
ਸਿੱਖ ਧਰਮ ਦੇ ਮੋਢੀ ਮਨੁੱਖਤਾ ਦੇ ਰਹਿਬਰ ਬਾਬੇ ਨਾਨਕ ਦਾ ਜਨਮ ਦਿਹਾੜਾ ਇਸ ਵਾਰ ਅਸੀ ਸੋਚਿਆ ਕਿ ਕੁੱਝ ਵਖਰੇ ਤਰੀਕੇ ਨਾਲ ਮਨਾਇਆ ਜਾਵੇ। ਸਵੇਰੇ ਹੀ ਮੇਰੇ ਸਾਥੀ ...
ਸਿੱਖ ਧਰਮ ਦੇ ਮੋਢੀ ਮਨੁੱਖਤਾ ਦੇ ਰਹਿਬਰ ਬਾਬੇ ਨਾਨਕ ਦਾ ਜਨਮ ਦਿਹਾੜਾ ਇਸ ਵਾਰ ਅਸੀ ਸੋਚਿਆ ਕਿ ਕੁੱਝ ਵਖਰੇ ਤਰੀਕੇ ਨਾਲ ਮਨਾਇਆ ਜਾਵੇ। ਸਵੇਰੇ ਹੀ ਮੇਰੇ ਸਾਥੀ ਨਿਰਵੈਰ ਸਿੰਘ ਦਾ ਫ਼ੋਨ ਆ ਗਿਆ ਕਿਉਂਕਿ ਅਸੀ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ ਕਿਉਂਕਿ ਅਸੀ ਪਹਿਲਾਂ ਹੀ ਪਿੰਡ ਦੇ 25-30 ਮੈਂਬਰਾਂ ਦੀ ਮਦਦ ਨਾਲ ਪਿੰਡ ਵਿਚ 6 ਕੁ ਪ੍ਰੀਵਾਰਾਂ ਨੂੰ ਮਹੀਨੇ ਬਾਅਦ ਗੁੰਜਾਇਸ਼ ਅਨੁਸਾਰ ਘਰ ਵਰਤਣ ਵਾਲਾ ਰਾਸ਼ਨ ਲੈ ਕੇ ਦਿੰਦੇ ਹਾਂ
ਕਿਉਂਕਿ ਬਾਬੇ ਨਾਨਕ ਦੇ ਵੰਡ ਕੇ ਛਕੋ, ਉਪਦੇਸ ਅਨੁਸਾਰ ਅਸੀ 55 ਬੀਬੀਆਂ ਤੇ 3 ਮਰਦਾਂ ਨੂੰ ਗਰਮ ਸ਼ਾਲਾਂ ਲੈ ਕੇ ਦਿਤੀਆਂ ਤੇ ਬਾਬੇ ਨਾਨਕ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਦਿਨ ਸਮੇਂ ਮੈਂ ਪਿੰਡ ਬਦੋਵਾਲ ਕਲਾਂ ਵਿਚ ਪੂਰਨ ਸਿੰਘ ਗਗੇਮਾਹਲ ਤੋਂ ਕਥਾ ਕਰਵਾਉਣ ਲਈ ਸੋਚਿਆ ਲਿਆ ਸੀ ਕਿਉਂਕਿ ਗੁਰਪੁਰਬ ਦੇ ਸਬੰਧ ਵਿਚ ਅਖੰਡਪਾਠ ਭੋਗ ਪੈਣਾ ਸੀ।
ਭਾਈ ਪੂਰਨ ਸਿੰਘ ਨੇ ਵੀ ਬਾਬੇ ਨਾਨਕ ਦੇ ਤਿੰਨ ਸੁਨਹਿਰੀ ਉਪਦੇਸ਼ਾਂ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਤੇ ਬੜਾ ਵਧੀਆ ਢੰਗ ਨਾਲ, ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਸ਼ਾਮ ਵੇਲੇ ਮੈਂ ਅਪਣੇ ਸਹੁਰੇ ਪਿੰਡ ਲੋਪੋਕੇ ਜਾਣਾ ਸੀ। ਮੈਂ ਸੋਚਿਆ ਕਿ ਅਜਨਾਲੇ ਵਿਚੋਂ ਦੀ ਲੰਘ ਕੇ ਜਾਣਾ ਹੈ ਕਿਉਂ ਨਾ 'ਸਪੋਕਸਮੈਨ' ਨਾਲ ਗੁੜ੍ਹਾ ਰਿਸ਼ਤਾ ਰੱਖਣ ਵਾਲੇ ਸ. ਮੱਖਣ ਸਿੰਘ ਫਰਿਆਦ ਨੂੰ ਹੀ ਮਿਲ ਜਾਈਏ। ਕਿਉਂਕਿ ਅਜਿਹੀਆਂ ਰੱਬੀ ਰੂਹਾਂ ਦੇ ਦਰਸ਼ਨ ਜੇਕਰ ਅੱਜ ਦੇ ਸੁਭਾਗੇ ਦਿਨ ਹੋ ਜਾਣ ਤਾਂ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ।
ਮੈਂ ਪੁੱਛ ਪੜਤਾਲ ਕਰ ਕੇ ਸ੍ਰ. ਮੱਖਣ ਸਿੰਘ ਫਰਿਆਦ ਦੇ ਘਰ ਪਹੁੰਚਿਆ ਕਿਉਂਕਿ ਉਨ੍ਹਾਂ ਦਾ ਘਰ ਨਵੀਂ ਬਣ ਰਹੀ ਕਾਲੋਨੀ ਵਿਚ ਸੀ। ਭਾਵੇਂ ਰਾਤ ਦਾ ਹਨੇਰਾ ਹੋ ਰਿਹਾ ਸੀ। ਮੈਂ ਅੱਗੇ ਵੀ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਸੀ ਪਰ ਮਨ ਵਿਚ ਤਾਂਘ ਸੀ ਕਿ ਜ਼ਰੂਰ ਮਿਲ ਕੇ ਜਾਣਾ ਹੈ।ਜਦ ਮੈਂ ਸ੍ਰ. ਮੱਖਣ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਨ੍ਹਾਂ ਦਾ ਪੋਤਰਾ ਬੂਹਾ ਖੋਲ੍ਹਣ ਲਈ ਆਇਆ। ਮੈਂ ਪੁਛਿਆ ਕਿ, ''ਪੁੱਤਰ ਜੀ, ਇਹ ਸ. ਮੱਖਣ ਸਿੰਘ ਦਾ ਘਰ ਹੈ?'' ਕਹਿੰਦਾ, ''ਹਾਂ ਜੀ।''
ਏਨੇ ਨੂੰ ਸ. ਮੱਖਣ ਸਿੰਘ ਅਪਣਾ ਸਾਈਕਲ ਲੈ ਕੇ ਦਰਵਾਜ਼ੇ ਵਲ ਆ ਰਹੇ ਸਨ। ਸ਼ਾਇਦ ਬਾਜ਼ਾਰ ਵਿਚ ਕੋਈ ਘਰੇਲੂ ਵਸਤੂ ਖ਼ਰੀਦਣ ਜਾ ਰਹੇ ਸਨ। ਜਦ ਮੈਂ ਉਨ੍ਹਾਂ ਦੇ ਸਾਹਮਣੇ ਹੋਇਆ ਤਾਂ ਮੈਂ ਦਸਿਆ ਕਿ ਮੈਂ ਡਾ. ਪ੍ਰਤਾਪ ਸਿੰਘ ਭੰਗਾਲੀ 'ਸਪੋਕਸਮੈਨ' ਵਿਚ ਮੇਰੇ ਲੇਖ ਛਪਦੇ ਹਨ। ਸੱਚ ਜਾਣਿਉ, ਉਸ ਵਕਤ ਜੋ ਪਿਆਰ ਮੈਂ ਸ. ਮੱਖਣ ਸਿੰਘ ਜੀ ਦੇ ਮਨ ਵਿਚ ਅਪਣੇ ਬਾਰੇ ਵੇਖਿਆ, ਉਹ ਮੈਂ ਕਲਮ ਰਾਹੀਂ ਬਿਆਨ ਨਹੀਂ ਕਰ ਸਕਦਾ। ਸ਼ਾਇਦ ਇਹ ਦਿਨ ਮੇਰੀ ਜ਼ਿੰਦਗੀ ਵਿਚ ਪਹਿਲਾ ਤੇ ਆਖ਼ਰੀ ਦਿਨ ਹੋਵੇਗਾ ਜਦ ਮੇਰੀ ਕਿਸੇ ਨੇ ਏਨੀ ਇੱਜ਼ਤ ਕੀਤੀ ਹੋਵੇਗੀ।
ਭਾਵੇਂ ਸ. ਮੱਖਣ ਸਿੰਘ ਮੇਰੇ ਤੋਂ 10 ਸਾਲ ਵੱਡੀ ਉਮਰ ਦੇ ਸਨ ਪਰ ਉਨ੍ਹਾਂ ਦਾ ਪਿਆਰ ਵੇਖ ਕੇ ਇੰਜ ਲਗਦਾ ਸੀ ਜਿਵੇਂ ਮੈਂ ਉਨ੍ਹਾਂ ਤੋਂ ਵੱਡਾ ਹੋਵਾਂ। ਜਲਦੀ-ਜਲਦੀ ਉਨ੍ਹਾਂ ਨੇ ਅਪਣਾ ਸਾਈਕਲ ਸਟੈਂਡ ਉਤੇ ਲਗਾ ਕੇ ਗਲਵਕੜੀ ਪਾ ਕੇ ਇੰਜ ਨਿੱਘ ਦਿਤਾ ਜਿਵੇਂ ਅਸੀ ਕਈ ਜਨਮਾਂ ਦੇ ਵਿਛੜੇ ਹੋਈਏ। ਚਾਹ-ਪਾਣੀ ਛਕਣ ਤੋਂ ਬਾਅਦ ਅਸੀ ਕਾਫ਼ੀ ਦੁੱਖ ਸੁੱਖ ਫਰੋਲੇ। ਸ. ਮੱਖਣ ਸਿੰਘ ਜੀ ਬੱਚਿਆਂ ਨੂੰ ਕਹਿਣ ਲੱਗੇ, ''ਇਹ ਤਾਂ ਰੱਬ ਹਨ।'' ਮੈਂ ਕਿਹਾ ਵੀਰ ਜੀ, ''ਮੈਂ ਕੋਈ ਰੱਬ ਨਹੀਂ ਹਾਂ। ਮੈਂ ਤਾਂ ਤੁਹਾਡਾ ਛੋਟਾ ਵੀਰ ਹਾਂ।'' ਏਨੇ ਨੂੰ ਕਾਫ਼ੀ ਹਨੇਰਾ ਹੋ ਗਿਆ।
ਮੈਂ ਅੱਗੇ ਮੰਜ਼ਿਲ ਵਲ ਵਧਣਾ ਸੀ ਅੰਤ ਵਿਚ ਤੁਰਨ ਲਗਿਆਂ, ਮੈਂ ਸ. ਮੱਖਣ ਸਿੰਘ ਫਰਿਆਦ ਜੀ ਦੀ ਆਖ਼ਰੀ ਮੰਗ ਪੂਰੀ ਨਾ ਕਰ ਸਕਿਆ ਕਿਉਂਕਿ ਉਹ ਕਹਿੰਦੇ ਸਨ ਕਿ ''ਗੱਲ ਤਾਂ ਬਣਦੀ ਏ ਜੇ ਇਸ ਮੰਜੀ ਤੇ ਮੈਂ ਸੌਵਾਂ ਤੇ ਦੂਜੀ ਮੁੰਜੀ ਤੇ ਤੂੰ। ਅਸੀ ਸਾਰੀ ਰਾਤ ਅਪਣੀ ਕੌਮ ਦੇ ਸਮਾਜ ਦੇ ਦੁੱਖ ਸੁੱਖ ਫਰੋਲਈਏ।'' ਪਰ ਮੈਂ ਟਾਈਮ ਦੀ ਚਲਦੀ ਸੂਈ ਵਾਂਗ ਫਤਹਿ ਬੁਲਾ ਕੇ ਅਪਣੇ ਮੋਟਰਸਾਈਕਲ ਦੀ ਕਿੱਕ ਮਾਰ ਕੇ ਅੱਗੇ ਵੱਧ ਗਿਆ।
ਸ. ਮੱਖਣ ਸਿੰਘ ਜੀ 'ਸਪੋਕਸਮੈਨ' ਦੇ ਏਨੇ ਪੱਕੇ ਪਾਠਕ ਹਨ ਕਿ ਉਨ੍ਹਾਂ ਨੇ 'ਸਪੋਕਸਮੈਨ' ਦੀ ਲਿਖਤਾਂ ਦੇ ਝੋਲੇ ਭਰ-ਭਰ ਕੇ ਅਪਣੇ ਕਮਰੇ ਵਿਚ ਟੰਗੇ ਹੋਏ ਸਨ। ਉਨ੍ਹਾਂ ਦੀ ਸ਼ਰਧਾ ਭਾਵਨਾ ਵੇਖ ਕੇ ਉਨ੍ਹਾਂ ਪ੍ਰਤੀ ਤੇ 'ਸਪੋਕਸਮੈਨ' ਪ੍ਰਤੀ ਮੇਰਾ ਸਿਰ ਹਮੇਸ਼ਾ ਝੁਕਿਆ ਰਹੇਗਾ।
ਸੰਪਰਕ : 97810-38984