ਸ਼ਰਧਾ ਦਾ ਸ਼ੁਦਾਅ (ਭਾਗ 11)
Published : Jun 3, 2018, 12:10 am IST
Updated : Jun 3, 2018, 12:10 am IST
SHARE ARTICLE
Amin Malik
Amin Malik

ਯਾਦ ਆਇਆ ਕਿ ਬਤੌਰ ਪਟਵਾਰੀ, ਸ਼ਾਇਰ-ਏ-ਆਜ਼ਮ ਸਵਰਗੀ ਸ਼ਿਵ ਕੁਮਾਰ ਬਟਾਲਵੀ ਘਰ ਨੂੰ ਆ ਰਿਹਾ ਸੀ ਤਾਂ ਉਸ ਨੂੰ ਗਲੀ ਵਿਚ ਬੈਠਾ ਕੁੱਤਾ ਪੈ ਗਿਆ। ਸ਼ਿਵ ਕੁਮਾਰ ...

ਯਾਦ ਆਇਆ ਕਿ ਬਤੌਰ ਪਟਵਾਰੀ, ਸ਼ਾਇਰ-ਏ-ਆਜ਼ਮ ਸਵਰਗੀ ਸ਼ਿਵ ਕੁਮਾਰ ਬਟਾਲਵੀ ਘਰ ਨੂੰ ਆ ਰਿਹਾ ਸੀ ਤਾਂ ਉਸ ਨੂੰ ਗਲੀ ਵਿਚ ਬੈਠਾ ਕੁੱਤਾ ਪੈ ਗਿਆ। ਸ਼ਿਵ ਕੁਮਾਰ ਨੇ ਪੈਰ ਉਤੇ ਹੀ ਕੁੱਤੇ ਨੂੰ ਆਖਿਆ, ''ਤੇਰੀ ਜੇ ਇਕ ਮਰਲਾ ਜ਼ਮੀਨ ਵੀ ਹੁੰਦੀ ਤਾਂ ਤੈਨੂੰ ਦੱਸ ਦੇਂਦਾ ਕਿ ਪਟਵਾਰੀ ਕੀ ਹੁੰਦੈ।'' ਇਹ ਸ਼ਿਅਰ ਵਰਗਾ ਮਖ਼ੌਲ ਵੀ ਸ਼ਿਵ ਕੁਮਾਰ ਹੀ ਕਰ ਸਕਦਾ ਸੀ। ਜਾਂ ਪਾਕਿਸਤਾਨ ਵਿਚ ਇਕ ਬਹੁਤ ਵੱਡਾ ਉਰਦੂ ਸ਼ਾਇਰ ਮੁਨੀਰ ਨਿਆਜ਼ੀ ਜੋ ਕਦੀ ਕਦੀ ਪੰਜਾਬੀ ਵੀ ਲਿਖਦਾ ਸੀ, ਸਗੋਂ ਅੱਜ ਤਕ ਉਹ ਪੰਜਾਬੀ ਦੇ ਇਕ ਸ਼ਿਅਰ ਨਾਲ ਹੀ ਜ਼ਿੰਦਾ ਹੈ।

ਉਹ ਸ਼ਿਅਰ ਤਾਂ ਸੁਣਿਆ ਹੀ ਹੋਵੇਗਾ ਅਖੇ 'ਕੁੱਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁੱਝ ਸਾਨੂੰ ਮਰਨ ਦਾ ਸ਼ੌਕ ਵੀ ਸੀ।' ਇਹ ਸ਼ਾਇਰ ਵੀ ਕਦੀ ਕਦੀ ਅਜਿਹਾ ਮਖ਼ੌਲ ਕਰ ਜਾਂਦੈ ਜੋ ਬੰਦੇ ਨੂੰ ਡੰਗ ਵਾਂਗ ਵੱਜ ਜਾਂਦੈ। ਪਾਕਿਸਤਾਨ ਵਿਚ ਉਰਦੂ ਸਾਹਿਤਕਾਰ ਜ਼ਨਾਨੀ ਰੇਹਾਨਾ ਵਾਹਵਾ ਹੀ ਨੰਗਾ-ਧੜੰਗਾ ਜਿਹਾ ਖੁਲ੍ਹ-ਡੁੱਲ੍ਹ ਕੇ ਲਿਖਦੀ। ਉਸ ਦੀਆਂ ਬੇਬਾਕ ਅਤੇ ਸੰਗ ਝੱਕ ਤੋਂ ਬੇਨਿਆਜ਼ ਹਰਕਤਾਂ ਵੇਖ ਕੇ ਆਖਣ ਲੱਗਾ, ''ਮੈਂ ਅਪਣੀ ਬੀਵੀ ਨੂੰ ਆਖਿਐ, ਰੇਹਾਨਾ ਤੋਂ ਸਿਵਾ ਤੈਨੂੰ ਕਿਸੇ ਕੋਲੋਂ ਪਰਦਾ ਕਰਨ ਦੀ ਲੋੜ ਨਹੀਂ।''

ਗੱਲ ਹੋ ਰਹੀ ਸੀ ਪੀਰ ਬਸ਼ੀਰ ਸ਼ਾਹ ਦੀ। ਮੈਂ ਵਾਹਵਾ ਚਿਰ ਉਸ ਦੇ ਡੇਰੇ ਜਾਂ ਆਸਤਾਨੇ ਉਤੇ ਬੈਠਾ ਉਸ ਨੂੰ ਤਾੜਦਾ ਰਿਹਾ ਪਰ ਉਸ ਦੇ ਸ਼ਰਧਾਲੂਆਂ ਦੇ ਹੁੰਦੇ ਹੋਏ ਉਸ ਨੂੰ ਮਿਲਣ ਦਾ ਸਵਾਦ ਵੀ ਨਹੀਂ ਸੀ ਆਉਣਾ। ਬੈਠੇ ਹੋਏ ਸ਼ਰਧਾਲੂ ਵੀ ਅਪਣੇ ਸ਼ੁਦਾਅ ਦੇ ਪੂਰੇ ਜੋਬਨ ਤੇ ਸਨ। ਬਸ਼ੀਰਾ ਕਿਸੇ ਨੂੰ ਫੂਕ ਮਾਰ ਦੇਂਦਾ, ਕਿਸੇ ਨੂੰ ਤਵੀਤ ਲਿਖ ਕੇ ਫੜਾਉਂਦਾ ਅਤੇ ਕਿਸੇ ਨੂੰ ਸਿਰਫ਼ ਥਾਪੜਾ ਹੀ ਦੇਂਦਾ। ਜਿਹੜਾ ਵੀ ਕੋਈ ਧੇਲੀ ਪੌਲਾ ਫੜਾਉਣ ਲਗਦਾ, ਉਹ ਹੱਥ ਨਹੀਂ ਸੀ ਲਾਉਂਦਾ। ਸਿਰਫ਼ ਇਸ਼ਾਰਾ ਕਰਦਾ ਕਿ ਪਿੱਛੇ ਇਕ ਗੱਤੇ ਦਾ ਡੱਬਾ ਸੀ, ਉਸ ਵਿਚ ਸੁੱਟ ਦਿਉ।

ਇਸ ਹਰਕਤ ਦਾ ਮਤਲਬ ਸੀ ਕਿ ਮਾਇਆ ਨੂੰ ਹੱਥ ਲਾਉਣਾ ਸਾਡੇ ਲਈ ਹਰਾਮ ਹੈ। ਅਸੀ ਪੈਸੇ-ਧੇਲੇ ਦੇ ਲਾਭ ਲੋਭ ਤੋਂ ਮੁਕਤੀ ਹਾਸਲ ਕਰ ਚੁਕੇ ਹਾਂ। ਰਾਤ ਨੂੰ ਪੀਰੀ ਮੁਰੀਦੀ ਦੀ ਮਦਾਰੀ ਮੁਕਦੇ ਹੀ ਪੀਰ ਸਾਬ੍ਹ ਡੱਬੇ ਨੂੰ ਚੁਮ ਕੇ ਚੁਕਦੇ ਤੇ ਅੰਦਰ ਜਾ ਕੇ ਝੋਲੀ ਵਿਚ ਢੇਰੀ ਲਾ ਲੈਂਦੇ। ਪੀਰ ਸਾਬ੍ਹ ਦੀ ਖੇਡ ਭਖੀ ਹੋਈ ਸੀ ਤੇ ਮੇਲਾ ਮਘਿਆ ਹੋਇਆ ਸੀ। ਇਸ ਹਾਲਤ ਵਿਚ ਉਸ ਨੂੰ ਮਿਲ ਕੇ ਉਸ ਦੀ ਖੇਡ ਖ਼ਰਾਬ ਨਹੀਂ ਸਾਂ ਕਰਨਾ ਚਾਹੁੰਦਾ ਕਿਉਂਕਿ ਮੇਰਾ ਮਿਲਣਾ ਅਤੇ ਅਪਣੀ ਪਛਾਣ ਕਰਾਉਣਾ ਬਸ਼ੀਰੇ ਲਈ ਭੁਚਾਲ ਤੋਂ ਘੱਟ ਨਹੀਂ ਸੀ।

ਰੰਗਲੇ ਦਾ ਮਰਾਸੀ ਸ਼ਾਹਦਰੇ ਦਾ ਪੀਰ ਬਣ ਕੇ ਉਚੀ ਗੱਦੀ ਉਤੇ ਬੈਠਾ ਫੜਿਆ ਜਾਏ ਤਾਂ ਇਹ ਗ੍ਰਿਫ਼ਤਾਰੀ ਬੜੀ ਹੀ ਪ੍ਰੇਸ਼ਾਨੀ ਵਾਲੀ ਗੱਲ ਸੀ। ਮੈਂ ਇਸ ਉਡੀਕ ਦਾ ਦੁਖ ਸਹਿ ਲਿਆ ਪਰ ਬਸ਼ੀਰੇ ਨੂੰ ਪ੍ਰੇਸ਼ਾਨ ਨਾ ਕੀਤਾ ਅਤੇ ਨਾ ਹੀ ਉਸ ਦੀ ਰੋਜ਼ੀ ਵਿਚ ਲੱਤ ਮਾਰੀ।ਜਦੋਂ ਸ਼ਰਧਾ ਦੀ ਭੰਗ ਵਰਗੀ ਸ਼ਰਦਾਈ ਪੀ ਕੇ ਸਿਰਫਿਰਿਆ ਸਿਰ ਮਾਰਨ ਵਾਲਾ ਕੋਈ ਟਾਵਾਂ ਬੰਦਾ ਹੀ ਰਹਿ ਗਿਆ ਤਾਂ ਮੈਂ ਵੀ ਬੰਬ ਬਣ ਕੇ ਪੀਰ ਬਸ਼ੀਰ ਉਤੇ ਡਿੱਗਾ।

ਮੈਂ ਹੌਲੀ ਹੌਲੀ ਉਸ ਕੋਲ ਗਿਆ ਤਾਂ ਉਸ ਨੇ ਕੋਟ ਪਤਲੂਨ ਵਾਲਾ ਸ਼ਰਧਾਲੂ ਵੇਖ ਕੇ ਅੱਖਾਂ ਪੂਰੀਆਂ ਹੀ ਖੋਲ੍ਹ ਕੇ ਵੇਖਿਆ। ਮੈਂ ਸਲਾਮ ਕਰ ਕੇ ਗੋਡਿਆਂ ਨੂੰ ਹੱਥ ਲਾਉਣ ਦੀ ਬਜਾਏ ਉਸ ਨਾਲ ਹੱਥ ਮਿਲਾਇਆ ਤਾਂ ਪੀਰ ਸਾਬ੍ਹ ਨੂੰ ਇਸ ਗੁਸਤਾਖ਼ੀ ਦਾ ਗੁੱਸਾ ਜਾਂ ਅਪਣੀ ਝੂਠੀ ਪੀਰੀ ਦਾ ਸ਼ਾਇਦ ਖ਼ੌਫ਼ ਮਹਿਸੂਸ ਹੋਇਆ। ਮੂੰਹ ਉਤੇ ਪ੍ਰੇਸ਼ਾਨੀ ਜਿਹੀ ਦੀ ਬਦਲੀ ਛਾ ਗਈ। ਮੈਂ ਅਪਣੇ ਹਾਸੇ ਨੂੰ ਨੱਥ ਪਾ ਕੇ ਡਕਿਆ ਤੇ ਕੰਨ ਦੇ ਨੇੜੇ ਮੂੰਹ ਕਰ ਕੇ ਆਖਿਆ, ''ਪੀਰ ਬਸ਼ੀਰ ਸਾਬ੍ਹ, ਮੈਂ ਤੇਰੇ ਪਿੰਡ ਰੰਗਲੇ ਦੀ ਮਿੱਟੀ ਹਾਂ, ਜਿੱਥੇ ਅਸੀ ਇਕੱਠੇ ਹੀ ਛੱਪੜ ਵਿਚ ਨਹਾਂਦੇ ਹੁੰਦੇ ਸਾਂ।''

ਉਸ ਨੇ ਇੱਕਾ ਦੁੱਕਾ ਬੈਠੇ ਹੋਏ ਮੁਰੀਦਾਂ ਉਤੇ ਝਾਤੀ ਮਾਰੀ ਤੇ ਹੌਲੀ ਨਾਲ ਮੈਨੂੰ ਆਖਣ ਲੱਗਾ, ''ਓਏ ਤੂੰ ਮਾਂ ਫ਼ਾਤਮਾ ਦਾ ਪੁੱਤਰ ਮੀਨਾ ਤੇ ਨਹੀਂ?'' ਜਦੋਂ ਸਾਰੇ ਭੇਤ ਖੁੱਲ੍ਹ ਗਏ ਤੇ ਆਖਣ ਲੱਗਾ, ''ਤੂੰ ਪਰਾਂਹ ਡੱਠੀ ਹੋਈ ਮੰਜੀ ਉਤੇ ਬਹਿ ਜਾ ਤੇ ਮੈਂ ਇਹ ਦੋ-ਚਾਰ ਭਾਰੂ ਟੋਰ ਕੇ ਆਉਂਨਾਂ।''ਮੈਂ ਸ਼ਬਦ 'ਭਾਰੂ' ਸੁਣ ਕੇ ਹਾਸੇ ਨੂੰ ਹੋਠਾਂ ਵਿਚ ਘੁੱਟੀ ਰਖਿਆ ਤੇ ਬਸ਼ੀਰਾ ਵੀ ਮੁਸਕਰਾਏ ਬਗ਼ੈਰ ਨਾ ਰਹਿ ਸਕਿਆ। ਫਿਰ ਪਤਾ ਨਹੀਂ ਭਰਾਵਾਂ ਨੂੰ ਕੀ ਆਖਿਆ ਕਿ ਉਹ ਗੋਡਿਆਂ ਨੂੰ ਹੱਥ ਲਾਉਂਦੇ ਲਾਉਂਦੇ ਚਲੇ ਗਏ। ਪੀਰ ਸਾਬ੍ਹ ਮੈਨੂੰ ਅਪਣੇ ਹੁਜਰੇ ਵਿਚ ਲੈ ਗਏ ਤੇ ਬੂਹਾ ਢੋਅ ਕੇ ਅਸੀ ਖੁਲ੍ਹ ਕੇ ਹੱਸੇ।

ਬੜਾ ਚਿਰ ਸਾਡੀ ਜੱਫੀ ਨਾ ਛੁੱਟੀ। ਅਸੀ ਸ਼ਾਹਦਰੇ ਦੀ ਬਜਾਏ ਰੰਗਲਾ ਸਮਝ ਕੇ ਹੱਸ ਰਹੇ ਸਾਂ। ਬੁਢਾਪਾ ਭੁਲ ਕੇ ਜਵਾਨੀ ਮਨਾ ਰਹੇ ਸਾਂ। ਹਾਲ ਭੁਲ ਕੇ ਅਤੀਤ ਹੰਢਾ ਰਹੇ ਸਾਂ ਤੇ ਨਲਕੇ ਭੁਲ ਕੇ ਛੱਪੜ ਵਿਚ ਨਹਾ ਰਹੇ ਸਾਂ। ਵਿਹਲੇ ਹੋਏ ਤਾਂ ਬਸ਼ੀਰੇ ਨੇ ਅਪਣੀ ਅਸਲ ਖ਼ਸਲਤ ਨੂੰ ਵਰਤਦੇ ਹੋਏ ਆਖਿਆ, ''ਓਏ ਸੁਣਿਐ ਤੂੰ ਰੇਲਵਾਈ ਵਿਚ ਅਫ਼ਸਰ ਲੱਗ ਗਿਐਂ? ਸੁਣਾ ਵੱਢੀ ਦੇ ਕਿੰਨੇ ਕੁ ਆਹੂ ਲਾਹੁੰਦੈਂ?''

ਮੈਂ ਕਿਹਾ, ''ਮੈਂ ਤਾਂ ਵੱਢੀ ਨਹੀਂ ਖਾਂਦਾ, ਤੂੰ ਅੱਜਕਲ ਜੋ ਕੁੱਝ ਗ਼ਰੀਬਾਂ ਦੇ ਮੂੰਹੋਂ ਖੋਹ ਕੇ ਖਾ ਰਿਹੈਂ ਉਸ ਦੀ ਗੱਲ ਕਰ।''
''ਬੱਲੇ ਓਏ ਸ਼ੇਰਾ! ਅਖੇ ਮੈਂ ਵੱਢੀ ਨਹੀਂ ਖਾਂਦਾ, ਸੱਪ ਕਹਿੰਦੈ ਮੈਂ ਡੱਡੀ ਨਹੀਂ ਖਾਂਦਾ। ਓਏ ਤੂੰ ਤਾਂ ਨਿੱਕਾ ਹੁੰਦਾ ਵੀ ਲੋਕਾਂ ਦੇ ਖੇਤਾਂ ਵਿਚੋਂ ਝੋਨੇ ਦਾ ਸੱਥਰ ਚੋਰੀ ਕਰ ਕੇ ਨੈਤੇ ਕਸ਼ਮੀਰੀ ਦੀ ਹੱਟੀ ਦੇ ਸਾਰੇ ਪਕੌੜੇ ਨੁਗਦੀ ਖਾ ਗਿਆ ਸੈਂ, ਵੱਢੀ ਕਿਉਂ ਨਹੀਂ ਖਾਂਦਾ? ਤੇਰੇ ਲੀੜਿਆਂ ਵਿਚੋਂ ਤਾਂ ਅਜੇ ਵੀ ਪਕੌੜਿਆਂ ਦੇ ਤੇਲ ਦੀ ਬੌਅ ਆਉਂਦੀ ਏ।''
ਮੈਂ ਕਿਹਾ, ''ਚੁਪ ਕਰ ਓਏ ਝੂਠਿਆ ਪੀਰਾ। ਰੱਬ ਕੋਲੋਂ ਡਰ। ਮਾਜ਼ੀ ਦੀਆਂ ਉਹ ਪੁਰਾਣੀਆਂ ਗੱਲਾਂ ਮੇਰੇ ਬਚਪਨ ਦੀ ਨਾਦਾਨੀ ਅਤੇ ਲੜਕਪਨ ਦੀ ਇਕ ਹਸੀਨ ਸ਼ਰਾਰਤ ਸੀ। ਉਹ ਸੱਭ ਕੁੱਝ ਵੇਲੇ ਦੇ ਵਹਿਣ ਵਿਚ ਰੁੜ੍ਹ ਗਿਐ।''

ਅੱਗੋਂ ਉਹ ਵੀ ਬਸ਼ੀਰਾ ਹਰਾਮ ਦਾ ਸੀ। ਆਖਣ ਲੱਗਾ, ''ਓਏ ਚੁਪ ਕਰ ਓਏ ਮੀਨਿਆ, ਤੂੰ ਰੰਗਲੇ ਦਾ ਚੋਰ ਲਾਹੌਰ ਆ ਕੇ ਵਲੀ ਅੱਲਾਹ ਬਣ ਗਿਐਂ। ਰੰਗਲੇ ਦੀ ਮਿੱਟੀ ਵਿਚ ਉੱਗੀ ਹੋਈ ਛਿੱਤਰ ਉਤੇ ਥੋਰ ਨੂੰ ਲਾਹੌਰ ਆ ਕੇ ਫੁੱਲ ਗੁਲਾਬ ਦੇ ਕਿਵੇਂ ਲੱਗ ਗਏ? ਆਦਤਾਂ ਮੌਤ ਨਾਲ ਜਾਂਦੀਆਂ ਨੇ।''
ਮੈਂ ਆਖਿਆ, ''ਪੀਰ ਸਾਬ੍ਹ, ਰੰਗਲੇ ਦਾ ਬਸ਼ੀਰਾ ਮਰਾਸੀ ਸ਼ਾਹਦਰੇ ਆ ਕੇ ਸਈਅਦ ਬਸ਼ੀਰ ਸ਼ਾਹ ਬਣ ਸਕਦੈ ਤਾਂ ਮੈਂ ਬਚਪਨ ਦੀ ਨਿੱਕੀ ਜਿਹੀ ਸ਼ਰਾਰਤ ਕਿਉਂ ਨਹੀਂ ਛੱਡ ਸਕਦਾ?''

ਉਸ ਹਰਾਮੀ ਨੇ ਫਿਰ ਟੋਕ ਮਾਰੀ ਤੇ ਆਖਣ ਲਗਾ, ''ਚਲੋ ਸਾਰੀ ਉਮਰ ਝੂਠ ਮਾਰਨ ਵਾਲੇ ਨੂੰ ਸੱਚਾ ਆਖਣ ਦਾ ਗੁਨਾਹ ਵੀ ਖੱਟ ਲੈਨੇ ਆਂ। ਪਰ ਹੁਣ ਤੂੰ ਬਾਲ ਪ੍ਰਵਾਰ ਦੀ ਸੁਣਾ।'' 
ਮੈਂ ਦਸਿਆ ਕਿ ਵਿਆਹ ਨੂੰ ਚਿਰ ਹੋ ਗਿਆ ਹੈ। ਹੁਣ ਤਾਂ ਤਿੰਨ ਬਾਲ ਨੇ। ਬਸ਼ੀਰੇ ਨੇ ਫਿਰ ਬਕਵਾਸ ਕੀਤੀ ਤੇ ਆਖਣ ਲੱਗਾ, ''ਸੁਣਾ, ਚਮਨ ਮਸੀਹ ਦੇ ਪਿਉ ਲਹਿਣੇ ਈਸਾਈ ਵਲ ਢੁਕਿਆ ਸੈਂ ਕਿ ਜੰਝ ਫੇਰੂ ਨਾਈ ਹੋਰਾਂ ਦੇ ਘਰ ਗਈ ਸੀ?

ਇਨ੍ਹਾਂ ਤੋਂ ਸਿਵਾ ਤੈਨੂੰ ਕਿਧਰੇ ਢੋਈ ਨਹੀਂ ਸੀ ਮਿਲ ਸਕਦੀ ਤੇ ਨਾ ਕਿਸੇ ਨੇ ਤੈਨੂੰ ਘਾਹ ਪਾਉਣਾ ਸੀ।''
ਮੈਂ ਰੱਜ ਕੇ ਹੱਸ ਲਿਆ ਤੇ ਦਸਿਆ ਕਿ ਮੇਰਾ ਵਿਆਹ ਲੰਦਨ ਹੋਇਆ ਸੀ। ਬਸ਼ੀਰੇ ਨੇ ਤਿੰਨ ਵੇਰਾਂ ਉੱਚੀ ਉੱਚੀ ਲੰਦਨ ਆਖਿਆ ਤੇ ਨਾਲ ਹੀ ਆਖਣ ਲੱਗਾ, ''ਬੱਲੇ ਓਏ ਸ਼ੇਰਾ, ਲੰਦਨ ਤੋਂ ਉਰੇ ਖਲੋਂਦਾ ਈ ਨਹੀਂ। ਹੋ ਸਕਦੈ ਕੋਈ ਅਣਭੋਲ ਜਿਹੇ ਓਭੜ ਢਹੇ ਚੜ੍ਹ ਗਏ ਹੋਣ। ਕਿੱਥੇ ਲੰਦਨ ਤੇ ਕਿੱਥੇ ਰੰਗਲੇ ਦਾ ਝੋਨਾ ਚੋਰ।''
ਮੈਂ ਕਿਹਾ, ''ਬਸ਼ੀਰਿਆ, ਹੁਣ ਭੌਂਕਣਾ ਬੰਦ ਕਰ ਤੇ ਦੱਸ ਕਿ ਤੇਰਾ ਬਾਕੀ ਮਰਾਸ ਵਾਧਾ ਕਿੱਥੇ ਈ ਤੇ ਛੱਬਾ ਕਿੱਥੇ ਰਹਿੰਦੈ?''

ਉਹ ਆਖਣ ਲਗਾ, ''ਵੇਖ ਓਏ ਬੇਹਿਦਾਇਤਿਆ, ਕਿਸੇ ਸਈਅਦ ਨਾਲ ਗ਼ੁਸਤਾਖ਼ੀ ਕਰੇਂਗਾ ਤਾਂ ਖੜੇ-ਖਲੋਤੇ ਨੂੰ ਅੱਗ ਲੱਗ ਜਾਊ। ਤਮੀਜ਼ ਨਾਲ ਪੁੱਛ ਕਿ ਤੇਰਾ ਬਾਕੀ ਸਈਅਦ ਵਾਧਾ ਅਤੇ ਪੀਰ ਪਰਾਗਾ ਕਿੱਥੇ ਹੈ?''
ਮੈਂ ਹਾਸੇ ਨੂੰ ਡੱਕ ਕੇ ਆਖਿਆ, ''ਪੀਰ ਬਸ਼ੀਰ ਸ਼ਾਹ, ਸ਼ੁਕਰ ਕਰ ਮੈਂ ਤੇਰੇ ਮਰਾਸ ਵਾਧੇ ਨੂੰ ਕੁਤੀਰ ਵਾੜਾ ਨਹੀਂ ਆਖਿਆ। ਪਰ ਹੁਣ ਤੂੰ ਅਪਣੇ ਜੀਆਂ ਦੀ ਸੁਣਾ।''
ਉਹ ਥੋੜਾ ਸੰਜੀਦਾ ਸਗੋਂ ਰੰਜੀਦਾ ਜਿਹਾ ਹੋ ਕੇ ਆਖਣ ਲਗਾ, ''ਬੀਵੀ ਰੱਬ ਨੂੰ ਪਿਆਰੀ ਹੋ ਗਈ ਤੇ ਪਿਛਲੇ ਸਾਲ ਨਿੱਕਾ ਭਰਾ ਛੱਬਾ ਵੀ ਚਲਾਣਾ ਕਰ ਗਿਆ।

ਦੋ ਜਵਾਨ ਪੁੱਤਰ ਗੱਦੀ ਨਸ਼ੀਨ ਦੁਬਈ ਚਲੇ ਗਏ। ਬਥੇਰਾ ਆਖਿਆ ਕਿ ਕੀ ਰਖਿਐ ਦੁਬਈ ਵਿਚ, ਮੇਰੀ ਗੱਦੀ ਸੰਭਾਲੋ। ਉਥੇ ਜੋ ਮਹੀਨੇ ਪਿੱਛੋਂ ਮਿਲਦੈ, ਮੈਂ ਹਫ਼ਤੇ ਵਿਚ ਕਮਾ ਲੈਂਦਾ ਹਾਂ ਤੇ ਗੱਦੀ ਉਤੇ ਬਹਿ ਕੇ ਰਾਜ ਕਰਨਾ ਵਖਰਾ ਹੈ।''
ਮੈਂ ਕਿਹਾ, ''ਹੁਣ ਸੱਭ ਕੁੱਝ ਕੋਲ ਏ ਤਾਂ ਵਿਆਹ ਕਿਉਂ ਨਹੀਂ ਕਰ ਲੈਂਦਾ?''
ਕਹਿਣ ਲਗਾ, ''ਸੋਚ ਰਿਹਾ ਹਾਂ ਕਿ ਜੇ ਕਿਧਰੇ ਹੱਥ ਅੜ ਗਿਆ ਜਾਂ ਕੋਈ ਵਾਹਵਾ ਸ਼ੁਦੈਣ ਜਿਹੀ ਮੁਰਦਣੀ ਟੇਟੇ ਚੜ੍ਹ ਗਈ ਤਾਂ ਮਲਕੜੇ ਹੀ ਅਟੇਰ ਲਵਾਂ।

ਜੇ ਇੰਜ ਦਾ ਡੁੱਗ ਲੱਗ ਗਿਆ ਤਾਂ ਤੈਨੂੰ ਵੀ ਸੱਦਾਂਗਾ ਸਰਬਾਲ੍ਹਾ ਬਣਾਣ ਲਈ।''ਇੰਜ ਹੀ ਅਸਾਂ ਪੂਰੀ ਬੇਤਕੁੱਲਫ਼ੀ ਵਿਚ ਖੁੱਲ੍ਹ ਡੁੱਲ੍ਹ ਕੇ ਇਕ-ਦੂਜੇ ਉਤੇ ਤਾਅਨੇ ਮਿਹਣਿਆਂ ਦੀ ਚਾਂਦਮਾਰੀ ਕੀਤੀ ਤੇ ਅਪਣੇ ਖ਼ੁਸ਼ੀਆਂ ਭਰੇ ਅਤੀਤ ਦੀ ਪੀਂਘ ਦਾ ਭਰਪੂਰ ਹੂਟਾ ਲਿਆ। ਫਿਰ ਹੌਲੀ ਹੌਲੀ ਮਖ਼ੌਲ ਦੇ ਮਾਹੌਲ ਵਿਚੋਂ ਨਿਕਲ ਕੇ ਅਸੀ ਸੰਜੀਦਗੀ ਵਲ ਪਰਤੇ ਤਾਂ ਮੈਂ ਆਖਿਆ, ''ਬਸ਼ੀਰ ਇਹ ਸੱਭ ਕੁੱਝ ਕਿਉਂ ਤੇ ਕਿਵੇਂ ਹੋਇਆ?''

ਅਸਾਂ ਪੂਰੀ ਬੇਤਕੁੱਲਫ਼ੀ ਨਾਲ ਖੁੱਲ੍ਹ ਡੁੱਲ੍ਹ ਕੇ ਇਕ-ਦੂਜੇ ਉਤੇ ਤਾਅਨੇ ਮਿਹਣਿਆਂ ਦੀ ਚਾਂਦਮਾਰੀ ਕੀਤੀ ਤੇ ਅਪਣੇ ਖ਼ੁਸ਼ੀਆਂ ਭਰੇ ਅਤੀਤ ਦੀ ਪੀਂਘ ਦਾ ਭਰਪੂਰ ਹੂਟਾ ਲਿਆ। ਫਿਰ ਹੌਲੀ ਹੌਲੀ ਮਖ਼ੌਲ ਦੇ ਮਾਹੌਲ ਵਿਚੋਂ ਨਿਕਲ ਕੇ ਅਸੀ ਸੰਜੀਦਗੀ ਵਲ ਪਰਤੇ ਤਾਂ ਮੈਂ ਆਖਿਆ, ''ਬਸ਼ੀਰ ਇਹ ਸੱਭ ਕੁੱਝ ਕਿਉਂ ਤੇ ਕਿਵੇਂ ਹੋਇਆ?''
ਉਸ ਆਖਿਆ, ''ਵੇਖ ਅਮੀਨ, ਜਦੋਂ ਭੁੱਖਾਂ ਪੈਂਦੀਆਂ ਨੇ ਜਾਂ ਲੋੜਾਂ ਮੂੰਹ ਅੱਡ ਲੈਂਦੀਆਂ ਨੇ ਤਾਂ ਕੂੰਜਾਂ ਵੀ ਅਪਣਾ ਦੇਸ਼ ਛੱਡਣ ਲਈ ਮਜਬੂਰ ਹੋ ਜਾਂਦੀਆਂ ਨੇ।

ਮੇਰੇ ਵੱਡੇ-ਵਡੇਰਿਆਂ ਨੇ ਤਾਂ ਉਸ ਪਿੰਡ ਵਿਚ ਰੋ ਪਿਟ ਕੇ ਜ਼ਿੰਦਗੀ ਦਾ ਪੈਂਡਾ ਕਟ ਲਿਆ ਸੀ। ਮੈਂ ਤੇਰੇ ਨਾਲੋਂ ਛੇ-ਸੱਤ ਵਰ੍ਹੇ ਵੱਡਾ ਹਾਂ ਤੇ ਇਹ ਪਿੰਡ ਰੰਗਲਾ ਬੜੇ ਦੂਲੇ ਅਤੇ ਸਾਊ ਸਰਦਾਰਾਂ ਦਾ ਸੀ। ਉਹ ਆਪ ਵੀ ਚੰਗਾ ਖਾਂਦੇ ਤੇ ਚੰਗੀ ਪੀਂਦੇ ਸਨ। ਪਿੰਡ ਦੇ ਕੰਮੀ-ਕਮੀਣਾਂ ਦਾ ਵੀ ਧਿਆਨ ਰਖਦੇ ਜਿਸ ਕਰ ਕੇ ਰੋਟੀ ਟੁਕ ਵਲੋਂ ਹੱਥ ਤੰਗ ਨਹੀਂ ਸੀ। ਫਿਰ '47 ਆਇਆ ਤੇ ਉਹ ਸਾਡੇ ਗਲ ਲੱਗ ਕੇ ਰੋਂਦੇ ਹੋਏ ਹਿੰਦੁਸਤਾਨ ਚਲੇ ਗਏ।

ਅੱਠ ਦੱਸ ਘਰ ਈਸਾਈ ਤੇ ਛੇ ਘਰ ਮੁਸਲਮਾਨਾਂ ਦੇ ਸਨ। ਅਸਾਂ ਉਨ੍ਹਾਂ ਦੇ ਭਰੇ ਹੋਏ ਘਰਾਂ ਨੂੰ ਲੁਟ ਕੇ ਅਪਣੇ ਘਰ ਭਰ ਲਏ ਤੇ ਮੱਝਾਂ-ਗਾਵਾਂ ਵੀ ਘਰੀਂ ਬੰਨ੍ਹ ਲਈਆਂ। ਤੂੰ ਵੇਖਿਆ ਹੀ ਹੋਣੈ, ਕੰਮੀ ਹੋ ਕੇ ਵੀ ਅਸੀ ਚੌਧਰੀਆਂ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਸਾਂ। ਅਸਾਂ ਪਹਿਲਵਾਨੀ ਕਰਨ ਲਈ ਅਖਾੜੇ ਗੋਡ ਲਏ। ਪਰ ਕਿੰਨਾ ਕੁ ਚਿਰ? ਲੁਟਿਆ ਹੋਇਆ ਮਾਲ ਮੁਕ ਗਿਆ, ਮੱਝਾਂ ਵਿਕ ਗਈਆਂ ਤੇ ਪਹਿਲਵਾਨੀ ਛੁਟ ਗਈ।

ਗ਼ਰੀਬੀ ਥੋੜੇ ਚਿਰ ਲਈ ਕਿਧਰੇ ਪ੍ਰਾਹੁਣੀਂ ਚਲੀ ਗਈ ਪਰ ਮੁੜ ਉਹ ਸਾਡੀਆਂ ਬਰੂਹਾਂ ਉਤੇ ਆਣ ਬੈਠੀ। ਉਧਰ ਤੁਸਾਂ ਪਨਾਹਗੀਰਾਂ ਨੇ ਘਰਾਂ ਉਤੇ ਮੱਲਾਂ ਮਾਰ ਲਈਆਂ ਤੇ ਜ਼ਮੀਨਾਂ ਅਲਾਟ ਕਰਾ ਕੇ ਮਾਲਕ ਬਣ ਬੈਠੇ ਸਾਰੇ ਪਿੰਡ ਦੇ। ਅਸਾਂ ਸੋਚਿਆ ਕੌਮ ਦੇ ਗੁੱਜਰ ਚੌਧਰੀ ਲੋਕ ਨੇ, ਕੰਮੀ ਕਮੀਨ ਦੇ ਸਿਰ ਉਤੇ ਹੱਥ ਰੱਖਣਗੇ। ਪਰ ਵਟ ਨਾ ਖਾਈਂ ਮੀਨਿਆ, ਇਹ ਚੌਧਰੀ ਤਾਂ ਬਾਸਮਤੀ ਵੇਚ ਦੇਂਦੇ ਤੇ ਝੋਨੇ ਦੇ ਮੋਟੇ ਚੌਲ ਖਾਂਦੇ ਸਨ।

ਇਹ ਤਾਂ ਰਾਤ ਨੂੰ ਡੋਈ ਚੱਟ ਕੇ ਝੱਟ ਲੰਘਾਣ ਵਾਲੇ ਲੋਕ ਸਨ। ਕਿਸੇ ਨੂੰ ਸਿਰ ਦੀ ਜੂੰ ਨਹੀਂ ਸਨ ਦੇਂਦੇ। ਤੂੰ ਤੇ ਚੌਥੀ ਜਮਾਤ ਪਾਸ ਕਰ ਕੇ ਚਲਾ ਗਿਆ ਸੈਂ, ਪਿੱਛੋਂ ਰੱਜੇ ਪੁੱਜੇ ਗੁੱਜਰਾਂ ਦੇ ਘਰ ਨਚਦੀ ਹੋਈ ਭੁੱਖ ਜਿਹੜੀ ਅਸਾਂ ਵੇਖੀ ਏ, ਰੱਬ ਬਚਾਏ ਉਸ ਤੋਂ। ਈਮਾਨ ਨਾਲ, ਕੁੱਤੇ ਵੀ ਭੁੱਖ ਦੇ ਮਾਰੇ ਜੂਹ ਛੱਡ ਗਏ। ਕਾਂ ਤਕ ਦੌੜ ਗਏ। ਸਾਡੇ ਜਿਹੇ, ਜ਼ਿਮੀਂਦਾਰਾਂ ਦੇ ਘਰੋਂ ਲੱਸੀ ਦੀ ਲੱਪ ਮੰਗ ਕੇ ਪੀ ਲੈਂਦੇ ਸਨ ਪਰ ਪਤਾ ਨਹੀਂ ਇਹ ਪਨਾਹਗੀਰ ਕਿੱਥੋਂ ਆਏ ਕਿ ਕੁੱਝ ਲੱਸੀ ਪੀ ਲੈਂਦੇ, ਕੁੱਝ ਦੀ ਕੜ੍ਹੀ ਪਕਾ ਲੈਂਦੇ, ਬਾਕੀ ਕੁੱਜੇ ਵਿਚ ਪਾ ਲੈਂਦੇ ਤੇ ਸੱਤਾਂ ਦਿਨਾਂ ਪਿੱਛੋਂ ਜ਼ਨਾਨੀਆਂ ਖੱਟੀ ਲੱਸੀ ਨਾਲ ਸਿਰ ਧੋ ਲੈਂਦੀਆਂ।

ਲੱਸੀ ਪੁਣ ਕੇ ਜੋ ਛੱਡੀ ਨਿਕਲਦੀ, ਉਹ ਪਹਿਲਾਂ ਕਾਂ ਖਾ ਲਿਆ ਕਰਦੇ ਸਨ ਪਰ ਹੁਣ ਉਹ ਚੌਧਰਾਣੀ ਮੁੰਡੇ ਦੇ ਸਿਰ ਵਿਚ ਮਲ ਲੈਂਦੀ ਸੀ। ਬਸ ਭੁੱਖੇ ਰਹਿ ਰਹਿ ਕੇ ਜ਼ਮੀਨਾਂ ਹੀ ਖ਼ਰੀਦੀ ਜਾਂਦੇ ਸਨ। ਇਸ ਭੁੱਖ ਦੇ ਢੇਕੇ ਪਿੰਡ ਰਹਿ ਕੇ ਅੱਗ ਲਾਣੀ ਸੀ ਤੇਰੇ ਮਾਮਿਆਂ ਦੇ ਪਿੰਡ ਨੂੰ?''ਬਸ਼ੀਰੇ ਦੀਆਂ ਗੱਲਾਂ ਵੀਹ ਵਿਸਵੇ ਸੱਚੀਆਂ ਸਨ ਕਿਉਂਕਿ ਕੁੱਝ ਚਿਰ ਪਹਿਲਾਂ ਮਰਨ ਵਾਲੇ ਅਬਦੁਲ ਵਾਹਿਦ ਨੇ ਮੈਨੂੰ ਵੀ ਆਖਿਆ ਸੀ ਕਿ ਏਨੀ ਸਾਰੀ ਕੋਠੀ ਪਾ ਕੇ ਪੈਸੇ ਬਰਬਾਦ ਕਰਨ ਨਾਲੋਂ ਰੰਗਲੇ ਇਕ ਮੁਰੱਬਾ ਜ਼ਮੀਨ ਖ਼ਰੀਦ ਲੈਂਦਾ ਤਾਂ ਚੰਗਾ ਸੀ।

ਪਰ ਮੈਨੂੰ ਥੋੜੀ ਜਿਹੀ ਨਮੋਸ਼ੀ ਹੋਈ ਤੇ ਮੈਂ ਆਖਿਆ, ''ਓਏ ਬਸ਼ੀਰਿਆ! ਮੇਰੀ ਗੋਦ ਵਿਚ ਬਹਿ ਕੇ ਦਾੜ੍ਹੀ ਤਾਂ ਨਾ ਪੁਟ।'' ਉਹ ਹੱਸ ਕੇ ਆਖਣ ਲੱਗਾ, ''ਓਏ ਤੇਰੇ ਸਾਕਾਂ ਨੇ ਸਾਡਾ ਬੂਟਾ ਪੁੱਟ ਛਡਿਐ। ਸਾਡਾ ਜੱਦੀ ਪੁਸ਼ਤੀ ਪਿੰਡ ਛੁਡਾ ਦਿਤੈ, ਤੂੰ ਦਾੜ੍ਹੀ ਨੂੰ ਰੋਨੈਂ?''ਮੈਂ ਕਿਹਾ, ''ਚਲ ਛੱਡ ਬਸ਼ੀਰਿਆ, ਤੇਰਾ ਕੀ ਵਿਗੜਿਐ? ਲੋਕਾਂ ਤੈਨੂੰ ਕੰਜੂਸੀ ਦੀ ਲੱਤ ਮਾਰੀ ਤੇ ਤੇਰਾ ਕੁੱਬ ਨਿਕਲ ਆਇਆ।

ਉਨ੍ਹਾਂ ਦੀ ਬੁਰਾਈ ਤੈਨੂੰ ਜੱਚ ਗਈ ਤੇ ਤੇਰਾ ਕੰਮ ਸਕਾਰਥਾ ਹੋ ਗਿਆ। ਹੁਣ ਤੂੰ ਉੱਚੀ ਗੱਦੀ ਉਤੇ ਬਹਿ ਕੇ ਇਨਸਾਨਾਂ ਵਰਗੀਆਂ ਭੇਡਾਂ ਉਤੇ ਰਾਜ ਕਰ ਰਿਹੈਂ। ਛੱਡ ਸਾਰੀਆਂ ਗੱਲਾਂ, ਤੂੰ ਇਹ ਸੁਣਾ ਕਿ ਇਹ ਸਾਰਾ ਕੁੱਝ ਕਿਵੇਂ ਹੋਇਆ? ਇਹ ਖੁੱਲ੍ਹਾ ਡੁੱਲ੍ਹਾ ਡੇਰਾ ਕਿੱਥੋਂ ਲਿਆ ਅਤੇ ਇਹ ਭੇਡਾਂ ਭਾਰੂ ਕਿਵੇਂ ਇਕੱਠੇ ਕੀਤੇ?'' (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement