
ਉਹ ਆਖਣ ਲਗਾ, ''ਈਮਾਨ ਨਾਲ ਮੈਨੂੰ ਤਾਂ ਕੁੱਝ ਵੀ ਨਹੀਂ ਕਰਨਾ ਪਿਆ। ਭੁੱਖਾਂ ਦਾ ਫਾਂਡਾ ਖਾ ਕੇ ਪਿੰਡੋਂ ਦੌੜਿਆ ਤੇ ਇਕ ਜਾਣੂ ਬੰਦੇ ਕੋਲ ਸ਼ਾਹਦਰੇ ਆ ਗਿਆ। ਰਾਜਾਂ...
ਉਹ ਆਖਣ ਲਗਾ, ''ਈਮਾਨ ਨਾਲ ਮੈਨੂੰ ਤਾਂ ਕੁੱਝ ਵੀ ਨਹੀਂ ਕਰਨਾ ਪਿਆ। ਭੁੱਖਾਂ ਦਾ ਫਾਂਡਾ ਖਾ ਕੇ ਪਿੰਡੋਂ ਦੌੜਿਆ ਤੇ ਇਕ ਜਾਣੂ ਬੰਦੇ ਕੋਲ ਸ਼ਾਹਦਰੇ ਆ ਗਿਆ। ਰਾਜਾਂ-ਮਿਸਤਰੀਆਂ ਨਾਲ ਮਜ਼ਦੂਰੀ ਕਰ ਕੇ ਇਕ ਨਿੱਕੀ ਜਿਹੀ ਕੋਠੜੀ ਕਰਾਏ ਉਤੇ ਲੈ ਕੇ ਰਹਿਣ ਲੱਗ ਪਿਆ। ਨਾਈ ਨੂੰ ਦੇਣ ਲਈ ਪੈਸੇ ਕੋਲ ਕੋਈ ਨਹੀਂ ਸਨ ਤਾਂ ਮਜਬੂਰਨ ਦਾੜ੍ਹੀ ਹੀ ਰੱਖ ਲਈ।
ਬਹੁਤੀ ਵਧੀ ਹੋਈ ਦਾੜ੍ਹੀ ਵੇਖ ਕੇ ਮੁਹੱਲੇ ਵਾਲੇ ਝੁਕ ਕੇ ਸਲਾਮ ਕਰਨ ਲੱਗ ਪਏ ਤੇ ਮੈਂ ਰੱਬ ਰੱਬ ਕਰਦੇ ਹੋਏ ਸਿਰ ਉਤੇ ਪਿਆਰ ਦੇਂਦਾ ਰਿਹਾ। ਇਕ ਦਿਨ ਇਕ ਬੀਮਾਰ ਬਾਲ ਚੁੱਕੀ ਫਿਰਦੀ ਜ਼ਨਾਨੀ ਨੇ ਆਖਿਆ ਕਿ ਬਾਬਾ ਜੀ ਇਸ ਨੂੰ ਬੜੇ ਦਿਨਾਂ ਤੋਂ ਕੱਸ ਚੜ੍ਹੀ ਹੋਈ ਏ, ਕੁੱਝ ਦਮ ਕਰ ਕੇ ਫੂਕ ਮਾਰ ਦਿਉ। ਉਹ ਲੋਕਾਂ ਦੇ ਯਕੀਨ ਵਾਲੇ ਚੁੱਲ੍ਹੇ ਵਿਚ ਮਾਰੀ ਹੋਈ ਮੇਰੀ ਪਹਿਲੀ ਫੂਕ ਸੀ।
ਮੈਂ ਅਪਣੇ ਮੂੰਹ ਵਿਚ ਐਵੇਂ ਬੁੜ ਬੁੜ ਕਰ ਕੇ ਉਸ ਬਾਲ ਨੂੰ ਫੂਕ ਮਾਰ ਦਿਤੀ ਤੇ ਨਾਲ ਹੀ ਦਿਲ ਵਿਚ ਆਖਿਆ ਕਿ ਰੱਬਾ ਤੂੰ ਹੀ ਇਜ਼ਤਾਂ ਰੱਖਣ ਵਾਲਾ ਏਂ। ਉਸ ਬਾਲ ਨੂੰ ਇਕ ਦਿਨ ਆਰਾਮ ਤੇ ਆਖ਼ਰ ਆ ਹੀ ਜਾਣਾ ਸੀ। ਨਾਲੇ ਨਾ ਵੀ ਆਉਂਦਾ ਤਾਂ ਮੈਂ ਕਿਹੜਾ ਉਸ ਬੀਬੀ ਨੂੰ ਅਸ਼ਟਾਮ ਲਿਖ ਕੇ ਦਿਤਾ ਸੀ। ਕਿਸੇ ਵੀ ਪੀਰ-ਫ਼ਕੀਰ ਦੀ ਹਰ ਫੂਕ ਕਾਰੇ ਤੇ ਨਹੀਂ ਆ ਜਾਂਦੀ। ਉਸ ਬਾਲ ਦੀ ਮਾਂ ਨੇ ਕਿਸੇ ਹੋਰ ਮਾਂ ਨੂੰ ਦਸਿਆ ਹੋਸੀ ਕਿ ਬਾਬੇ ਦੀ ਫੂਕ ਨਾਲ ਮੇਰਾ ਪੁੱਤਰ ਠੀਕ ਹੋ ਗਿਐ।
ਬਸ ਫਿਰ, ਫੂਕਾਂ ਸ਼ੁਰੂ ਹੋ ਗਈਆਂ। ਵੇਖਦਿਆਂ ਵੇਖਦਿਆਂ ਹੀ ਅੱਜ ਹੋਰ ਤੇ ਕਲ ਹੋਰ। ਕਈ ਤਵੀਤ ਮੰਗਣ ਵਾਲੇ ਵੀ ਆ ਗਏ। ਰਾਤ ਨੂੰ ਕਦੀ ਕਦੀ ਖੀਰ, ਮਿੱਠੇ ਚੌਲ ਅਤੇ ਹਲਵਾ ਮੇਰੀ ਕੋਠੜੀ ਵਿਚ ਆਉਣ ਲੱਗ ਪਿਆ। ਮੈਂ ਕਿਸੇ ਨੂੰ ਕੁੱਝ ਵੀ ਨਹੀਂ ਸੀ ਆਖਿਆ ਪਰ ਉਹ ਆਪੇ ਹੀ ਮੈਨੂੰ ਸ਼ਾਹ ਜੀ ਕਹਿਣ ਲੱਗ ਪਏ। ਮੈਨੂੰ ਆਉਂਦੀ ਤਾਂ ਨਹੀਂ ਸੀ ਪਰ ਕੰਮ ਰਿੜ੍ਹਦਾ ਵੇਖ ਕੇ ਨਮਾਜ਼ ਵੀ ਪੜ੍ਹਨ ਲੱਗ ਪਿਆ।
ਪੜ੍ਹਦਾ ਤਾਂ ਕੁੱਝ ਨਹੀਂ ਸਾਂ, ਉਤੇ ਥੱਲੇ ਹੋਣ ਦੀ ਡਰਿਲ ਹੀ ਕਰਨੀ ਆਉਂਦੀ ਸੀ। ਕੰਮ ਹੋਰ ਵਧਿਆ ਤਾਂ ਮੈਂ ਹਰਾ ਚੋਗਾ ਅਤੇ ਹਰੇ ਰੰਗ ਦੀ ਟੋਪੀ ਖ਼ਰੀਦ ਲਈ। ਪਹਿਲੇ ਦਿਨ ਫੂਕ ਮਰਵਾਣ ਵਾਲੀ ਬੀਬੀ ਜਦੋਂ ਸ਼ਾਮ ਨੂੰ ਦੋ ਪਰੌਂਠੇ ਤੇ ਕੜਾਹ ਦਾ ਠੂਠਾ ਲੈ ਕੇ ਆਈ ਤਾਂ ਮੈਂ ਡਰਦੇ ਡਰਦੇ ਨੇ ਪੁਛਿਆ, ਸੁਣਾ ਪੁੱਤਰ ਬੱਚੇ ਦਾ ਕੀ ਹਾਲ ਏ? ਜ਼ਨਾਨੀ ਆਖਣ ਲਗੀ, ਬਾਬਾ ਜੀ ਤੁਹਾਡੀ ਫੂਕ ਮਾਰਨ ਦੀ ਦੇਰ ਸੀ, ਕਾਕਾ ਦਿਨੋ ਦਿਨ ਨੌ ਬਰ ਨੌ ਹੋ ਗਿਆ।
ਬਸ ਫਿਰ, ਮੇਰੀਆਂ ਫੂਕਾਂ ਗਲੀ ਵਿਚੋਂ ਨਿਕਲ ਕੇ ਮੁਹੱਲੇ ਵਿਚ ਫੈਲ ਗਈਆਂ। ਕੋਈ ਵਰ੍ਹਾ ਖੰਡ ਹੀ ਲੱਗਾ ਹੋਵੇਗਾ ਕਿ ਮੈਂ ਪੀਰ ਬਸ਼ੀਰ ਸ਼ਾਹ ਬਣ ਗਿਆ ਤੇ ਮੇਰੀਆਂ ਕਰਾਮਤਾਂ ਦੀ ਧੁਮ ਪੈ ਗਈ।''ਮੈਂ ਉਸ ਦੀ ਗੱਲ ਡੱਕ ਕੇ ਪੁਛਿਆ, ''ਬਸ਼ੀਰਿਆ ਤੂੰ ਤਾਂ ਅਲਫ਼ੋਂ ਬੇ ਨਹੀਂ ਪੜ੍ਹਿਆ ਤੇ ਇਹ ਤਵੀਤ ਕਿਵੇਂ ਲਿਖਦੈਂ?''
ਉਹ ਹੱਸ ਕੇ ਆਖਣ ਲਗਾ, ''ਜੇ ਮੈਂ ਨਹੀਂ ਪੜ੍ਹਿਆ ਤਾਂ ਇਹ ਤਵੀਤ ਲੈਣ ਵਾਲੇ ਕਿਹੜੇ ਆਲਮ ਫ਼ਾਜ਼ਲ ਨੇ।
ਨਾਲੇ ਤਵੀਤ ਗੱਲ ਪਾਉਣ ਲਈ ਹੁੰਦੈ, ਉਹਦਾ ਪਾਠ ਕੌਣ ਕਰਦਾ ਈ? ਨਾਲੇ ਜੇ ਇਹ ਏਨੇ ਸਿਆਣੇ ਹੁੰਦੇ ਤਾਂ ਮੇਰੇ ਕੋਲੋਂ ਹੀ ਤਵੀਤ ਲੈਣ ਆਉਂਦੇ? ਮੈਂ ਇਕ ਕਾਗ਼ਜ਼ ਉਤੇ ਕੀੜੀ ਕਾਢੇ ਵਾਹ ਦੇਂਦਾ ਹਾਂ ਤੇ ਨਾਲ ਹੀ ਹੁਕਮ ਦੇਂਦਾ ਹਾਂ ਕਿ ਬਾਹਰ ਗਲੀ ਵਿਚ ਮੋਚੀ ਨਜ਼ੀਰੀ ਕੋਲੋਂ ਹੁਣੇ ਹੀ ਮੜ੍ਹਾ ਲਵੋ। ਰੁਪਿਆ ਮੋਚੀ ਮਠਦਾ ਏ ਤੇ ਵਿਚੋਂ ਅਠਿਆਨੀ ਮੇਰੀ ਹੁੰਦੀ ਏ। ਨਾਲੇ ਇਕ ਗੱਲ ਦਾ ਚੇਤਾ ਰੱਖੀਂ, ਜਿਹੜੇ ਭਾਰੂ ਇਕ ਵੇਰਾਂ ਪੀਰਾਂ ਬਾਬਿਆਂ ਦੇ ਢਹੇ ਚੜ੍ਹ ਜਾਣ ਉਹ ਪੜ੍ਹੇ ਵੀ ਹੋਣ ਤਾਂ ਪੜ੍ਹਾਈ ਕਿਸੇ ਕੰਮ ਦੀ ਨਹੀਂ ਰਹਿੰਦੀ।
ਜਦੋਂ ਅਕਲ ਹੀ ਮਾਰੀ ਜਾਏ ਤਾਂ ਪੜ੍ਹਾਈ ਟੰਗਾਂ ਖੜੀਆਂ ਕਰੇਗੀ? ਸਵਾਦਲੀ ਗੱਲ ਤਾਂ ਇਹ ਹੈ ਕਿ ਜੇ ਸਾਡੀ ਦੁਆ, ਤਵੀਤ, ਜਾਂ ਫੂਕ ਨਾਲ ਉਨ੍ਹਾਂ ਦਾ ਕੰਮ ਸੰਵਰ ਜਾਏ ਤਾਂ ਸਾਡੀ ਬੱਲੇ ਬੱਲੇ ਤੇ ਜੇ ਕੰਮ ਨਾ ਬਣੇ ਤਾਂ ਕਸੂਰ ਰੱਬ ਦੇ ਖਾਤੇ ਪਾ ਦੇਂਦੇ ਨੇ ਕਿ ਰੱਬ ਨੇ ਮਨਜ਼ੂਰ ਨਹੀਂ ਕੀਤਾ। ਭਲਾਈ ਸਾਡੀ ਝੋਲੀ ਤੇ ਬੁਰਾਈ ਅਸਮਾਨਾਂ ਵਲ। ਇੰਜ ਬਾਬਿਉ! ਸਾਡੀਆਂ ਪੰਜੇ ਹੀ ਘਿਉ ਵਿਚ। ਇਸ ਕੰਮ ਵਿਚ ਭੋਲਿਆ, ਥੋੜੀ ਜਿਹੀ ਅਕਲ ਨਾਲ ਚਾਲਾਕੀ ਦਾ ਅਜਿਹਾ ਵਾੜਾ ਬਣਾਉ ਕਿ ਭੇਡਾਂ ਆਪੇ ਹੀ ਆਣ ਵੜਨ।''
ਮੈਂ ਪੀਰ ਬਸ਼ੀਰ ਸ਼ਾਹ ਦੀਆਂ ਹੁਸ਼ਿਆਰੀਆਂ ਅਤੇ ਸ਼ੁਦਾਈਆਂ ਦੇ ਸ਼ੁਦਾਅ ਦੇ ਕਿੱਸੇ ਸੁਣ ਕੇ ਬੜਾ ਹੀ ਹਸਿਆ ਤੇ ਪੁਛਿਆ, ''ਹੁਣ ਬਾਕੀ ਜੀਆ ਜੰਤ ਦੀ ਸੁਣਾ ਕਿ ਉਹ ਕਿੱਥੇ ਈ?'' ਉਹ ਭੋਰਾ ਕੁ ਉਡਲ ਗਿਆ ਤੇ ਡੂੰਘਾ ਜਿਹਾ ਸਾਹ ਲੈ ਕੇ ਆਖਣ ਲੱਗਾ, ''ਤੇਰੇ ਹਾਣ ਦਾ ਨਿੱਕਾ ਭਰਾ ਛੱਬਾ ਤਾਂ ਜਵਾਨੀ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਤੇਰੀ ਭਰਜਾਈ ਵੀ ਦੁਨੀਆਂ ਤੋਂ ਚਲੀ ਗਈ ਤੇ ਇਸੇ ਕਰ ਕੇ ਪਿੰਡ ਛੱਡ ਕੇ ਇੱਥੇ ਆ ਗਿਆ।
ਦੋ ਪੁੱਤਰ ਨੇ ਜਿਨ੍ਹਾਂ ਨੂੰ ਮੁਰੀਦਾਂ ਦੀ ਮਦਦ ਨਾਲ ਦੁਬਈ ਘੱਲ ਦਿੱਤਾ। ਹੁਣ ਕੱਲੀ ਕੱਲੀ ਜਾਨ ਏ, ਸੋਚਦਾ ਹਾਂ ਕਿ ਗ਼ਰੀਬੀ ਮੁੱਕੀ ਤੇ ਟੱਬਰ ਨਾ ਰਿਹਾ। ਛੋਲੇ ਲੱਭੇ ਤਾਂ ਚੱਬਣ ਵਾਲੇ ਦੰਦ ਵੀ ਚਲੇ ਗਏ।''ਬਸ਼ੀਰਾ ਭਾਵੇਂ ਕਿੰਨੇ ਵੀ ਚੰਗੇ ਹਾਲ ਵਿਚ ਸੀ ਪਰ ਗਵਾਚ ਗਏ ਵੇਲੇ ਨੂੰ ਅੱਜ ਵੀ ਯਾਦ ਕਰ ਕੇ ਇਕ ਆਹ ਭਰਦਾ ਸੀ। ਕਿਸੇ ਜਜ਼ਬਾਤੀ ਇਨਸਾਨ ਲਈ ਮਾਜ਼ੀ ਵਰਗੀ ਗਵਾਚੀ ਹੋਈ ਸ਼ੈ ਉਸ ਦੇ ਕੁਛੜੋਂ ਨਹੀਂ ਲਹਿੰਦੀ ਭਾਵੇਂ ਮਾਜ਼ੀ ਕਿੱਡਾ ਵੀ ਬੁਰਾ ਹੋਵੇ।
ਮੈਂ ਅਪਣੀ ਇਸ ਖ਼ੁਸ਼ਗਵਾਰ ਜਿਹੀ ਮੁਲਾਕਾਤ ਕਰ ਕੇ ਉਠਦੇ ਹੋਏ ਆਖਿਆ, ''ਬਸ਼ੀਰ! ਯਾਰ ਕਿਸੇ ਦਿਨ ਮੇਰੇ ਘਰ ਆ। ਅਸੀ ਰੰਗਲੇ ਦੇ ਰੰਗੀਨ ਜ਼ਮਾਨੇ ਨੂੰ ਯਾਦ ਕਰ ਕੇ ਅਪਣੇ ਬਚਪਨ ਅਤੇ ਲੜਕਪਨ ਦਾ ਸਵਾਦ ਲਵਾਂਗੇ।''ਉਸ ਨੇ ਸਿੱਧਾ ਹੀ ਇਨਕਾਰ ਕਰਦੇ ਹੋਏ ਆਖਿਆ, ''ਵੇਖ ਮੀਨਿਆ, ਤੂੰ ਬੁਰਾ ਨਾ ਮਨਾਈਂ, ਮੇਰੇ ਲਈ ਆਉਣਾ ਔਖਾ ਈ। ਇਕ ਤਾਂ ਦਿਹਾੜੀ ਮਰਦੀ ਏ, ਦੂਜਾ ਦੁਕਾਨਦਾਰੀ ਦਾ ਇਹ ਅਸੂਲ ਹੈ ਕਿ ਹੱਟੀ ਨੂੰ ਇਕ ਦਿਨ ਵੀ ਬੰਦ ਨਾ ਕੀਤਾ ਜਾਏ।'' ਮੈਨੂੰ ਗੱਲ ਦੀ ਸਮਝ ਤਾਂ ਆ ਗਈ ਪਰ ਚਸਕਾ ਲੈਣ ਲਈ ਆਖਿਆ, ''ਓਏ ਲਾਹਨਤੀਆ, ਤੂੰ ਕਿਹੜਾ ਰਾਜਾਂ-ਮਿਸਤਰੀਆਂ ਨਾਲ ਕੰਮ ਕਰਨੈ ਜਿਹੜੀ ਦਿਹਾੜੀ ਮਰ ਜਾਏਗੀ।''
ਬਸ਼ੀਰ ਨੇ ਤੁਰਤ ਜਵਾਬ ਦਿਤਾ ਤੇ ਆਖਣ ਲੱਗਾ, ''ਰਾਜਾਂ ਨਾਲ ਮਜ਼ਦੂਰੀ ਕਰਦਿਆਂ ਦਿਹਾੜੀ ਗਵਾਚ ਜਾਏ ਤਾਂ ਕਮ-ਅਜ਼-ਕਮ ਇਕ ਦਿਨ ਦਾ ਆਰਾਮ ਤਾਂ ਮਿਲ ਜਾਂਦੈ। ਮੇਰੀ ਦਿਹਾੜੀ ਵਿਚ ਆਰਾਮ ਵੀ ਹੈ ਤੇ ਮਜ਼ਦੂਰੀ ਵੀ ਪੂਰੀ ਲੱਭ ਜਾਂਦੀ ਏ। ਜਿਸ ਨੂੰ ਮਿਹਨਤ ਤੋਂ ਬਗ਼ੈਰ ਦਿਹਾੜੀ ਮਿਲ ਜਾਏ ਉਹ ਦਿਹਾੜੀ ਕਿਉਂ ਛੱਡੇ? ਕਮਲਿਆ ਹੱਥ ਹਿਲਾਏ ਬਗ਼ੈਰ ਪੈਰਾਂ ਵਿਚ ਪੈਸੇ ਆ ਜਾਣ ਤਾਂ ਕੌਣ ਛਡਦਾ ਈ?''
ਮੈਂ ਅਪਣੀ ਮੱਤ ਮੂਜਬ ਆਖ ਬੈਠਾ, ''ਓਏ ਬਸ਼ੀਰ, ਇਹ ਮਜ਼ਦੂਰ, ਅਨਪੜ੍ਹ ਅਤੇ ਮਾਸੂਮ ਜਿਹੇ ਲੋਕ ਨੇ। ਇਨ੍ਹਾਂ ਗ਼ਰੀਬਾਂ ਦਾ ਲਹੂ ਚੂਸਣਾ ਛੱਡ ਕੇ ਰੱਬ ਕੋਲੋਂ ਡਰ।''
ਉਹ ਸੋਚੇ ਬਗ਼ੈਰ ਪੈਰ ਤੇ ਹੀ ਬੋਲਿਆ ਤੇ ਆਖਣ ਲੱਗਾ, ''ਜਦੋਂ ਮੈਂ ਅਤੇ ਮੇਰੇ ਬਾਲ ਭੁੱਖੇ ਮਰ ਰਹੇ ਸਨ, ਉਸ ਵੇਲੇ ਰੱਬ ਤਾਂ ਕਿਸੇ ਕੋਲੋਂ ਨਹੀਂ ਸੀ ਡਰਿਆ। ਇਹ ਪੈਸੇ ਵਾਲੇ ਮੇਰਾ ਲਹੂ ਪੀਂਦੇ ਰਹਿਣ ਤੇ ਖ਼ੈਰਸੱਲਾ, ਮੈਨੂੰ ਪਿੰਡ ਵਿਚੋਂ ਕੋਈ ਲੱਸੀ ਮੰਗਿਆਂ ਵੀ ਨਾ ਦੇਵੇ ਤਾਂ ਸੱਤੇ ਖ਼ੈਰਾਂ। ਹੁਣ ਆਖ਼ਰੀ ਉਮਰ ਵਿਚ ਮੈਂ ਰੱਜ ਕੇ ਰੋਟੀ ਖਾਣ ਲੱਗਾ ਹਾਂ ਤੇ ਰੱਬ ਕੋਲੋਂ ਡਰ ਕੇ ਭੁੱਖਾ ਕਿਵੇਂ ਮਰ ਜਾਵਾਂ?''
ਮੈਨੂੰ ਪਤਾ ਲੱਗ ਗਿਆ ਕਿ ਬਸ਼ੀਰਾ ਹਰਾਮਦਾ ਹੁਣ ਚਲ ਟੁਰਿਆ ਹੈ। ਉਸ ਦੇ ਮੂਹੋਂ ਗੁਸਤਾਖ਼ੀ ਅਤੇ ਕੁਫ਼ਰ ਦੇ ਕਲਮੇ ਨਹੀਂ ਸੁਣਨੇ ਚਾਹੀਦੇ। ਮੈਂ ਕਿਹਾ, ''ਯਾਦ ਕਰ ਓਏ ਬਸ਼ੀਰਿਆ, ਕਦੀ ਤੂੰ ਦੁਆ ਮੰਗਦਾ ਹੁੰਦਾ ਸੈਂ ਕਿ ਰੱਬਾ ਮੇਰੇ ਵੀ ਦਿਨ ਫੇਰ ਦੇ। ਅੱਜ ਤੈਨੂੰ ਉਹ ਦਿਨ ਭੁਲ ਗਏ ਨੇ?''
ਉਹ ਆਖਣ ਲੱਗਾ, ''ਓਏ ਜਦੋਂ ਦਿਨ ਫਿਰਦੇ ਨੇ ਤਾਂ ਬੰਦਾ ਵੀ ਫਿਰ ਜਾਂਦੈ।''
ਮੈਂ ਉਸ ਦੇ ਮੂੰਹ ਅੱਗੇ ਹੱਥ ਰੱਖ ਕੇ ਆਖਿਆ, ''ਚੰਗਾ ਬਸ਼ੀਰਿਆ ਤੂੰ ਦਿਹਾੜੀਆਂ ਲਾਈ ਜਾ ਤੇ ਰੱਜ ਕੇ ਰੋਟੀ ਖਾ। ਪਰ ਯਾਦ ਰੱਖੀਂ ਦੋਸਤਾ, ਤੂੰ ਸਈਅਦ ਬਣ ਕੇ ਜਿਹੜਾ ਇਹ ਪੀਰੀ ਮੁਰੀਦੀ ਦਾ ਜਾਲ ਵਿਛਾਇਐ, ਇਸ ਦਾ ਕੋਈ ਭਾਂਡਾ ਭੰਨ ਕੇ ਇਨ੍ਹਾਂ ਲੋਕਾਂ ਨੂੰ ਕੋਈ ਇਹ ਦੱਸ ਦੇਵੇ ਕਿ ਤੁਹਾਡਾ ਪੀਰ ਪਿੰਡ ਰੰਗਲੇ ਦਾ ਜੱਦੀ ਪੁਸ਼ਤੀ ਮਰਾਸੀ ਅਤੇ ਕੋਰਾ ਚਿੱਟਾ ਅਨਪੜ੍ਹ ਹੈ ਤਾਂ ਤੇਰੇ ਪੱਲੇ ਕੀ ਰਹੇਗਾ? ਇਹ ਲੋਕ ਤੇਰਾ ਕੀ ਹਾਲ ਕਰਨਗੇ।''
ਬਸ਼ੀਰਾ ਠਹਾਕਾ ਮਾਰ ਕੇ ਹਸਿਆ ਤੇ ਦੋ ਸ਼ਬਦਾਂ ਵਿਚ ਗੱਲ ਮੁਕਾਂਦੇ ਹੋਏ ਆਖਣ ਲੱਗਾ, ''ਤੂੰ ਦੂਰ ਕਾਹਨੂੰ ਜਾਨੈਂ। ਇਹ ਭਾਂਡਾ ਤੂੰ ਹੀ ਭੰਨ ਕੇ ਵੇਖ ਲੈ, ਜੇ ਤੇਰੀਆਂ ਇਨ੍ਹਾਂ ਨੇ ਲੀਰਾਂ ਨਾ ਲਾਹ ਦਿਤੀਆਂ। ਮੇਰੇ ਕਿਸੇ ਗ਼ਰੀਬ ਗ਼ੁਰਬੇ ਮੁਰੀਦ ਨੂੰ ਕਿਸੇ ਨਿੱਕੀ ਮੋਟੀ ਗ਼ਲਤੀ ਤੋਂ ਥਾਣੇਦਾਰ ਸੱਦ ਲਵੇ ਤੇ ਮੈਂ ਉਸ ਦੇ ਪਿੱਛੇ ਥਾਣੇ ਜਾਂਦਾ ਹਾਂ ਤੇ ਥਾਣੇਦਾਰ ਉਠ ਕੇ ਮਿਲਦਾ ਹੈ। ਥਾਣੇਦਾਰ ਨੂੰ ਇਹ ਵੀ ਪਤਾ ਹੈ ਕਿ ਉਸ ਨੇ ਮੇਰੀ ਗੱਲ ਨਾ ਮੰਨੀ ਤਾਂ ਸ਼ਾਮ ਨੂੰ ਲੋਕਾਂ ਦਾ ਜਲੂਸ ਥਾਣੇ ਨੂੰ ਅੱਗ ਲਾ ਦੇਵੇਗਾ।
ਸੁਣ ਓਏ ਸ਼ੁਦਾਈਆ, ਜਦੋਂ ਅੰਨ੍ਹੀ ਸ਼ਰਧਾ ਦਾ ਸ਼ੁਦਾਅ ਬੰਦੇ ਨੂੰ ਅੰਨ੍ਹਾ ਬੌਰਾ ਕਰ ਦੇਵੇ ਤਾਂ ਪੜ੍ਹੇ-ਲਿਖੇ ਅਫ਼ਸਰ ਵੀ ਮੇਰੇ ਜਿਹੇ ਦੇ ਪੈਰੀਂ ਡਿਗਦੇ ਵੇਖੇ ਨੇ। ਮੇਰੀਆਂ ਇਹ ਭੇਡਾਂ ਭਾਰੂ ਤਾਂ ਉਂਜ ਹੀ ਅਕਲੋਂ ਪੈਦਲ ਨੇ। ਇਨ੍ਹਾਂ ਦੀ ਸੋਚ ਵਿਚਾਰ ਦਾ ਤਾਂ ਕਿਸੇ ਨੇ ਨਾੜੂ ਵੀ ਨਹੀਂ ਛੇਕਿਆ।''ਇਹ ਸੱਭ ਕੁੱਝ ਸੁਣ ਕੇ ਮੇਰੀਆਂ ਸੋਚਾਂ ਦਾ ਸਾਹ ਟੁੱਟ ਗਿਆ ਤੇ ਮੈਂ ਆਖਿਆ, ''ਪੀਰ ਜੀ, ਤੁਹਾਡੀਆਂ ਖੇਡਾਂ ਮੇਰੇ ਵਾਰੇ ਵਿਚ ਨਹੀਂ ਆਉਂਦੀਆਂ, ਮੈਨੂੰ ਇਜਾਜ਼ਤ ਦਿਉ।''
ਮੈਂ ਉਠ ਕੇ ਹੱਥ ਮਿਲਾਇਆ ਤੇ ਬਸ਼ੀਰ ਨੇ ਬੜੀ ਰਾਜ਼ਦਾਰੀ ਨਾਲ ਮੇਰੇ ਕੰਨ ਕੋਲ ਮੂੰਹ ਕਰ ਕੇ ਆਖਿਆ, ''ਓਏ ਯਾਰ ਮੀਨਿਆ, ਹੁਣ ਤੇਰੇ ਤੋਂ ਕੀ ਲੁਕਾਅ, ਹਰ ਗੱਲ ਤੋਂ ਜਾਣੂ ਏਂ। ਤੇਰੇ ਗੋਚਰਾ ਇਕ ਕੰਮ ਏ ਜੇ ਕਰ ਦੇਵੇਂ ਤੇ।''
ਮੈਂ ਆਖਿਆ, ''ਤੂੰ ਡਰ ਡਰ ਕੇ ਕਿਉਂ ਬੋਲ ਰਿਹੈਂ, ਖੁੱਲ੍ਹ ਕੇ ਦਸ ਮੈਂ ਹਾਜ਼ਿਰ ਹਾਂ।''
ਉਸ ਨੇ ਕਿਹਾ, ''ਰੱਬ ਦੀ ਦਿਤੀ ਹਰ ਸ਼ੈਅ ਮੇਰੇ ਕੋਲ ਏ ਪਰ ਮੈਂ ਇਸ ਕਮਰੇ ਵਿਚ ਸ਼ਾਮ ਨੂੰ ਇਕੱਲਾ ਹੁੱਸੜ ਜਾਂਦਾ ਹਾਂ।
ਦੁਨੀਆਂ ਸੌਂ ਬਹਿ ਜਾਂਦੀ ਏ ਤੇ ਮੈਂ ਅੱਖਾਂ ਅੱਡ ਕੇ ਬਾਲੇ ਗਿਣਦਾ ਰਹਿੰਦਾ ਹਾਂ। ਇਕ ਕੰਮ ਹੈ ਜੋ ਮੇਰੇ ਵੱਸ ਵਿਚ ਨਹੀਂ। ਡਰਦਾ ਹਾਂ ਕਿ ਕਿਧਰੇ ਝੱਗਾ ਹੀ ਚੌੜ ਨਾ ਹੋ ਜਾਏ। ਕੰਮ ਇਹ ਹੈ ਕਿ ਕਿਧਰੋਂ ਸ਼ਰਾਬ ਦੀ ਬੋਤਲ ਲੱਭ ਦਿਆ ਕਰੇਂ ਤਾਂ ਦੁਆਵਾਂ ਦੇਵਾਂਗਾ।''ਇਹ ਸੁਣ ਕੇ ਮੈਨੂੰ ਬੜਾ ਸਵਾਦ ਆਇਆ ਤੇ ਮੈਂ ਆਖਿਆ, ''ਪੀਰ ਜੀ, ਸ਼ੈਅ ਤਾਂ ਤੁਸਾਂ ਉੱਤਮ ਮੰਗੀ ਏ ਕਿਉਂਕਿ ਤਨਹਾਈ ਜਾਂ ਇਕਲਾਪੇ ਵਿਚ ਵਿਲਕਦੇ ਬਾਲ ਨੂੰ ਚੁਪ ਕਰਾਣ ਲਈ ਇਹ ਬੜੀ ਹੀ ਚੰਗੀ ਲੋਰੀ ਹੈ।
ਪਰ ਕੀ ਕਰਾਂ, ਮੌਲਵੀਆਂ ਦੀ ਵਾਹਰ ਅੱਜਕਲ ਇਸ ਵਿਰੁਧ ਹੈ ਤੇ ਮੇਰੇ ਵੱਸ ਦਾ ਰੋਗ ਨਹੀਂ।'' ਅੰਦਰੋਂ ਉਂਜ ਮੈਂ ਇਹ ਪੁੰਨ ਖਟਣਾ ਚਾਹੁੰਦਾ ਸਾਂ।
ਬਸ਼ੀਰੇ ਆਖਿਆ, ''ਜਾ ਓਏ ਨਗਰਿਆ, ਇਕ ਬੋਤਲ ਨਹੀਂ ਲੱਭ ਸਕਦਾ ਤੇ ਕਾਹਦੀ ਅਫ਼ਸਰੀ ਚੁੱਕੀ ਫਿਰਦੈਂ?''
ਮੈਂ ਕਿਹਾ, ''ਬਸ਼ੀਰਿਆ ਮੈਂ ਰੇਲਵੇ ਦਾ ਮੁਲਾਜ਼ਮ ਹਾਂ, ਸ਼ਰਾਬਖ਼ਾਨੇ ਦਾ ਅਫ਼ਸਰ ਨਹੀਂ।''
ਬਸ਼ੀਰੇ ਆਖਿਆ, ''ਉਂਜ ਤਾਂ ਮੈਂ ਹਿੰਮਤ ਕਰਾਂ ਤਾਂ ਲੱਭ ਜਾਂਦੀ ਏ। ਇਨ੍ਹਾਂ ਭੇਡਾਂ ਨੇ ਮੇਰਾ ਕੀ ਵਗਾੜਨੈ?
ਸ਼ਰਧਾ ਦੇ ਸ਼ੁਦਾਅ ਵਿਚ ਗੋਡੇ ਗੋਡੇ ਖੁੱਭੇ ਹੋਏ ਅਪਣੇ ਪੀਰ ਨੂੰ, ਸੰਨ੍ਹ ਮਾਰਦੇ ਵੀ ਨੱਪ ਲੈਣ ਤਾਂ ਆਖਣਗੇ ਸਾਡਾ ਪੀਰ ਟੁੱਟੀ ਹੋਈ ਕੰਧ ਨੂੰ ਇੱਟਾਂ ਲਾ ਰਿਹਾ ਸੀ।''
ਇਸ ਦੇ ਨਾਲ ਹੀ ਰੰਗਲੇ ਦੇ ਬਸ਼ੀਰ ਜਾਂ ਸ਼ਾਹਦਰੇ ਦੇ ਪੀਰ ਨਾਲ ਹੱਥ ਮਿਲਾਇਆ ਤੇ ਘਰ ਨੂੰ ਆ ਗਿਆ। ਮੇਰੀ ਨਾਕਸ ਅਕਲ ਨਾਲ ਲਿਖੀ ਹੋਈ ਇਸ ਲਿਖਤ ਦੇ ਖਲਾਰ ਦਾ ਸਿੱਟਾ ਹੁਣ ਪਾਠਕ ਹੀ ਕੱਢ ਲੈਣ। ਹੋ ਸਕਦਾ ਹੈ ਕੋਈ ਇਸ ਨੂੰ ਦੋ ਘੋੜਾ ਬੋਸਕੀ ਆਖੇ ਤੇ ਕੋਈ ਕੋਰਾ ਲੱਠਾ।
ਲੋਕਾਂ ਦੀਆਂ ਮਰਜ਼ੀਆਂ ਉਤੇ ਲੇਖਕ ਦਾ ਕੋਈ ਕਬਜ਼ਾ ਨਹੀਂ ਹੁੰਦਾ। ਮੈਂ ਤਾਂ ਏਨਾ ਹੀ ਆਖਾਂਗਾ ਕਿ ਸ਼ਰਧਾ ਨਗੂਣੇ ਪੱਥਰ ਨੂੰ ਵੀ ਭਗਵਾਨ ਬਣਾ ਦੇਂਦੀ ਹੈ। ਕੋਈ ਸ਼ੱਕ ਨਹੀਂ ਕਿ ਦੁਨੀਆਂ ਵਿਚ ਅੱਲਾਹ ਵਾਲੇ ਨੇਕ ਬੰਦਿਆਂ ਦਾ ਵੀ ਘਾਟਾ ਨਹੀਂ। ਪਰ ਜਦੋਂ ਅੰਨ੍ਹੀ ਸ਼ਰਧਾ ਬਸ਼ੀਰੇ ਹਰਾਮਦੇ ਵਰਗਿਆਂ ਨੂੰ ਸ਼ਰਾਬ ਉਤੇ ਲਾ ਦੇਵੇ ਤਾਂ ਇਨਸਾਨ ਵਾਸਤੇ ਡੁੱਬ ਮਰਨ ਵਾਲੀ ਗੱਲ ਹੈ।
ਆਖ਼ਰੀ ਗੱਲ ਇਹੀ ਹੈ ਕਿ ਅੱਜ ਦੀ ਦੁਕਾਨਦਾਰੀ ਵਿਚ ਨਾ ਕੋਈ ਕਣੀ ਵਾਲਾ ਅਤੇ ਨਾ ਹੀ ਕੋਈ ਕਰਨੀ ਵਾਲਾ ਪੀਰ ਹੈ ਜੋ ਇਨਸਾਨੀ ਰੂਹ ਦੀ ਪੀੜ ਦੂਰ ਕਰ ਸਕੇ। ਇਹ ਸੱਭ ਕੁੱਝ ਸਾਡੀ ਅਪਣੀ ਹੀ ਸ਼ਰਧਾ ਦਾ ਸ਼ੁਦਾਅ ਹੈ ਜੋ ਮੜ੍ਹੀਆਂ ਦੀ ਰਾਹੇ ਪਾਈ ਬੈਠਾ ਹੈ। ਅਖ਼ੀਰ ਇਹ ਹੀ ਆਖਣਾ ਪਵੇਗਾ ਕਿ ''ਅਪਣੇ ਹੀ ਲਹੂ ਦੀ ਗਰਮੀ ਹੈ ਯਾਰੋ, ਨਸ਼ਾ ਸ਼ਰਾਬ ਵਿਚ ਹੁੰਦਾ ਤਾਂ ਨੱਚ ਪੈਂਦੀ ਬੋਤਲ।'' (ਸਮਾਪਤ)
-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,
ਫ਼ੋਨ : 0208-519 21 39