
ਸ਼੍ਰੋ ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਮੈਂਬਰ ਲੋਕਾਂ ਦੁਆਰਾ ....
ਸ਼੍ਰੋ ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਮੈਂਬਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਸਿਰਫ਼ ਸ਼੍ਰੋਮਣੀ ਕਮੇਟੀ ਹੀ ਇਕੋ ਇਕ ਧਾਰਮਕ ਸੰਸਥਾ ਹੈ ਜਿਹੜੀ ਲੋਕੰਤਤਰਕ ਤਰੀਕੇ ਨਾਲ ਚੁਣੀ ਜਾਂਦੀ ਹੈ। ਪਰ ਇਸ ਦੇ ਕੰਮਕਾਜ ਨੂੰ ਵੇਖਦੇ ਹੋਏ ਹੈਰਾਨੀ ਹੁੰਦੀ ਹੈ ਜਿਥੇ ਕਰੋੜਾਂ ਦਾ ਬਜਟ ਸਿਰਫ਼ ਪੰਜ ਮਿੰਟਾਂ ਵਿਚ ਪਾਸ ਕਰ ਦਿਤਾ ਜਾਂਦਾ ਹੈ।
ਇਸ ਦੇ ਸਮਾਗਮ ਵਿਚ ਸਿਰਫ਼ ਕਾਬਜ਼ ਧੜੇ ਨਾਲ ਸਬੰਧਤ ਮੈਂਬਰ ਨੂੰ ਬੋਲਣ ਦਿਤਾ ਜਾਂਦਾ ਹੈ, ਜੇਕਰ ਹੋਰ ਕੋਈ ਬੋਲਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਤਾ ਜਾਂਦਾ ਹੈ। ਜੇਕਰ ਅਸੀ ਇਸ ਨੂੰ ਪਾਰਲੀਮੈਂਟ ਕਹਿੰਦੇ ਹਾਂ ਤਾਂ ਸਾਨੂੰ ਹਰ ਮੈਂਬਰ ਨੂੰ ਅਪਣੇ ਵਿਚਾਰ ਰੱਖਣ ਦਾ ਅਧਿਕਾਰ ਵੀ ਦੇਣਾ ਚਾਹੀਦਾ ਹੈ।
ਮਹੰਤ ਨਰੈਣੂ ਤੋਂ ਗੁਰਦਵਾਰੇ ਆਜ਼ਾਦ ਕਰਵਾਉਣ ਤੋਂ ਬਾਅਦ ਸਿੱਖ ਲੀਡਰਾਂ ਨੇ 15 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਬਣਾਈ ਸੀ।
ਸਰਕਾਰ ਵਲੋਂ 1925 ਵਿਚ ਪਹਿਲਾ ਗੁਰਦਾਵਰਾ ਐਕਟ ਬਣਾਇਆ ਗਿਆ। ਇਸ ਐਕਟ ਅਧੀਨ 1926 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਗਈਆਂ। ਸਿੱਖਾਂ ਦਾ ਸ਼੍ਰੋਮਣੀ ਕਮੇਟੀ ਬਣਾਉਣ ਦਾ ਉਦੇਸ਼ ਇਹ ਸੀ ਕਿ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਪੂਰੀ ਤਰ੍ਹਾਂ ਗੁਰਮਰਿਆਦਾ ਅਨੁਸਾਰ ਚਲਾਇਆ ਜਾਵੇ ਅਤੇ ਸਿੱਖ ਧਰਮ ਨੂੰ ਸਾਰੀ ਦੁਨੀਆਂ ਵਿਚ ਫੈਲਾਉਣ ਲਈ ਯਤਨ ਕੀਤੇ ਜਾਣ। ਅਸਲ ਵਿਚ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਹਿਤਾਂ ਦੀ ਰਖਵਾਲੀ ਲਈ ਬਣਾਈ ਗਈ ਸੀ।
ਕਾਫ਼ੀ ਸਮਾਂ ਇਹ ਪ੍ਰਬੰਧ ਵਧੀਆ ਚਲਦਾ ਰਿਹਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਮੁਹਿੰਮਾਂ ਵੀ ਚਲਾਈਆਂ ਗਈਆਂ। ਪਰ ਜਿਵੇਂ-ਜਿਵੇਂ ਸਮਾਂ ਬਦਲਿਆ ਸ਼੍ਰੋਮਣੀ ਕਮੇਟੀ ਦੇ ਕੰਮਕਾਰ ਵਿਚ ਫ਼ਰਕ ਪੈਣਾ ਸ਼ੁਰੂ ਹੋ ਗਿਆ। ਅੱਜ ਸ਼੍ਰੋਮਣੀ ਕਮੇਟੀ ਦਾ ਹਾਲ ਇਹ ਹੈ ਕਿ ਇਹ ਇਕ ਧੜੇ ਦੀ ਪ੍ਰਚਾਰ ਏਜੰਸੀ ਬਣ ਕੇ ਰਹਿ ਗਈ ਹੈ। ਇਕ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਕੰਮਕਾਰ ਵਿਚ ਫ਼ਰਕ ਪੈਣਾ ਸ਼ੁਰੂ ਹੋ ਗਿਆ। ਇਕ ਤਰ੍ਹਾਂ ਸ਼੍ਰੋਮਣੀ ਕਮੇਟੀ ਸਿਆਸਤ ਦੀ ਇਕ ਪੌੜੀ ਬਣ ਕੇ ਰਹਿ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਸਾਲ ਵਿਚ ਦੋ ਵਾਰ ਆਮ ਇਜਲਾਸ ਹੁੰਦੇ ਹਨ ਇਕ ਵਾਰ ਨਵੰਬਰ ਵਿਚ ਕਮੇਟੀ ਦੇ ਅਹੁਦੇਦਾਰ ਚੁਣੇ ਜਾਂਦੇ ਹਨ ਅਤੇ ਇਕ ਵਾਰ ਮਾਰਚ ਵਿਚ ਜਦੋਂ ਸ਼੍ਰੋਮਣੀ ਕਮੇਟੀ ਦਾ ਬਜਟ ਪਾਸ ਹੁੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਆਮ ਇਜਲਾਸਾਂ ਵਿਚ ਸਿੱਖ ਧਰਮ ਵਿਚ ਆ ਰਹੇ ਨਿਘਾਰਾਂ ਉਤੇ ਵਿਚਾਰ ਕੀਤਾ ਜਾਵੇ। ਸਿੱਖ ਧਰਮ ਤੇ ਹੋ ਰਹੇ ਹਮਲਿਆਂ ਬਾਰੇ ਵਿਚਾਰ ਕੀਤਾ ਜਾਵੇ।
ਗੁਰਦਵਾਰਾ ਪ੍ਰਬੰਧ ਵਿਚ ਆ ਰਹੀਆਂ ਤਰੁਟੀਆਂ ਨੂੰ ਕਿਸ ਤਰ੍ਹਾਂ ਦੂਰ ਕਰਨਾ ਹੈ, ਉਸ ਉਤੇ ਵਿਚਾਰ ਕੀਤਾ ਜਾਵੇ। ਸਿੱਖ ਧਰਮ ਦੁਨੀਆਂ ਭਰ ਵਿਚ ਫੈਲਾਉਣ ਬਾਰੇ ਮੈਂਬਰਾਂ ਤੋਂ ਸੁਝਾਅ ਮੰਗੇ ਜਾਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਬਾਰੇ ਵਿਚਾਰ ਵਿਟਾਦਰਾ ਕੀਤਾ ਜਾਵੇ। ਜੇਕਰ ਅਸੀ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਜਿੰਨੇ ਸਿੱਖ ਧਰਮ ਦੇ ਅੰਦਰੋਂ ਅਤੇ ਬਾਹਰੋਂ ਹੁਣ ਹਮਲੇ ਹੋ ਰਹੇ ਹਨ, ਏਨੇ ਸ਼ਾਇਦ ਪੁਰਾਣੇ ਸਮਿਆਂ ਵਿਚ ਵੀ ਨਹੀਂ ਸੀ ਹੁੰਦੇ। ਜੇਕਰ ਉਦੋਂ ਹਮਲੇ ਹੁੰਦੇ ਵੀ ਸੀ ਤਾਂ ਉਹ ਬਾਹਰੋਂ ਹੁੰਦੇ ਸਨ ਜਿਸ ਦਾ ਮੁਕਾਬਲਾ ਸਿੱਖ ਇਕੱਠੇ ਹੋ ਕੇ ਕਰਦੇ ਸਨ।
ਪਰ ਅੱਜ ਹਾਲ ਇਹ ਹੈ ਕਿ ਸਿੱਖੀ ਸਰੂਪ ਵਿਚ ਬੈਠੇ ਹੋਏ ਲੋਕ ਹੀ ਸਿੱਖ ਧਰਮ ਉਤੇ ਹਮਲੇ ਕਰ ਰਹੇ ਹਨ। ਸਿੱਖਾਂ ਵਿਚ ਏਨੇ ਧੜੇ ਬਣ ਗਏ ਹਨ ਕਿ ਹਰ ਧੜਾ ਦੂਜੇ ਨੂੰ ਨੀਵਾਂ ਵਿਖਾਉਣ ਲਈ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾਉਣ ਵਿਚ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਆਸ਼ੂਤੋਸ਼, ਸੌਦਾ ਸਾਧ, ਭਨਿਆਰਾਂ ਵਾਲਾ ਤੇ ਰਾਧਾਸਵਾਮੀਆਂ ਵਲੋਂ ਸਿੱਖ ਧਰਮ ਨੂੰ ਭਾਰੀ ਢਾਹ ਲਗਾਈ ਜਾ ਰਹੀ ਹੈ।
ਪਰ ਸਾਡੀ ਕਮੇਟੀ ਨੇ ਕਦੇ ਵੀ ਇਨ੍ਹਾਂ ਲੋਕਾਂ ਦੇ ਕੂੜ ਪ੍ਰਚਾਰ ਨੂੰ ਰੋਕਣ ਦਾ ਮਾਮਲਾ ਨਹੀਂ ਉਠਾਇਆ ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਅਸੀ ਇਨ੍ਹਾਂ ਵਿਰੁਧ ਆਵਾਜ਼ ਉਠਾਈ ਤਾਂ ਅਕਾਲੀ ਦਲ ਨੂੰ ਨੁਕਸਾਨ ਹੁੰਦਾ ਹੈ। ਕਿਉਂਕਿ ਅਜਕਲ ਕੁਰਸੀ ਪਹਿਲਾ ਹੈ ਧਰਮ ਬਾਅਦ ਵਿਚ ਰਹਿ ਗਿਆ ਹੈ। ਇਸ ਤੋਂ ਇਲਾਵਾ ਸਿੱਖ ਨੌਜਵਾਨਾਂ ਵਿਚ ਪਤਿਤਪੁਣਾ ਏਨਾ ਭਾਰੂ ਹੋ ਚੁੱਕਾ ਹੈ, ਪਿੰਡਾਂ ਵਿਚ ਤਾਂ 90 ਫ਼ੀ ਸਦੀ ਸਿੱਖ ਨੌਵਜਾਨ ਪਤਿਤ ਹੋ ਚੁੱਕੇ ਹਨ। ਇਥੇ ਹੀ ਬਸ ਨਹੀਂ ਸਿੱਖ ਲੜਕੀਆਂ ਵੀ ਧੜਾ ਧੜ ਅਪਣੇ ਕੇਸ ਕਤਲ ਕਰਵਾ ਰਹੀਆਂ ਹਨ।
ਨਿਜੀ ਟੀ. ਵੀ. ਚੈਨਲਾਂ ਵਲੋਂ ਅਪਣੀ ਮਸ਼ਹੂਰੀ ਲਈ ਤਰ੍ਹਾਂ-ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਰੱਜ ਕੇ ਅਪਣੇ ਸ੍ਰੀਰ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਪਤਿਤਪੁਣੇ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਚਾਹੇ ਪੰਜਾਬੀ ਚੈਨਲਾਂ ਦਾ ਮਿਸ ਪੰਜਾਬਣ ਮੁਕਾਬਲਾ ਕਿਉਂ ਨਾ ਹੋਵੇ, ਉਸ ਵਿਚ ਵੀ ਪਤਿਤਪੁਣਾ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਰ ਸ਼੍ਰੋਮਣੀ ਕਮੇਟੀ ਵਲੋਂ ਕਦੇ ਵੀ ਇਤਰਾਜ਼ ਨਹੀਂ ਜਤਾਇਆ ਜਾਂਦਾ। ਹਾਲਤ ਇਹ ਹੈ ਕਿ 70 ਫ਼ੀ ਸਦੀ ਤੋਂ ਵੱਧ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਪਣੇ ਬੱਚੇ ਪਤਿਤ ਹਨ।
ਸ਼੍ਰੋਮਣੀ ਕਮੇਟੀ ਭਾਵੇਂ ਇਕ ਧਾਰਮਕ ਅਦਾਰਾ ਹੈ ਪਰ ਇਸ ਦਾ ਹਾਲ ਵੀ ਹੁਣ ਸਰਕਾਰੀ ਵਿਭਾਗਾਂ ਵਾਲਾ ਹੀ ਹੋ ਗਿਆ ਹੈ। ਉਸੇ ਤਰ੍ਹਾਂ ਇਥੇ ਵੀ ਹੁਣ ਕਦੇ ਸੀਮਿੰਟ ਘੁਟਾਲਾ, ਸਿਰੋਪਾ ਖ਼ਰੀਦ ਘੁਟਾਲਾ, ਪਰਚੀ ਘੁਟਾਲਾ, ਕਣਕ ਵੇਚ ਘੁਟਾਲਾ ਹੋ ਰਿਹਾ ਹੈ। ਕਮੇਟੀ ਵਿਚ ਵੀ ਅਜਕਲ ਗੁਰਦਵਾਰਾ ਸਾਹਿਬ ਦੀ ਆਮਦਨ ਵੇਖ ਕੇ ਹੀ ਮੈਨੇਜਰੀਆਂ ਦਿਤੀਆਂ ਜਾ ਰਹੀਆਂ ਹਨ। ਇਹ ਗੱਲ ਮੈਨੂੰ ਕਿਸੇ ਹੋਰ ਨੇ ਨਹੀਂ ਸਗੋਂ ਇਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਖ਼ੁਦ ਦੱਸੀ। ਜਿਸ ਉਦੇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ, ਅੱਜ ਸ਼੍ਰੋਮਣੀ ਕਮੇਟੀ ਉਸ ਨੂੰ ਬਿਲਕੁਲ ਵਿਸਾਰ ਚੁੱਕੀ ਹੈ।
ਅੱਜ ਉਹ ਆਗੂ ਸਵਰਗ ਵਿਚ ਬੈਠੇ ਅਪਣੇ ਕੀਤੇ ਉਤੇ ਪਛਤਾ ਰਹੇ ਹੋਣਗੇ, ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਸ ਨੂੰ ਹੋਂਦ ਵਿਚ ਲਿਆਂਦਾ ਸੀ। ਸ਼੍ਰੋਮਣੀ ਕਮੇਟੀ ਵਲੋਂ ਜਿਹੜੇ ਵਿਦਿਅਕ ਅਦਾਰੇ ਚਲਾਏ ਜਾ ਰਹੇ ਹਨ, ਉਨ੍ਹਾਂ ਵਿਚ ਵੀ ਪਤਿਤਪੁਣੇ ਦੇ ਦਰਸ਼ਨ ਹੀ ਹੁੰਦੇ ਹਨ। ਪਿਛਲੇ ਦਿਨੀ ਮੈਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਚ ਜਾਣ ਦਾ ਮੌਕਾ ਮਿਲਿਆ। ਉਥੇ ਮੈਂ ਵੇਖਿਆ ਕਿ ਜਿਹੜੇ ਲੜਕੇ ਲੜਕੀਆਂ ਨੇ ਦਾਖਲੇ ਵੇਲੇ ਅਪਣੇ ਸਾਬਤ ਸੂਰਤ ਹੋਣ ਦਾ ਡਰਾਮਾ ਰਚਿਆ, ਦਾਖ਼ਲੇ ਤੋਂ ਬਾਅਦ ਉਹ ਵੀ ਪਤਿਤ ਹੋਏ ਫਿਰਦੇ ਹਨ।
ਜੇਕਰ ਕੋਈ ਇਨ੍ਹਾਂ ਵਿਰੁਧ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਪੰਥ ਦੋਖੀ ਕਹਿ ਕੇ ਭੰਡਿਆ ਜਾਂਦਾ ਹੈ। ਗੱਲ ਕਾਹਦੀ ਕਿ ਇਸ ਮਿੰਨੀ ਪਾਰਲੀਮੈਂਟ ਵਿਚ ਬਹੁਤ ਨਿਘਾਰ ਆ ਚੁੱਕਾ ਹੈ। ਜੇਕਰ ਅਸੀ ਚਾਹੁੰਦੇ ਹਾਂ ਕਿ ਸਿੱਖਾਂ ਵਿਚ ਆਇਆ ਇਹ ਪਤਿਤਪੁਣਾ ਖ਼ਤਮ ਹੋਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਸਹੀ ਅਰਥਾਂ ਵਿਚ ਮਿੰਨੀ ਪਾਰਲੀਮੈਂਟ ਬਣਾਇਆ ਜਾਵੇ ਅਤੇ ਜਿਸ ਤਰ੍ਹਾਂ ਪਾਰਲੀਮੈਂਟ ਵਿਚ ਹਰ ਮੈਂਬਰ ਨੂੰ ਅਪਣੀ ਗੱਲ ਕਹਿਣ ਦਾ ਅਧਿਕਾਰ ਹੈ, ਉਸੇ ਤਰ੍ਹਾਂ ਕਮੇਟੀ ਦੇ ਜਿਹੜੇ ਦੋ ਇਜਲਾਸ ਕੀਤੇ ਜਾਂਦੇ ਹਨ,
ਉਹ ਘੱਟੋ ਘੱਟ ਦੋ-ਦੋ ਦਿਨ ਚੱਲਣ, ਉਥੇ ਖੁੱਲ੍ਹੇ ਦਿਲ ਨਾਲ ਮੈਂਬਰਾਂ ਦੇ ਵਿਚਾਰ ਸੁਣੇ ਜਾਣ। ਉਹ ਸਿਰਫ਼ ਇਕ ਧੜੇ ਦਾ ਪਲੇਟ ਫਾਰਮ ਨਾ ਬਣ ਕੇ ਰਹਿ ਜਾਵੇ, ਸਗੋਂ ਸਮੂਹ ਸਿੱਖਾਂ ਦਾ ਪਲੇਟ ਫ਼ਾਰਮ ਹੋਵੇ। ਇਸ ਵਿਚ ਹੀ ਸਿੱਖ ਕੌਮ ਦਾ ਭਲਾ ਹੈ। ਇਹ ਨਹੀਂ ਕਿ ਕੁੱਝ ਮਿੰਟਾਂ ਵਿਚ ਅਹੁਦੇਦਾਰ ਚੁਣ ਲਏ ਅਤੇ ਕੁੱਝ ਮਿੰਟਾਂ ਵਿਚ ਵਿਚ ਹੀ 1200 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਅਤੇ ਕੜਾਹ ਪ੍ਰਸ਼ਾਦਿ ਛਕਿਆ ਤੇ ਘਰ ਆ ਗਏ।
ਸੰਪਰਕ : 94649-96083