਾਠ ਵਿਚ ਕਿਸੇ ਨੂੰ ਦੱਛਣਾ ਨਹੀਂ ਦੇਣੀ ਪੈਂਦੀ ਪਰੰਤੂ ਬਾਕੀਆਂ ਨੂੰ ਪੂਰਣ ਭਗਵਾਨ ਦਾ ਦਰਜਾ ਪ੍ਰਾਪਤ ਹੈ, ਇਸ ਲਈ ਉਨ੍ਹਾਂ ਦੇ ਪੂਜਾ ਪਾਠ ਵਿਚ ਬ੍ਰਾਹਮਣ ਨੂੰ ਦਾਨ ਦੇਣ ਦਾ ਵਿਧਾਨ ਹੈ।
ਦੇਸ਼ ਦੇ ਬਾਣੀਏ ਅਤੇ ਵੈਸ਼ ਕ੍ਰਿਸ਼ਨ ਜੀ ਦਾ ਬਾਲ ਰੂਪ ਪੂਜਦੇ ਹਨ ਪਰੰਤੂ ਉਨ੍ਹਾਂ ਦਾ ਅਪਣੀ ਜਾਤੀ ਦੇ ਅਨੁਸਾਰ ਵੀ ਇਕ ਵੱਖਰਾ ਦੇਵਤਾ ਹੈ। ਮਿਸਾਲ ਵਜੋਂ, ਅਗਰਵਾਲ ਲੋਕ ਅਗਰਸੇਨ ਮਹਾਰਾਜ ਨੂੰ ਤੇ ਮਹੇਸ਼ਵਰੀ ਮਹੇਸ਼ ਨੂੰ ਪੂਜਦੇ ਹਨ। ਇਹ ਸ਼ੰਕਰ ਦਾ ਦੂਜਾ ਨਾਂ ਹੈ। ਪਰੰਤੂ ਪੂਜਾ ਪਾਠ ਦੇ ਤੌਰ ਤਰੀਕੇ ਅਲੱਗ ਹਨ। ਜੇਕਰ ਇਹ ਮਹੇਸ਼ ਸ਼ੰਕਰ ਹੀ ਹੁੰਦਾ ਤਾਂ ਮਹੇਸ਼ਵਰੀ ਵੀ ਮਹੇਸ਼ ਨੌਵੀਂ ਦੀ ਬਜਾਏ ਸ਼ਿਵਰਾਤਰੀ ਮਨਾਉਂਦੇ ਪਰੰਤੂ ਉਨ੍ਹਾਂ ਦੀ ਮਹੇਸ਼ ਜਯੰਤੀ ਜੇਠ ਮਹੀਨੇ ਦੀ ਚਾਨਣ ਪੱਖ ਦੀ ਨੌਵੀਂ ਨੂੰ ਮਨਾਉਣਾ ਦਸਦਾ ਹੈ ਕਿ ਧਰਮ ਦੀ ਮਹਿਮਾ ਅਤੇ ਦੁਕਾਨ ਕਿੰਨੀ ਵਿਸ਼ਾਲ ਹੈ। (ਚਲਦਾ)