ਜਿਊਂਦਿਆਂ ਜਿਸ ਨੂੰੰ ਕੈਂਸਰ ਹਰਾ ਨਾ ਸਕਿਆ
Published : Sep 3, 2018, 2:03 pm IST
Updated : Sep 3, 2018, 2:03 pm IST
SHARE ARTICLE
Cancer Victim
Cancer Victim

ਕੈਂਸਰ ਇਕ ਅਜਿਹੀ ਬਿਮਾਰੀ, ਜਿਸ ਨੂੰ ਹੋ ਜਾਵੇ, ਅੱਧਾ ਤਾਂ ਇਨਸਾਨ ਇਸ ਦਾ ਨਾਂ ਸੁਣ ਕੇ ਹੀ ਮਰ ਜਾਂਦਾ ਹੈ.............

ਕੈਂਸਰ ਇਕ ਅਜਿਹੀ ਬਿਮਾਰੀ, ਜਿਸ ਨੂੰ ਹੋ ਜਾਵੇ, ਅੱਧਾ ਤਾਂ ਇਨਸਾਨ ਇਸ ਦਾ ਨਾਂ ਸੁਣ ਕੇ ਹੀ ਮਰ ਜਾਂਦਾ ਹੈ। ਇਸ ਬਿਮਾਰੀ ਦਾ ਡਰ ਤੇ ਮਹਿੰਗਾ ਇਲਾਜ ਤੇ ਅਸਹਿ ਤੇ ਅਕਹਿ ਦਰਦ, ਚੰਗੇ ਭਲੇ ਮਨੁੱਖ ਦੇ ਹੌਂਸਲੇ ਨੂੰ ਤੋੜ ਕੇ ਰੱਖ ਦਿੰਦਾ ਹੈ। ਪਰ ਉਹ ਇਕ ਅਜਿਹਾ ਸ੍ਰੀਰ, ਅਜਿਹੀ ਆਤਮਾ ਜੋ 12 ਸਾਲ ਬੜੀ ਅਡੋਲ ਰਹਿ ਕੇ ਇਸ ਬਿਮਾਰੀ ਨਾਲ ਲੜਦੀ ਰਹੀ।

ਅਖ਼ੀਰ ਦੇ ਦਿਨਾਂ ਵਿਚ ਸਾਹ ਬੜਾ ਔਖਾ ਆਉਂਦਾ ਸੀ, ਸਿਰ ਹਥੇਲੀ ਵਰਗਾ ਸੀ ਤੇ ਸ੍ਰੀਰ ਦੇ ਹਰ ਹਿੱਸੇ ਤੇ ਪਾਈਪਾਂ ਦੇ ਜ਼ਖ਼ਮ ਤੇ ਨਿਸ਼ਾਨ, ਪਰ ਅੱਖਾਂ ਵਿਚ ਫਿਰ ਵੀ ਸ਼ਾਂਤੀ ਤੇ ਜ਼ੁਬਾਨ ਉਤੇ ਇਕ ਹੀ ਵਾਕ 'ਤੇਰਾ ਭਾਣਾ ਮਿੱਠਾ ਲਾਗੈ' ਤੇ ਪ੍ਰਮਾਤਮਾ ਅੱਗੇ ਦਿਨ ਰਾਤ ਇਕ ਹੀ ਅਰਦਾਸ 'ਮੈਨੂੰ ਡੋਲਣ ਨਾ ਦੇਈਂ ਦਾਤਿਆ'। ਮੈਨੂੰ ਦੁੱਖ ਇਸ ਗੱਲ ਦਾ ਕਿ ਅਸੀ ਇਕੋ ਕੁੱਖੋਂ ਜੰਮੀਆਂ ਸਕੀਆਂ ਭੈਣਾ ਨਹੀਂ, ਬਲਕਿ ਮਸੇਰ ਭੈਣਾਂ ਸੀ, ਪਰ ਏਨਾ ਮੋਹ ਪਿਆਰ। ਜ਼ਿੰਦਗੀ ਵਿਚ ਹਰ ਥਾਂ ਕੰਮ ਆਉਣ ਵਾਲੀ ਸਿਖਿਆ ਤਾਂ ਉਹ ਮਾਵਾਂ ਵਰਗੀ ਦਿੰਦੀ ਸੀ। ਉਹ ਸੀ ਮੇਰੀ ਮਾਸੀ ਦੀ ਕੁੜੀ ਰਸ਼ਪਾਲ ਕੌਰ। ਪਰ ਉਸ ਨੂੰ ਸਾਰੇ 'ਰਾਣੀ' ਦੇ ਨਾਂ ਤੋਂ ਹੀ ਜਾਣਦੇ ਸੀ। ਮਾਂ-ਬਾਪ ਦੀ ਇਕਲੌਤੀ ਧੀ।

ਬੜੇ ਲਾਡਾਂ ਪਿਆਰਾਂ ਨਾਲ ਪਾਲੀ। ਜਿਸ ਨੂੰ ਕਦੇ ਧੁੱਪ ਵੀ ਨਾ ਲੱਗਣ ਦਿਤੀ, ਉਸ ਨੂੰ ਇਹ ਭੈੜੀ ਬਿਮਾਰੀ ਪਤਾ ਨਹੀਂ ਕਿਵੇਂ ਲੱਗ ਗਈ। ਗਵਾਲੀਅਰ ਤੋਂ 12 ਕਿਲੋਮੀਟਰ ਪਿੱਛੇ ਹੀ ਪੈਂਦਾ ਇਕ ਛੋਟਾ ਜਿਹਾ ਪਿੰਡ 'ਰੇਰੂ ਫ਼ਾਰਮ' ਜਿਥੇ ਭੈਣ ਜੀ ਦਾ ਜਨਮ ਹੋਇਆ ਤੇ ਬਚਪਨ ਵੀ ਉਥੇ ਹੀ ਗੁਜ਼ਾਰਿਆ। ਬੰਦੀਛੋੜ ਗੁਰਦਵਾਰਾ ਸਾਹਿਬ ਹਰ ਰੋਜ਼ ਜਾਂਦਿਆਂ ਦਾ ਮਨ ਉਤੇ ਸਿੱਖੀ ਦਾ ਅਜਿਹਾ ਪ੍ਰਭਾਵ ਪਿਆ ਕਿ ਮਾਂ-ਬਾਪ ਦੀ ਨਾਰਾਜ਼ਗੀ ਦੇ ਬਾਵਜੂਦ ਵੀ ਗੁਰੂ ਵਾਲੀ ਬਣੀ ਤੇ ਸਾਰੀ ਉਮਰ ਬੜੇ ਸਿਦਕ ਤੇ ਦ੍ਰਿੜਤਾ ਨਾਲ ਸਿੱਖ ਧਰਮ ਨੂੰ ਨਿਭਾਇਆ ਤੇ ਅਪਣੇ ਬੱਚਿਆਂ ਨੂੰ ਵੀ ਇਸ ਨੇਕ ਰਾਹ ਤੋਰਿਆ। 

ਅੰਤਾਂ ਦੀ ਸੋਹਣੀ ਗ੍ਰੈਜੂਏਟ ਮਲੂਕ ਜਹੀ ਲਈ ਰਿਸ਼ਤਿਆਂ ਦੀ ਲਾਈਨ ਲੱਗੀ ਰਹਿੰਦੀ ਸੀ, ਪਰ ਉਸ ਦੀ ਇਕ ਹੀ ਖੁਆਇਸ਼ ਕਿ ਮੁੰਡਾ ਅੰਮ੍ਰਿਤਧਾਰੀ ਸਿਰਫ਼ ਵਿਖਾਵੇ ਲਈ ਨਾ ਹੋਵੇ ਬਲਕਿ ਸਿਰੜ, ਸਿਦਕ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿਰ ਝੁਕਾਉਣ ਵਾਲਾ ਹੋਵੇ। ਇੱਛਾ ਪੂਰੀ ਹੋਈ ਤੇ ਬਲਾਚੌਰ ਲਾਗੇ ਪਿੰਡ ਸੁੱਧਾ ਮਾਜਰਾ ਵਿਖੇ ਸਰਦਾਰ ਪਰਵਿੰਦਰ ਸਿੰਘ ਦੇ ਘਰ ਦੀ ਸ਼ਾਨ ਬਣੀ।

ਲੜਕਾ ਤੇਜਿੰਦਰ ਸਿੰਘ ਤੇ ਲੜਕੀ ਜਸਦੀਪ ਕੌਰ ਦੀ ਅਜਿਹੀ ਮਾਂ ਜਿਸ ਨੇ ਬਿਮਾਰੀ ਨਾਲ ਲੜਦਿਆਂ, ਘੁਲਦਿਆਂ ਬੱਚਿਆਂ ਨੂੰ ਅਪਣੇ ਪੱਲੇ ਨਾਲ ਨਹੀਂ ਬੰਨ੍ਹਿਆਂ, ਸਗੋਂ ਜ਼ਿੰਦਗੀ ਬਚਾਉਣ ਲਈ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਪੂਰੀ ਜ਼ਿੰਕੇਵਾਰੀ ਤੇ ਆਜ਼ਾਦੀ ਦਿਤੀ।  2005 ਵਿਚ ਛਾਤੀ ਦੇ ਕੈਂਸਰ ਦਾ ਪਤਾ ਚਲਿਆ। ਕੁੱਝ ਦਿਨਾਂ ਬਾਅਦ ਹੀ ਆਪ੍ਰੇਸ਼ਨ ਕਰਵਾ ਲਿਆ, ਪਰ ਕੈਂਸਰ ਦੂਜੀ ਸਟੇਜ ਤੋਂ ਉਪਰ ਸੀ ਤੇ ਬੜਾ ਅਜੀਬ ਕਿਸਮ ਦਾ ਸੀ, ਜਿਸ ਦਾ ਕੋਈ ਪੱਕਾ ਇਲਾਜ ਨਹੀਂ ਸੀ, ਪਰ ਫਿਰ ਵੀ ਉਹ ਕੀਮੋਥਰੈਪੀ, ਇੰਜੈਕਸ਼ਨ ਦੇ ਸਹਾਰੇ ਤੇ ਸੱਭ ਤੋਂ ਵੱਡੀ ਗੱਲ ਕਿ ਪ੍ਰਹੇਜ਼ ਤੇ ਸਿਦਕ ਨਾਲ ਉਹ ਦੁੱਖਾਂ ਨਾਲ ਲੜੀ।

ਦੁੱਖਾਂ ਨੇ ਸ੍ਰੀਰ ਜਕੜਿਆ ਸੀ, ਪਰ ਆਤਮਾ ਅਡੋਲ ਰਹੀ। ਇਕ ਵਾਰ ਕਿਸੇ ਨੇ ਕਿਹਾ, 'ਰਾਣੀ ਤੂੰ ਏਨਾ ਨਾਮ ਜਪਦੀ ਏਂ, ਸਜਿਹ ਪਾਠ ਕਰਦੀ ਏ, ਦਿਨ ਰਾਤ ਸੱਭ ਲਈ ਅਰਦਾਸਾਂ ਕਰਦੀ ਏ, ਫਿਰ ਵੀ ਰੱਬ ਨੇ ਤੈਨੂੰ ਕਿੰਨਾ ਦੁੱਖ ਦਿਤਾ ਹੋਇਆ ਹੈ। ਰਾਣੀ ਨੇ ਜਵਾਬ ਦਿਤਾ ''ਨਹੀਂ, ਮੈਂ ਸੋਚਦੀ ਹਾਂ, ਨਾਮ ਜਪਦੀ ਹਾਂ, ਇਸੇ ਕਰ ਕੇ ਏਨੀ ਕੁ ਬਚੀ ਹੋਈ ਹਾਂ, ਨਹੀਂ ਤਾਂ ਮੇਰਾ ਪਤਾ ਨਹੀਂ ਕੀ ਹੁੰਦਾ।''

ਉਸ ਦੀ ਅਡੋਲਤਾ ਤੇ ਸਹਿਣਸ਼ੀਲਤਾ ਤਾਂ ਉਸ ਦਿਨ ਵੇਖਣ ਨੂੰ ਮਿਲੀ ਜਿਸ ਦਿਨ ਪੁੱਤਰ ਨੇ ਕੈਨੇਡਾ ਜਾਣਾ ਸੀ। ਭੈਣ ਜੀ ਦੀ ਹਾਲਤ ਏਨੀ ਖ਼ਰਾਬ ਸੀ ਕਿ ਗੱਡੀ ਤਕ ਵੀ ਛੱਡਣ ਨਹੀਂ ਜਾ ਸਕੀ, ਪਰ ਸਿਖਿਆ ਬੱਚਿਆਂ ਨੂੰ ਉਹੀ, ਜਿਥੇ ਮਰਜ਼ੀ ਜਾਉ, ਪੁੱਤਰ ਪਰ ਸਿੱਖੀ ਨਾ ਛੱਡੀਂ। ਉਸ ਦੇ ਜਾਣ ਤੋਂ ਦੂਜੇ ਦਿਨ ਬਾਅਦ ਹੀ ਹਾਲਤ ਬਦ ਤੋਂ ਬਦਤਰ ਹੋ ਗਈ। ਲੁਧਿਆਣੇ ਤੋਂ ਹੀ ਇਲਾਜ ਚਲਦਾ ਸੀ, ਲੈ ਕੇ ਗਏ, ਪਰ ਡਾਕਟਰ ਨੇ ਜਵਾਬ ਦੇ ਦਿਤਾ ਤੇ ਭੈਣ ਜੀ ਨੂੰ ਡਾਕਟਰ ਨੇ ਕਿਹਾ, ''ਤੁਹਾਡੇ ਸਾਰੇ ਸ੍ਰੀਰ ਵਿਚ ਪਾਣੀ ਭਰ ਗਿਆ ਹੈ, ਜਦੋਂ ਹਾਲਤ ਏਨੀ ਖ਼ਰਾਬ ਸੀ, ਸਾਹ ਨੀ ਸੀ ਆਉਂਦਾ ਤਾਂ ਪਹਿਲਾਂ ਕਿਉਂ ਨੀ ਆਏ?''

ਭੈਣ ਜੀ ਦਾ ਜਵਾਬ ਸੀ, ''ਜੇ ਮੈਂ ਅਪਣੀ ਹਾਲਤ ਬਾਰੇ ਘਰ ਦੱਸ ਦਿੰਦੀ ਤਾਂ ਮੇਰੇ ਪੁੱਤਰ ਦਾ ਕੈਨੇਡਾ ਜਾਣ ਦਾ ਸੁਪਨਾ ਟੁੱਟ ਜਾਣਾ ਸੀ। ਮੈਂ ਨਹੀਂ ਚਾਹੁੰਦੀ, ਮੇਰੇ ਬੱਚੇ ਮੈਨੂੰ ਇਹ ਕਹਿ ਕੇ ਯਾਦ ਕਰਨ ਕਿ ਸਾਡੀ ਮਾਂ ਬਿਮਾਰ ਰਹਿੰਦੀ ਸੀ। ਇਸ ਕਰ ਕੇ ਅਸੀ ਜ਼ਿੰਦਗੀ ਵਿਚ ਕੁੱਝ ਕਰ ਨਹੀਂ ਸਕੇ।'' ਡਾਕਟਰ ਖ਼ੁਦ ਭੈਣ ਜੀ ਦੀ ਅਡੋਲਤਾ ਤੋਂ ਹੈਰਾਨ ਸਨ ਤੇ ਬਾਕੀ ਮਰੀਜ਼ਾਂ ਨੂੰ ਭੈਣ ਜੀ ਨਾਲ ਮਿਲਾ ਕੇ ਕਹਿੰਦੇ ਹੁੰਦੇ ਸੀ, ''ਇਸ ਮਰੀਜ਼ ਨੂੰ ਮਿਲੋ, ਇਨ੍ਹਾਂ ਨੂੰ ਵੀ ਕੈਂਸਰ ਹੈ, ਪਰ ਇਨ੍ਹਾਂ ਦੇ ਹੌਂਸਲੇ ਤੇ ਅਡੋਲਤਾ ਅੱਗੇ ਮੈਂ ਵੀ ਗੋਡੇ ਟੇਕਦਾ ਹਾਂ।''

ਭੈਣ ਜੀ ਦੀ ਇਕ ਬਾਂਹ ਨੇ ਕੰਮ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿਤਾ ਸੀ, ਪਰ ਫਿਰ ਵੀ ਬੇਟੀ ਨੂੰ ਬੀ.ਐਸ.ਸੀ. ਕਰਨ ਲਈ ਚੰਡੀਗੜ੍ਹ ਭੇਜਿਆ। ਦੋਹਾਂ ਪਤੀ-ਪਤਨੀ ਨੇ ਮਿਲ ਜੁਲ ਕੇ ਕੰਮ ਕਰ ਲੈਣਾ। ਉਨ੍ਹਾਂ ਦੇ ਪਤੀ ਦੀ ਵੀ ਇਕ ਹੀ ਇੱਛਾ ਸੀ ਕਿ ਜੀਵਨ ਸਾਥਣ ਬਚੀ ਰਹੇ, ਮੇਰਾ ਭਾਵੇਂ ਕੱਖ ਨਾ ਰਹੇ। ਉਸ ਦੇ ਫਿਕਰਾਂ ਨੇ ਭਾਜੀ ਨੂੰ ਵੀ ਹਾਰਟ ਦੇ ਮਰੀਜ਼ ਬਣਾ ਦਿਤਾ। ਭੈਣ ਜੀ ਦੀ ਹਾਲਤ ਭਾਵੇਂ ਕਿੰਨੀ ਵੀ ਖ਼ਰਾਬ ਹੁੰਦੀ ਸੀ, ਪਰ ਜਦੋਂ ਵੀ ਹਾਲ ਪੁਛਦੇ, ''ਵਾਹਿਗੁਰੂ ਜੀ ਦੀ ਕ੍ਰਿਪਾ ਹੈ, ਮਿਹਰ ਹੈ।'' ਇਕ ਹੀ ਜਵਾਬ ਹੁੰਦਾ।

ਅਪਣੇ ਦੁੱਖ ਦੀ ਗੱਲ ਕਦੇ ਅਪਣੇ ਮੂੰਹੋਂ ਨਾ ਕਢਦੇ, ਕੋਈ ਪੁਛਦਾ ਵੀ ਤਾਂ ਕਹਿੰਦੇ ''ਐਵੇਂ ਹਾਏ-ਹਾਏ ਕਰਨ ਨਾਲ ਨਾ ਤਾਂ ਦੁੱਖ ਘਟਦਾ ਏ ਨਾ ਹਟਦਾ ਏ, ਇਸ ਨਾਲੋਂ ਚੰਗਾ ਏ, ਵਾਹਿਗੁਰੂ-ਵਾਹਿਗੁਰੂ ਜਪਣਾ।'' ਮੈਂ ਭੈਣ ਜੀ ਦੀ ਅੱਖੋਂ ਸਿਰਫ਼ ਇਕ ਵਾਰ ਹੰਝੂ ਡਿਗਦੇ ਵੇਖੇ ਸਨ, ਜਦੋਂ ਉਨ੍ਹਾਂ ਦੇ ਜਾਣ ਤੋਂ ਕੁੱਝ ਦਿਨ ਪਹਿਲਾਂ ਦੇ ਸ਼ਬਦ ਸਨ ਕਿ ''ਮੈਨੂੰ ਪਤਾ, ਮੈਂ ਹੁਣ ਚਲੇ ਜਾਣਾ ਹੈ, ਪਰ ਮੈਨੂੰ ਸਿਰਫ਼ ਇਕ ਗੱਲ ਦਾ ਦੁੱਖ ਹੈ ਕਿ ਮੈਂ ਆਖ਼ਰੀ ਸਮੇਂ ਅਪਣੇ ਪੰਜਾਂ ਕਕਾਰਾਂ ਤੋਂ ਰਹਿਤ ਹਾਂ, ਨਾ ਕੇਸ, ਨਾ ਕੜਾ, ਨਾ ਕ੍ਰਿਪਾਨ ਤੇ ਨਾ ਕਛਹਿਰਾ। ਗੁਰੂ ਨੇ ਮੇਰੇ ਕੋਲੋਂ ਸੱਭ ਕੁੱਝ ਖੋਹ ਲਿਆ, ਪਰ ਉਸ ਦਾ ਸ਼ੁਕਰਾਨਾ ਇਸ ਗੱਲ ਦਾ ਕਿ ਮੈਨੂੰ ਅੱਜ ਤਕ ਡੋਲਣ ਨਹੀਂ ਦਿਤਾ।

ਮੈਂ ਦੁੱਖ ਵਿਚ ਆ ਕੇ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਇਆ।'' ਉਹ ਹਰ ਮਹੀਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਜ਼ਰੂਰ ਕਰਦੇ ਸਨ। ਇਕ ਹੀ ਅਰਦਾਸ ਕਿ ਆਖ਼ਰੀ ਵੇਲੇ ਵੇ ਦਾਤਿਆ ਮੈਨੂੰ ਅਡੋਲਤਾ ਬਖ਼ਸ਼ੀਂ। ਗੁਰੂ ਨੇ ਵੀ ਸੁਣੀ। ਇਕ ਸਵੇਰੇ ਭੈਣ ਜੀ ਨੇ ਆਵਾਜ਼ ਮਾਰ ਕੇ ਸੱਭ ਨੂੰ ਉਠਾਇਆ ਤੇ ਭਾਜੀ ਜਦੋਂ ਨਿੱਤਨੇਮ ਕਰ ਕੇ ਭੈਣ ਜੀ ਕੋਲ ਆਏ ਤਾਂ ਉਹ ਚੁੱਪ ਚਪੀਤੇ ਜਾ ਚੁੱਕੇ ਸੀ। ਉਹ ਚਲੇ ਗਏ, ਪਰ ਉਸ ਦੇ ਬੋਲ, ਉਸ ਦੀਆਂ ਸਿਖਿਆਵਾਂ ਸਦਾ ਸਾਡੇ ਨਾਲ ਨੇ।

ਬੜੇ ਘੱਟ ਲੋਕ ਹੁੰਦੇ ਹਨ, ਜਿਹੜੇ ਦੁੱਖ ਤੋਂ ਘਬਰਾਉਂਦੇ ਨਹੀਂ। ਉਹ ਤਾਂ ਜਾਂਦੇ ਹੋਏ ਸਾਡੇ ਤੋਂ ਰੌਣ ਦਾ ਹੱਕ ਵੀ ਖੋਹ ਕੇ ਲੈ ਗਈ, ਕਹਿੰਦੇ ਸੀ, ਐਵੇਂ ਨਾ ਮੈਨੂੰ ਚੇਤੇ ਕਰ ਕੇ ਰੋਈ ਜਾਇਉ, ਸਾਰੇ ਜਣੇ ਅਪਣੀ-ਅਪਣੀ ਜ਼ਿੰਮੇਵਾਰੀ ਨਿਭਾਇਉ।'' ਇਹ ਸਾਲ ਪਹਿਲਾਂ ਲੰਘੀ 14 ਅਗੱਸਤ ਨੂੰ ਉਹ ਗੁਰੂ ਦੀ ਬੱਚੀ ਭਾਵੇਂ ਬਿਨਾਂ ਕਕਾਰਾਂ ਦੇ ਹੀ ਗਈ, ਪਰ ਮੈਨੂੰ ਪੂਰਾ ਯਕੀਨ ਏ, ਉਸ ਦੀ ਅਡੋਲਤਾ, ਸਿਦਕ, ਸਿਰੜ ਵੇਖ ਕੇ ਗੁਰੂ ਨੇ ਗੋਦੀ ਵਿਚ ਹੀ ਬਿਠਾਇਆ ਹੋਣੈ।

ਸੰਪਰਕ : 73409-23044

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement