Guru Nanak Dev Ji Parkash Purab: ਕਲਯੁਗ 'ਚ ਸਤਿ ਦਾ ਸੂਰਜ ਬਣ ਆਇਆ ਗੁਰੂ ਨਾਨਕ 
Published : Nov 5, 2025, 6:46 am IST
Updated : Nov 5, 2025, 7:48 am IST
SHARE ARTICLE
Guru Nanak Dev Ji Parkash Purab:
Guru Nanak Dev Ji Parkash Purab:

ਗੁਰੂ ਨਾਨਕ ਸਾਹਿਬ ਦਾ ਮਹਾਨ ਉਪਕਾਰ ਸੀ ਕਿ ਉਨ੍ਹਾਂ ਨੇ ਪ੍ਰਮਾਤਮਾ ਨੂੰ ਖ਼ਾਸ ਅਸਥਾਨਾਂ, ਰੂਪ, ਰੰਗ, ਵਰਨ ਤੋਂ ਬਾਹਰ ਲਿਆ ਕੇ, ਉਸ ਦੇ ਨੇੜੇ ਤੋਂ ਨੇੜੇ ਤੇ ਸਰਵ ਵਿਆਪੀ ਦਰਸ਼ਨ ਕਰਵਾਏ

Guru Nanak Dev Ji Parkash Purab: ਸੰਤਾਪ ਨਾਲ ਤੱਪ ਰਹੀ ਮਨੁੱਖਤਾ ਦਾ ਠਾਰ ਬਣ ਕੇ ਆਇਆ, ਅਗਿਆਨ ਦੇ ਹਨੇਰੇ ’ਚ ਭਟਕ ਰਹੇ ਲੋਕਾਂ ਲਈ ਗਿਆਨ ਦੀ ਮਸ਼ਾਲ ਬਣ ਕੇ ਆਇਆ, ਜਬਰ ਜ਼ੁਲਮ ਦੀ ਅੰਤ-ਹੀਣ ਰਾਤ ਦਾ ਤ੍ਰਾਸ ਸਹਿ ਰਹੇ ਦੀਨ ਲਈ ਆਸ ਦੀ ਸੋਹਣੀ ਸਵੇਰ ਬਣ ਕੇ ਆਇਆ, ਜਨਮਾਂ ਜਨਮਾਂ ਦੇ ਪਾਪਾਂ ਦੀ ਪੰਡ ਸਿਰ ’ਤੇ ਢੋਹ ਰਹੇ ਬੇਬਸ ਲਾਚਾਰ ਲਈ ਮੁਕਤੀ ਦਾ ਦਾਤਾ ਬਣ ਕੇ ਆਇਆ, ਉਹ ਗੁਰੂ ਨਾਨਕ ਸੀ ਜੋ ਪੂਰੀ ਲੋਕਾਈ ਨੂੰ ਤਾਰਨ ਆਇਆ। ਗੁਰੂ ਨਾਨਕ ਸਾਹਿਬ ਨੇ ਪੂਰੀ ਮਨੁੱਖਤਾ ਨੂੰ ਅਪਣਾ ਸਮਝਿਆ, ਸਾਰਿਆਂ ਦੀ ਚਿੰਤਾ ਕੀਤੀ, ਹਰ ਇਕ ਲਈ ਅਪਣਾ ਦਰ-ਘਰ ਸਦਾ ਖੋਲ੍ਹ ਕੇ ਰਖਿਆ। ਗੁਰੂ ਸਾਹਿਬ ਅਦੁੱਤੀ ਹਿੰਮਤ ਤੇ ਤਾਕਤ ਦੇ ਮੁਜੱਸਮੇ ਬਣ ਕੇ ਸੰਸਾਰ ’ਚ ਆਏ ਸਨ। ਸਦੀਆਂ ਤੋਂ ਪੈਰ ਜਮਾ ਕੇ ਧਾਰਮਕ, ਸਮਾਜਕ ਵਿਵਸਥਾ ਦਾ ਹਿੱਸਾ ਬਣੇ ਹੋਏ  ਜਿਸ ਕੂੜ, ਝੂਠ, ਆਡੰਬਰ ਵਿਰੁਧ ਕੋਈ ਬੋਲਣ ਤੋਂ ਵੀ ਡਰਦਾ ਸੀ, ਗੁਰੂ ਨਾਨਕ ਸਾਹਿਬ ਨੇ ਸਿੱਧੀ ਤੇ ਜ਼ੋਰਦਾਰ ਚੋਟ ਕੀਤੀ।

ਗੁਰੂ ਸਾਹਿਬ ਦਾ ਢੰਗ ਨਿਰਾਲਾ ਤੇ ਪ੍ਰਭਾਵਕਾਰੀ ਸੀ। ਸੱਚ ਦੀ ਗੱਲ ਗੁਰੂ ਸਾਹਿਬ ਨੇ ਅਪਣੇ ਤੋਂ ਆਰੰਭ ਕੀਤੀ ਤੇ ਸਮਾਜ ਤਕ ਲੈ ਕੇ ਗਏ। ਸ਼ਬਦੀ ਗਿਆਨ ਦੀ ਥਾਂ ਹਿੱਤਕਾਰੀ ਗਿਆਨ ਲਈ ਪਾਂਧੇ, ਮੌਲਵੀ ਦੇ ਸਾਹਮਣੇ ਪਹਿਲਾਂ ਗੁਰੂ ਸਾਹਿਬ ਆਪ ਖੜੇ ਹੋਏ। ਸੂਤ ਦੇ ਜਨੇਊ ਨੂੰ ਨਕਾਰ ਕੇ ਦਇਆ, ਸੰਤੋਖ, ਜਤ-ਸਤ ਆਦਿ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਗੁਰੂ ਸਾਹਿਬ ਆਪ ਬਣੇ। ਜੀਵਨ ਦਾ ਸੱਚਾ ਲਾਹਾ ਕੀ ਹੈ, ਕਿਵੇਂ ਖੱਟਣਾ ਹੈ, ਇਹ ਵੀ ਗੁਰੂ ਸਾਹਿਬ ਨੇ ਆਪ ਸੱਚਾ ਸੌਦਾ ਕਰ ਕੇ ਵਿਖਾਇਆ। ਕਰਮਕਾਂਡ ਧਰਮ ਦਾ ਅੰਗ ਨਹੀਂ ਹਨ, ਇਸ ਲਈ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ’ਚ ਮਸਜਿਦ ਅੰਦਰ ਨਵਾਬ ਤੇ ਮੌਲਵੀ ਦੇ ਨਾਲ ਨਮਾਜ ਨਾ ਪੜ੍ਹ ਕੇ ਅਤਿ ਸਾਹਸ ਭਰਿਆ ਖੰਡਨ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸੱਚ ਦੀ ਰਾਹ ’ਤੇ ਲਿਆਉਣ ਦਾ ਅਪਣਾ ਮਿਸ਼ਨ ਆਰੰਭਿਆ ਸੀ। 

ਗੁਰੂ ਨਾਨਕ ਸਾਹਿਬ ਦਾ ਮਹਾਨ ਉਪਕਾਰ ਸੀ ਕਿ ਉਨ੍ਹਾਂ ਨੇ ਪ੍ਰਮਾਤਮਾ ਨੂੰ ਖ਼ਾਸ ਅਸਥਾਨਾਂ, ਰੂਪ, ਰੰਗ, ਵਰਨ ਤੋਂ ਬਾਹਰ ਲਿਆ ਕੇ, ਉਸ ਦੇ ਨੇੜੇ ਤੋਂ ਨੇੜੇ ਤੇ ਸਰਵ ਵਿਆਪੀ ਦਰਸ਼ਨ ਕਰਵਾਏ। ਮਨੁੱਖ ਨੂੰ ਮਨ ਅੰਦਰ ਹੀ ਪ੍ਰਮਾਤਮਾ ਪ੍ਰਗਟ ਕਰਨ ਦੀ ਜਾਚ ਦੱਸ ਕੇ ਗੁਰੂ ਸਾਹਿਬ ਨੇ ਪ੍ਰਮਾਤਮਾ ਨਾਲ ਮਨੁੱਖ ਦਾ ਸਿੱਧਾ ਸਬੰਧ ਜੋੜ ਦਿਤਾ ਤੇ ਵਿਚਕਾਰ ਕਿਸੇ ਤੀਜੇ ਦੀ ਲੋੜ ਹੀ ਮੁਕਾ ਦਿਤੀ। ਇਸ ਵਿਲੱਖਣ ਕੌਤਕ ਨੇ ਧਾਰਮਕ ਜਗਤ ਦਾ ਪਰਿਦ੍ਰਿਸ਼ ਹੀ ਬਦਲ ਦਿਤਾ। ਗੁਰੂ ਸਾਹਿਬ ਨੇ ਕਿਹਾ ਕਿ ਇਕ ਪ੍ਰਮਾਤਮਾ ਹੀ ਸੱਚੀ ਸੱਤਾ ਹੈ ਜਿਸ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਇਕ ਹੀ ਯੋਗਤਾ ਹੈ, ਮਨ ਦਾ ਸਚਿਆਰ ਹੋਣਾ। “ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥’’ ਮਨ ਅੰਦਰ ਦੀ ਮਾਇਆ ਦੇ ਮੋਹ ਤੇ ਔਗੁਣਾਂ, ਵਿਕਾਰਾਂ ਦੀ ਮੈਲ ਧੋ ਕੇ ਸ੍ਰਿਸ਼ਟੀ ਦੇ ਇਕੋ ਇਕ ਸੱਚ ਪ੍ਰਮਾਤਮਾ ਦੀ ਦਾਸ ਭਾਵਨਾ ਦ੍ਰਿੜ੍ਹ ਕਰਨ ਤੋਂ ਬਾਅਦ ਹੀ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ।

ਜਿਸ ਨੇ ਵੀ ਗੁਰੂ ਸਾਹਿਬ ਦੇ ਇਸ ਸੱਚ ਨੂੰ ਧਾਰਨ ਕੀਤਾ, ਨਾ ਪ੍ਰਵਾਰ, ਘਰ, ਨਗਰ ਤਿਆਗ ਕੇ ਜੰਗਲ, ਪਰਬਤ ਤੇ ਜਾਣ ਦੀ ਲੋੜ ਰਹੀ, ਨਾ ਹੀ ਕਿਸੇ ਕਰਮ ਕਾਂਡ, ਹਠ, ਤਪ ਦੀ। ਗੁਰੂ ਸਾਹਿਬ ਨੇ ਅਪਣੀਆਂ ਧਰਮ ਯਾਤਰਾਵਾਂ ’ਚ ਅਣਗਿਣਤ ਲੋਕ ਤਾਰੇ ਤੇ ਇਕ ਅਜਿਹਾ ਸਮਾਜ ਸਿਰਜਿਆ ਜਿਸ ਦਾ ਆਧਾਰ ਸੱਚ ਸੀ ਤੇ ਜਿਸ ਦੀ ਤਾਕਤ ਪ੍ਰੇਮ ਸੀ। ਗੁਰੂ ਸਾਹਿਬ ਦੀ ਸੱਚ ਸ਼ਕਤੀ ਨੇ ਹੀ ਸੱਜਣ ਜਿਹਾਂ ਨੂੰ ਕੁਪੰਥ ਤੋਂ ਮੋੜ ਕੇ ਪ੍ਰੇਮ ਪੰਥ ’ਤੇ ਲਿਆਂਦਾ, ਕੁਚੱਜੀ ਤੋਂ ਸੁਚੱਜੀ ਬਣਾਇਆ। ਸੱਚੇ ਕਿਰਤੀ ਭਾਈ ਲਾਲੋ ਨੂੰ ਮਾਣ ਬਖ਼ਸ਼ਿਆ ਤੇ ਇਤਿਹਾਸ ’ਚ ਅਮਰ ਕਰ ਦਿਤਾ। 

ਸੱਚ ਧਾਰਨ ਕਾਰਨ ਨਾਲ ਹੀ ਜੋ ਝੂਠ, ਪਾਖੰਡ, ਕਰਮਕਾਂਡ ਸਮਾਜ ਅੰਦਰ ਭਰਮ, ਭਟਕਣ ਪੈਦਾ ਕਰ ਰਹੇ ਸਨ, ਦੇ ਵਿਰੁਧ ਸਾਫ਼ਗੋਈ ਨਾਲ ਡੱਟ ਕੇ ਖੜੇ ਹੋਣਾ ਵੀ ਗੁਰੂ ਸਾਹਿਬ ਨੇ ਹੀ ਸਿਖਾਇਆ। ਧਰਮੀ ਹੋਣਾ ਅਧਰਮ ਦਾ ਖੰਡਨ ਕਰਨਾ ਹੈ। ਗੁਰੂ ਸਾਹਿਬ ਨੇ ਬਾਣੀ ਵਿਚ ਕਰਮਕਾਂਡਾਂ ਦਾ ਖੰਡਨ ਕੀਤਾ। ਅਪਣੀਆਂ ਧਰਮ ਯਾਤਰਾਵਾਂ ਵਿਚ ਵੀ ਅਧਰਮ ਵੇਖ ਕੇ ਗੁਰੂ ਸਾਹਿਬ ਚੁੱਪ ਨਹੀਂ ਰਹੇ। ਅਧਰਮ ਦਾ ਖੰਡਨ ਕਰਨ ਦਾ ਗੁਰੂ ਸਾਹਿਬ ਦਾ ਢੰਗ ਬੇਮਿਸਾਲ ਸੀ। ਹਰਿਦੁਆਰ ’ਚ ਪੱਛਮ ਵਲ ਪਾਣੀ ਅਰਪਣ ਕਰ, ਜਗਨਨਾਥਪੁਰੀ ’ਚ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥’’ ਦਾ ਗਾਇਨ ਕਰ, ਮੱਕੇ ਵਿਚ ਦਿਸ਼ਾ ਭਰਮ ਤੋੜਨ ਲਈ ਪੱਛਮ ਵਲ ਪੈਰ ਕਰ, ਕੁਰਖੇਤਰ ’ਚ ਅਪਣਾ ਚੁਲ੍ਹਾ ਚਾੜ੍ਹ ਕੇ, ਅਪਣੇ ਝੂਠ, ਪਾਖੰਡ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਖੜੇ ਹੋਣਾ ਸਿਖਾਇਆ। ਦਿਨ, ਮਿਤੀ, ਮਹੀਨੇ ਦੇ ਭਰਮ ਤੋੜਨ ਲਈ ਬਾਣੀ ਉਚਾਰ ਕੇ ਗੁਰੂ ਸਾਹਿਬ ਨੇ ਧਾਰਮਕ ਸ਼ਬਦਾਵਲੀ ਦੇ ਸੱਚੇ ਅਰਥ ਉਜਾਗਰ ਕੀਤੇ, ਜੋ ਸਿਰਜਣਹਾਰ ਪ੍ਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਣ ਵਾਲੇ ਤੇ ਪ੍ਰੇਮ ਭਾਵਨਾ ਪੈਦਾ ਕਰਨ ਵਾਲੇ ਸਨ।


ਗੁਰੂ ਨਾਨਕ ਸਾਹਿਬ ਨੇ ਅਜਿਹੀ ਸੰਗਤ ਕਾਇਮ ਕੀਤੀ ਜਿਸ ’ਚ ਸਿੱਖ ਦੀ ਪਛਾਣ ਕੇਵਲ ਸਿੱਖ ਦੇ ਰੂਪ ’ਚ ਕੀਤੀ ਜਾਂਦੀ ਸੀ। ਉਸ ਦੀ ਧਨ, ਦੌਲਤ, ਜਾਤ, ਵਰਣ, ਰੰਗ-ਰੂਪ ਦਾ ਕੋਈ ਵਿਚਾਰ ਨਹੀਂ ਸੀ। ਇਹ ਇਕ ਗੁਣਵਾਨ ਸਮਾਜ ਸੀ। ਕਦਰ ਸਿੱਖ ਦੇ ਗੁਣਾਂ ਦੀ ਸੀ, ਸਿਦਕ ਦੀ ਸੀ। ਬਾਬਾ ਬੁੱਢਾ ਜੀ ਦੀ ਜਗਿਆਸਾ ਮਾਤਰ ਬਾਰਾਂ ਸਾਲ ਦੀ ਬਾਲ ਅਵਸਥਾ ’ਚ ਹੀ ਸ਼ਾਂਤ ਹੋਈ ਤਾਂ ਸ਼ਰਧਾ ਤੇ ਪ੍ਰੇਮ ਪੈਦਾ ਹੋ ਗਿਆ। ਭਾਈ ਲਹਿਣਾ ਜੀ ਦਾ ਮਨ ਬਾਣੀ ਸੁਣ ਕੇ ਤ੍ਰਿਪਤ ਹੋਇਆ ਤਾਂ ਸਮਰਪਣ ਦੀ ਭਾਵਨਾ ਨੇ ਜਨਮ ਲੈ ਲਿਆ। ਇਹ ਇਮਾਨਦਾਰ ਕਿਰਤ ਕਰਨ ਵਾਲਿਆਂ ਦਾ ਸਮਾਜ ਸੀ। ਅੰਮ੍ਰਿਤ ਵੇਲੇ ਦੀ ਸੰਭਾਲ ਪ੍ਰਮਾਤਮਾ ਦੇ ਸਿਮਰਨ, ਧਿਆਨ, ਗੁਰ ਸ਼ਬਦ ਦੇ ਗਾਇਨ ਨਾਲ ਕੀਤੀ ਜਾਂਦੀ। ਦਿਨ ਦਾ ਵਿਵਹਾਰ ਸਿਮਰਨ ਤੇ ਪ੍ਰਭੂ ਜਸ ਗਾਇਨ ਤੋਂ ਪ੍ਰਾਪਤ ਪ੍ਰੇਰਨਾ ਅਧੀਨ ਪੂਰਾ ਕੀਤਾ ਜਾਂਦਾ। ਸੰਧਿਆ ਦਾ ਸਮਾਂ ਸਿਮਰਨ, ਗੁਰ ਸ਼ਬਦ ਨਾਲ ਜੁੜ ਕੇ ਰੱਬੀ ਸ਼ੁਕਰਾਨੇ ’ਚ ਵਰਤਿਆ ਜਾਂਦਾ। ਸੰਗਤ ’ਚ ਸਬਰ, ਸੰਤੋਖ, ਦਇਆ, ਸੇਵਾ ਤੇ ਪਰੋਪਕਾਰ ਦੇ ਗੁਣ ਪੱਕੇ ਕੀਤੇ ਜਾਂਦੇ। ਪ੍ਰਮਾਤਮਾ ਦੀ ਆਗਿਆ ’ਚ ਰਹਿਣਾ ਸਿਖਿਆ ਜਾਂਦਾ ਸੀ। 

ਸਦੀਆਂ ਪੁਰਾਤਨ ਮਾਨਤਾਵਾਂ, ਪ੍ਰੰਪਰਾਵਾਂ ਦੀ ਸੋਚ ਤੇ ਵਿਸ਼ਵਾਸ  ਨੂੰ ਉਲਟਣਾ ਸੰਸਾਰ ਦੀ ਸੱਭ ਤੋਂ ਕਰੜੀ ਵਿਚਾਰਕ ਜੰਗ ਹੈ। ਇਸ ਜੰਗ ਦੇ ਬਹੁਤ ਸਾਰੇ ਜੋਖ਼ਮ ਹੁੰਦੇ ਹਨ ਕਿਉਂਕਿ ਵੱਡੀ ਗਿਣਤੀ ’ਚ ਭੇਡਚਾਲ ਚੱਲਣ ਵਾਲੇ ਲੋਕ ਉਸ ਦੀ ਰਾਹ ਰੋਕ ਕੇ ਖੜੇ ਹੋ ਜਾਂਦੇ ਹਨ, ਜਿਨ੍ਹਾਂ ਮਾਣਤਾਵਾਂ, ਪ੍ਰੰਪਰਾਵਾਂ ਵਿਚ ਜਿਉਂਦਿਆਂ ਪੀੜ੍ਹੀਆਂ ਗੁਜ਼ਰ ਗਈਆਂ ਹੋਣ, ਉਨ੍ਹਾਂ ਨੂੰ ਅੰਤਮ ਸੱਚ ਮੰਨ ਲਿਆ ਜਾਂਦਾ ਹੈ। ਗੁਰੂ ਸਾਹਿਬ ਪ੍ਰਮੁੱਖ ਧਰਮ ਕੇਂਦਰਾਂ ’ਤੇ ਗਏ। ਧਾਰਮਕ ਵਿਦਵਾਨਾਂ, ਧਾਰਮਕ ਪੁਰਖਾਂ ਨਾਲ ਵੀ ਸੰਵਾਦ ਕਾਇਮ ਕੀਤਾ ਤੇ ਅਪਣੇ ਤਰਕ ਇਸ ਢੰਗ ਨਾਲ ਰੱਖੇ ਕਿ ਉਨ੍ਹਾਂ ਕੋਲ ਕੋਈ ਜਵਾਬ ਨਾ ਬਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੁਸ਼ੋਭਿਤ ਗੁਰੂ ਸਾਹਿਬ ਦੀ ਬਾਣੀ ‘ਸਿਧ ਗੋਸਟਿ’ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਧਰਮ ਚਰਚਾਵਾਂ ਦੌਰਾਨ ਆਪ ਪੂਰਨ ਸਹਿਜ, ਸਨਿੱਮਰ ਤੇ ਸਰਲ ਰਹਿੰਦੇ ਸਨ ਪਰ ਅਪਣੀ ਗੱਲ ਪੂਰੀ ਦ੍ਰਿੜ੍ਹਤਾ ਨਾਲ ਰਖਦੇ ਸਨ। ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਵਿਚਾਰ ਦ੍ਰਿਸ਼ਟੀ ਪਹਿਲਾਂ ਪਸੰਦ ਨਾ ਆਈ ਤੇ ਬਾਅਦ ’ਚ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ। 

ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਸਤਿਯੁਗ ਦਾ ਜੀਵਨ ਜਿਉਣਾ ਸਿਖਿਆ। ਗੁਰੂ ਨਾਨਕ ਦਾ ਸਿੱਖ ਹੋਣਾ ਅੱਜ ਵੀ ਦੁਨੀਆਂ ਦਾ ਸੱਭ ਤੋਂ ਵੱਡਾ ਤੇ ਕੀਮਤੀ ਸਨਮਾਨ ਹੈ ਜੋ ਆਪਾ ਵਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਿਹਾ ਕੋਈ ਨਾ ਹੋਇਆ, ਨਾ ਕਦੇ ਹੋਣਾ ਹੈ। ਉਨ੍ਹਾਂ ਨੇ ਦੁਨੀਆਂ ਨੂੰ ਝੂਠ ਦੇ ਸੁਪਨੇ ਤੋਂ ਜਗਾ ਕੇ ਸੱਚ ਦਾ ਮਜ਼ਬੂਤ ਆਧਾਰ ਪ੍ਰਦਾਨ ਕੀਤਾ “ਹਿੰਦ ਕੋ ਇਕ ਮਰਦ-ਏ - ਕਾਮਿਲ ਨੇ ਜਗਾਇਆ ਖੁਆਬ ਸੇ’’। ਗੁਰੂ ਨਾਨਕ ਸਾਹਿਬ ਪਰਮ ਪੁਰਖ ਸਨ, ਪ੍ਰਮਾਤਮਾ ਦਾ ਰੂਪ ਸਨ। ਪ੍ਰਮਾਤਮਾ ਨੇ ਆਪ ਉਨ੍ਹਾਂ ’ਚ ਪ੍ਰਤੱਖ ਹੋ ਕੇ ਲੋਕਾਈ ਨੂੰ ਅਪਣੀ ਨਦਰਿ ਨਾਲ ਨਿਹਾਲ ਕੀਤਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement