
ਸਿੱਖਾਂ ਨੇ ਸਿਖਿਆ ਤੇ ਰਾਜਨੀਤਕ ਖੇਤਰ ਵਿਚ ਵੀ ਖ਼ੂਬ ਤਰੱਕੀ ਕੀਤੀ, ਪੰਜਾਬ ਦੇ ਕਿਸਾਨ ਤੇ ਮਜ਼ਦੂਰ ਵੀ ਰਾਜਨੀਤਕ ਤੌਰ ਉਤੇ ਜਾਗਰੂਕ ਹੋ ਗਏ।
ਭਾਵੇਂ ਇਹ ਗੱਲ ਇਤਿਹਾਸ ਦੇ ਪੰਨਿਆਂ ਉਤੇ ਉਕਰੀ ਮਿਲਦੀ ਹੈ ਕਿ ਸਿੱਖ ਸਦਾ ਹੀ ਅਪਣੇ ਦੇਸ਼ ਲਈ ਵਫ਼ਾਦਾਰ, ਦੇਸ਼ ਭਗਤ ਅਤੇ ਇਸ ਲਈ ਕੁਰਬਾਨੀਆਂ ਕਰਨ ਵਾਲੇ ਰਹੇ ਹਨ ਪਰ ਇਤਿਹਾਸ ਗਵਾਹ ਹੈ ਕਿ ਦਿੱਲੀ ਫਿਰ ਵੀ ਸਿੱਖਾਂ ਤੇ ਕਦੇ ਦਿਆਲ ਨਹੀਂ ਹੋਈ। ਬਾਬਾ ਨਾਨਕ ਜੀ ਨੇ ਦੇਸ਼ ਦੇ ਪੂਰੇ ਸਮਾਜ ਨੂੰ ਇਕ ਮਾਲਾ ਵਿਚ ਪਰੋਣ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਦੀ ਯਾਤਰਾ ਕਰ ਕੇ ਮਨੁੱਖਤਾ ਨੂੰ ਹਿੰਦੂ-ਮੁਸਲਿਮ ਦੇ ਝਗੜੇ ਸਮਾਪਤ ਕਰ ਕੇ ਚੰਗੇ ਸਮਾਜ ਦੀ ਸਿਰਜਣਾ ਦੀ ਪ੍ਰੇਰਣਾ ਦਿਤੀ। ਇਸੇ ਤਰ੍ਹਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਦੀਆਂ ਮਾਰੂ ਵਧੀਕੀਆਂ ਦੇ ਬਾਵਜੂਦ ਦੇਸ਼ ਵਿਚ ਅਮਨ ਤੇ ਚੈਨ ਦਾ ਰਾਜ ਸਥਾਪਤ ਕਰਨ ਲਈ ਜੋਜੋ ਦੀ ਲੜਾਈ ਵਿਚ ਬਹਾਦਰ ਸ਼ਾਹ ਨੂੰ ਅਪਣਾ ਸਮਰਥਨ ਦਿਤਾ ਤੇ ਉਸ ਨੂੰ ਜੇਤੂ ਬਣਾ ਕੇ ਦਿੱਲੀ ਦੇ ਤਖ਼ਤ ਤੇ ਬਿਠਾਇਆ। ਦੇਸ਼ ਲਈ ਅਨੇਕਾਂ ਹੋਰ ਕੁਰਬਾਨੀਆਂ ਬਾਰੇ ਅਸੀ ਭਾਰਤ ਦੇ ਇਤਿਹਾਸ ਵਿਚ ਪੜ੍ਹਦੇ ਹਾਂ। ਪਰ ਇਹ ਗੱਲ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਆਖ਼ਰ ਦਿੱਲੀ ਨੂੰ ਅਜਿਹਾ ਕੀ ਸਰਾਪ ਹੈ ਕਿ ਉਹ ਸਦਾ ਸਿੱਖਾਂ ਵਿਰੁਧ ਹੀ ਚਲਦੀ ਰਹੀ ਹੈ।
ਇਕ ਨਹੀਂ ਅਨੇਕਾਂ ਮੌਕੇ ਆਏ, ਜਦੋਂ ਦਿੱਲੀ ਨੂੰ ਮੁਗ਼ਲਾਂ ਜਾਂ ਵਿਦੇਸ਼ੀ ਹਾਕਮਾਂ ਤੋਂ ਮੁਕਤ ਕਰਵਾਉਣ ਲਈ ਸਿੱਖਾਂ ਨੇ ਸੂਰਬੀਰਤਾ ਦੇ ਝੰਡੇ ਗੱਡੇ ਪਰ ਫਿਰ ਵੀ ਦਿੱਲੀ ਨਿਰਦਈ ਦੀ ਨਿਰਦਈ ਹੀ ਰਹੀ। ਸਿੱਖਾਂ ਦੇ ਸ਼ੁਰੂਆਤੀ ਇਤਿਹਾਸ ਤੋਂ ਹੀ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਾਂਤੀ ਦੇ ਪੁੰਜ ਹੋਣ ਦੇ ਬਾਵਜੂਦ ਵੀ ਦਿੱਲੀ ਸਰਕਾਰ ਵਲੋਂ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਨੇ ਤਾਂ ਕਦੇ ਦਿੱਲੀ ਦਾ ਰਾਜ ਭਾਗ ਖੋਹਣ ਬਾਰੇ ਸੋਚਿਆ ਤਕ ਵੀ ਨਹੀਂ ਸੀ, ਸਗੋਂ ਮਨੁੱਖਤਾ ਦੀ ਭਲਾਈ ਦਾ ਕੰਮ ਹੀ ਸੇਵਾ ਭਾਵਨਾ ਨਾਲ ਕਰਦੇ ਸਨ। ਪਰ ਦਿੱਲੀ ਦੇ ਹਾਕਮਾਂ ਤੋਂ ਉਹ ਵੀ ਸਹਾਰਿਆ ਨਾ ਗਿਆ। ਕੇਵਲ ਚੰਦੂ ਦੀ ਸ਼ਿਕਾਇਤ ਤੇ ਹੀ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 1 ਹਾੜ੍ਹ ਸੰਮਤ 1663 ਅਰਥਾਤ 30 ਮਈ ਸੰਨ 1606 ਨੂੰ ਸ਼ਹੀਦ ਕਰ ਦਿਤਾ ਗਿਆ।
ਇਸ ਤੋਂ ਬਾਅਦ ਜਿਉਂ-ਜਿਉਂ ਸਿੱਖੀ ਦਾ ਬੂਟਾ ਵੱਡਾ ਹੁੰਦਾ ਗਿਆ ਤਾਂ ਦਿੱਲੀ ਤੇ ਸਿੱਖਾਂ ਵਿਚਕਾਰ ਵਿਚਾਰਾਂ ਦਾ ਫ਼ਰਕ ਵੀ ਵਧਦਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਕੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣੀਆਂ ਪਈਆਂ ਜਿਸ ਤੋਂ ਜ਼ਾਹਰ ਸੀ ਕਿ ਆਉਣ ਵਾਲੇ ਸਮੇਂ ਵਿਚ ਦਿੱਲੀ ਤੇ ਸਿੱਖਾਂ ਵਿਚ ਤਲਵਾਰਾਂ ਜ਼ਰੂਰ ਖੜਕਣਗੀਆਂ ਤੇ ਫਿਰ ਇਤਿਹਾਸ ਅਨੁਸਾਰ ਅੱਗੇ ਚੱਲ ਕਿ ਇੰਜ ਹੀ ਵਾਪਰਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਦੇ ਮੁਗ਼ਲ ਹਾਕਮਾਂ ਵਿਰੁਧ ਕਈ ਫ਼ੈਸਲਾਕੁਨ ਜੰਗਾਂ ਲੜਨੀਆਂ ਪਈਆਂ ਜਿਨ੍ਹਾਂ ਵਿਚ ਸਿੱਖ ਗੁਰੂ ਸਾਹਿਬ ਜੀ ਦੀ ਹੀ ਜਿੱਤ ਹੋਈ। ਪਰ ਇਸ ਤੋਂ ਪਹਿਲਾਂ ਹੀ ਸੰਨ 1612 ਵਿਚ ਦਿੱਲੀ ਤੇ ਕਾਬਜ਼ ਜਹਾਂਗੀਰ ਨੇ ਗੁਰੂਘਰ ਨਾਲ ਖਹਿਬਾਜ਼ੀ ਸ਼ੁਰੂ ਕਰ ਦਿਤੀ ਤੇ 1612 ਈ. ਵਿਚ ਹੀ ਵਜ਼ੀਰ ਖਾਂ ਅਤੇ ਗੁੰਚਾ ਬੇਗ ਨੂੰ ਅੰਮ੍ਰਿਤਸਰ ਭੇਜ ਕੇ ਗੁਰੂ ਜੀ ਨੂੰ ਦਿੱਲੀ ਲਿਆਉਣ ਲਈ ਕਿਹਾ।
ਗੁਰੂ ਜੀ ਵੀ 300 ਸੂਰਮੇ ਨਾਲ ਲੈ ਕੇ 2 ਮਾਘ ਸੰਮਤ 1669 ਅਰਥਾਤ ਸੰਨ 1612 ਨੂੰ ਦਿੱਲੀ ਪਹੁੰਚ ਗਏ ਜਿਥੇ ਦਿੱਲੀ ਦੇ ਹਾਕਮਾਂ ਨੇ ਗੁਰੂ ਜੀ ਨੂੰ ਕੈਦੀ ਬਣਾ ਕੇ ਗਵਾਲੀਅਰ ਕਿਲੇ੍ਹ ਵਿਚ ਭੇਜ ਦਿਤਾ ਅਤੇ ਇਸ ਤਰ੍ਹਾਂ ਦਿੱਲੀ ਦਰਬਾਰ ਤੇ ਸਿੱਖਾਂ ਵਿਚਕਾਰ ਤਲਖੀ ਹੋਰ ਵਧਦੀ ਚਲੀ ਗਈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੇਤਸੁਦੀ ਪੰਚਮੀ ਸੰਮਤ 1701 ਮੁਤਾਬਕ 3 ਮਾਰਚ ਸੰਨ 1644 ਈ. ਵਿਚ ਜੋਤੀ ਜੋਤਿ ਕੀਰਤਪੁਰ ਸਾਹਿਬ ਸਮਾ ਗਏ ਤਾਂ ਉਹ ਗੁਰੂ ਗੱਦੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੂੰ ਸੌਂਪ ਗਏ ਸਨ ਜਿਨ੍ਹਾਂ ਨੇ ਬਹੁਤ ਹੀ ਨਿਮਰਤਾ ਤੇ ਸ਼ਾਂਤੀ ਨਾਲ ਸਿੱਖੀ ਦਾ ਪ੍ਰਚਾਰ ਅਰੰਭ ਦਿਤਾ ਪਰ ਇਹ ਸ਼ਾਂਤੀ ਵੀ ਦਿੱਲੀ ਤਖ਼ਤ ਨੂੰ ਨਹੀਂ ਸੀ ਭਾਉਂਦੀ ਤੇ ਉਨ੍ਹਾਂ ਨੇ ਆਨੇ-ਬਹਾਨੇ ਸਿੱਖ ਗੁਰੂਆਂ ਨੂੰ ਤੰਗ ਕਰਨ ਦੀ ਅਪਣੀ ਨੀਤੀ ਜਾਰੀ ਰੱਖੀ। ਭਾਵੇਂ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਤਾਂ ਜਦੋਂ ਇਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਪੁੱਤਰ ਦਾਰਾ ਸਿਕੋਹ ਸਖ਼ਤ ਬਿਮਾਰ ਹੋ ਗਿਆ ਸੀ ਤਾਂ ਸ੍ਰੀ ਗੁਰੂ ਹਰਿ ਰਇ ਜੀ ਨੇ ਰਹਿਮ ਕਰ ਕੇ ਅਪਣੀ ਬਗ਼ੀਚੀ ਵਿਚੋਂ ਵਿਸ਼ੇਸ਼ ਹਰੜ ਤੇ ਲੌਂਗਾਂ ਦੀ ਦਵਾਈ ਦੀ ਬਖ਼ਸ਼ਿਸ਼ ਕੀਤੀ ਸੀ ਤੇ ਉਹ ਠੀਕ ਹੋ ਗਿਆ ਸੀ।
Guru Gobind Singh Ji
ਫਿਰ ਜਦੋਂ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਮੁਗ਼ਲ ਬਾਦਸ਼ਾਹ ਬਣ ਕੇ ਬੈਠਿਆ ਤਾਂ ਉਸ ਨੇ ਅਪਣੀ ਕੱਟੜ ਧਾਰਮਕ ਨੀਤੀ ਕਾਰਨ ਸਿੱਖ ਧਰਮ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ ਤੇ ਰਾਜਾ ਜੈ ਸਿੰਘ ਨੂੰ ਵਿਚ ਪਾ ਕੇ 8ਵੇਂ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਲਿਆ ਪਰ ਉਹ ਔਰੰਗਜ਼ੇਬ ਦੇ ਮੱਥੇ ਨਹੀਂ ਸਨ ਲਗਣਾ ਚਾਹੁੰਦੇ ਤੇ ਦਿੱਲੀ ਪਹੁੰਚ ਕੇ ਚੇਚਕ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੀ ਸੇਵਾ ਵਿਚ ਜੁੱਟ ਗਏ ਪਰ ਆਪ ਵੀ ਇਸ ਬਿਮਾਰੀ ਦੀ ਭਿਆਨਕਤਾ ਦਾ ਸ਼ਿਕਾਰ ਹੋ ਗਏ ਅਤੇ ਆਪ ਚੇਤ ਸੁਦੀ 14 (3 ਵੈਸਾਖ) ਸੰਮਤ 1721 ਨੂੰ ਜੋਤੀ ਜੋਤਿ ਸਮਾ ਗਏ। ਪਰ ਉਹ ਗੁਰੂ ਗੱਦੀ ਦੀ ਬਖ਼ਸ਼ਿਸ਼ ਅਪਣੇ ਆਖ਼ਰੀ ਬਚਨਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਰ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਸ਼ਾਂਤਮਈ ਰਹਿ ਸਿੱਖੀ ਦਾ ਪ੍ਰਚਾਰ ਬੜੀ ਦੂਰ-ਦੂਰ ਤਕ ਕਰਨ ਦਾ ਫ਼ੈਸਲਾ ਕੀਤਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਸਾ ਕੇ ਇਸ ਨੂੰ ਅਪਣਾ ਮੁੱਖ ਕੇਂਦਰ ਰਖਿਆ। ਪਰ ਜਿਉਂ-ਜਿਉਂ ਸਿੱਖੀ ਦਾ ਪ੍ਰਚਾਰ ਵਧ ਹੁੰਦਾ, ਦਿੱਲੀ ਦਾ ਦਿਲ ਘਬਰਾਉਂਦਾ ਗਿਆ ਤੇ ਬਾਦਸ਼ਾਹ ਔਰੰਗਜ਼ੇਬ ਵੱਧ ਜ਼ੁਲਮਾਂ ਤੋਂ ਉਤਾਰੂ ਹੋ ਗਿਆ। ਆਖ਼ਰ ਬਾਲ ਗੋਬਿੰਦ ਦੀ ਸਲਾਹ ਤੇ ਹਿੰਦੂ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੱਘਰ ਸੁਦੀ ਪੰਚਮ ਸੰਮਤ 1732 ਮੁਤਾਬਕ 11 ਨਵੰਬਰ ਸੰਨ 1675 ਈ. ਦਿਨ ਵੀਰਵਾਰ ਨੂੰ ਅਪਣੀ ਸ਼ਹੀਦੀ ਦੇਣੀ ਪਈ। ਉਸ ਸਮੇਂ ਵੀ ਜ਼ਾਲਮ ਸਰਕਾਰ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸਮਾਣੇ ਦੇ ਸੱਯਦ ਜਲਾਲ ਦੀਨ ਜਲਾਦ ਦੀ ਤਲਵਾਰ ਰਾਹੀਂ ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਕਰਵਾ ਦਿਤਾ ਜਿਸ ਨਾਲ ਦਿੱਲੀ ਤਖ਼ਤ ਨੇ ਅਪਣੇ ਮੱਥੇ ਤੇ ਇਸ ਖ਼ੂਨੀ ਵਰਤਾਰੇ ਦਾ ਕਲੰਕ ਸਦਾ ਲਈ ਅਮਰ ਕਰਵਾ ਲਿਆ।
Guru Tegh Bahadur Ji
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਾਂਤਮਈ ਸ਼ਹੀਦੀ ਤੋਂ ਬਾਅਦ ਦਿੱਲੀ ਤਖ਼ਤ ਨੂੰ ਵਖਤ ਪਾਉਣ ਲਈ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾ ਕੇ ਨਵੀਂ ਰੂਹ ਵਾਲੀ ਨਵੀਂ ਕੌਮ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਇਤਿਹਾਸ ਅਨੁਸਾਰ ਇਹ ਇਤਿਹਾਸਕ ਘਟਨਾ ਸੰਮਤ 1756 ਦੀ ਵਿਸਾਖੀ ਅਰਥਾਤ 30 ਮਾਰਚ ਸੰਨ 1699 ਈ. ਵਾਲੇ ਦਿਨ ਵਾਪਰੀ। ਹੁਣ ਜਦੋਂ ਦਸਮ ਪਿਤਾ ਜੀ ਨੇ ਸਿੱਖਾਂ ਤੋਂ ਹਥਿਆਰਬੰਦ ਸਿੰਘਾਂ ਦੀ ਫ਼ੌਜ ਤਿਆਰ ਕਰ ਲਈ ਸੀ ਤਾਂ ਇਹ ਔਰੰਗਜ਼ੇਬ ਨੂੰ ਕਿਵੇਂ ਭਾਅ ਸਕਦੀ ਸੀ? ਉਸ ਨੇ ਵਾਰ-ਵਾਰ ਫ਼ੌਜਾਂ ਗੁਰੂ ਸਾਹਿਬ ਨੂੰ ਫੜਨ ਲਈ ਜਾਂ ਮਾਰ ਮੁਕਾਉਣ ਲਈ ਭੇਜੀਆਂ। ਪਰ ਉਹ ਸਿੱਖ ਵੀ ਸ਼ੇਰ ਬਣ ਚੁੱਕੇ ਸਨ, ਜੋ ਦੁਸ਼ਮਣਾਂ ਦੀਆਂ ਫ਼ੌਜਾਂ ਨੂੰ ਵਾਰ-ਵਾਰ ਹਾਰ ਅਤੇ ਭਾਜ ਦੇਂਦੇ ਰਹੇ।
Shri Anandpur Sahib
ਅੰਤ ਜਦੋਂ ਦਿੱਲੀ ਦੀਆਂ ਵਿਸ਼ਵਾਸਘਾਤੀ ਚਾਲਾਂ ਸਦਕਾ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ 6 ਪੋਹ ਸੰਮਤ 1761 ਅਰਥਾਤ 20 ਦਸੰਬਰ ਸੰਨ 1704ਈ. ਨੂੰ ਰਾਤ ਸਮੇਂ ਛੱਡ ਦਿਤਾ ਤਾਂ ਵੀ ਦਿੱਲੀ ਦਰਬਾਰ ਨੇ ਉਨ੍ਹਾਂ ਦਾ ਪਿੱਛਾ ਨਾ ਛੱਡਿਆ ਤੇ ਇਸ ਤੋਂ ਬਾਅਦ ਦੀ ਚਮਕੌਰ ਦੀ ਲੜਾਈ ਵਿਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹੀਦ ਹੋ ਗਏ ਤੇ ਉਧਰ ਸਰਹਿੰਦ ਵਿਖੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣ ਕੇ ਸ਼ਹੀਦ ਕਰ ਦਿਤਾ ਤਾਂ ਉਸ ਸਮੇਂ ਦਿੱਲੀ ਦਾ ਦਿੱਲ ਹਿਲਿਆ ਜ਼ਰੂਰ ਹੋਵੇਗਾ ਪਰ ਕੱਟੜਪੁਣੇ ਨੇ ਸਿੰਘਾਂ ਦੀ ਵਿਰੋਧਤਾ ਦਾ ਖਹਿੜਾ ਨਹੀਂ ਛੱਡਿਆ ਪਰ ਉਧਰ ਗੁਰੂ ਜੀ ਨੇ ਵੀ ਖ਼ਬਰ ਮਿਲਣ ਤੇ ਅਪਣੇ ਤੀਰ ਨਾਲ ਕਾਈ ਦਾ ਇਕ ਬੂਟਾ ਪੁੱਟ ਕੇ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟਣ ਦਾ ਐਲਾਨ ਕਰ ਦਿਤਾ। ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤਕ ਮੁਗ਼ਲ ਫ਼ੌਜਾਂ ਨੇ ਗੁਰੂ ਜੀ ਦਾ ਪਿੱਛਾ ਨਹੀਂ ਛਡਿਆ ਭਾਵੇਂ ਉਨ੍ਹਾਂ ਦਾ ਅੰਤਾਂ ਦਾ ਨੁਕਸਾਨ ਵੀ ਹੋ ਜਾਂਦਾ ਸੀ। ਇਹ ਸੱਭ ਕੁੱਝ ਦਿੱਲੀ ਦਰਬਾਰ ਦੀ ਸਿੱਖਾਂ ਪ੍ਰਤੀ ਮਾੜੀ ਸੋਚਣੀ ਕਾਰਨ ਹੀ ਵਾਪਰ ਰਿਹਾ ਸੀ। ਪਤਾ ਨਹੀਂ ਦਿੱਲੀ ਕਿਉਂ ਐਨੇ ਗ਼ਰੂਰ ਵਿਚ ਹੋ ਕੇ ਇਨਸਾਨੀਅਤ ਨੂੰ ਭੁਲਾ ਚੁੱਕੀ ਸੀ? ਕੇਵਲ ਹੰਕਾਰ ਤੇ ਸੱਤਾ ਦੀ ਭੁੱਖ, ਉਸ ਦੇ ਕੱਟੜਪੁਣੇ ਵਿਚ ਵਾਧਾ ਕਰ ਰਹੀ ਸੀ।
Guru Gobind Singh Ji
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵਿਚ ਨੰਦੇੜ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮੁਗ਼ਲਾਂ ਨਾਲ ਟੱਕਰ ਲੈਣ ਲਈ ਤਿਆਰ ਕਰ ਕੇ ਪੰਜਾਬ ਭੇਜਿਆ ਜਿਨ੍ਹਾਂ ਨੇ ਦਿੱਲੀ ਪਾਸ ਸੋਨੀਪਤ ਤੋਂ 18 ਮੀਲ ਦੂਰ ਪਿੰਡ ਸਿਹਰੀ ਖਾਂਡਾ ਵਿਖੇ 9 ਮਹੀਨੇ ਸਖ਼ਤ ਮਿਹਨਤ ਕਰ ਕੇ ਸਿੰਘਾਂ ਦੀ ਫ਼ੌਜ ਤਿਆਰ ਕੀਤੀ ਤੇ ਫਿਰ ਦਿੱਲੀ ਨੂੰ ਦਰਸਾਉਣ ਲਈ ਪਹਿਲਾ ਹਮਲਾ ਸੋਨੀਪਤ ਤੇ ਕੀਤਾ ਅਤੇ ਮੁਗ਼ਲਾਂ ਦੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ। ਫਿਰ ਪੰਜਾਬ ਵਲ ਚੜ੍ਹਾਈ ਕਰ ਸਰਹਿੰਦ ਦੀ ਇੱਟ ਨਾਲ ਇੱਟ ਵਜਾਈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਸੂਬਾ ਸਰਹਿੰਦ ਤੋਂ ਲਿਆ। ਪਰ ਇਹ ਲੜਾਈ ਸਿੱਖਾਂ ਅਤੇ ਦਿੱਲੀ ਤਖ਼ਤ ਵਿਚਕਾਰ ਹੋਰ ਵੀ ਤੀਬਰ ਹੁੰਦੀ ਚਲੀ ਗਈ। ਦਿੱਲੀ ਵਿਖੇ ਹੀ ਕੁਤਬਮਿਨਾਰ ਦੇ ਨੇੜੇ 700 ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਘਟਨਾ 9 ਜੂਨ 1716 ਈ. ਦੀ ਹੈ। ਭਾਰਤ ਵਿਚ ਅੰਗਰੇਜ਼ਾਂ ਦੇ ਆਉਣ ਨਾਲ ਵੀ ਦਿੱਲੀ ਅਤੇ ਸਿੱਖਾਂ ਦੀ ਜੰਗ ਜਾਰੀ ਰਹੀ। ਪੂਰੇ ਦੇਸ਼ ਉੱਤੇ ਰਾਜ ਕਰਨ ਸਮੇਂ ਪੰਜਾਬ ਹੀ ਇਕ ਅਜਿਹਾ ਪ੍ਰਾਂਤ ਸੀ ਜਿਥੇ ਸਿੱਖਾਂ ਦਾ ਰਾਜ ਸੀ ਪਰ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਪੰਜਾਬ ਨੂੰ ਹੜੱਪਣ ਵਿਚ ਵੀ ਕਾਮਯਾਬ ਰਹੀ ਅਤੇ ਅੰਗਰੇਜ਼ਾਂ ਨੇ ਪੰਜਾਬ ਨੂੰ ਵੀ ਅਪਣੇ ਅਧੀਨ ਕਰ ਲਿਆ ਪਰ ਸਿੱਖਾਂ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਸਦਕਾ ਅੰਗਰੇਜ਼ ਬਹੁਤੀ ਦੇਰ ਪੰਜਾਬ ਨੂੰ ਅਪਣੇ ਅਧੀਨ ਨਾ ਰੱਖ ਸਕੇ। ਅਨੇਕਾਂ ਸਿੱਖ ਸੂਰਬੀਰਾਂ, ਗ਼ਦਰੀ ਬਾਬਿਆਂ ਤੇ ਆਜ਼ਾਦੀ ਘੁਲਾਟੀਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਵਿਚੋਂ ਅੰਗਰੇਜ਼ਾਂ ਨੂੰ ਕੱਢ ਬਾਹਰ ਕੀਤਾ ਤੇ ਦੇਸ਼ ਨੂੰ ਆਜ਼ਾਦ ਕਰਵਾ ਕੇ ਲੋਕਤੰਤਰੀ ਸਰਕਾਰ ਦੀ ਨੀਂਹ ਰੱਖ ਦਿਤੀ ਗਈ।
ਜਦੋਂ 1947 ਈ. ਤੋਂ ਦੇਸ਼ ਵਿਚ ਦੇਸ਼ ਵਾਸੀਆਂ ਦੀ ਅਪਣੀ ਲੋਕਤੰਤਰ ਸਰਕਾਰ ਬਣ ਗਈ ਪਰ ਫਿਰ ਵੀ ਦਿੱਲੀ ਸਰਕਾਰਾਂ ਸਿੱਖਾਂ ਦੀਆਂ ਛੋਟੀਆਂ-ਮੋਟੀਆਂ ਮੰਗਾਂ ਨੂੰ ਲਟਕਾਉਣ ਦੇ ਬਹਾਨੇ ਘੜਦੀਆਂ ਰਹਿੰਦੀਆਂ ਤੇ ਸਿੱਖਾਂ ਨੂੰ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਕਈ ਲੰਮੇ ਸੰਘਰਸ਼ ਤੇ ਮੋਰਚੇ ਲਗਾਉਣੇ ਪਏ। ਪਰ ਫ਼ਿਰ ਵੀ ਸਿੱਖ ਅਪਣੀ ਸਰਕਾਰ ਜਾਣ ਕੇ ਸ਼ਾਂਤਮਈ ਅੰਦੋਲਨਾਂ ਤਕ ਹੀ ਸੀਮਤ ਰਹੇ ਤੇ ਕਈ ਵਾਰ ਅਪਣੀਆਂ ਮੰਗਾਂ ਨੂੰ ਲੋਕਤੰਤਰ ਤਰੀਕੇ ਨਾਲ ਮਨਾਉਣ ਵਿਚ ਸਫ਼ਲ ਵੀ ਹੋ ਗਏ। ਸਿੱਖ ਅਪਣੀ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫ਼ੁਲਿਤ ਕਰਨ ਲਈ ਪੰਜਾਬੀ ਸੂਬਾ ਲੈਣ ਵਿਚ ਵੀ ਸਫ਼ਲ ਰਹੇ। ਕਾਂਗਰਸ ਸਰਕਾਰਾਂ ਦੇ ਸਮੇਂ ਭਾਵੇਂ ਸ਼ਾਂਤਮਈ ਮਾਹੌਲ ਬਣੇ ਰਹੇ ਪਰ ਫਿਰ 1984 ਈ. ਵਿਚ ਕੇਂਦਰ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਤੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਨੇ ਸਿੱਖਾਂ ਦੇ ਮਨਾਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਤੇ ਇਸੇ ਕਾਰਨ ਦਿੱਲੀ ਤੇ ਸਿੱਖਾਂ ਪ੍ਰਤੀ ਗੁੱਸੇ ਗਿਲੇ ਵਧਦੇ ਰਹੇ ਹਨ। ਪਰ ਸੱਭ ਸਿੱਖ ਲੋਕਤੰਤਰ ਵਿਚ ਰਹਿੰਦੇ ਹੋਏ, ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਹਰ ਸਮੇਂ ਅੱਗੇ ਰਹੇ ਜਿਸ ਨਾਲ ਪੰਜਾਬ ਨੇ ਵੀ ਖ਼ੂਬ ਤਰੱਕੀ ਕੀਤੀ ਪਰ ਇਸ ਨਾਲ ਸਿੱਖਾਂ ਨੇ ਸਿਖਿਆ ਤੇ ਰਾਜਨੀਤਕ ਖੇਤਰ ਵਿਚ ਵੀ ਖ਼ੂਬ ਤਰੱਕੀ ਕੀਤੀ, ਪੰਜਾਬ ਦੇ ਕਿਸਾਨ ਤੇ ਮਜ਼ਦੂਰ ਵੀ ਰਾਜਨੀਤਕ ਤੌਰ ਉਤੇ ਜਾਗਰੂਕ ਹੋ ਗਏ।
Manmohan Singh
ਸੰਨ 2004 ਈ. ਵਿਚ ਆਮ ਚੋਣਾਂ ਤੋਂ ਬਾਅਦ ਸ੍ਰ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਸਿੱਖਾਂ ਨੂੰ ਕੁੱਝ ਸਕੂਨ ਜ਼ਰੂਰ ਮਿਲਿਆ ਪਰ ਫਿਰ ਵੀ ਪੰਜਾਬ ਪੱਖੀ ਕੁੱਝ ਮੰਗਾਂ ਜਿਉਂ ਦੀਆਂ ਤਿਉਂ ਲਟਕਦੀਆਂ ਰਹਿ ਗਈਆਂ। ਇਸ ਸਮੇਂ ਦੌਰਾਨ ਭਾਵੇਂ ਆਰਥਕ ਪੱਖੋਂ ਪੰਜਾਬ ਨੇ ਖ਼ੂਬ ਤਰੱਕੀ ਕੀਤੀ ਪਰ ਫ਼ੈਡਰਲ ਢਾਂਚਾ ਕਮਜ਼ੋਰ ਹੁੰਦਾ ਚਲਾ ਗਿਆ, ਨਤੀਜੇ ਵਜੋਂ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਪੈਣ ਲੱਗਾ। ਹੁਣ ਕੇਂਦਰ ਵਿਚ ਮੋਦੀ ਸਰਕਾਰ ਨੇ ਸੂਬਿਆਂ ਦੇ ਹੱਕਾਂ ਤੇ ਇਕ ਹੋਰ ਸੱਟ ਮਾਰਦੇ ਹੋਏ, ਤਿੰਨ ਖੇਤੀ ਕਾਨੂੰਨ ਤੇ ਦੋ ਆਰਡੀਨੈਂਸ ਲਿਆ ਕੇ ਕਿਸਾਨੀ ਨੂੰ ਸੱਟ ਮਾਰਨ ਦਾ ਯਤਨ ਕੀਤਾ ਹੈ ਜਿਸ ਨਾਲ ਪੰਜਾਬ ਦੇ ਪੂਰੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਦਸਦੇ ਹੋਏ ਇਨ੍ਹਾਂ ਨੂੰ ਕਿਸਾਨ ਵਿਰੋਧੀ ਦਸਦੇ ਹਨ ਅਤੇ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਤੇ ਆਰਡੀਨੈਂਸਾਂ ਨੂੰ ਵਾਪਸ ਲੈਣ ਲਈ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਪਹਿਲਾਂ ਤਿੰਨ ਮਹੀਨੇ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਪੰਜਾਬ ਭਰ ਵਿਚ ਅੰਦੋਲਨ ਕੀਤਾ ਅਤੇ ਰੇਲਗੱਡੀਆਂ ਦਾ ਪੰਜਾਬ ਵਿਚ ਆਉਣਾ ਜਾਣਾ ਬੰਦ ਕਰਨ ਲਈ ਰੇਲਵੇ ਲਾਈਨਾਂ ਤੇ ਧਰਨੇ ਦੇ ਕੇ ਬੈਠ ਗਏ ਪਰ ਸਰਕਾਰ ਨੇ ਉਨ੍ਹਾਂ ਦੀ ਇਕ ਨਾ ਮੰਨੀ। ਭਾਵੇਂ ਪੰਜਾਬ ਵਿਧਾਨਸਭਾ ਵਲੋਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਇਕ ਨਾਲ ਵਿਚ ਬਿੱਲ ਪਾਸ ਕਰ ਕੇ ਰਾਜ ਦੇ ਗਵਰਨਰ ਨੂੰ ਭੇਜ ਦਿਤੇ ਪਰ ਗਵਰਨਰ ਨੇ ਵੀ ਪੰਜਾਬ ਦੇ ਪੱਖ ਵਿਚ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਨੇ ਰਾਸ਼ਟਰਪਤੀ ਨੂੰ ਵੀ ਅਜੇ ਤਕ ਇਹ ਬਿਲ ਨਹੀਂ ਭੇਜੇ ਜਿਸ ਕਾਰਨ ਪੂਰੇ ਪੰਜਾਬ ਦੇ ਲੋਕਾਂ ਵਿਚ ਕੇਂਦਰ ਸਰਕਾਰ ਵਿਰੁਧ ਗੁੱਸਾ ਹੋਰ ਵੱਧ ਗਿਆ।
Farmers Protest
ਹੁਣ ਜਦੋਂ ਕਿਸਾਨਾਂ ਨੇ ਵੇਖਿਆ ਕਿ ਪੰਜਾਬ ਵਿਚ ਬੈਠਿਆਂ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਨਹੀਂ ਦੇ ਰਹੀ ਤਾਂ ਉਨ੍ਹਾਂ ਨੇ ਅਪਣੇ ਟਰੈਕਟਰ-ਟਰਾਲੀਆਂ ਸਮੇਤ ਦਿੱਲੀ ਨੂੰ ਜਾ ਘੇਰਿਆ ਤੇ ਲਗਭਗ ਪੰਜਾਹ ਦਿਨਾਂ ਤੋਂ ਕੜਾਕੇ ਦੀ ਠੰਢ ਵਿਚ ਦਿੱਲੀ ਦੁਆਲੇ ਲੱਖਾਂ ਦੀ ਗਿਣਤੀ ਵਿਚ ਧਰਨਾ ਲਗਾਈ ਬੈਠੇ ਹਨ। ਪਰ ਦਿੱਲੀ ਦੀ ਕੇਂਦਰ ਸਰਕਾਰ ਏਨਾ ਵੱਡਾ ਸ਼ਾਂਤਮਈ ਅੰਦੋਲਨ ਵੇਖ ਕੇ ਵੀ ਮੰਗਾਂ ਮੰਨਣ ਦਾ ਮਨ ਨਹੀਂ ਬਣਾ ਰਹੀ। ਮੀਟਿੰਗਾਂ ਪਰ ਮੀਟਿੰਗਾਂ ਕਰ ਕੇ ਕਿਸਾਨਾਂ ਦੇ ਰੋਹ ਨੂੰ ਹੋਰ ਪ੍ਰਚੰਡ ਕੀਤਾ ਜਾ ਰਿਹਾ ਹੈ। ਹੁਣ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਹੀ ਨਾ ਰਹਿ ਕੇ ਇਕ ਜਨਤਕ ਰੂਪ ਧਾਰਨ ਕਰ ਚੁਕਿਆ ਹੈ ਅਤੇ ਇੰਜ ਲਗਦਾ ਹੈ ਕਿ ਸਾਰਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦਿੱਲੀ ਵਲ ਕੂਚ ਕਰ ਚੁਕਿਐ। ਕਿਸਾਨਾਂ ਦੀ ਗਿਣਤੀ ਵਿਚ ਵਧੇਰੇ ਗਿਣਤੀ ਪੰਜਾਬ ਦੇ ਸਿੱਖ ਭਾਈਚਾਰੇ ਦੀ ਹੋਣ ਕਾਰਨ, ਜੋ ਦਿੱਲੀ ਦਾ ਸਿੱਖਾਂ ਪ੍ਰਤੀ ਰਵਈਆ ਰਿਹਾ ਹੈ, ਉਸ ਨੂੰ ਵੀ ਮੁੜ ਦੁਹਰਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਕਦੇ ਖ਼ਾਲਿਸਤਾਨੀ, ਕਦੇ ਕਾਮਰੇਡ ਜਾਂ ਮਾਉਵਾਦੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਨੇ ਵੀ ਸ਼ਾਂਤਮਈ ਢੰਗ ਨਾਲ ਅੰਦੋਲਨ ਜਾਰੀ ਰਖਿਆ ਹੋਇਆ ਹੈ।
farmer
ਕੇਂਦਰ ਸਰਕਾਰ ਕਿਸਾਨਾਂ ਦੇ ਨਾ ਚਾਹੁਣ ਦੇ ਬਾਵਜੂਦ ਵੀ ਇਹ ਕਾਲੇ ਕਾਨੂੰਨ ਕਿਸਾਨਾਂ ਤੇ ਥੋਪਣਾ ਚਾਹੁੰਦੀ ਹੈ ਪਰ ਕਿਸਾਨ ਤਿੰਨੇ ਕਾਨੂੰਨ ਤੇ ਦੋਵੇਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਤੇ ਤੁਲੇ ਹੋਏ ਹਨ। ਪਰ ਸਮਝ ਨਹੀਂ ਆ ਰਹੀ ਕਿ ਦਿੱਲੀ ਦਰਬਾਰ ਦੀ ਸਿੱਖਾਂ ਪ੍ਰਤੀ ਅਜਿਹੀ ਮੰਦ ਭਾਵਨਾ ਕਿਉਂ ਬਰਕਰਾਰ ਹੈ। ਸਿੱਖ ਦੇਸ਼ ਦੀ ਤਰੱਕੀ ਦੀ ਹਰ ਪਖੋਂ ਉਨਤੀ ਚਾਹੁੰਦੇ ਹਨ। ਕਿਸਾਨਾਂ ਦੇ ਪੁੱਤਰ ਸਰਹੱਦਾਂ ਤੇ ਦੇਸ਼ ਦੀ ਰਾਖੀ ਲਈ ਬਲੀਦਾਨ ਦੇ ਰਹੇ ਹਨ ਅਤੇ ਦਿੱਲੀ ਵਿਖੇ ਬਹੁਤ ਸਾਰੇ ਕਿਸਾਨ ਅਪਣੇ ਹੱਕਾਂ ਲਈ ਸ਼ਹੀਦੀਆਂ ਪਾ ਚੁੱਕੇ ਹਨ ਪਰ ਦਿੱਲੀ ਸਰਕਾਰ ਦਾ ਅੜੀਅਲ ਰਵਈਆ ਉਸੇ ਤਰ੍ਹਾਂ ਬਣਿਆ ਹੋਇਆ ਹੈ। ਦਿੱਲੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਤੇ ਉਸ ਦੇ ਹੱਕਾਂ ਦੀ ਰਾਖੀ ਕਰਨਾ ਵੀ ਉਸ ਦਾ ਫ਼ਰਜ਼ ਬਣਦਾ ਹੈ। ਪੰਜਾਬੀ ਅਤੇ ਸਿੱਖਾਂ ਪ੍ਰਤੀ ਦਿਆਲਤਾ ਵਿਖਾਉਣ ਦਾ ਦਿੱਲੀ ਸਰਕਾਰ ਪਾਸ ਵਧੀਆ ਮੌਕਾ ਹੈ, ਨਹੀਂ ਤਾਂ ਇਹ ਵੀ ਪੁਰਾਣੇ ਸਿੱਖ ਇਤਿਹਾਸ ਦੀ ਲੜੀ ਵਿਚ ਜੁੜ ਜਾਵੇਗਾ ਕਿ ਦਿੱਲੀ ਨੇ ਕਦੇ ਵੀ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਦਿਆਲਤਾ ਨਹੀਂ ਵਿਖਾਈ।
(ਬਹਾਦਰ ਸਿੰਘ ਗੋਸਲ)
ਸੰਪਰਕ : 98764-52223