
ਸਕੂਲ ਵਿਚੋਂ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਸੀ। ਅੱਜ ਤਾਂ ਬਿਲਕੁਲ ਹੱਦ ਹੀ ਹੋ ਗਈ, ਬੱਚਿਆਂ ਦੀ ਗਿਣਤੀ ਨਾਂ-ਮਾਤਰ ਜਹੀ ਸੀ। ਜਿਉਂ ਹੀ ਮਾਸਟਰ ਅਰਜਨ ਸਿੰਘ ...
ਸਕੂਲ ਵਿਚੋਂ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਸੀ। ਅੱਜ ਤਾਂ ਬਿਲਕੁਲ ਹੱਦ ਹੀ ਹੋ ਗਈ, ਬੱਚਿਆਂ ਦੀ ਗਿਣਤੀ ਨਾਂ-ਮਾਤਰ ਜਹੀ ਸੀ। ਜਿਉਂ ਹੀ ਮਾਸਟਰ ਅਰਜਨ ਸਿੰਘ ਨੇ ਅਪਣੀ ਹਾਜ਼ਰੀ ਲਗਵਾਈ ਤੇ ਦਫ਼ਤਰ ਵਿਚੋਂ ਬਾਹਰ ਆ ਕੇ ਤੀਜੀ ਜਮਾਤ ਦੀ ਵਿਦਿਆਰਥਣ ਮੋਨਿਕਾ ਨੂੰ ਅਪਣੇ ਕੋਲ ਬੁਲਾ ਕੇ ਬਹੁਤ ਹੀ ਪਿਆਰ ਨਾਲ ਪੁਛਿਆ, ''ਬੇਟਾ ਮੋਨਿਕਾ! ਅਜਕਲ ਬੱਚੇ ਸਕੂਲ ਵਿਚ ਬਹੁਤ ਘੱਟ ਆ ਰਹੇ ਹਨ ਕੀ ਗੱਲ ਹੋ ਗਈ? ਸਕੂਲ ਕਿਉਂ ਨਹੀਂ ਆਉਂਦੇ? ਕੋਈ ਪਿੰਡ ਵਿਚ ਵਿਆਹ ਤਾਂ ਨਹੀਂ ਹੈ।''
''ਨਹੀਂ ਸਰ, ਪਿੰਡ ਵਿਚ ਕੋਈ ਵਿਆਹ ਨਹੀਂ, ਪਰ ਮੈਂ ਅਪਣੇ ਛੋਟੇ ਵੀਰ ਨੂੰ ਸਕੂਲ ਆਉਣ ਲਈ ਕਿਹਾ ਸੀ ਪਰ ਉਹ ਕਹਿੰਦਾ ਮੈਂ ਨਹੀਂ ਸਕੂਲ ਜਾਣਾ, ਸਕੂਲ ਵਿਚ ਟੀਕੇ ਲਗਣੇ ਹਨ। ਮੈਂ ਨਹੀਂ ਟੀਕੇ ਲਗਵਾਉਣੇ। ਮੈਨੂੰ ਟੀਕਿਆਂ ਤੋਂ ਬਹੁਤ ਡਰ ਲਗਦੈ। ਏਨਾ ਕਹਿੰਦੇ ਘਰੋਂ ਬਾਹਰ ਦੌੜ ਗਿਆ।'' ਸ. ਅਰਜਨ ਸਿੰਘ ਦਾ ਮੱਥਾ ਉਸੇ ਵੇਲੇ ਠਣਕ ਗਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਦੇ ਸਿਹਤ ਕੇਂਦਰ ਤੋਂ ਇਕ ਸਿਹਤ ਕਰਮਚਾਰੀ ਸਕੂਲ ਵਿਚ ਆ ਕੇ ਦੱਸ ਰਿਹਾ ਸੀ ਕਿ ਸਰਕਾਰ ਨੇ ਬੱਚਿਆਂ ਦੀ ਸਿਹਤ ਸੰਭਾਲ ਲਈ ਟੀਕਕਰਨ ਦਾ ਪ੍ਰੋਗਰਾਮ ਉਲੀਕਿਆ ਹੈ ਤੇ 9 ਮਹੀਨੇ ਤੋਂ ਲੈ ਕੇ 15 ਸਾਲ ਤਕ ਉਮਰ ਦੇ ਹਰ ਬੱਚੇ ਨੂੰ ਟੀਕਾ ਲਗਣਾ ਹੈ
, ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ ਤਾਕਿ ਖਸਰਾ ਤੇ ਰੁਬੈਲਾ ਵਰਗੀਆਂ ਭਿਆਨਕ ਬਿਮਾਰੀਆਂ ਉਤੇ ਕਾਬੂ ਪਾਇਆ ਜਾ ਸਕੇ। ਹੁਣ ਸ. ਅਰਜਨ ਸਿੰਘ ਨੂੰ ਸਾਰੀ ਗੱਲ ਸਮਝ ਆ ਗਈ ਕਿ ਬੱਚੇ ਡਰਦੇ ਹੀ ਸਕੂਲ ਨਹੀਂ ਸੀ ਆ ਰਹੇ। ਏਨੇ ਨੂੰ ਦਸ, ਪੰਦਰਾਂ ਔਰਤਾਂ ਤੇ ਮਰਦ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਸਕੂਲ ਵਿਚ ਆ ਧਮਕੇ ਤੇ ਕਹਿਣ ਲਗੇ, ਮਾਸਟਰ ਜੀ, ਸੁਣਿਐਂ, ਬੱਚਿਆਂ ਨੂੰ ਟੀਕੇ ਲਗਣੇ ਨੇ?
ਅਸੀ ਨਹੀਂ ਟੀਕੇ ਲਗਵਾਉਣੇ, ਸਾਡੇ ਬਚਿਆਂ ਨੂੰ ਟੀਕੇ ਰਹਿਣ ਦਿਉ। ਮਾਸਟਰ ਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਸਾਰੇ ਵਾਪਸ ਚਲੇ ਗਏ। ਮਾਸਟਰ ਖੜਾ ਸੋਚਦਾ ਹੀ ਰਹਿ ਗਿਆ ਕਿ ਦੁਨੀਆਂ ਚੰਨ ਉਤੇ ਪਹੁੰਚ ਗਈ ਹੈ ਤੇ ਅਸੀ ਲੋਕ ਅਜੇ ਵੀ ਰੂੜੀਵਾਦੀ ਤੇ ਘਟੀਆ ਸੋਚ ਲੈ ਕੇ ਝੱਲ ਖਿਲਾਰੀ ਜਾ ਰਹੇ ਹਾਂ। ਜੇ ਸਰਕਾਰਾਂ ਲੋਕ ਭਲਾਈ ਦਾ ਜ਼ਿੰਮਾ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਅਸੀ ਲੋਕ ਰੋੜੇ ਬਣ ਕੇ ਰਾਹਾਂ ਵਿਚ ਖੜੇ ਹੋ ਜਾਂਦੇ ਹਾਂ, ਹੱਲਾ-ਗੁੱਲਾ ਕਰਦੇ ਹਾਂ, ਕੰਮ ਸਿਰੇ ਹੀ ਨਹੀਂ ਚੜ੍ਹਨ ਦਿੰਦੇ।
ਸਾਰਾ ਦਿਨ ਸਕੂਲ ਦਾ ਸਾਰਾ ਸਟਾਫ਼ ਸੋਚਦਾ ਰਿਹਾ ਕਿ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਤੇ ਇਨ੍ਹਾਂ ਦੇ ਮਨਾਂ ਵਿਚੋਂ ਟੀਕਾਕਰਨ ਦਾ ਵਹਿਮ ਕਢਿਆ ਜਾਵੇ ਤਾਕਿ ਸਾਰੇ ਬੱਚਿਆਂ ਦਾ ਟੀਕਾਕਰਨ ਹੋ ਸਕੇ। ਮੈਂ ਤੇ ਅਰਜਨ ਸਿੰਘ ਨੇ ਅਪਣੇ ਸਾਥੀ ਅਧਿਆਪਕਾਂ ਨਾਲ ਸਲਾਹ ਕੀਤੀ ਤੇ ਇਹ ਫ਼ੈਸਲਾ ਕੀਤਾ ਕਿ ਸਾਰੇ ਪਿੰਡ ਨੂੰ ਹੀ ਗੁਰਦਵਾਰੇ ਵਿਚ ਇਕੱਠਾ ਕੀਤਾ ਜਾਵੇ ਤੇ ਇਨ੍ਹਾਂ ਦੇ ਮਨਾਂ ਵਿਚ ਭਰਿਆ ਵਹਿਮ ਦੂਰ ਕੀਤਾ ਜਾਵੇ ਤੇ ਸਰਕਾਰ ਵਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਦੇ ਹੋਣ ਵਾਲੇ ਫਾਇਦਿਆਂ ਬਾਰੇ ਦਸਿਆ ਜਾਵੇ।
ਅਗਲੇ ਦਿਨ ਮੈਂ ਤੇ ਅਰਜਨ ਸਿੰਘ ਨੇ ਪਿੰਡ ਦੇ ਚੌਂਕੀਦਾਰ ਨੂੰ ਬੁਲਾ ਕੇ ਕਿਹਾ ਕਿ ਉਹ ਪਿੰਡ ਵਿਚ ਅਨਾਊਂਸ ਕਰਵਾਏ ਕਿ ਸਾਰਾ ਪਿੰਡ ਗੁਰਦਵਾਰੇ ਵਿਚ ਇਕੱਠਾ ਹੋਵੇ, ਮਾਸਟਰ ਸਾਹਬ ਨੇ ਟੀਕਾਕਰਨ ਬਾਰੇ ਤੁਹਾਡੇ ਨਾਲ ਕੁੱਝ ਵਿਚਾਰ ਸਾਂਝੇ ਕਰਨੇ ਹਨ ਤੇ ਤੁਹਾਡੇ ਮਨ ਦਾ ਸ਼ੱਕ ਦੂਰ ਕਰਨਾ ਹੈ।ਦੋ ਕੁ ਘੰਟਿਆਂ ਬਾਅਦ ਦੋ ਵਜੇ ਪਿੰਡ ਦੇ ਗੁਰਦਵਾਰੇ ਵਿਚ ਕਾਫ਼ੀ ਗਹਿਮਾ-ਗਹਿਮੀ ਹੋ ਰਹੀ ਸੀ। ਸਾਰੇ ਪਿੰਡ ਦੇ ਲੋਕ ਬੱਚਿਆਂ ਨੂੰ ਲੱਗਣ ਵਾਲੇ ਟੀਕਿਆਂ ਦੀ ਸਚਾਈ ਜਾਣਨ ਲਈ ਕਾਹਲੇ ਸਨ। ਏਨੇ ਨੂੰ ਅਸੀ ਛੁੱਟੀ ਤੋਂ ਬਾਅਦ ਅਪਣੇ ਸਾਥੀ ਅਧਿਆਪਕਾਂ ਨੂੰ ਨਾਲ ਲੈ ਕੇ ਗੁਰਦਵਾਰੇ ਪਹੁੰਚ ਗਏ।
ਸਾਥੀ ਅਧਿਆਪਕ ਅਰਜਨ ਸਿੰਘ ਨੇ ਬਿਨਾ ਦੇਰੀ ਕੀਤਿਆਂ ਪਹਿਲਾਂ ਸਾਰੇ ਪਿੰਡ ਵਾਸੀਆਂ ਨੂੰ ਫ਼ਤਹਿ ਬੁਲਾਈ ਤੇ ਫਿਰ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਕਿ ਜਿਹੜੇ ਵੀ ਵੀਰ ਭਰਾ ਨੂੰ ਟੀਕਿਆਂ ਬਾਰੇ ਕੋਈ ਗ਼ਲਤ ਫਹਿਮੀ ਹੈ ਬਿਨਾ ਕਿਸੇ ਝਿਜਕ ਦੇ ਦੱਸੋ ਕਿ ਬਈ ਤੁਸੀ ਬੱਚਿਆਂ ਨੂੰ ਟੀਕੇ ਕਿਉਂ ਨਹੀਂ ਲਗਵਾਉਣਾ ਚਾਹੁੰਦੇ?
ਏਨਾ ਸੁਣ ਕੇ ਪਿੰਡ ਦੇ ਇਕ ਵਿਅਕਤੀ ਨੇ ਕਿਹਾ, ''ਭਲਾਂ ਮਾਸਟਰ ਜੀ ਇਹ ਸੱਚ ਹੈ ਕਿ ਇਹ ਟੀਕੇ ਬੱਚਿਆਂ ਨੂੰ ਨਪੁੰਸਕ ਬਣਾਉਣ ਲਈ ਹਨ।'' ਉਸ ਵਿਅਕਤੀ ਦੀ ਗੱਲ ਸੁਣ ਕੇ ਸਾਰੇ ਆਪਸ ਵਿਚ ਘੁਸਰ-ਮੁਸਰ ਕਰਨ ਲੱਗ ਪਏ ਤੇ ਉਹ ਬੈਠ ਗਿਆ।
ਫਿਰ ਪਿੰਡ ਦਾ ਹੀ ਪਤਰਸ ਨਾਂ ਦਾ ਵਿਅਕਤੀ ਖੜਾ ਹੋ ਕੇ ਕਹਿਣ ਲੱਗਾ, ''ਪਤਾ ਲਗਿਐ ਮਾਸਟਰ ਜੀ, ਇਹ ਟੀਕੇ ਸਰਕਾਰ ਨੇ ਜਾਣਬੁਝ ਕੇ ਸਿਰਫ਼ ਪੰਜਾਬੀਆਂ ਲਈ ਹੀ ਤਿਆਰ ਕੀਤੇ ਹਨ। ਅਸੀ ਨਹੀਂ ਲਗਵਾਉਣੇ ਟੀਕੇ-ਟੂਕੇ, ਅਸੀ ਆਪੇ ਲਗਵਾ ਲਵਾਂਗੇ ਟੀਕੇ ਜਦੋਂ ਸਾਡਾ ਜੀ ਕਰੂ।'' ਕਹਿਕੇ ਪਤਰਸ ਬੁੜ-ਬੁੜਾਉਂਦਾ ਹੋਇਆ ਬਹਿ ਗਿਆ।
''ਹਾਂ ਭਾਈ ਵੀਰੋ, ਹੋਰ ਵੀ ਕਿਸੇ ਨੇ ਕੁੱਝ ਬੋਲਣੈ ਟੀਕਿਆਂ ਬਾਰੇ ਕਿ ਮੈਂ ਬੋਲਾਂ?'' ਅਰਜਨ ਸਿੰਘ ਨੇ ਕਿਹਾ।
''ਹਾਂ ਜੀ, ਮਾਸਟਰ ਜੀ ਬੋਲੋ ਤੁਸੀ ਕੀ ਕਹਿਣਾ ਚਾਹੁੰਦੇ ਹੋ, ਟੀਕਿਆਂ ਬਾਰੇ ਤੁਹਾਡੀ ਵੀ ਸੁਣ ਲੈਨੇ ਹਾਂ।''ਵਿਚੋਂ ਇਕ ਵਿਅਕਤੀ ਜਿਸ ਦਾ ਨਾਂ ਜੋਧਾ ਸੀ, ਦੀ ਆਵਾਜ਼ ਆਈ।
ਮਾਸਟਰ ਅਰਜਨ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਕਿ ''ਪਿੰਡ ਵਾਸੀਉ, ਤੁਸੀ ਸਾਰੇ ਜੋ ਟੀਕਿਆਂ ਬਾਰੇ ਗੱਲਾਂ ਸੁਣ ਰਹੇ ਹੋ, ਇਹ ਸੱਭ ਗ਼ੈਰ-ਵਿਗਿਆਨਕ ਨੇ, ਇਨ੍ਹਾਂ ਤੱਥਾਂ ਵਿਚ ਕੋਈ ਸਚਾਈ ਨਹੀਂ, ਇਹ ਸੱਭ ਅਫ਼ਵਾਹਾਂ ਨੇ। ਇਹ ਉਨ੍ਹਾਂ ਲੋਕਾਂ ਦੀ ਚਾਲ ਐ ਜਿਨ੍ਹਾਂ ਨੇ ਇਹ ਟੀਕਾ ਹਜ਼ਾਰ ਤੋਂ ਲੈ ਕੇ ਢਾਈ ਤਿੰਨ ਹਜ਼ਾਰ ਤਕ ਦਾ ਵੇਚਣਾ ਹੈ। ਇਹ ਟੀਕਾ ਸਰਕਾਰ ਨੌਂ ਮਹੀਨੇ ਤੋਂ ਲੈ ਕੇ 15 ਸਾਲ ਤਕ ਦੀ ਉਮਰ ਦੇ ਹਰ ਬੱਚੇ ਨੂੰ ਮੁਫ਼ਤ ਲਗਾ ਰਹੀ ਹੈ। ਇਹ ਟੀਕਾ ਕੋਈ ਜਾਤਪਾਤ ਵੇਖ ਕੇ ਨਹੀਂ ਲਗਾਇਆ ਜਾਣਾ, ਇਹ ਸਾਰਿਆਂ ਨੂੰ ਹੀ ਲਗਣਾ ਹੈ।
ਇਹ ਟੀਕੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਵੀ ਲਗਣੇ ਹਨ। ਨਾਲੇ ਸੁਣੋ ਇਹ ਟੀਕੇ ਸਾਡੇ ਬੱਚਿਆਂ ਨੂੰ ਵੀ ਲੱਗ ਰਹੇ ਹਨ। ਕੱਲ੍ਹ ਹੀ ਸਾਡੇ ਸਕੂਲ ਦੇ ਦੂਜੇ ਮਾਸਟਰ ਦੀ ਬੇਟੀ ਵੀ ਸਕੂਲ ਵਿਚੋਂ ਟੀਕਾ ਲਗਵਾ ਕੇ ਆਈ ਹੈ। ਅਜਿਹੀ ਕੋਈ ਗੱਲ ਨਹੀਂ ਕਿ ਸਰਕਾਰ ਨੇ ਇਹ ਖ਼ਾਸ ਬਰਾਦਰੀ ਲਈ ਬਣਾਇਆ ਹੈ। ਇਹ ਵਹਿਮ ਤੁਸੀ ਅਪਣੇ ਦਿਲਾਂ ਵਿਚੋਂ ਕੱਢ ਦਿਉ। ਸਰਕਾਰ ਲਈ ਅਸੀ ਸਾਰੇ ਇਕ ਹਾਂ, ਸਾਡੀ ਕੋਈ ਜਾਤਪਾਤ ਨਹੀਂ। ਸੋ ਸਮੇਂ ਦੀ ਲੋੜ ਹੈ, ਅਪਣੀ ਆਉਣ ਵਾਲੀ ਪੀੜ੍ਹੀ ਨੂੰ ਖਸਰਾ ਤੇ ਰੁਬੈਲਾ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਦੀ।
ਸਾਡੀ ਸਰਕਾਰ ਨੇ ਇਹ ਬੀੜਾ ਉਠਾਇਆ ਹੈ ਤਾਂ ਸਾਨੂੰ ਸਰਕਾਰ ਦੇ ਰਾਹਾਂ ਵਿਚ ਰੋੜਾ ਨਹੀਂ ਬਣਨਾ ਚਾਹੀਦਾ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।'' ਅੰਤ ਵਿਚ ਅਸੀ ਪਿੰਡ ਵਾਸੀਆਂ ਦਾ ਧਨਵਾਦ ਕਰ ਕੇ ਵਾਪਸ ਚੱਲਣ ਲੱਗੇ ਸੀ ਤਾਂ ਪਿੰਡ ਦੇ ਵਿਅਕਤੀ ਜਿਸ ਦਾ ਨਾਂ ਪਤਰਸ ਸੀ, ਨੇ ਆਵਾਜ਼ ਮਾਰ ਕੇ ਕਿਹਾ, ''ਮਾਸਟਰ ਜੀ, ਅਸੀ ਅਪਣੇ ਬੱਚੇ ਸਕੂਲ ਭੇਜਾਂਗੇ, ਅਸੀ ਤਾਂ ਐਵੇਂ ਹੀ ਲੋਕਾਂ ਦੀਆਂ ਗੱਲਾਂ ਵਿਚ ਆ ਗਏ ਸਾਂ। ਪਰ ਸਾਨੂੰ ਕੋਈ ਸੱਚ ਵੀ ਤਾਂ ਨਹੀਂ ਦਸਦਾ। ਅਸੀ ਕੀ ਕਰੀਏ?
ਤੁਹਾਨੂੰ ਸੁਣ ਕੇ ਸਾਡੇ ਮਨ ਵਿਚੋਂ ਟੀਕਿਆਂ ਦਾ ਡਰ ਮਿਟ ਗਿਆ ਹੈ। ਕੱਲ ਨੂੰ ਅਸੀ ਅਪਣੇ ਬੱਚੇ ਆਪ ਸਕੂਲ ਛੱਡ ਕੇ ਆਵਾਂਗੇ।'' ਇਹ ਸੁਣ ਕੇ ਅਸੀ ਅਪਣੇ ਸਾਥੀਆਂ ਨੂੰ ਲੈ ਕੇ ਅਪਣੇ ਘਰ ਵਲ ਨੂੰ ਚੱਲ ਪਏ।
ਸੰਪਰਕ : 98764-98603