
ਵੜੀ ਸਿਆਸਤ ਧਰਮ ਵਿਚ, ਮੀਰ ਬਣੇ ਹੁਣ ਪੀਰ, ਟੋਟੇ ਹੋਏ ਪੰਜਾਬ ਦੇ ਤੇ ਸਿੱਖੀ ਲੀਰੋ ਲੀਰ........
ਪਿਛਲੇ ਤਿੰਨ ਸਾਲ ਦੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਪਾੜ ਕੇ ਸੜਕਾਂ ਤੇ ਖਿਲਾਰਨੇ, ਗੁਟਕਾ ਸਾਹਿਬ ਦੇ ਪਤਰੇ ਪਾੜ ਕੇ ਸੁਟੇ ਜਾਣੇ ਆਦਿ ਦੀਆਂ ਕਈਆਂ ਘਟਨਾਵਾਂ ਨੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਇਸ ਤੋਂ ਪਹਿਲਾਂ ਜੂਨ 84 ਵਿਚ ਪੰਜਾਬ ਦੇ ਕਈ ਗੁਰਦਵਾਰਿਆਂ ਵਿਚ ਫ਼ੌਜੀ ਦਸਤੇ ਤੇ ਸੀ ਆਰ ਪੀ ਐਫ਼ ਦੀਆਂ ਟੁਕੜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਈਆਂ ਥਾਵਾਂ ਤੇ ਗੁਰੂ ਮਹਾਰਾਜ ਦੇ ਸਰੂਪ ਨੂੰ ਅੱਗਾਂ ਵੀ ਲਗਾਈਆਂ ਗਈਆਂ। ਇਹ ਕਾਰਾ ਬਿਲਕੁਲ ਨਾਕਾਬਲੇ ਮਾਫ਼ੀ ਸੀ ਤੇ ਸਾਰੇ ਸਿੱਖ ਜਗਤ ਵਿਚ, ਇਸ ਵਾਹਿਸ਼ਆਨਾ ਕਾਰਵਾਈ ਤੇ ਅਤਿਅੰਤ ਰੰਜਿਸ਼ ਹੈ।
ਇਨ੍ਹਾਂ ਤਿੰਨਾਂ ਸਾਲਾਂ ਦੇ ਸਮੇਂ ਵਿਚ ਸੱਭ ਤੋਂ ਪਹਿਲਾਂ 1 ਜੂਨ 2015 ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਇਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ ਵਿਚੋਂ ਗੁਰੂ ਗਰੰਥ ਸਾਹਿਬ ਦਾ ਸਰੂਪ ਚੁੱਕ ਲਿਆ ਗਿਆ। ਉਸ ਸਮੇਂ ਦੀ ਅਕਾਲੀ ਸਰਕਾਰ ਨੂੰ ਬਾਬਾ ਦਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਵਲੋਂ ਕਿਹਾ ਗਿਆ ਕਿ ਅਪਰਾਧੀਆਂ ਨੂੰ ਲਭਿਆ ਜਾਵੇ। ਪਿੰਡ ਦੇ ਗੁਰਦਵਾਰੇ ਦੇ ਬਾਹਰ, ਇਕ ਹੱਥ ਨਾਲ ਲਿਖਤ ਕਾਗ਼ਜ਼ ਲਾਇਆ ਹੋਇਆ ਮਿਲਿਆ ਜਿਸ ਵਿਚ ਲਿਖਿਆ ਸੀ ਕਿ ''ਅਸੀ ਤੁਹਾਡਾ ਗੁਰੂ ਚੁਕ ਲਿਆ ਹੈ ਤੇ ਜੇ ਹਿੰਮਤ ਹੈ ਤਾਂ ਲੱਭ ਲਉ।'' ਇਹ ਉਹ ਸਮਾਂ ਸੀ
ਜਦੋਂ ਸਿਰਸੇ ਵਾਲੇ ਡੇਰੇ ਦੇ ਮੁਖੀ ਨੂੰ ਅਕਾਲ ਤਖ਼ਤ ਸਾਹਬ ਤੋਂ ਰਾਹਤ ਮਿਲ ਗਈ ਸੀ। ਸਿੱਖ ਜਥੇਬੰਦੀਆਂ ਵਲੋਂ 11 ਜੂਨ 2015 ਨੂੰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਤੇ ਰੋਸ ਪ੍ਰਗਟ ਕਰਦਿਆਂ ਪੁਲਿਸ ਥਾਣੇ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜੇ ਇਹ ਰੋਸ ਸਿੱਖ ਸੰਗਤਾਂ ਵਿਚ ਚੱਲ ਰਿਹਾ ਸੀ ਜਦੋਂ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ, ਗੁਰਦਵਾਰਾ ਸ੍ਰੀ ਬਰਗਾੜੀ ਸਾਹਿਬ ਦੇ ਗੇਟ ਦੇ ਸਾਹਮਣੇ ਪਾੜੇ ਹੋਏ ਮਿਲੇ। ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਕ ਰੋਸਮਈ ਜਲੂਸ ਕਢਿਆ ਤੇ ਕੋਟਕਪੁਰਾ ਲਾਗੇ ਸੜਕ ਤੇ ਬੈਠਦੇ ਹੋਏ ਸਾਰਾ ਆਵਾਜਾਈ ਦਾ ਰਸਤਾ ਰੋਕ ਲਿਆ ਗਿਆ।
ਇਸ ਤੋਂ ਬਾਅਦ 13 ਤੋਂ 16 ਅਕਤੂਬਰ 2015 ਦੇ ਦਰਮਿਆਨ ਕੁੱਝ ਹੋਰ ਘਟਨਾਵਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਹਮਣੇ ਆਈਆਂ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ 35 ਅੰਗ ਪਿੰਡ ਦੀਆਂ ਗਲੀਆਂ ਵਿਚ ਖਿਲਰੇ ਹੋਏ ਮਿਲੇ। ਇਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਠ ਵਿਚ 39 ਅੰਗ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਮਿਲੇ। ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਏ ਨਾਗਾ ਵਿਚ ਪੰਜ ਗ੍ਰੰਥ ਪੋਥੀ ਦੇ ਪਤਰੇ ਟੁਕੜਿਆਂ ਦੀ ਹਾਲਤ ਵਿਚ ਖਿਲਰੇ ਹੋਏ ਪਾਏ ਗਏ। ਪਿੰਡ ਗਦਾਨੀ, ਜ਼ਿਲ੍ਹਾ ਨਵਾਂ ਸ਼ਹਿਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਨੂੰ ਅੱਗ ਲੱਗ ਗਈ।
ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟ ਅਬਲੂ ਦੇ ਗੁਰਦਵਾਰੇ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ ਹੋ ਗਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਕੋਹਰੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਅੰਗ ਪਾੜੇ ਜਾਣ ਦੀ ਰਿਪੋਰਟ ਵੀ ਅਖ਼ਬਾਰਾਂ ਵਿਚ ਨਸ਼ਰ ਹੋਈ ਸੀ।
ਜਦੋਂ ਸਿੰਘਾਂ ਦੇ ਹਿਰਦੇ ਵਿਚ ਅਸ਼ਾਂਤੀ ਸੀ ਤਾਂ ਉਹ ਇਕੱਠੇ ਹੋਏ ਤੇ ਉਹ ਸਰਕਾਰ ਵਿਰੋਧੀ ਨਾਹਰੇ ਲਗਾ ਰਹੇ ਸਨ ਤਾਂ ਪੁਲਿਸ ਨਾਲ 13 ਅਕਤੂਬਰ 2015 ਨੂੰ ਝਗੜਾ ਹੋ ਗਿਆ ਤੇ ਪੁਲਿਸ ਲਾਠੀਚਾਰਜ ਨਾਲ ਕਈ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਇਸ ਘਟਨਾ ਤੋਂ ਬਾਅਦ 14 ਅਕਤੂਬਰ 2015 ਨੂੰ ਰੋਸ ਕਰਨ ਵਾਲੇ ਸਿੰਘ ਕੋਟਕਪੂਰੇ ਇਕੱਠੇ ਹੋ ਕੇ ਸ਼ਾਂਤਮਈ ਧਰਨਾ ਸੜਕ ਤੇ ਮਾਰਦਿਆਂ, ਇਨ੍ਹਾਂ ਸਾਰੀਆਂ ਹੋਈਆਂ ਬੇਅਦਬੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਦੋਂ ਰੋਸ ਪ੍ਰਗਟ ਵਾਲੇ ਜਿਨ੍ਹਾਂ ਦੀ ਗਿਣਤੀ ਲਗਭਗ ਦਸ ਹਜ਼ਾਰ ਦੀ ਸੀ ਤਾਂ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ, ਉਨ੍ਹਾਂ ਰੋਸ ਕਰਨ ਵਾਲਿਆਂ ਉਤੇ ਛੱਡੀਆਂ ਤਾਂ ਫਿਰ ਉਨ੍ਹਾਂ ਨੂੰ ਉਥੋਂ ਉਠਾਉਣ ਲਈ ਲਾਠੀਚਾਰਜ ਕਰਨ ਉਪਰੰਤ ਹਜੂਮ ਨੂੰ ਤਿਤਰ-ਬਿਤਰ ਕਰਨ ਹਿੱਤ ਗੋਲੀਆਂ ਚਲਾਈਆਂ। ਇਸ ਨਾਲ ਉਥੇ ਰੋਸ ਕਰਦੇ ਦੋ ਸਿੰਘਾਂ ਦੀ ਮੌਤ ਹੋ ਗਈ ਤੇ 100 ਦੇ ਕਰੀਬ ਜ਼ਖ਼ਮੀ ਹੋ ਗਏ।
ਪੁਲਿਸ ਦਾ ਕਹਿਣਾ ਸੀ ਕਿ ਕਈ ਰੋਸ ਪ੍ਰਗਟ ਕਰਨ ਵਾਲਿਆਂ ਕੋਲ ਲਾਠੀਆਂ, ਹਾਕੀਆਂ ਤੇ ਕ੍ਰਿਪਾਨਾਂ ਵੀ ਸਨ ਤੇ ਪੁਲਿਸ ਨੇ ਅਪਣੀ ਸੁਰੱਖਿਆ ਹਿਤ ਗੋਲੀ ਚਲਾਈ ਸੀ। ਭੜਕੀ ਹੋਈ ਭੀੜ ਨੇ ਕੁੱਝ ਵਾਹਨਾਂ ਨੂੰ ਅੱਗ ਲਗਾ ਦਿਤੀ, ਜਿਨ੍ਹਾਂ ਵਿਚੋਂ 5 ਪੁਲਿਸ ਦੀਆਂ ਗੱਡੀਆਂ ਸਨ। ਸਿੱਖ ਸੰਗਤਾਂ ਦੇ ਅੰਦਰਲੇ ਰੋਹ ਨੂੰ ਵੇਖਦਿਆਂ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਇਕ ਰੀਟਾਇਰਡ ਜੱਜ ਸ. ਜ਼ੋਰਾ ਸਿੰਘ ਨੂੰ ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਹਿਰਦੇਵੇਦਕ ਘਟਨਾ ਦੀ ਪੜਤਾਲ ਸੌਂਪੀ। ਉਸ ਸਮੇਂ ਪੰਜਾਬ ਸਰਕਾਰ ਨੇ ਸਾਰੇ ਰੋਸ ਕਰਨ ਵਾਲੇ ਜਿਹੜੇ ਗ੍ਰਿਫ਼ਤਾਰ ਕੀਤੇ ਗਏ ਸੀ,
ਉਨ੍ਹਾਂ ਨੂੰ ਛੱਡ ਦੇਣ ਦਾ ਐਲਾਨ ਕਰ ਦਿਤਾ। ਸਿੱਖ ਜਗਤ ਵਿਚ ਅਕਾਲੀ ਸਰਕਾਰ ਵਿਰੁਧ ਰੋਹ ਦਾ ਹੜ ਉਮੜ ਆਇਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਬਾਕੀ ਸਿੰਘ ਸਾਹਿਬਾਨਾਂ ਨੂੰ ਸੰਗਤ ਵਲੋਂ ਸਤਿਕਾਰ ਮਿਲਣਾ ਬੰਦ ਹੋ ਗਿਆ। ਇਹ ਦੰਦ ਕਥਾ ਬਣ ਗਈ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਰਕਾਰੀ ਹੁਕਮਾਂ ਅਨੁਸਾਰ ਅਪਣੇ ਪੰਥਕ ਫ਼ੈਸਲੇ ਸੁਣਾਉਂਦੇ ਹਨ। ''ਸਦਾ ਅੰਬਾਲਵੀ'' ਦੀ ਲਿਖੀ ਨਜ਼ਮ ਨੂੰ ਬੋਲਿਆ ਜਾਣ ਲੱਗ ਪਿਆ : ਵੜੀ ਸਿਆਸਤ ਧਰਮ ਵਿਚ, ਮੀਰ ਬਣੇ ਹੁਣ ਪੀਰ, ਟੋਟੇ ਹੋਏ ਪੰਜਾਬ ਦੇ ਤੇ, ਸਿੱਖੀ ਲੀਰੋ ਲੀਰ।
ਸਿੱਖ ਸੰਗਤਾਂ ਦੇ ਮਨਾਂ ਦੇ ਉਠਦੇ ਉਬਾਲ ਨੂੰ ਭਾਂਪਦਿਆਂ, ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਬਾਕੀਆਂ ਨੇ ਡੇਰਾ ਸਿਰਸਾ ਦੇ ਵਿਵਾਦਿਤ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਹਿਲਾਂ ਦਿਤੀ ਰਾਹਤ ਵਾਪਸ ਲੈ ਲਈ। ਪਰ ਸਿੰਘਾਂ ਦਾ ਰੋਸ ਵਧਦਾ ਹੀ ਗਿਆ ਤੇ 18 ਅਕਤੂਬਰ 2015 ਨੂੰ ਰੋਸ ਪ੍ਰਗਟ ਕਰਨ ਵਾਲੇ ਵਿਖਾਵਾਕਾਰੀਆਂ ਨੇ ਹਰ ਜ਼ਿਲ੍ਹੇ ਵਿਚ ਇਕ ਥਾਂ ਚੁਣਦੇ ਹੋਏ, ਸਵੇਰ ਤੋਂ ਸ਼ਾਮ ਤਕ ਉਥੋਂ ਦੇ ਇਕ ਰਸਤੇ ਨੂੰ ਜਾਮ ਕਰ ਦਿਤਾ ਗਿਆ। ਵਿਖਾਵਾਕਾਰੀਆਂ ਨੇ ਹੱਥਾਂ ਵਿਚ ਕਾਲੇ ਝੰਡੇ, ਬੈਨਰ, ਲਾਠੀਆਂ ਤੇ ਕਿਰਪਾਨਾਂ ਫੜੀਆਂ ਹੋਈਆਂ ਸਨ।
ਇਨ੍ਹਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਰੋਸਕਾਰੀਆਂ ਤੇ ਲਾਠੀਆਂ, ਪਾਣੀ ਦੀਆਂ ਬੁਛਾੜਾਂ ਤੇ ਗੋਲੀਆਂ ਮਾਰਨ ਕਰ ਕੇ ਸਿੱਖ ਜਗਤ ਵਿਚ ਸਰਕਾਰ ਵਿਰੁਧ ਹੋਰ ਰੋਹ ਭੜਕਿਆ। ਇਸ ਸਬੰਧੀ, ਸਿੱਖ ਧਾਰਮਕ ਨੇਤਾਵਾਂ, ਡੇਰਿਆਂ ਦੇ ਮੁਖੀਆਂ ਤੇ ਸ਼੍ਰੋਮਣੀ ਕਮੇਟੀ ਦੇ ਕਈ ਸੀਨੀਅਰ ਮੈਂਬਰਾਂ ਵਲੋਂ ਪ੍ਰਤੀਕਰਮ ਆਏ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਲੇਖਕ ਨੂੰ ਆਪ ਦਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਸਪੱਸ਼ਟ ਕਿਹਾ ਕਿ ਜਿਵੇਂ ਸਿੱਖ ਦਰਬਾਰ ਸਾਹਿਬ ਤੇ ਇੰਦਰਾਗਾਂਧੀ ਵਲੋਂ ਕੀਤਾ ਹਮਲਾ ਕਦੇ ਨਹੀਂ ਭੁਲਣਗੇ,
ਇਸੇ ਤਰ੍ਹਾਂ ਅਕਾਲੀ ਸਰਕਾਰ ਦੇ ਹੁੰਦਿਆਂ, ਪਾਵਨ ਸਰੂਪਾਂ ਦੀ ਨਿਰਾਦਰੀ ਤੇ ਬੇਅਦਬੀ ਨੂੰ ਸਿੱਖ ਪੰਥ ਕਦੇ ਨਹੀਂ ਭੁਲਾਏਗਾ। ਕਈ ਅਕਾਲੀਆਂ ਨੇ ਅਕਾਲੀ ਦਲ ਤੋਂ ਅਸਤੀਫ਼ੇ ਦੇ ਦਿਤੇ ਤੇ ਕਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਮੈਂਬਰੀ ਤੋਂ ਤਿਆਗ ਪੱਤਰ ਦਿਤੇ। ਪੰਜਾਬ ਸਰਕਾਰ ਨੇ ਇਸ ਮਸਲੇ ਦੀ ਤਫ਼ਤੀਸ਼ ਲਈ, ਸੀ.ਬੀ.ਆਈ ਨੂੰ ਕੇਸ ਦੇ ਦਿਤਾ। ਪੁਲਿਸ ਵਲੋਂ ਕੁੱਝ ਬੰਦੇ ਇਸ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ। ਗ੍ਰਿਫ਼ਤਾਰ ਹੋਣ ਵਾਲਿਆਂ ਨੇ ਪੁਲਿਸ ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮਨਾਉਣ ਲਈ, ਪੁਲਿਸ ਨੇ ਉਨ੍ਹਾਂ ਤੇ ਤਸ਼ੱਦਦ ਕੀਤਾ ਸੀ ਜਿਸ ਨੂੰ ਪੁਲਿਸ ਨੇ ਗ਼ਲਤ ਕਹਿ ਕੇ ਇਨਕਾਰ ਕੀਤਾ।
ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਰ੍ਹਾਂ ਅਪਮਾਨ ਤੇ ਸਰਕਾਰ ਵਲੋਂ ਕੋਈ ਨਿੱਗਰ ਕਾਰਵਾਈ ਨਾ ਹੋਣ ਕਾਰਨ 19 ਅਕਤੂਬਰ 2015 ਨੂੰ ਕੋਈ ਇਕ ਹਜ਼ਾਰ ਤੋਂ ਵੱਧ ਸਿੱਖਾਂ ਨੇ ਬ੍ਰਿਟਿਸ਼ ਕੋਲੰਬੀਆ ਵਿਚ ਮੋਮਬਤੀਆਂ ਜਗਾ ਕੇ ਮੁਜ਼ਹਾਰਾ ਕੀਤਾ। ਇਸੇ ਤਰ੍ਹਾਂ ਸਿੱਖਾਂ ਦੇ ਇਕ ਇਕੱਠ ਨੇ ਲੰਦਨ ਵਿਚ ਇੰਡੀਅਨ ਹਾਈ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਦੇ ਹੋਏ ਅਪਰਾਧੀਆਂ ਨੂੰ ਫੜ ਕੇ ਸਖ਼ਤ ਸਜ਼ਾਵਾਂ ਦੇਣ ਉਤੇ ਜ਼ੋਰ ਦਿਤਾ। ਪੰਜਾਬ ਸਰਕਾਰ ਨੇ 20 ਨਵੰਬਰ 2015 ਨੂੰ ਸੈਕਸ਼ਨ 295-ਏ, ਇੰਡੀਅਨ ਪੀਨਲ ਕੋਡ ਵਿਚ ਤਬਦੀਲੀ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਇਆ।
ਪੰਜਾਬ ਪੁਲਿਸ ਦੀਆਂ ਰੀਪੋਰਟਾਂ ਮੁਤਾਬਕ ਇਕ ਜਨਵਰੀ 2015 ਤੋਂ ਕੋਈ ਸੌ ਦੇ ਕਰੀਬ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਤੇ ਪੁਲਿਸ ਸਿਰਫ਼ 50 ਕੇਸਾਂ ਵਿਚ, ਅਪਰਾਧੀਆਂ ਬਾਰੇ ਕੁੱਝ ਜਾਣ ਸਕੀ ਹੈ। ਪਿਛਲੇ ਸਾਲ 2017 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਹ ਇਕ ਵਿਸ਼ੇਸ਼ ਮੁੱਦਾ ਬਣ ਕੇ ਸਾਹਮਣੇ ਆਇਆ। ਸਿਵਾਏ ਇਕ ਕਮਿਸ਼ਨ ਥਾਪਣ ਦੇ, ਪਿਛਲੀ ਸਰਕਾਰ ਦੀ ਇਸ ਪੱਖੋਂ ਕੋਈ ਪ੍ਰਾਪਤੀ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਦੀ ਬਰਾਮਦਗੀ ਨਹੀਂ ਹੋਈ ਤੇ ਨਾ ਹੀ ਦੋਸ਼ੀ ਫੜੇ ਗਏ।
ਜਿਨ੍ਹਾਂ ਪੁਲਿਸ ਕ੍ਰਮਚਾਰੀਆਂ ਵਲੋਂ 2 ਸਿੰਘ ਮਾਰ ਦਿਤੇ ਗਏ, ਉਹ ਵੀ ਨਾ ਪਛਾਣੇ ਜਾ ਸਕੇ। ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵੋਟਰਾਂ ਨੂੰ ਭਰੋਸਾ ਤੇ ਵਾਅਦਾ ਦਿਤਾ ਕਿ ਰਾਜ ਭਾਗ ਆਉਣ ਤੇ ਉਹ ਇਸ ਮਸਲੇ ਉਤੇ ਮੁੜ ਮੁਕੰਮਲ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਗੇ।
ਰੋਪੜ ਜ਼ਿਲ੍ਹੇ ਦੇ ਪਿੰਡ ਡਾਂਗਲੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗੁਰਦਵਾਰਾ ਸਾਹਿਬ ਵਿਚ ਪਾੜੇ ਹੋਏ ਮਿਲੇ ਹਨ। ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਸਾਰੇ ਕਾਸੇ ਦੀ ਤਫਤੀਸ਼ ਕਰ ਰਿਹਾ ਹੈ।
ਪੰਜਾਬ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਇਕ ਕਮਿਸ਼ਨ ਬਣਾਇਆ ਹੈ। ਅਕਾਲੀ ਲੀਡਰਾਂ ਨੇ ਇਸ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਵਲੋਂ ਕੁੱਝ ਸਬੂਤ ਵੀ ਕਮਿਸ਼ਨ ਨੂੰ ਸੌਂਪੇ ਗਏ। ਤਿੰਨ ਸਾਲ ਦਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਦੋਸ਼ੀ ਨਾ ਤਾਂ ਫੜੇ ਗਏ ਹਨ ਤੇ ਨਾ ਹੀ ਇਸ ਸਬੰਧੀ ਕੋਈ ਕਾਰਵਾਈ ਹੋਈ ਹੈ। ਵੱਡੇ-ਵੱਡੇ ਅਕਾਲੀ ਲੀਡਰਾਂ ਨੇ ਇਸ ਮਸਲੇ ਤੇ ਚੁਪੀ ਸਾਧੀ ਹੋਈ ਹੈ। ਪਿਛਲੇ 27 ਦਿਨਾਂ ਤੋਂ ਪਿੰਡ ਬਰਗਾੜੀ ਵਿਚ ਜਥੇਦਾਰ ਭਾਈ ਧਿਆਨ ਸਿੰਘ ਮੰਡ,
ਜਥੇਦਾਰ ਭਾਈ ਦਲਜੀਤ ਸਿੰਘ ਦਾਦੂਵਾਲ ਨੇ ਪਿਛਲੀ ਅਕਾਲੀ ਸਰਕਾਰ ਤੇ ਹੁਣ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਦੋਸ਼ ਲਾਇਆ ਹੈ ਕਿ ਹੋਈ ਬੇਅਦਬੀ ਦੀਆਂ ਵਾਰਦਾਤਾਂ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ। ਪਿਛਲੇ ਤਿੰਨ ਹਫ਼ਤਿਆਂ ਤੋਂ ਇਹ ਰੋਸ ਚਲ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਇਕ ਵਜ਼ੀਰ ਨੇ ਆ ਕੇ, ਇਨ੍ਹਾਂ ਦੇ ਨੁਮਾਇੰਦਿਆਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਵਾਈ ਪਰ ਕੋਈ ਨਿੱਗਰ ਸਿੱਟਾ ਨਹੀਂ ਨਿਕਲਿਆ। ਵਿਖਾਵਾਕਾਰੀਆਂ ਦੇ ਇਕ ਨੇਤਾ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਨੇ ਕਿਹਾ ਹੈ ਕਿ ਜਦੋਂ ਹੁਣ ਐਸ.ਆਈ.ਟੀ ਦੇ ਇੰਚਾਰਜ ਸਾਹਮਣੇ,
ਡੇਰਾ ਪ੍ਰੇਮੀਆਂ ਨੇ ਅਪਣੇ ਅਪਰਾਧ ਦਾ ਇਕਬਾਲ ਕਰ ਲਿਆ ਹੈ ਫਿਰ ਹੁਣ ਤਾਂ ਸਰਕਾਰ ਨੂੰ ਸਚਾਈ ਸਪੱਸ਼ਟ ਐਲਾਨਣੀ ਚਾਹੀਦੀ ਹੈ। ਕੁੱਝ ਡੇਰਾ ਪ੍ਰੇਮੀਆਂ ਨੇ ਜਦੋਂ ਸਿਰਸੇ ਵਾਲੇ ਰਾਮ ਰਹੀਮ ਨੂੰ ਸਜ਼ਾ ਸੁਣਾਈ ਤਾਂ ਕੋਟਕਪੁਰੇ ਦੇ ਸਦਰ ਥਾਣੇ ਤੇ ਬਿਜਲੀ ਘਰ ਵਿਚ ਪਟਰੌਲ ਸੁੱਟ ਕੇ ਅੱਗ ਲਾਉਣ ਦੀ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਦੀ ਮੰਗ ਹੈ ਕਿ ਉਕਤ ਸੱਭ ਦੋਸ਼ੀਆਂ ਨੂੰ ਸ਼ਾਮਲ ਕਰ ਕੇ ਤਫ਼ਤੀਸ਼ ਕਰ ਕੇ ਬੇਅਦਬੀ ਕਾਂਡ ਦੀ ਅਸਲੀਅਤ ਤਕ ਪਹੁੰਚਿਆ ਜਾ ਸਕਦਾ ਹੈ ਅਤੇ ਜੋ ਕੁੱਝ ਹੁਣ ਤਕ ਸਾਹਮਣੇ ਆਇਆ ਹੈ, ਉਸ ਨੂੰ ਜਨਤਕ ਕਰਨਾ ਚਾਹੀਦਾ ਹੈ।
ਸਿੱਖਾਂ ਦੇ ਮਨਾਂ ਵਿਚ ਇਹ ਰੋਸ ਹੈ ਕਿ ਸਾਡੀ ਅਪਣੀ ਅਕਾਲੀ ਸਰਕਾਰ ਨੇ, ਏਨੀ ਵੱਡੀ ਗੱਲ ਹੋ ਗਈ ਹੋਣ ਤੇ ਵੀ ਕੁੱਝ ਨਹੀਂ ਕੀਤਾ। ਕਈ ਤਾਂ ਇਹ ਗੱਲ ਵੀ ਸਪੱਸ਼ਟ ਕਹਿੰਦੇ ਹਨ ਕਿ ਉਸ ਵੇਲੇ ਦੀ ਸਰਕਾਰ, ਡੇਰਾ ਪ੍ਰੇਮੀਆਂ ਨੂੰ ਇਸ ਲਈ ਨਹੀਂ ਸੀ ਫੜਨਾ ਚਾਹੁੰਦੀ ਤਾਕਿ ਡੇਰਾ ਸਿਰਸਾ ਵਾਲੇ ਦੀ ਨਰਾਜ਼ਗੀ ਨਾ ਲੈਣੀ ਪਵੇ। ਜੇ ਇਹ ਗੱਲ ਥੋੜੀ ਬਹੁਤ ਵੀ ਠੀਕ ਹੈ ਤਾਂ ਫਿਰ ਅਕਾਲੀ ਨੇਤਾਵਾਂ ਤੇ ਖ਼ਾਸ ਕਰ ਕੇ ਸਰਕਾਰ ਚਲਾਉਣ ਵਾਲਿਆਂ ਦੀ ਬਹੁਤ ਵੱਡੀ ਭੁੱਲ ਹੈ। ਸੱਚ ਤਾਂ ਇਹ ਹੈ ਕਿ ਸਿੱਖ ਕੌਮ ਨੇ ਹੀ ਨਿਵਾਜ ਕੇ ਅਕਾਲੀਆਂ ਨੂੰ ਰਾਜ ਭਾਗ ਸੌਂਪਿਆ ਸੀ ਤੇ ਜੇ ਕੌਮ ਦੀਆਂ ਭਾਵਨਾਵਾਂ ਨੂੰ ਹੀ ਸਿੱਖ ਨੇਤਾ ਨਜ਼ਰ ਅੰਦਾਜ਼ ਕਰਦੇ ਰਹੇ ਹੋਣ
ਤਾਂ ਫਿਰ ਕੌਮ ਕਿਵੇਂ ਅਕਾਲੀ ਦਲ ਨਾਲ ਰਹੇਗੀ ਤੇ ਫਿਰ ਹੋਇਆ ਵੀ ਇਹੋ ਕੁੱਝ। ਜੇ ਅੱਜ ਦੀ ਮੌਜੂਦਾ ਸਰਕਾਰ ਕੋਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਹੁੰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਜਾਤੀ ਤੌਰ ਉਤੇ ਕੌਮ ਵਿਚ ਸਤਿਕਾਰ ਵਧੇਗਾ ਤੇ ਇਸ ਤੋਂ ਵੱਧ, ਹੁਣ ਰੋਸ ਕਰਨ ਵਾਲੇ ਅਤੇ ਧਰਨਿਆਂ ਉਤੇ ਬੈਠਿਆਂ ਨੂੰ ਕੌਮ ਪ੍ਰਵਾਨ ਕਰੇਗੀ। ਪਿਛੇ ਜਿਹੇ ਖ਼ਬਰਾਂ ਆਈਆਂ ਕਿ ਪੁਲਿਸ ਨੇ ਗੰਭੀਰਤਾ ਨਾਲ ਇਸ ਕੇਸ ਨੂੰ ਲੈ ਕੇ ਕੁੱਝ ਬੰਦਿਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਕਈਆਂ ਨੇ ਇਸ ਗੱਲ ਦਾ ਇਕਬਾਲ ਵੀ ਕੀਤਾ ਹੈ ਕਿ ਉਨ੍ਹਾਂ ਦਾ ਹੱਥ ਇਸ ਬੇਅਦਬੀ ਵਾਲੀਆਂ ਘਟਨਾਵਾਂ ਵਿਚ ਹੈ।
ਧਰਨਾਕਾਰੀਆਂ ਵਿਚ ਇਸ ਗੱਲ ਦੀ ਤਸੱਲੀ ਹੈ ਕਿ ਮੌਜੂਦਾ ਪੰਜਾਬ ਸਰਕਾਰ ਨੇ ਇਸ ਸਬੰਧੀ ਕੁੱਝ ਦੋਸ਼ੀਆਂ ਨੂੰ ਫੜ ਕੇ ਇਕ ਅਹਿਮ ਕੰਮ ਕੀਤਾ ਹੈ। ਇਸ ਪ੍ਰੋਟੈਸਟ ਵਿਚ ਬੈਠਿਆਂ ਦੀ ਇਕ ਮੰਗ ਹੋਰ ਹੈ ਕਿ ਪੰਜਾਬ ਤੋਂ ਬਾਹਰ ਰਖੇ ਹੋਏ ਸਿੱਖ ਨਜ਼ਰਬੰਦਾਂ ਦੀ ਸਜ਼ਾ ਮੁੱਕਣ ਤੇ ਰਿਹਾ ਕੀਤਾ ਜਾਵੇ ਤੇ ਬਾਕੀਆਂ ਨੂੰ ਪੰਜਾਬ ਲਿਆਂਦਾ ਜਾਵੇ। ਹੁਣ ਦੀ ਜਾਣਕਾਰੀ ਮੁਤਾਬਕ,
ਪੰਜਾਬ ਸਰਕਾਰ ਨੇ ਇਸ ਸਬੰਧੀ ਯੋਗ ਕਦਮ ਚੁਕਣੇ ਸ਼ੁਰੂ ਕੀਤੇ ਹਨ। ਇਹ ਗੱਲ ਠੀਕ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤਾਕਿ ਸਿੱਖ ਧਰਮ ਦੇ ਪੂਜਨੀਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਕੋਈ ਵੀ ਖਿਲਵਾੜ ਨਾ ਕਰ ਸਕੇ ਤੇ ਇਸ ਤਰ੍ਹਾਂ ਸਿੱਖ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਸੰਪਰਕ : 88720-06924