
ਦਲਿਤਾਂ ਤੇ ਔਰਤਾਂ ਉਤੇ ਅਤਿਆਚਾਰ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ............
ਦਲਿਤਾਂ ਤੇ ਔਰਤਾਂ ਉਤੇ ਅਤਿਆਚਾਰ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ। ਦੋਹਾਂ ਉਤੇ ਹੀ ਧਰਮ ਅਤੇ ਜਾਤੀ ਦਾ ਜ਼ੁਲਮ ਜਾਰੀ ਹੈ। ਲਗਾਤਾਰ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਘਟਨਾਵਾਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ। ਸਹਾਰਨਪੁਰ ਵਿਚ ਜਾਤੀ ਰੰਜਿਸ਼ ਵਿਚ ਭੀਮ ਆਰਮੀ ਦੇ ਲੀਡਰ ਦੇ ਭਰਾ ਸਚਿਨ ਵਾਲੀਆ ਦੇ ਕਤਲ ਨਾਲ ਇਕ ਵਾਰ ਫਿਰ ਦਲਿਤ ਸਮਾਜ ਗੁੱਸੇ ਵਿਚ ਹੈ।
ਉੱਧਰ, ਜੰਮੂ ਵਿਚ ਇਕ ਨਾਬਾਲਗ਼ ਕੁੜੀ ਆਸਿਫ਼ਾ ਨਾਲ ਬਲਾਤਕਾਰ ਤੋਂ ਬਾਅਦ ਦਰਿੰਦਗੀ ਨਾਲ ਕਤਲ ਤੇ ਉੱਤਰਪ੍ਰਦੇਸ਼ ਵਿਚ ਉੱਨਾਓ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਇਕ ਇਕ ਮੁਟਿਆਰ ਨਾਲ ਕੀਤੇ ਬਲਾਤਕਾਰ ਦੇ ਮਾਮਲਿਆਂ ਨੂੰ ਲੈ ਕੇ ਔਰਤਾਂ ਨੇ ਅੰਦੋਲਨ ਛੇੜਿਆ ਹੋਇਆ ਹੈ। ਕਾਨੂੰਨ ਵਿਚ ਸੋਧ ਦੇ ਬਾਵਜੂਦ ਵਾਰਦਾਤਾਂ ਵਿਚ ਕਮੀ ਨਹੀਂ ਹੋ ਰਹੀ। ਆਸਿਫ਼ਾ ਮਾਮਲੇ ਵਿਚ ਲੋਕ ਦੇ ਗੁੱਸੇ ਨੂੰ ਵੇਖਦੇ ਹੋਏ ਬਲਾਤਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਉਠਣ ਤੋਂ ਬਾਦ ਸਰਕਾਰ ਵਲੋਂ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 2012 ਨੂੰ ਨਿਰਭਯਾ ਕਾਂਡ ਦੇ ਬਾਅਦ ਦੀ ਬਲਾਤਕਾਰ ਕਾਨੂੰਨ ਵਿਚ ਸ਼ੋਧ ਕੀਤੀ ਗਈ ਸੀ। ਫਿਰ ਵੀ ਔਰਤਾਂ ਤੇ ਬਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿਚ ਕਮੀ ਨਹੀਂ ਆਈ।
ਅਫ਼ਸੋਸ ਦੀ ਗੱਲ ਇਹ ਹੈ ਕਿ ਜੰਮੂ ਦੇ ਕਠੂਆ ਵਿਚ ਲੜਕੀ ਦੇ ਬਲਾਤਕਾਰੀਆਂ ਦੇ ਪੱਖ ਵਿਚ ਭੀੜ ਸੜਕਾਂ ਉਤੇ ਪ੍ਰਦਰਸ਼ਨ ਕਰਨ ਲੱਗੀ। ਇਸ ਭੀੜ ਵਿਚ ਧਰਮ ਦੇ ਰਾਹ ਉਤੇ ਚਲਣ ਵਾਲੀ ਭਾਜਪਾ ਦੇ ਦੋ ਵਿਧਾਇਕ ਵੀ ਸ਼ਾਮਲ ਸਨ। ਉੱਧਰ, ਦਲਿਤਾਂ ਨਾਲ ਹੋ ਰਹੀ ਹਿੰਸਾ ਦੀ ਪੈਰਵੀ ਕਰਨ ਵਿਚ ਵੀ ਹਿੰਦੂ ਕੱਟੜਪੰਥੀ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਨਹੀਂ ਝਿਜਕ ਰਹੇ।
ਇਨ੍ਹਾਂ ਘਟਨਾਵਾਂ ਵਿਚ ਕਾਂਗਰਸੀ ਲੀਡਰ ਰੇਣੁਕਾ ਚੌਧਰੀ ਨੇ ਸੰਸਦ ਵਿਚ ਤੇ ਕੋਰਿਉਗ੍ਰਾਫ਼ਰ ਸਰੋਜ ਖ਼ਾਨ ਨੇ ਬਾਲੀਵੁੱਡ ਵਿਚ ਸ੍ਰੀਰਕ ਸ਼ੋਸ਼ਣ ਦੀ ਗੱਲ ਆਖੀ ਤਾਂ ਇਸ ਉੱਤੇ ਬਹਿਸ ਛਿੜ ਗਈ। ਪਿਛਲੇ ਸਾਲ ਸਹਾਰਨਪੁਰ ਵਿਚ ਰਾਜਪੂਤਾਂ ਅਤੇ ਦਲਿਤਾਂ ਦੇ ਸੰਘਰਸ਼ ਵਿਚ ਦੋ ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ। ਦਲਿਤਾਂ ਦੀ ਬਸਤੀ ਵਿਚ ਭੰਨਤੋੜ ਅਤੇ ਸਾੜਫੂਕ ਹੋਈ ਸੀ। ਘਟਨਾ ਦੇ ਵਿਰੋਧ ਵਿਚ ਦਿੱਲੀ ਦੇ ਜੰਤਰ ਮੰਤਰ ਉਤੇ ਦਲਿਤ ਜਥੇਬੰਦੀਆਂ ਦਾ ਪ੍ਰਦਰਸ਼ਨ ਹੋਇਆ। ਦਲਿਤਾਂ ਨੂੰ ਇਕਜੁਟ ਕਰਨ ਵਾਲੇ ਭੀਮ ਆਰਮੀ ਦੇ ਲੀਡਰ ਚੰਦਰਸ਼ੇਖ਼ਰ ਆਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਉਤੇ ਦੇਸ਼ਧ੍ਰੋਹ ਦਾ ਦੋਸ਼ ਮੜ੍ਹ ਕੇ ਉਸ ਨੂੰ ਜੇਲ੍ਹ ਵਿਚ ਡੱਕ ਦਿਤਾ ਗਿਆ। ਇਸ ਤੋਂ ਪਹਿਲਾਂ ਕਰੇਪਿੰਡ ਵਿਚ ਦਲਿਤਾਂ ਉਤੇ ਹਮਲੇ ਦੀ ਵਾਰਦਾਤ ਹੋਈ ਹੈ। ਰੋਜ਼ਾਨਾ ਕਿਧਰੇ ਦਲਿਤਾਂ ਨਾਲ ਵਿਆਹ ਵਿਚ ਘੋੜੀ ਉਤੇ ਚੜ੍ਹਨ ਨੂੰ ਲੈ ਕੇ ਤਾਂ ਕਿਤੇ ਮੁੱਛਾਂ ਰੱਖਣ ਵਰਗੀਆਂ ਗੱਲਾਂ ਉਤੇ ਕੁੱਟਮਾਰ, ਹਿੰਸਾ ਦੀਆਂ ਖ਼ਬਰਾਂ ਸੁਰਖ਼ੀਆਂ ਬਣ ਰਹੀਆਂ ਹਨ।
ਦਲਿਤਾਂ ਉਤੇ ਅਤਿਆਚਾਰ ਕਰਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਤੋਂ ਬਾਅਦ ਸਾਰੇ ਦੇਸ਼ ਦੇ ਦਲਿਤਾਂ ਦੁਆਰਾ ਦੋ ਅਪ੍ਰੈਲ ਨੂੰ ਭਾਰਤ ਬੰਦ ਰਖਿਆ ਗਿਆ। ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ਵਿਚ ਦਲਿਤ ਅਤਿਆਚਾਰ ਕਾਨੂੰਨ ਤਹਿਤ ਦੋਸ਼ੀ ਦੀ ਗ੍ਰਿਫ਼ਤਾਰ ਤੋਂ ਪਹਿਲਾਂ ਐਸ.ਪੀ. ਪੱਧਰ ਦੇ ਅਫ਼ਸਰ ਤੋਂ ਜਾਚ ਕਰਾਉਣ ਅਤੇ ਦੋਸ਼ੀ ਨੂੰ ਜ਼ਮਾਨਤ ਦੇਣ ਦਾ ਹੁਕਮ ਦਿਤਾ ਸੀ। ਸੁਪਰੀਮ ਕੋਰਟ ਦੇ ਇਸ ਹੁਕਮ ਦਾ ਸਾਰੇ ਦੇਸ਼ ਵਿਚ ਦਲਿਤ ਜਥੇਬੰਦੀਆਂ ਨੇ ਵਿਰੋਧ ਕੀਤਾ ਤੇ ਭਾਰਤ ਬੰਦਾ ਦਾ ਸੱਦਾ ਦਿਤਾ ਸੀ।
ਔਰਤਾਂ ਉਤੇ ਹਮਲੇ : ਮਈ 2014 ਨੂੰ ਹਿੰਦੂ ਰਾਸ਼ਟਰਵਾਦੀ ਸਰਕਾਰ ਆਉਣ ਤੋਂ ਬਾਅਦ ਦਲਿਤਾਂ, ਔਰਤਾਂ ਅਤੇ ਮੁਸਲਮਾਨਾਂ ਵਿਰੁਧ ਨਫ਼ਰਤ ਦੀਆਂ ਹਵਾਵਾਂ ਚੱਲਣ ਲਗੀਆਂ। ਔਰਤਾਂ ਦੀ ਇੱਜ਼ਤ ਉੱਤੇ ਹਮਲੇ ਵੱਧ ਗਏ। ਸੋਸ਼ਲ ਮੀਡੀਆ ਅਤੇ ਸੜਕਾਂ ਦੋਹਾਂ ਥਾਵਾਂ ਉਤੇ ਕੱਟੜ ਹਿੰਦੂਵਾਦੀ ਲੋਕ ਦਲਿਤਾਂ ਅਤੇ ਔਰਤਾਂ ਵਿਚ ਹੈਸੀਅਤ ਵਿਚ ਰੱਖਣ ਦੀ ਚੇਤਾਵਨੀ ਦੇਣ ਲੱਗੇ, ਉਨ੍ਹਾਂ ਨੂੰ ਡਰਾਉਣ ਧਮਕਾਉਣ ਲੱਗੇ। ਪਿਛਲੇ ਸਾਲ ਰਾਮਜਸ ਕਾਲਜ ਵਿਚ ਏਬੀਵੀਪੀ ਅਤੇ ਆਇਸ਼ਾ ਵਿਚ ਹੋਈ ਹਿੰਸਾ ਤੋਂ ਬਾਅਦ ਗੁਰਮਿਹਰ ਕੌਰ ਨਾਂ ਦੀ ਮੁਟਿਆਰ ਸੋਸ਼ਲ ਮੀਡੀਆ ਰਾਹੀਂ ਸ਼ਾਂਤੀ ਦਾ ਸੁਨੇਹਾ ਲੈ ਕੇ ਆਈ ਤਾਂ ਹਿੰਦੂ ਰਾਸ਼ਟਰਵਾਦੀ ਸੈਨਾ ਉਸ ਉਤੇ ਟੁੱਟ ਪਈ। ਉਸ ਨੂੰ ਜਾਨੋਂ ਮਾਰਨ ਅਤੇ ਉਸ ਨਾਲ ਬਲਾਤਕਾਰ ਕਰਨ ਦੀਆਂ ਧਮਕੀਆਂ ਦਿਤੀਆਂ ਜਾਣ ਲਗੀਆਂ ਸਨ। ਗੁਰਮਿਹਰ ਨੇ ਕਿਹਾ ਸੀ ਕਿ ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ ਸੀ। ਉਸ ਦੇ ਪਿਤਾ ਮਨਦੀਪ ਸਿੰਘ ਕਾਰਗਿੱਲ ਹਮਲੇ ਵਿਚ ਸ਼ਹੀਦ ਹੋਏ ਸਨ।
ਉਸੇ ਦੌਰਾਨ ਨਿਰਦੇਸ਼ਕ ਅਲੰਕ੍ਰਿਤਾ ਸ੍ਰੀਵਾਸਤਵ ਦੀ ਫ਼ਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਉੱਤੇ ਕਹਿਣ ਨੂੰ ਤਦ ਦੇ ਸੈਂਸਰ ਬੋਰਡ ਦੇ ਮੁਖੀ ਉਤੇ, ਪਰ ਅਸਲ ਵਿਚ ਧਰਮ ਤੇ ਸੰਸਕ੍ਰਿਤੀ ਦੇ ਠੇਕੇਦਾਰ, ਪ੍ਰਲਾਜ਼ ਨਿਹਲਾਨੀ ਦੁਆਰਾ ਰੋਕ ਲਗਾ ਦਿਤੀ ਗਈ। ਇਸ ਫ਼ਿਲਮ ਵਿਚ 4 ਔਰਤਾਂ ਦੀਆਂ ਕਹਾਣੀਆਂ ਹਨ, ਜਿਹੜੀਆਂ ਸ੍ਰੀਰਕ ਸ਼ੋਸ਼ਣ ਨੂੰ ਲੈ ਕੇ ਅਪਣੀ-ਅਪਣੀ ਇੱਛਾ ਜ਼ਾਹਰ ਕਰਦੀਆਂ ਹਨ।
ਔਰਤਾਂ ਦੀ ਆਵਾਜ਼ ਦਬਾਉਣ ਅਤੇ ਉਨ੍ਹਾਂ ਦੇ ਸ੍ਰੀਰਕ ਸ਼ੋਸ਼ਣ ਦੇ ਕਿੱਸਿਆਂ ਦੀ ਰੋਜ਼ਾਨਾ ਭਰਮਾਰ ਰਹਿੰਦੀ ਹੈ। ਭਾਰਤ ਵਿਚ ਹੀ ਨਹੀਂ, ਸਾਰੀ ਦੁਨੀਆਂ ਵਿਚ ਔਰਤਾਂ ਦੀ ਹਾਲਤ ਇਕੋ ਜਹੀ ਹੈ। 2016 ਵਿਚ 26 ਸਾਲਾਂ ਦੀ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਨੂੰ ਉਸ ਦੇ ਭਰਾ ਨੇ ਹੀ ਆਨਰ ਕਿਲਿੰਗ (ਅਣਖ਼ ਲਈ ਕਤਲ) ਤਹਿਤ ਇਸ ਲਈ ਮਾਰ ਦਿਤਾ ਕਿਉਂਕਿ ਉਹ ਸੋਸ਼ਲ ਮੀਡੀਆ ਉਤੇ ਬਹੁਤ ਨਿਡਰਤਾ ਨਾਲ ਔਰਤਾਂ ਦੀ ਆਜ਼ਾਦੀ ਦੀਆਂ ਗੱਲਾਂ ਕਰਿਆ ਕਰਦੀ ਸੀ। ਇਸ ਉਤੇ ਪ੍ਰਵਾਰ ਵਲੋਂ ਉਸ ਨੂੰ ਧਮਕੀਆਂ ਮਿਲਦੀਆਂ ਸਨ। ਪ੍ਰਵਾਰ ਨਹੀਂ ਚਾਹੁੰਦਾ ਸੀ ਕਿ ਉਹ ਮਾਡਲਿੰਗ ਅਤੇ ਸੋਸ਼ਲ ਮੀਡੀਆ ਉਤੇ ਕਾਰਜਸ਼ੀਲ ਰਹੇ। ਜਦ ਉਸ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਸ ਦੇ ਭਰਾ ਵਸੀਮ ਨੇ ਹਮੇਸ਼ਾ ਲਈ ਉਸ ਦੀ ਜ਼ੁਬਾਨ ਬੰਦ ਕਰ ਦਿਤੀ। ਉਸ ਦਾ ਗਲਾ ਘੁੱਟ ਕੇ ਮਾਰ ਦਿਤਾ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਮਲਾਲਾ ਯੂਸੁਫ਼ ਜ਼ਈ ਦੁਆਰਾ ਕੁੜੀਆਂ ਦੀ ਸਿਖਿਆ ਲਈ ਮੁਹਿੰਮ ਚਲਾਉਣ ਉਤੇ ਉਸ ਨੂੰ ਵੀ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਪ੍ਰਵਾਰ ਸਮੇਤ ਬਰਤਾਨੀਆ ਵਿਚ ਸ਼ਰਨ ਦਿਤੀ ਗਈ। ਇਸੇ ਤਰ੍ਹਾਂ ਮਜ਼੍ਹਬ ਅਤੇ ਉਸ ਦੇ ਕੱਟੜਪੰਥੀਆਂ ਦੀ ਪੋਲ ਖੋਲ੍ਹਣ ਉਤੇ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਮੁਸਲਿਮ ਕੱਟੜਪੰਥੀ ਤਸਲੀਮਾ ਨਸਰੀਨ ਦੀ ਜਾਨ ਪਿਛੇ ਪਏ ਹੋਏ ਹਨ।
ਪੱਛਮ ਵਿਚ ਵੀ ਭੇਦਭਾਵ : ਪੱਛਮ ਦੀ ਗੱਲ ਕਰੀਏ ਤਾਂ ਉਥੇ ਵੀ ਸਮਾਜ ਔਰਤਾਂ ਨਾਲ ਵਿਤਕਰਾ ਕਰਨ ਵਿਚ ਪਿਛੇ ਨਹੀਂ ਹੈ। ਸਾਰੀ ਦੁਨੀਆਂ ਵਿਚ ਚੱਲ ਰਿਹਾ 'ਮੀ ਟੂ' ਅੰਦੋਲਨ ਔਰਤਾਂ ਦੇ ਸ੍ਰੀਰਕ ਸ਼ੋਸ਼ਣ ਦੇ ਨਿਰਸੰਕੋਚ ਬਿਆਨਾਂ ਦੀ ਸਟੇਜ ਹੈ। ਹੁਣੇ ਹੀ ਸਾਹਿਤ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਇਸ ਇਨਾਮ ਦੇ ਮੁੱਖ ਚੋਣਕਾਰ ਉੱਤੇ 'ਮੀ ਟੂ' ਮੁਹਿੰਮ ਤਹਿਤ ਸ੍ਰੀਰਕ ਸ਼ੋਸ਼ਣ ਦਾ ਦੋਸ਼ ਲੱਗਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਤੇ ਇਕ ਦਰਜਨ ਤੋਂ ਵੱਧ ਔਰਤਾਂ ਨੇ ਸ੍ਰੀਰਕ ਸ਼ੋਸ਼ਣ ਦੋਸ਼ ਲਗਾਏ ਹਨ। ਇਨ੍ਹਾਂ ਵਿਚ ਕਈ ਮਸ਼ਹੂਰ ਮਾਡਲ ਤੇ ਪ੍ਰਸਿੱਧ ਹਸਤੀਆਂ ਸ਼ਾਮਲ ਹਨ। ਜਨਵਰੀ 2017 ਵਿਚ ਟਰੰਪ ਵਿਰੁਧ ਹਜ਼ਾਰਾਂ ਔਰਤਾਂ ਆਜ਼ਾਦੀ ਲਈ ਸੜਕਾਂ ਉਤੇ ਉਤਰ ਕੇ ਅਪਣੀ ਆਵਾਜ਼ ਬੁਲੰਦ ਕਰ ਚੁਕੀਆਂ ਹਨ। ਅਮਰੀਕਾ ਵਿਚ ਔਰਤਾਂ ਹੁਣ ਹੋਰ ਵੱਧ ਭੈਅਭੀਤ ਹਨ। ਉਨ੍ਹਾਂ ਨੂੰ ਡਰ ਹੈ ਕਿ ਸਨਕੀ ਰਾਸ਼ਟਰਪਤੀ ਟਰੰਪ ਉਨ੍ਹਾਂ ਦੇ ਬੋਲਣ, ਚੱਲਣ ਫਿਰਨ ਤੇ ਧਰਮ ਦੁਆਰਾ ਨਿਰਦੇਸ਼ਿਤ ਪਾਬੰਦੀਆਂ ਥੋਪ ਸਕਦੇ ਹਨ।
ਸਮੁੱਚੀ ਦੁਨੀਆਂ ਵਿਚ ਅੱਜ ਔਰਤਾਂ ਵਿਤਕਰੇ, ਹਿੰਸਾ ਤੇ ਸ੍ਰੀਰਕ ਸ਼ੋਸ਼ਣ ਦਾ ਮੁਕਾਬਲਾ ਕਰ ਰਹੀਆਂ ਹਨ, ਬੋਲਣ ਦੀ ਆਜ਼ਾਦੀ ਲਈ ਲੜ ਰਹੀਆਂ ਹਨ। ਸਾਰੇ ਸੰਸਾਰ ਵਿਚ ਤੰਗ ਨਜ਼ਰੀਏ ਦਾ ਸਮਾਂ ਸਿਖ਼ਰ ਉਤੇ ਹੈ। ਸੰਵਿਧਾਨ ਵਿਚ ਭਾਵੇਂ ਹੀ ਬਰਾਬਰੀ, ਸੁਤੰਤਰਾ ਦੀ ਗੱਲ ਹੋਵੇ ਤੇ ਭਾਰਤ ਵਰਗਾ ਦੇਸ਼ ਔਰਤਾਂ ਦੇ ਦੇਵੀ ਹੋਣ ਦਾ ਲੱਖ ਢੋਲ ਵਜਾਈ ਜਾਵੇ ਪਰ ਸਚਾਈ ਵਿਚ ਔਰਤਾਂ ਪਾਪ ਦੀ ਗੰਢ, ਪੈਰ ਦੀ ਜੁੱਤੀ ਹੀ ਸਮਝੀ ਜਾਂਦੀਆਂ ਹਨ।
ਔਰਤ ਨੂੰ ਜਾਇਦਾਦ ਮੰਨਿਆਂ ਜਾਣਾ : ਔਰਤ ਨੂੰ ਜਾਇਦਾਦ ਸਮਝਿਆ ਗਿਆ ਹੈ। ਪੈਸਿਆਂ ਬਦਲੇ ਉਸ ਨੂੰ ਵੇਚ ਦਿਤਾ ਜਾਂਦਾ ਹੈ, ਦਿਤੇ ਦਾਅ ਉਤੇ ਲਗਾ ਦਿਤਾ ਜਾਂਦਾ ਹੈ। ਯੁਧਿਸ਼ਟਰ ਨੇ ਜੂਏ ਵਿਚ ਸੱਭ ਕੁੱਝ ਹਾਰਨ ਤੋਂ ਬਾਅਦ ਅਪਣੀ ਪਤਨੀ ਦਰੋਪਦੀ ਨੂੰ ਹੀ ਦਾਅ ਉਤੇ ਲਗਾ ਦਿਤਾ ਸੀ।
ਦਰੋਪਦੀ ਦੀ ਬੋਲਤੀ ਬੰਦ ਕਰਾ ਦਿਤੀ ਗਈ ਅਤੇ ਛੋਟੇ ਤੋਂ ਲੈ ਕੇ ਵੱਡੇ ਭਰਾ ਤਕ ਸੱਭ ਚੁੱਪ ਬੈਠੇ ਤਾਮਾਸ਼ਾ ਵੇਖਦੇ ਰਹੇ। ਇਸ ਤੋਂ ਪਹਿਲਾਂ ਧਰਮ ਦਾ ਹਵਾਲਾ ਦੇ ਕੇ ਦਰੋਪਦੀ ਨੂੰ ਇਕ ਨਹੀਂ 5 ਆਦਮੀਆਂ ਦੀ ਪਤਨੀ ਬਣ ਕੇ ਰਹਿਣ ਉਤੇ ਬੇਵੱਸ ਕੀਤਾ ਗਿਆ। ਧਰਮ ਦੇ ਨਾਂ ਉੱਤੇ ਕੀ ਇਸ ਉਸ ਦਾ ਸ੍ਰੀਰਕ ਸ਼ੋਸ਼ਣ ਨਹੀਂ ਸੀ?
ਮੀਰਾ ਦੀ ਕਥਾ ਦਸਦੀ ਹੈ ਕਿ ਉਹ ਕਥਿਤ ਅਦ੍ਰਿਸ਼ਯ (ਜਿਹੜਾ ਵਿਖਾਈ ਨਾ ਦੇਵੇ) ਅਵਤਾਰ ਦੇ ਪਿਆਰ ਵਿਚ ਮਗਨ ਹੋ ਕੇ ਗੀਤ ਗਾਉਣ ਲੱਗੀ ਤਾਂ ਪ੍ਰਵਾਰ ਦੇ ਲੋਕਾਂ ਨੇ ਉਸ ਨੂੰ ਚੁੱਪ ਕਰਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ। ਉਸ ਨੂੰ ਜ਼ਹਿਰ ਦੇ ਕੇ ਮਾਰਨ ਤਕ ਦੀ ਕੋਸ਼ਿਸ਼ ਕੀਤੀ ਗਈ। ਆਖ਼ਰ ਉਸ ਨੂੰ ਘਰੋਂ ਕੱਢੀ ਹੋਈ ਔਰਤ ਵਾਲਾ ਜੀਵਨ ਬਿਤਾਉਣਾ ਪਿਆ।
ਸੀਤਾ, ਉਰਮਿਲਾ, ਸਰੂਪਨਖ਼ਾ, ਸ਼ਕੁੰਤਲਾ, ਗੰਧਾਰੀ, ਕੁੰਤੀ, ਸਤਿਆਵਤੀ, ਅਹੱਲਿਆ, ਅੰਬਾ, ਅੰਬਾਲਿਕਾ ਵਰਗੀਆਂ ਔਰਤਾਂ ਦੀ ਦੂਰਦਸ਼ਾ ਦੀ ਕਹਾਣੀ ਸਾਡਾ ਸਮਾਜ ਬਹੁਤ ਸ਼ਰਧਾ ਨਾਲ ਸੁਣਦਾ ਹੈ। ਮੁਸਲਿਮ ਦੇਸ਼ਾਂ ਵਿਚ ਤਾਂ ਔਰਤ ਹੋਣਾ ਸੱਭ ਤੋਂ ਵੱਡਾ ਕਸੂਰ ਮੰਨਿਆ ਜਾਂਦਾ ਹੈ। ਮਸਲਿਮ ਸਮਾਜ ਵਿਚ ਔਰਤਾਂ ਨੂੰ ਸਿਖਿਆ ਦਾ ਹੱਕ, ਘਰ ਤੋਂ ਬਾਹਰ ਕੰਮ ਕਰਨ ਦਾ ਹੱਕ, ਤਲਾਕ ਵਿਚ ਆਦਮੀ ਦੇ ਬਰਾਬਰ ਹੀ ਹੱਕ ਦੀ ਮੰਗ ਕਰ ਰਹੀਆਂ ਹਨ ਪਰ ਉਨ੍ਹਾਂ ਉਤੇ ਫ਼ਤਵੇ ਮੜ੍ਹਨ ਵਾਲਿਆਂ ਦੀ ਕੋਈ ਕਮੀ ਨਹੀਂ। ਇਸਲਾਮੀ ਗ੍ਰੰਥ ਤੇ ਸ਼ਰੀਅਤ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਭਰੇ ਪਏ ਹਨ ਤੇ ਸੁਪਰੀਮ ਕੋਰਟ ਨੂੰ ਇਨ੍ਹਾਂ ਨੂੰ ਪੜ੍ਹ ਕੇ ਵਿਆਖਿਆ ਕਰਨੀ ਪੈ ਰਹੀ ਹੈ।
ਔਰਤ ਤਲਾਕ ਮੰਗਦੀ ਹੈ ਤਾਂ ਉਸ ਦਾ ਇਹ ਕੰਮ ਨਸਤਕ ਮੰਨਿਆ ਜਾਂਦਾ ਹੈ। ਇਸਲਾਮੀ ਹੁਕਮ ਹੈ ਕਿ ਜਿਹੜੀ ਔਰਤ ਬੇਹਯਾਈ ਦਾ ਕੰਮ ਕਰੇ, ਤੁਸੀ ਉਸ ਨੂੰ ਘਰ ਵਿਚ ਕੈਦ ਕਰ ਦਿਉ। ਇਥੋਂ ਤਕ ਕਿ ਮੌਤ ਉਸ ਦਾ ਖ਼ਾਤਮਾ ਹੈ। ਧਰਮ ਦੀ ਕਿਤਾਬ ਵਿਚ ਇਹ ਆਇਤ ਹੈ। ਇਸ ਦਾ ਅਰਥ ਹੈ, ਮਰਦ ਔਰਤ ਉਤੇ ਹਾਕਮ ਹੈ। ਇਸ ਤਰ੍ਹਾਂ ਦੇ ਹੁਕਮ ਨਾਲ ਔਰਤ ਦਾ ਸ਼ੋਸ਼ਣ ਧਰਮ ਦੇ ਨਾਂ ਉਤੇ ਕੀਤਾ ਜਾ ਰਿਹਾ ਹੈ। ਔਰਤ ਨੂੰ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਦਾ ਮਰਦ ਨੂੰ ਖੁੱਲ੍ਹਾ ਹੱਕ ਦੇ ਦਿਤਾ ਗਿਆ ਹੈ।
ਇਹ ਸਮਝ ਨਹੀਂ ਆਉਂਦਾ ਕਿ ਖ਼ੁਦਾ ਨੇ ਅਜਿਹੇ ਸੁਨੇਹੇ ਕਿਉਂ ਦਿਤੇ? ਕੀ ਰੱਬ ਔਰਤ ਤੇ ਮਰਦ ਨਾਂ ਦੀਆਂ ਦੋਵੇਂ ਰਚਨਾਵਾਂ ਵਿਚ ਵਿਤਕਰਾ ਕਰਦਾ ਹੈ? ਸੱਚਾਈ ਤਾਂ ਇਹ ਹੈ, ਇਹ ਰੱਬ, ਧਰਮ ਦੇ ਨਾਂ ਉਤੇ ਢੌਂਗੀਆਂ ਦੀ ਕਾਸਤਾਨੀ ਹੈ ਜਿਹੜੀ ਉਨ੍ਹਾਂ ਨੇ ਅਪਣੀ ਲਾਲਚਪੂਰਤੀ ਲਈ ਬਣਾਈ ਹੋਈ ਹੈ ਤਾਕਿ ਔਰਤ ਵਰਗ ਉਤੇ ਪਾਬੰਦੀ ਲਗਾ ਕੇ ਰਖਿਆ ਜਾਵੇ। ਇਕੱਲੇ ਪਾਕਿਸਤਾਨ ਵਿਚ ਆਨਰ ਕਿਲਿੰਗ ਲਈ ਕਤਲ ਦੇ ਨਾਂ ਉਤੇ ਪਿਛਲੇ ਸਾਲ 1,092 ਔਰਤਾਂ ਨੂੰ ਮਾਰ ਦਿਤਾ ਗਿਆ।
ਔਰਤ ਨੂੰ ਦੇਵੀ ਦਾ ਰੂਪ ਮੰਨਣ ਦਾ ਪਾਖੰਡ ਕਰਨ ਵਾਲੇ ਭਾਰਤ ਵਿਚ ਹਰ ਮਿੰਟ ਵਿਚ ਕਿਸੇ ਨਾ ਕਿਸੇ ਤਰ੍ਹਾਂ 18 ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਔਰਤ ਵਿਰੋਧੀ ਇਸ ਤਰ੍ਹਾਂ ਦੀ ਸੋਚ ਦੀ ਰਖਿਆ ਧਰਮ ਗ੍ਰੰਥ ਕਰਦੇ ਹਨ। ਲੜਕੀਆਂ ਨੂੰ ਜਾਣਬੁੱਝ ਕੇ ਅਜਿਹੀ ਸਿਖਿਆ ਦਿਤੀ ਜਾਂਦੀ ਹੈ ਕਿ ਉਹ ਧਰਮ ਤੋਂ ਬਾਹਰ ਕੁੱਝ ਵੀ ਸੋਚਣ ਦੀ ਕੋਸ਼ਿਸ਼ ਨਾ ਕਰਨ। ਇਸੇ ਸਿਖਿਆ ਦੀ ਆੜ ਉਨ੍ਹਾਂ ਨੂੰ ਮਰਦਾਂ ਦੀ ਹਕੂਮਤ ਪ੍ਰਵਾਨ ਕਰਵਾ ਦਿਤੀ ਜਾਂਦੀ ਹੈ ਅਤੇ ਫਿਰ ਚਾਹ ਕੇ ਵੀ ਉਹ ਵਿਤਕਰੇ, ਸ਼ੋਸ਼ਣ ਵਿਰੁਧ ਇਕ ਸ਼ਬਦ ਵੀ ਨਹੀਂ ਬੋਲ ਸਕਦੀਆਂ।
ਅੱਜ ਔਰਤਾਂ ਜਾਗਰੂਕ ਹੋ ਰਹੀਆਂ ਹਨ, ਅਪਣੇ ਕੁਦਰਤੀ ਜਾਂ ਸੁਭਾਵਕ ਹੱਕਾਂ ਦੀਆਂ ਮੰਗਾਂ ਨੂੰ ਲੈ ਸਾਵਧਾਨ ਹੋ ਰਹੀਆਂ ਹਨ ਅਤੇ ਆਵਾਜ਼ ਉਠਾ ਰਹੀਆਂ ਹਨ ਤਾਂ ਇਸ ਤੋਂ ਧਰਮਕ ਤੇ ਸਮਾਜਕ ਸੱਤਾ ਨੂੰ ਚੁਣੌਤੀ ਮਿਲ ਰਹੀ ਹੈ। ਉਨ੍ਹਾਂ ਨੂੰ ਡਰ ਸਤਾਉਣ ਲੱਗਾ ਹੈ। ਇਸ ਲਈ ਔਰਤਾਂ ਉਤੇ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਰਹੀਆਂ ਹਨ। ਔਰਤਾਂ ਉਤੇ ਹਿੰਸਾ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ ਅਤੇ ਬਰਾਬਰੀ ਲਈ ਹਿੰਸਾ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ ਪਰ ਬਰਾਬਰੀ ਲਈ ਉਨ੍ਹਾਂ ਦੀ ਜੰਗ ਜਾਰੀ ਹੈ ਤੇ ਅੱਗੇ ਵੀ ਰਹੇਗੀ।
ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455