
450 ਦੇ ਲਗਭਗ ਬੇਆਸਰਿਆਂ ਦੀ ਸੇਵਾ ਸੰਭਾਲ ਕਰ ਰਿਹਾ ਹੈ ਪ੍ਰਭ ਆਸਰਾ ਕੁਰਾਲੀ
ਕੁਰਾਲੀ/ਕੁਲਦੀਪ ਸਿੰਘ ਭੋੜੇ : ਚੰਡੀਗੜ੍ਹ ਦੇ ਸੈਕਟਰ 37 ਤੋਂ ਦੋ ਕਮਰਿਆਂ ਵਿਚ ਸ਼ੁਰੂ ਹੋਇਆ ‘ਪ੍ਰਭ ਆਸਰਾ’ ਨਿਵਾਸ ਅੱਜ ਬਹੁਤ ਵੱਡਾ ਰੂਪ ਧਾਰ ਚੁੱਕਿਆ ਹੈ। ‘ਪ੍ਰਭ ਆਸਰਾ’ ਦੀਆਂ ਤਿੰਨ ਬ੍ਰਾਚਾਂ ਹਨ ਜਿਨ੍ਹਾਂ ਵਿਚੋਂ ਇਕ ਝੰਜੇੜੀ, ਦੂਜਾ ਲੁਧਿਆਣਾ ਦੇ ਰਾਏਪੁਰ ਅਤੇ ਤੀਜਾ ਕੁਰਾਲੀ ਵਿਖੇ ਚੱਲ ਰਿਹਾ ਹੈ। ਜਿੱਥੇ ਬਹੁਤ ਸਾਰੇ ਅਨਾਥ ਅਤੇ ਬੇਸਹਾਰਿਆ ਨੂੰ ਸੰਭਾਲਿਆ ਜਾਂਦਾ ਹੈ। ਪ੍ਰਭ ਆਸਰਾ ਕੁਰਾਲੀ ਵਿਖੇ ਇਸ ਸਮੇਂ 450 ਤੋਂ ਜ਼ਿਆਦਾ ਬੇਸਹਾਰਿਆਂ ਨੂੰ ਪ੍ਰਭ ਆਸਰਾ ਵੱਲੋਂ ਸਹਾਰਾ ਦਿੱਤਾ ਗਿਆ। ਪ੍ਰਭ ਆਸਰਾ ਦੇ ਪ੍ਰਬੰਧਕ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਥੇ ਆਏ ਹਰ ਵਿਅਕਤੀ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਪੱਖੋਂ ਦੇਖਭਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਕਈ ਵਿਅਕਤੀ ਤਾਂ ਅਜਿਹੇ ਹਨ ਜਿਨ੍ਹਾਂ ਦੇ ਬੱਚੇ ਤਾਂ ਚੰਗੀਆਂ ਨੌਕਰੀਆਂ ’ਤੇ ਹਨ ਪਰ ਫਿਰ ਉਨ੍ਹਾਂ ਵੱਲੋਂ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ। ਅੰਮ੍ਰਿਤਸਰ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਮੇਰੇ ਦੋ ਪੁੱਤਰ ਹਨ ਅਤੇ ਦੋਵੇਂ ਚੰਗੀਆਂ ਤਨਖਾਹਾਂ ਲੈ ਰਹੇ ਹਨ ਪਰ ਉਨ੍ਹਾਂ ਵੱਲੋਂ ਮੇਰੇ ਕੋਈ ਦੇਖਭਾਲ ਨਹੀਂ ਕੀਤੀ ਗਈ। ਮੈਂ ਲੱਤ ਟੁੱਟਣ ਤੋਂ ਬਾਅਦ ਇਕ ਤਰ੍ਹਾਂ ਨਾਲ ਸੜਕ ’ਤੇ ਆ ਗਿਆ ਸੀ ਅਤੇ ਪ੍ਰਭ ਆਸਰਾ ਵਾਲਿਆਂ ਨੇ ਮੈਨੂੰ ਸੜਕ ਤੋਂ ਹੀ ਚੁੱਕ ਕੇ ਇਥੇ ਲਿਆਂਦਾ ਸੀ। ਇਨ੍ਹਾਂ ਵੱਲੋਂ ਇਥੇ ਮੇਰਾ ਇਲਾਜ ਕਰਵਾਇਆ ਅਤੇ ਮੇਰੀ ਚੰਗੀ ਦੇਖਭਾਲ ਕੀਤੀ। ਮੈਨੂੰ ਇਥੇ ਆਏ ਨੂੰ ਦੋ ਸਾਲ ਹੋ ਗਏ ਹਨ ਪਰ ਮੇਰੇ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਮੇਰੇ ਨਾਲ ਸੰਪਰਕ ਨਹੀਂ ਕੀਤਾ ਗਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਰਿਵਾਰ ਨੂੰ ਮਿਲਣਾ ਚਾਹੋਗੇ, ਤਾਂ ਉਨ੍ਹਾਂ ਕਿਹਾ ਕਿ ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਪੇ ਕਦੇ ਕੁਪਾਪੇ ਨਹੀਂ ਹੋ ਸਕਦੇ। ਕਿਸੇ ਵੀ ਮਾਂ-ਪਿਓ ਦਾ ਧੀ-ਪੁੱਤਰ ਚਾਹੇ ਕਿੰਨਾ ਵੀ ਨਲਾਇਕ ਕਿਉਂ ਨਾ ਹੋਵੇ ਪਰ ਮਾਪਿਆਂ ਵੱਲੋਂ ਉਸ ਨੂੰ ਕਦੇ ਵੀ ਦੁਰਕਾਰਿਆ ਨਹੀਂ ਜਾਂਦਾ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹੀ ਅਪੀਲ ਕਰਾਂਗਾ ਜੇਕਰ ਉਹ ਮੈਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ ਤਾਂ ਘੱਟੋ-ਘੱਟ ਮੈਨੂੰ ਇਥੇ ਆ ਕੇ ਮਿਲ ਤਾਂ ਜਾਣ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਤੁਹਾਡਾ ਪਰਿਵਾਰ ਨਾਲ ਲੈ ਕੇ ਜਾਣਾ ਚਾਹੁੰਦਾ ਹੋਵੇ ਤਾਂ ਤੁਸੀਂ ਉਨ੍ਹਾਂ ਦੇ ਨਾਲ ਜਾਓਗੇ, ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਦੋਂ ਮੈਂ ਬਿਲਕੁਲ ਤੰਦਰੁਸਤ ਹੋ ਜਾਵਾਂਗਾ ਤਾਂ ਮੈਂ ਸੋਚਿਆ ਹੈ ਕਿ ਮੈਂ ਹੁਣ ਇਥੇ ਹੀ ਰਹਿ ਕੇ ਇਨ੍ਹਾਂ ਦੀ ਸੇਵਾ ਕਰਾਂਗਾ ਕਿਉਂਕਿ ਪ੍ਰਭ ਆਸਾਰਿਆਂ ਵੱਲੋਂ ਮੇਰੀ ਬਹੁਤ ਸੇਵਾ ਕੀਤੀ ਗਈ ਹੈ।
ਪ੍ਰਭ ਆਸਰਾ ’ਚ ਰਹਿਣ ਵਾਲੇ ਬੱਚਿਆਂ ਦੀ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਪੜ੍ਹਨ-ਲਿਖਣ ਅਤੇ ਖੇਡਣ ਵਰਗੀ ਹਰ ਸਹੂਲਤ ਦਿੱਤੀ ਜਾਂਦੀ ਹੈ। ਪੜ੍ਹਨ ਵਾਲੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਜਿਨ੍ਹਾਂ ਵਿਚੋਂ ਦੋ-ਤਿੰਨ ਬੱਚੇ ਤਾਂ ਯੂਨੀਵਰਸਿਟੀ ਵਿਚ ਪੜ੍ਹ ਰਹੇ ਹਨ। ਜਦਕਿ ਖੇਡਾਂ ਵੱਲ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਇਥੋਂ ਟ੍ਰੇਨਿੰਗ ਲੈ ਕੇ ਬੱਚੇ ਖੇਡਾਂ ਵਿਚ ਹਿੱਸਾ ਲੈਂਦੇ ਹਨ। ਇਨ੍ਹਾਂ ਵਿਚੋਂ ਕਈ ਬੱਚੇ ਤਾਂ ਦੂਜੇ ਰਾਜਾਂ ਵਿਚ ਖੇਡ ਕੇ ਮੈਡਲ ਵੀ ਜਿੱਤ ਚੁੱਕੇ ਹਨ। ਬਿੱਲੋ ਨਾਂ ਦੀ ਇਕ ਲੜਕੀ ਦਿੱਲੀ ਵਿਖੇ ਹੋਏ ਪਾਵਰ ਲਿਫਟਿੰਗ ਦੇ ਮੁਕਾਲਿਆਂ ਵਿਚ ਸਿਲਵਰ ਮੈਡਲ ਜਿੱਤ ਚੁੱਕੀ ਹੈ। ਇਸੇ ਤਰ੍ਹਾਂ ਉੜੀਸਾ ਵਿਚ ਹੋਈਆਂ ਖੇਡਾਂ ਵਿਚ ਵੀ ਕਈ ਬੱਚਿਆਂ ਨੇ ਮੈਡਲ ਹਾਸਲ ਕੀਤੇ।
ਪ੍ਰਭ ਆਸਰਾ ਵਿਖੇ ਬੀਤੇ ਦਿਨੀਂ ਦੀਵਾਲੀ ਦਾ ਤਿਉਹਾਰ ਵੀ ਮਨਾਇਆ ਗਈ। ਇਥੇ ਰਹਿਣ ਵਾਲੇ ਬੱਚਿਆਂ ਵੱਲੋਂ ਅਨੋਖੇ ਤਰੀਕੇ ਨਾਲ ਦੀਵਾਲੀ ਮਨਾਈ ਜਾਂਦੀ ਹੈ। ਦੀਵਾਲੀ ਮੌਕੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ, ਰੰਗੋਲੀ ਬਣਾਈ ਜਾਂਦੀ ਹੈ ਅਤੇ ਬੱਚੇ ਮਿਲੇ ਪੂਰਾ ਦਿਨ ਮਨੋਰੰਜਨ ਕਰਦੇ ਹਨ। ਪਰ ਪ੍ਰਭ ਆਸਰਾ ਦੇ ਬੱਚਿਆਂ ਵੱਲੋਂ ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਪਟਾਕੇ ਨਹੀਂ ਚਲਾਏ ਜਾਂਦੇ। ਦੀਵਾਲੀ ਮੌਕੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਵੱਲੋਂ ਬੱਚਿਆਂ ਨੂੰ ਮਠਿਆਈਆਂ, ਫਰੂਟ ਅਤੇ ਕੱਪੜੇ ਆਦਿ ਦਿੱਤੇ ਜਾਂਦੇ ਹਨ। ਬਹੁਤ ਸਾਰੇ ਸਮਾਜ ਸੇਵਕ ਤਾਂ ਅਜਿਹੇ ਹਨ ਜੋ ਹਰ ਦੀਵਾਲੀ ਇਨ੍ਹਾਂ ਬੇਆਸਰਿਆਂ ਨਾਲ ਮਿਲ ਕੇ ਮਨਾਉਂਦੇ ਹਨ।
ਜ਼ਿਕਰਯੋਗ ਹੈ ਕਿ ‘ਪ੍ਰਭ ਆਸਰਾ’ ਸਮਾਜ ਭਲਾਈ ਸੰਸਥਾ ਪਿਛਲੇ 21 ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਦੀ ਸ਼ੁਰੂਆਤ ਭਾਈ ਸਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਵੱਲੋਂ ਕੀਤੀ ਗਈ ਸੀ। ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ। ਇਥੇ ਚੱਲਣ ਵਾਲੇ ਸਾਰੇ ਕਾਰਜ ਸਮਾਜ ਸੇਵਕਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ।